* ਸਾਂਝੀ ਜਨਤਕ ਜਮਹੂਰੀ ਲਹਿਰ ਦੀ ਪਵੇਗੀ ਗੂੰਜ
ਲੁਧਿਆਣਾ :17 ਜੁਲਾਈ, ਅੱਜ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ , ਨੌਜਵਾਨ ,ਵਿਦਿਆਰਥੀ, ਤਰਕਸ਼ੀਲ , ਜਮਹੂਰੀ ,ਸਾਹਿਤ ਅਤੇ ਕਲਾ ਜਗਤ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸੂਬਾਈ ਮੀਟਿੰਗ ਪ੍ਰੋਫੈਸਰ ਜਗਮੋਹਣ ਸਿੰਘ, ਝੰਡਾ ਸਿੰਘ ਜੇਠੂਕੇ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਪ੍ਰਧਾਨਗੀ ਹੇਠ ਇਨਕਲਾਬ ਦੇ ਸੂਹੇ ਚਿੰਨ੍ਹ ਸ਼ਹੀਦ ਭਗਤ ਸਿੰਘ ਦੀ ਭੈਣ ਮਰਹੂਮ ਬੀਬੀ ਅਮਰ ਕੌਰ ਯਾਦਗਾਰੀ ਮੀਟਿੰਗ ਹਾਲ (ਆਰਤੀ ਚੌਂਕ) ਵਿਖੇ ਹੋਈ। ਜਿਸ ਵਿਚ ਆਦਿਵਾਸੀ ਇਲਾਕਿਆਂ ਵਿੱਚ ਮਾਓਵਾਦੀ ਇਨਕਲਾਬੀਆਂ ਅਤੇ ਆਦਿਵਾਸੀ ਲੋਕਾਂ ਦੇ ਕਤਲੇਆਮ ਪਿੱਛੇ ਕੇਂਦਰ ਸਰਕਾਰ ਦੀ ਦੇਸ਼ ਦੇ ਵਡਮੁੱਲੇ ਕੁਦਰਤੀ ਵਸੀਲਿਆਂ ਨੂੰ ਕਾਰਪੋਰੇਟ ਸਰਮਾਏਦਾਰੀ ਦੇ ਹਵਾਲੇ ਕਰਨ ਦੀ ਸਾਜ਼ਿਸ਼ ਵਿਰੁੱਧ ਇਕਜੁੱਟ ਹੋ ਕੇ ਵਿਸ਼ਾਲ ਜਨਤਕ ਵਿਰੋਧ ਲਹਿਰ ਉਸਾਰਨ ਦੀ ਜ਼ਰੂਰਤ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਮੋਦੀ ਸਰਕਾਰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਲਈ ਮੁਲਕ ਦੇ ਜੰਗਲੀ ਖੇਤਰਾਂ ਅੰਦਰ ਆਦਿਵਾਸੀਆਂ ‘ਤੇ ਅੰਨ੍ਹਾ ਜਬਰ ਢਾਹ ਰਹੀ ਹੈ। ਹਰ ਤਰ੍ਹਾਂ ਦੇ ਸੰਵਿਧਾਨਿਕ , ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਤਕਾਜ਼ਿਆਂ ਨੂੰ ਤੱਜ ਕੇ ਆਏ ਦਿਨ ਝੂਠੇ ਪੁਲਿਸ ਮੁਕਾਬਲਿਆਂ ‘ਚ ਆਦਿਵਾਸੀਆਂ ਤੇ ਮਾਓਵਾਦੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।
ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨਾਲ ਸਾਂਝੇ ਕਰਦਿਆਂ ਪ੍ਰੋ. ਜਗਮੋਹਣ ਸਿੰਘ, ਝੰਡਾ ਸਿੰਘ ਜੇਠੂਕੇ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਇਸ ਲੋਕ ਵਿਰੋਧੀ ਸਾਜ਼ਿਸ਼ ਵਿਰੁੱਧ ਸਾਂਝਾ ਹੰਭਲਾ ਦੀ ਜ਼ਰੂਰਤ ਨੂੰ ਹੁੰਗਾਰਾ ਦੇਣ ਲਈ 8 ਅਗਸਤ ਨੂੰ ਦਾਣਾ ਮੰਡੀ ਮੋਗਾ ਵਿਖੇ ਰੈਲੀ ਕਰਨ ਉਪਰੰਤ ਵਿਸ਼ਾਲ ਜਨਤਕ ਪ੍ਰਦਰਸ਼ਨ ਦਾ ਫ਼ੈਸਲਾ ਲਿਆ ਗਿਆ। ਇਹ ਰੈਲੀ ਅਤੇ ਮੁਜ਼ਾਹਰਾ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਾਂਝੇ ਝੰਡੇ ਹੇਠ ਕੀਤਾ ਜਾਵੇਗਾ। ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਆਦਿਵਾਸੀ ਖੇਤਰਾਂ ‘ਚ “ਅਪਰੇਸ਼ਨ ਕਗਾਰ” ਸਮੇਤ ਹਰ ਤਰ੍ਹਾਂ ਦੇ ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲਿਸ ਮੁਕਾਬਲੇ ਤੇ ਹਰ ਤਰ੍ਹਾਂ ਦੇ ਜਬਰ ਦੇ ਕਦਮ ਫੌਰੀ ਰੋਕੇ ਜਾਣ, ਇਨ੍ਹਾਂ ਇਲਾਕਿਆਂ ’ਚੋਂ ਸਾਰੇ ਪੁਲਿਸ ਕੈਂਪ ਹਟਾਏ ਜਾਣ, ਪੁਲਿਸ ਤੇ ਸਾਰੇ ਅਰਧ ਸੈਨਿਕ ਬਲਾਂ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ, ਜਲ-ਜੰਗਲ-ਜ਼ਮੀਨਾਂ ਅਤੇ ਹੋਰ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ, ਆਦਿਵਾਸੀ ਕਿਸਾਨ ਲਹਿਰ ਦੇ ਟਾਕਰੇ ਖ਼ਿਲਾਫ਼ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਬੰਬਾਰੀ ਅਤੇ ਹੋਰ ਰੂਪਾਂ ’ਚ ਖ਼ੂਨੀ ਹਮਲੇ ਬੰਦ ਕੀਤੇ ਜਾਣ, ਜਾਬਰ ਹਕੂਮਤੀ ਤਾਕਤ ਦੇ ਜ਼ੋਰ ਥੋਪਿਆ ਜਾ ਰਿਹਾ ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਰੱਦ ਕੀਤਾ ਜਾਵੇ, ਯੂਏਪੀਏ, ਅਫਸਪਾ ਤੇ ਐਨਐਸਏ ਵਰਗੇ ਸਾਰੇ ਹੀ ਕਾਲੇ ਕਾਨੂੰਨ ਰੱਦ ਕੀਤੇ ਜਾਣ , ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਲੋਕਾਂ ਦੀਆਂ ਜਥੇਬੰਦੀਆਂ ਅਤੇ ਸੰਘਰਸ਼ਾਂ ‘ਤੇ ਲਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ , ਗ੍ਰਿਫ਼ਤਾਰ ਕੀਤੇ ਗਏ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ ਤੇ ਸੰਘਰਸ਼ ਕਰਨ ਦੇ ਅਧਿਕਾਰ ਦੀ ਜ਼ਾਮਨੀ ਕੀਤੀ ਜਾਵੇ।
ਮੀਟਿੰਗ ਨੇ ਨੋਟ ਕੀਤਾ ਕਿ ਆਦਿਵਾਸੀ ਖੇਤਰ ਵਿਚ ਫਾਸ਼ੀ ਕਹਿਰ ਢਾਹੁਣ ਲਈ ਇਹ ਕਰੂਰ ਹੱਲਾ ਸਾਮਰਾਜੀ ਦਿਸ਼ਾ ਨਿਰਦੇਸ਼ਤ ਅਖੌਤੀ ਆਰਥਿਕ ਸੁਧਾਰਾਂ ਦੀ ਰਫ਼ਤਾਰ ਤੇਜ਼ ਕਰਨ ਲਈ ਤਿੱਖਾ ਕੀਤਾ ਗਿਆ ਹੈ। ਇਹ ਸਿਲਸਿਲਾ ਵੱਖਰੇ ਰੂਪ ’ਚ ਪੰਜਾਬ ਅੰਦਰ ਵੀ ਤੇਜ਼ੀ ਨਾਲ ਆਪਣਾ ਰੰਗ ਵਿਖਾ ਰਿਹਾ ਹੈ। ਇੱਥੇ ਵੀ ਪੰਜਾਬ ਦੇ ਹੁਕਮਰਾਨਾਂ ਵੱਲੋਂ ਇਸੇ ਕਾਰਪੋਰੇਟ ਜਗਤ ਦੀ ਸੇਵਾ ਲਈ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਕਰਨ ਦੇ ਅਧਿਕਾਰ ਉੱਪਰ ਦਿਨੋ-ਦਿਨ ਜਾਬਰ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ। ਲੋਕ ਸੰਘਰਸ਼ਾਂ ਦੇ ਅੱਗੇ ਵਧਣ ਨਾਲ ਪੰਜਾਬ ਅੰਦਰ ਵੀ ਇਹਨਾਂ ਪਾਬੰਦੀਆਂ ਨੇ ਹੋਰ ਵਿਆਪਕ ਅਤੇ ਤਿੱਖੇ ਜਬਰ ਦਾ ਰੂਪ ਧਾਰਨ ਕਰਨਾ ਹੈ।
ਇਸ ਲਈ ਆਦਿਵਾਸੀ ਖੇਤਰਾਂ ਦੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਉਣੀ ਪੰਜਾਬ ਦੀ ਕਿਸਾਨ ਲਹਿਰ ਤੇ ਜਮਹੂਰੀ ਲਹਿਰ ਦੇ ਮਹਿਜ਼ ਜਮਹੂਰੀ ਸਰੋਕਾਰਾਂ ਦਾ ਹੀ ਮਸਲਾ ਨਹੀਂ ਹੈ ਸਗੋਂ ਉਸ ਤੋਂ ਅੱਗੇ ਇਹ ਮੁਲਕ ਪੱਧਰ ‘ਤੇ ਸੰਸਾਰ ਕਾਰਪੋਰੇਟ ਜਗਤ ਦੇ ਧਾਵੇ ਖ਼ਿਲਾਫ਼ ਸਾਂਝੀ ਲੜਾਈ ਉਸਾਰਨ ਦੇ ਸਰੋਕਾਰਾਂ ਦਾ ਵੀ ਮੁੱਦਾ ਹੈ। ਆਦਿਵਾਸੀ ਕਿਸਾਨਾਂ ‘ਤੇ ਜਬਰ ਖ਼ਿਲਾਫ਼ ਉੱਠ ਰਹੀ ਪੰਜਾਬ ਦੀ ਅਜਿਹੀ ਲੋਕ ਆਵਾਜ਼ ਸਾਂਝੀ ਜਦੋਜਹਿਦ ਉਸਾਰਨ ਦਾ ਸੁਨੇਹਾ ਦੇਵੇਗੀ। ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੀਐੱਸਯੂ (ਸ਼ਹੀਦ ਰੰਧਾਵਾ), ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਇਫਟੂ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਸੰਜੀਵ ਮਿੰਟੂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ) (ਬੂਟਾ ਸਿੰਘ ਬੁਰਜਗਿੱਲ), ਬੀਕੇਯੂ (ਏਕਤਾ ਡਕੌਂਦਾ)(ਮਨਜੀਤ ਧਨੇਰ), ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਪਲਸ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਕਾਰਖ਼ਾਨਾ ਮਜ਼ਦੂਰ ਯੂਨੀਅਨ ਅਤੇ ਵਰਗ ਚੇਤਨਾ ਦੇ ਆਗੂ ਸ਼ਾਮਲ ਹੋਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਡੈਮੋਕਰੇਟਿਕ ਡਿਸਕਸ਼ਨ ਫੋਰਮ ਪਟਿਆਲਾ, ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਵੱਲੋਂ ਮੀਟਿੰਗ ਦੇ ਫ਼ੈਸਲਿਆਂ ਨਾਲ ਸਹਿਮਤੀ ਪ੍ਰਗਟਾਈ ਗਈ।
ਨੋਟ: ਹੋਰ ਜਥੇਬੰਦੀਆਂ ਵੱਲੋਂ ਸਹਿਮਤੀ ਆਉਣ ਦਾ ਇੰਤਜ਼ਾਰ ਹੈ।