ਨਿਰੰਜਨ ਬੋਹਾ
ਬੋਹਾ, 7 ਅਗਸਤ
ਸਰਕਾਰੀ ਹਾਈ ਸਕੂਲ, ਮਲਕੋਂ ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਹੇ ਜਸਮੇਲ ਸਿੰਘ ਦੁਆਰਾ ਲਿਖੀ ਕਿਤਾਬ ਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਪਿਆਸਾ ਕਾਂ’ ਦੇ ਸਰੋਕਾਰ ਨੂੰ ਸਮੂਹ ਸਟਾਫ਼ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਵਿੱਚ ਪਿਆਸਾ ਕਾਂ ਨਾਟਕ ਦੇ ਵਿਸ਼ਾ ਪੱਖ ਅਤੇ ਕਲਾਤਮਕ ਪੱਖ ਨੂੰ ਸਾਹਮਣੇ ਲਿਆਂਦਾ ਗਿਆ ਹੈ। ਜਸਮੇਲ ਸਿੰਘ ਦਾ ਕਹਿਣਾ ਹੈ ਕਿ ਪਾਲੀ ਭੁਪਿੰਦਰ ਸਿੰਘ ਵੱਖਰੀ ਸਮਝ ਦਾ ਸਿਰਜਕ ਹੈ। ਉਹ ਆਪਣੇ ਪਾਤਰਾਂ ਦੀ ਆਜ਼ਾਦੀ ਵਿਚ ਬਿਲਕੁਲ ਵੀ ਵਿਘਨ ਨਹੀਂ ਪਾਉਂਦਾ ਇਸ ਕਰਕੇ ਉਸਦੇ ਪਾਤਰ ਆਪਣੀ ਤੋਰ ਤੁਰਦੇ ਹਨ। ਉਸ ਕੋਲ ਬੰਦੇ ਨੂੰ ਸਮਝਣ ਦੇ ਨਵੇਂ ਕੋਣ ਹਨ, ਉਸ ਨਾਲ ਸਹਿਮਤ ਅਸਹਿਮਤ ਹੋਇਆ ਜਾ ਸਕਦਾ ਹੈ ਪਰ ਉਸ ਦੀ ਗੱਲ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਪੁਸਤਕ ਸਬੰਧੀ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ਜਸਮੇਲ ਸਿੰਘ ਦੀ ਇਹ ਪੁਸਤਕ ਉਸਦੇ ਅੰਦਰ ਦੀ ਥਾਹ ਪਾਉਂਦੀ ਹੈ। ਉਹ ਭਾਵੇਂ ਉਸਦੇ ਇਕ ਨਾਟਕ ਨੂੰ ਸਮਝਣ ਦੇ ਆਹਰ ਵਿਚ ਹੈ ਪਰ ਅਜਿਹਾ ਕਰਦਿਆਂ ਵੀ ਉਹ ਪਾਲੀ ਭੁਪਿੰਦਰ ਸਿੰਘ ਦੀ ਮੁਕੰਮਲਤਾ ਨੂੰ ਸਮਝ ਕੇ ਆਪਣੀਆਂ ਧਾਰਨਾਵਾਂ ਸਥਾਪਿਤ ਕਰਦਾ ਹੈ। ਇਹ ਕਿਤਾਬ ਸਾਹਿਤ ਸਿਰਜਕਾਂ ਲਈ ਸਹਾਈ ਹੋਵੇਗੀ। ਇਸ ਪੁਸਤਕ ਨੂੰ ਸਾਹਿਬਦੀਪ ਪਬਲੀਕੇਸਨ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਲੋਕ ਅਰਪਣ ਸਮੇਂ ਅੰਮ੍ਰਿਤਪਾਲ ਕੌਰ ,ਗੁਰਵਿੰਦਰ ਕੌਰ, ਗੁਰਪ੍ਰੀਤ ਕੌਰ ,ਰਜਨੀ ਅਰੋੜਾ, ਹੀਨਾ, ਜਗਰਾਜ ਸਿੰਘ, ਮੰਜੂ ਦੇਵੀ ਅਤੇ ਵਿਦਿਆਰਥੀ ਹਾਜ਼ਰ ਸਨ।