>> ਦੋਸਤੋ ਇਹ ਅੱਖੀਂ ਦੇਖੀ ਗੱਲ ਮੈਂ ਆਪਣੀ ਕਿਤਾਬ ਵਿੱਚ ਵੀ ਲਿਖੀ ਹੋਈ ਹੈ-
>> ਜਵਾਨੀ ਦੇ ਦਿਨਾ ਵੇਲੇ ਮੈਂ ਆਪਣੇ ਕੁੱਝ ਦੋਸਤਾਂ ਨਾਲ ਸ੍ਰੀ ਦਰਬਾਰ ਸਾਹਬ ਸ੍ਰੀ ਅੰਮ੍ਰਿਤਸਰ ਗਿਆ ਹੋਇਆ ਸਾਂ। ਸ਼ਾਮ ਨੂੰ ਅਸੀਂ ਪਰਕਰਮਾਂ ਵਿੱਚ ਤੁਰਦੇ ਜਾ ਰਹੇ ਸਾਂ।ਮੈਂ ਦੇਖਿਆ ਕਿ ਭਗਵੇਂ ਜਿਹੇ ਕੱਪੜਿਆਂ ਵਾਲ਼ਾ ਇੱਕ ਗਰੀਬੜਾ ਜਿਹਾ ਪ੍ਰਵਾਸੀ ਜਾਪਦਾ ਸਾਧ ਸਰੋਵਰ ਵਿੱਚ ਲੱਤਾਂ ਲਮਕਾਈ ਬੈਠਾ ਸੀ।ਮੇਰੇ ਦੇਖਦੇ ਦੇਖਦੇ ਉਸਨੇ ਆਪਣੀ ਵੱਖੀ ਵਾਲ਼ੀ ਜੇਬ੍ਹ ‘ਚੋਂ ਕੁੱਝ ਕੱਢ ਕੇ ਦੂਜੇ ਹੱਥ ਦੀ ਹਥੇਲ਼ੀ ‘ਤੇ ਰੱਖਿਆ !
>> ਮੈਂ ਹੋਰ ਨੇੜੇ ਨੂੰ ਹੋ ਕੇ ਦੇਖਿਆ ਤਾਂ ਉਹ ਨਿਸ਼ਚਿੰਤ ਹੋ ਕੇ ਜਰਦਾ ਮਲ਼ ਰਿਹਾ ਸੀ! ਮੈਨੂੰ ਚੜ੍ਹਿਆ ਗੁੱਸਾ, ਮੈਂ ਲਾਗੇ ਈ ਤੁਰਦੇ ਫਿਰਦੇ ਬਰਛੇ ਵਾਲ਼ੇ ਬਜ਼ੁਰਗ ਸੇਵਾਦਾਰ ਨੂੰ ਬਾਹੋਂ ਫੜਕੇ ਲਿਆਇਆ ਕਿ ਆਹ ਦੇਖੋ ਸਾਧੜਾ ਐਥੇ ਕਿਆ ਕੁਕਰਮ ਕਰ ਰਿਹਾ ਐ !
>> ਮੈਂ ਤਾਂ ਸੋਚਿਆ ਸੀ ਕਿ ਸਰੋਵਰ ਕੰਢੇ ਜਰਦਾ ਮਲ਼ਦੇ ਸਾਧ ਨੂੰ ਦੇਖ ਕੇ ਬਰਛੇ ਵਾਲ਼ਾ ਸੇਵਾਦਾਰ ਅੱਗ ਬਬੂਲ਼ਾ ਹੁੰਦਿਆਂ ਉਹਦੇ ਸਿੱਧਾ ਨਹੀਂ ਤਾਂ ਪੁੱਠਾ ਬਰਛਾ ਜਰੂਰ ਮਾਰੇ ਗਾ ! ਪਰ ਮੈਂ ਉਦੋਂ ਹੈਰਾਨ ਰਹਿ ਗਿਆ ਜਦ ਉਸ ਸੇਵਾਦਾਰ ਨੇ ਫੁਰਤੀ ਨਾਲ਼ ਸਾਧ ਨੂੰ ਬਾਹੋਂ ਉਠਾਲ਼ਿਆ ਤੇ ਉਹਨੂੰ ਇੱਕ ਪਾਸੇ ਨੂੰ ਲੈ ਗਿਆ ! ਨਾਲ਼ੇ ਉਹਨੂੰ ‘ਪਿਆਰ ਨਾਲ’ ਸਮਝਾਉਣ ਜਿਹਾ ਲੱਗ ਪਿਆ !!
>> ਇਹ ਦੇਖ ਕੇ ਮੈਥੋਂ ਰਹਿ ਨਾ ਹੋਇਆ !ਮੈਂ ਖਿਝ ਕੇ ਕਿਹਾ-“ਸਿੰਘ ਜੀ ਤੁਸੀਂ ਆਹ ਬਰਛੇ ਕਾਹਨੂੰ ਰੱਖੇ ਹੋਏ ਆ ਆਪਣੇ ਕੋਲ਼, ਜੇ ਤੁਸੀਂ ਸਰੋਵਰ ਕੰਢੇ ਤੰਬਾਕੂ ਮਲ਼ਦੇ ਨੂੰ ਵੀ…….?”
>> ਸੇਵਾਦਾਰ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਹਿੰਦਾ-
>> “ਕਾਕਾ,ਇਹ ਪਤਾ ਨੀ ਕਿਹੜੇ ਸੂਬੇ ਤੋਂ ਆਇਆ ਇੱਥੇ ਹਰਿਮੰਦਰ ਸਾਹਬ ਦੀ ਸੋਭਾ ਸੁਣਕੇ ! ਇਹਨੂੰ ਸਾਡੀ ਮਰਿਆਦਾ ਦਾ ਕੋਈ ਗਿਆਨ ਨਹੀਂ ਐ ! ਜੇ ਮੈਂ ਇਹਦੇ ਨਾਲ਼ ਧੌਲ਼-ਧੱਫਾ ਕਰ ਦਿੰਦਾ ਤਾਂ ਗੁਰੂ ਰਾਮਦਾਸ ਜੀ ਦੇ ਦਰ ਆਏ ਦੇ ਇਹਦੇ ਦਿਲ ‘ਤੇ ਸੱਟ ਵੱਜਣੀ ਸੀ ਤੇ ਨਾਲ਼ੇ ਇਹਨੇ ਆਪਣੇ ਦੇਸ ਜਾ ਕੇ ਸਾਡੀ ਸਿੱਖਾਂ ਦੇ ਕੁਰਖਤ ਅਤੇ ਜਾਲਮ ਸੁਭਾਅ ਵਾਲ਼ੇ ਹੋਣ ਦੀ ਦੁਹਾਈ ਪਾਉਣੀ ਸੀ !”
>> ਓਸ ਵੇਲੇ ਮੈਨੂੰ ਬਰਛੇ ਵਾਲ਼ੇ ਬਜ਼ੁਰਗ ਦਾ ਇਹ ਗਿਆਨ ਵਿਹੁ ਵਰਗਾ ਲੱਗਿਆ ਸੀ ਪਰ ਹੁਣ ਜਦ ਵੀ ਕਿਤੇ ਸਾਡੇ ਭਰਾ ਬੇਲੋੜੇ ਜੋਸ਼ ਵਿੱਚ ਆਏ ਹੋਏ ਹੱਦਾਂ ਟੱਪ ਜਾਂਦੇ ਹਨ ਤਾਂ ਮੈਨੂੰ ਆਪਣੀ ਉਪਰੋਕਤ ਹੱਡ-ਬੀਤੀ ਯਾਦ ਆ ਜਾਂਦੀ ਹੈ ਤੇ ਮੈਂ ਸੋਚਦਾ ਹੁੰਦਾ ਹਾਂ ਜੋਸ਼ ਵੀ ਜਰੂਰੀ ਹੈ ਪਰ ਨਾਲ਼ ਨਾਲ ਅਕਲ ਦਾ ਹੋਣਾ ਵੀ ਨਿਹਾਇਤ ਜਰੂਰੀ !
>> ਦੋ ਵਿਦਵਾਨਾ ਦੇ ਅਹਿਮ ਕਥਨ-
>> ‘ਰਹਿਮ ਦਿਲੀ ਸਿਆਣਪ ਤੋਂ ਜਿਆਦਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝ ਲੈਣਾ ਹੀ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ !’-(ਰੂਬਿਨ ਥਿਉਡੋਰੋ)
>> ‘ਤਾਕਤ ਦੀ ਲੋੜ ਸਿਰਫ ਉਦੋਂ ਹੁੰਦੀ ਹੈ, ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੋਵੇ! ਬਾਕੀ ਦੇ ਕੰਮ ਕਰਨ ਲਈ ਤਾਂ ਪਿਆਰ ਹੀ ਕਾਫੀ ਹੁੰਦਾ ਹੈ !!’-(ਚਾਰਲੀ ਚੈਪਲਨ)
>> -ਤਰਲੋਚਨ ਸਿੰਘ ਦੁਪਾਲ ਪੁਰ
>> 78146-92724
>> tsdupalpuri@yahoo.com
ਜਦ ਮੈਂ ਸਰੋਵਰ ਕੰਢੇ ਜਰਦਾ ਮਲ਼ਦਾ ਸਾਧ ਦੇਖਿਆ…..!
Leave a comment