—ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਓਅੰਕਾਰ ਅਤੇ ਸਭੇ ਸਾਂਝੀਵਾਲ ਸਦਾਇਨ ਦਾ ਸੰਦੇਸ਼ ਦੇਣ ਹਿੱਤ ਕੀਤੀਆਂ ਦੂਰ ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਸਮਾਜਿਕ ਬੁਰਾਈਆਂ ਵਿੱਚ ਗਲਤਾਨ ਹੋਏ ਸੰਸਾਰ ਵਿੱਚ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦੇ ਮਨੋਰਥ ਨਾਲ਼ ਗੁਰੂ ਜੀ ਨੇ 28000 ਮੀਲ ਤੋਂ ਵੀ ਵੱਧ ਪੈਦਲ ਯਾਤਰਾ ਕੀਤੀ। ਬਚਪਨ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਾਵਿ ਰਚਨਾ ਸ਼ੁਰੂ ਕਰ ਦਿੱਤੀ ਸੀ। ਇੱਕ ਥਾਂ ਉਹਨਾਂ ਨੇ ਆਪਣੇ ਆਪ ਨੂੰ ‘ਨਾਨਕ ਸ਼ਾਇਰ’ ਵੀ ਲਿਖਿਆ ਹੈ। ਉਹ ਨਾ ਕੇਵਲ ਇੱਕ ਸੁਧਾਰਕ ਤੇ ਪ੍ਰਚਾਰਕ ਸਨ, ਸਗੋਂ ਇੱਕ ਮਹਾਨ ਸ਼ਾਇਰ ਵੀ ਸਨ। ਜਮਾਂਦਰੂ ਸ਼ਾਇਰ ਹੋਣ ਦੇ ਕਾਰਨ ਉਹਨਾਂ ਨੇ ਥਾਂ ਥਾਂ ਜਾ ਕੇ ਬਾਣੀ ਰਾਹੀਂ ਹੀ ਪ੍ਰਚਾਰ ਕੀਤਾ। ਉਹਨਾਂ ਨੇ ਲੋਕਾਂ ਨਾਲ਼ ਸੰਵਾਦ ਰਚਾਇਆ ਅਤੇ ਤਰਕ ਨਾਲ਼ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਉਹਨਾਂ ਦੇ ਮਨੋਹਰ ਬਚਨ ਕਾਵਿ ਰੂਪ ਵੱਖ ਵੱਖ ਪੋਥੀਆਂ ਰਾਹੀਂ ਦੂਰ ਦੁਰਾਡੇ ਇਲਾਕਿਆਂ ਵਿੱਚੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕੱਠੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ।
1485 ਈਸਵੀ ਵਿੱਚ ਗੁਰੂ ਜੀ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਨੀਯਤ ਹੋਏ। 1487 ਵਿੱਚ ਪਿੰਡ ਪਖੋ (ਬਟਾਲਾ ),ਜ਼ਿਲ੍ਹਾ ਗੁਰਦਾਸਪੁਰ ਦੇ ਮੂਲਚੰਦ ਚੋਨਾ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ਼ ਉਹਨਾਂ ਦਾ ਵਿਆਹ ਹੋਇਆ। 1494 ਵਿੱਚ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ ਅਤੇ 1496 ਵਿੱਚ ਉਹਨਾਂ ਦੇ ਛੋਟੇ ਸਪੁੱਤਰ ਲਖਮੀ ਦਾਸ ਜੀ ਦਾ ਜਨਮ ਹੋਇਆ। ਸੁਲਤਾਨਪੁਰ ਲੋਧੀ ਵਿਖੇ 1497 ਵਿੱਚ ਵੇਈ ਨਦੀ ਵਿੱਚ ਇਸ਼ਨਾਨ ਕਰਕੇ ਆਪ ਜੀ ਨੇ ਪਹਿਲਾ ਨਾਅਰਾ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਲਾਇਆ। ਸੁਲਤਾਨਪੁਰ ਰਹਿੰਦਿਆਂ ਸ਼ੁਰੂ ਸ਼ੁਰੂ ਵਿੱਚ ਕੁਝ ਸਮਾਂ ਉਹਨਾਂ ਨੇ ਆਲ਼ੇ ਦੁਆਲ਼ੇ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ ਫਿਰ ਉਹਨਾਂ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ। ਉਹ ਕਈ ਸਾਲ ਘਰੋਂ ਬਾਹਰ ਰਹੇ ਅਤੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। 1499 ਵਿੱਚ ਉਹ ਸੁਲਤਾਨਪੁਰੋਂ ਚੱਲ ਕੇ ਲਾਹੌਰ ਪਹੁੰਚੇ। ਉਥੋਂ ਉਹ ਭਾਈ ਲਾਲੋ ਜੀ ਕੋਲ਼ ਐਮਨਾਬਾਦ ਗਏ। ਐਮਨਾਬਾਦ ਤੋਂ ਸਿਆਲਕੋਟ ਅਤੇ ਫਿਰ ਵਾਪਸ ਤਲਵੰਡੀ ਆ ਗਏ।
ਪਹਿਲੀ ਉਦਾਸੀ : ਆਪ ਜੀ ਨੇ ਪਹਿਲੀ ਉਦਾਸੀ ਪੂਰਬ ਵੱਲ 1501 ਈਸਵੀ ਵਿੱਚ ਸ਼ੁਰੂ ਕੀਤੀ। ਆਪ ਇਸ ਉਦਾਸੀ ਵਿੱਚ ਹਿੰਦੂਆਂ ਦੇ ਧਾਰਮਿਕ ਕੇਂਦਰਾਂ ਅਤੇ ਤੀਰਥਾਂ ਤੇ ਗਏ। ਚੂਨੀਆਂ ਵਿੱਚੋਂ ਹੁੰਦੇ ਹੋਏ ਹਰਿਦੁਆਰ, ਉਥੋਂ ਆਪ ਦਿੱਲੀ ਫਿਰ ਅਲੀਗੜ੍ਹ, ਮਥੁਰਾ, ਵ੍ਰਿੰਦਾਵਨ, ਕਾਨ੍ਹਪੁਰ, ਲਖਨਊ ਤੇ ਅਯੁਧਿਆ ਹੁੰਦੇ ਹੋਏ ਸ੍ਰੀ ਕਾਂਸ਼ੀ (ਬਨਾਰਸ) ਆਏ। ਇਥੋਂ ਆਪ ਗੰਗਾ ਦੇ ਕਿਨਾਰੇ ਬਕਸਰ, ਛਪਰਾ ਆਦਿ ਅਸਥਾਨਾਂ ਤੋਂ ਹੁੰਦੇ ਹੋਏ ਪਟਨਾ ਪਹੁੰਚੇ। ਪਟਨੇ ਤੋਂ ਗਯਾ ਜੋ ਬੋਧੀਆਂ ਦਾ ਇੱਕ ਪਵਿੱਤਰ ਤੀਰਥ ਹੈ, ਗਯਾ ਤੋਂ ਰਾਜਗਿਰੀ ਅਤੇ ਬਿਹਾਰ ਪ੍ਰਾਂਤ ਦੀ ਯਾਤਰਾ ਕੀਤੀ। ਇਸ ਮਗਰੋਂ ਮੁਗੇਰ, ਭਾਗਲਪੁਰ, ਸਾਹਿਬਗੰਜ, ਰਾਜਮਹਿਲ ਹੁੰਦੇ ਹੋਏ ਮਾਲਦੇ ਪੁੱਜੇ। ਫਿਰ ਮੁਰਸ਼ਦਾਬਾਦ, ਵ੍ਰਿੰਦਾਵਨ, ਹੁਗਲੀ, ਕ੍ਰਿਸ਼ਨ ਨਗਰ, ਸ਼ਾਹਜ਼ਾਦਪੁਰ, ਸ਼ੇਰਾਜਗੰਜ ਅਤੇ ਢਾਕਾ ਵਿੱਚੋਂ ਲੰਘੇ। ਫਿਰ ਆਪ ਕਾਮਰੂਪ ਦੇਸ ਵਿੱਚ ਗਏ। ਬ੍ਰਹਮਪੁੱਤਰ ਦਰਿਆ ਨੂੰ ਪਾਰ ਕਰਕੇ ਅਸਾਮ ਦੇਸ਼ ਦੇ ਅਜਮੇਰੀਗੰਜ, ਕਰੀਮਗੰਜ, ਸਿਲਹਦ ਆਦਿ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਕਛਾਰ ਦੇਸ਼ ਵਿੱਚ ਪਹੁੰਚੇ। ਮਣੀਪੁਰ ਨੂੰ ਹੁੰਦੇ ਹੋਏ ਲੋਸ਼ਾਈ ਵੱਲ ਗਏ। ਇਸ ਮਗਰੋਂ ਗੁਰੂ ਜੀ ਮਥੁਰਾਫਾੜੀ, ਅਗਰਤਲਾ, ਲਕਸ਼ਮੀਪੁਰ, ਚੰਦਪੁਰ, ਫ਼ਰੀਦਪੁਰ, ਕੇਸ਼ਵਪੁਰ, ਕਲਕੱਤਾ, ਬਾਲੇਸ਼ਵਰ, ਮਦਨਾਪੁਰ, ਕਟਕ, ਜਗਨਨਾਥਪੁਰੀ, ਖੁਰਦਹਾ, ਦਰਾਨਾਸ਼ੁਰ, ਸੁਹਾਗਪੁਰ, ਜਬਲਪੁਰ, ਚਿੱਤਰ ਕੂਟ ਫ਼ਰੀਦਵਾੜਾ, ਚੰਦੇਰੀ, ਝਾਂਸੀ, ਗਵਾਲੀਅਰ, ਧਵਲਪੁਰ, ਭਰਤਪੁਰ, ਰਿਵਾੜੀ, ਗੁੜਗਾਵਾਂ, ਝੱਜਰ, ਦੌਜਾਨਾ, ਕਰੋਲੀ, ਕਰਨਾਲ, ਕੁਰੂਕਸ਼ੇਤਰ, ਪਹੋਵਾ, ਸਮਾਣਾ ਮੰਗਵਾਲ, ਜਗਰਾਵਾਂ ਆਦਿ ਸ਼ਹਿਰਾਂ ਵਿੱਚੋਂ ਦੀ ਲੰਘਦੇ ਜੁਗਰਾਵਾਂ ਤੋਂ ਸਤਲੁਜ ਦਰਿਆ ਨੂੰ ਪਾਰ ਕਰਕੇ 1506 ਈਸਵੀ ਵਿੱਚ ਸੁਲਤਾਨਪੁਰ ਆ ਗਏ। ਇਸ ਉਦਾਸੀ ਸਮੇਂ ਗੁਰੂ ਜੀ ਦੇ ਨਾਲ਼ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਅੰਗ ਸੰਗ ਰਹੇ।
ਦੂਜੀ ਉਦਾਸੀ : ਕੁਝ ਇਤਿਹਾਸਿਕ ਵੇਰਵਿਆਂ ਅਨੁਸਾਰ ਦੂਜੀ ਉਦਾਸੀ ਸਮੇਂ ਆਪ ਜੀ ਦੇ ਨਾਲ਼ ਦੋ ਸਿੱਖ ਭਾਈ ਸੈਦੋ ਤੇ ਭਾਈ ਸ਼ੀਹਾ ਸਨ। ਭਾਈ ਮਰਦਾਨਾ ਜੀ ਆਪ ਜੀ ਦੇ ਕਹਿਣ ਤੇ ਕਰਤਾਰਪੁਰ ਵਿਖੇ ਰੁਕ ਗਏ। 1506 ਈਸਵੀ ਵਿੱਚ ਗੁਰੂ ਜੀ ਦੂਜੀ ਉਦਾਸੀ ਤੇ ਦੱਖਣ ਵੱਲ ਚੱਲ ਪਏ। ਇਸ ਸਮੇਂ ਉਹ ਸੁਲਤਾਨਪੁਰ ਤੋਂ ਚੱਲ ਕੇ ਪੱਟੀ, ਕਸੂਰ, ਧਰਮਕੋਟ, ਬਠਿੰਡਾ, ਸਰਸਾ, ਬੀਕਾਨੇਰ, ਜੈਸਲਮੇਰ, ਜੋਧਪੁਰ, ਅਜਮੇਰ, ਪੁਸ਼ਕਰ, ਨਸੀਰਾਬਾਦ, ਦੇਵਗੜ੍ਹ, ਲੋਧੀਪੁਰ, ਆਬੂ, ਪਟਨ, ਈਫਰ, ਅਹਿਮਦਨਗਰ, ਡੂੰਗਰਪੁਰ, ਬਾਂਸਵਾੜਾ, ਜਾਵੜਾ, ਉਜੈਨ, ਮਹਾਂਕਾਲੈਸ਼ਵਰ, ਓਮਕਾਰ, ਹੋਸ਼ੰਗਾਬਾਦ, ਨਰਸਿੰਘਪੁਰ, ਬਾਲਾਘਾਟ, ਕਾਮਠੀ, ਨਾਗਪੁਰ, ਬਲਦਾਨਾ, ਮਲਕਾਪੁਰ, ਫਤਹਬਾਦ, ਰੋਮਰ, ਕਲਸ, ਮੇਂਡਕ, ਗੋਲਕੁੰਡਾ, ਹੈਦਰਾਬਾਦ, ਅਮਰਾਬਾਦ, ਬਿਦਰ, ਪੰਡਰਪੁਰ, ਗੋਟੀਪਾਂਤ, ਤਜਾਰ, ਤ੍ਰਿਚਨਾਪਲੀ, ਨਾਗਪਟਾਮ, ਪੋਲਮਕੋਟ, ਰਮੇਸ਼ਵਰ, ਸਿੰਗਲਦੀਪ, ਮਲੇਵਾਰ, ਸ਼ਰੰਗੇਰੀ, ਟੋਟੀਕਾਰਨ, ਪਾਲੇਮਕੋਟ, ਰਾਸਕੁਮਾਰ, ਮਦਰ, ਚਤੌਰ, ਪਲੀਕਟ, ਕੋਇੰਬਟੂਰ , ਕਾਲੀਕਿਟ, ਮਕਰਾਉਂ, ਕੋਟਲੀ, ਪਟਨ, ਤਰਕ, ਬੰਗਲੋਰ, ਗੋਹੀ, ਸਾਂਗਰੀ, ਗੋਆ, ਰਾਜਾਪੁਰ, ਰਤਨਾਗਿਰੀ , ਨਾਸਿਕ, ਪੰਚਵਟੀ, ਰਾਜਮੇਲਾਸ਼ਰ, ਬਡੌਰ, ਬੜੌਦਾ, ਅਹਿਮਦਾਬਾਦ, ਭਾਵਨਗਰ, ਪਾਲੀਟਾਨਾ, ਜੂਨਾਗੜ੍ਹ ਵੈਰਾਵਲ, ਪ੍ਰਭਾਸ, ਸੋਮਨਾਥ, ਪੋਰਬੰਦਰ, ਦਵਾਰਕਾ, ਅੰਜਾਰ, ਮੰਦੇਰਾ, ਅਸ਼ਕਾ, ਮੰਡੀ, ਭੁਜ, ਲਖਪਤ, ਅਮਰਕੋਟ, ਅਲਦ-ਯਾਰਕਾ, ਟਾਂਡਾ, ਫ਼ਿਰੋਜ਼ਪੁਰ, ਅਹਿਮਦਪੁਰ, ਖਾਨਪੁਰ, ਸਜ਼ਾਬਾਦ, ਸ਼ੇਰਸ਼ਾਹ, ਉੱਚ, ਤਲੰਬਾ ਵਿੱਚੋਂ ਹੁੰਦੇ ਹੋਏ ਵਾਪਸੀ ਸਮੇਂ ਉਹ 1510 ਈਸਵੀ ਵਿੱਚ ਰਾਇ ਭੋਏ ਦੀ ਤਲਵੰਡੀ ਆਪਣੇ ਮਾਤਾ ਪਿਤਾ ਨੂੰ ਮਿਲ਼ ਕੇ ਵਾਪਸ ਆਪਣੀ ਭੈਣ ਕੋਲ਼ ਸੁਲਤਾਨਪੁਰ ਪੁੱਜੇ। ਆਪਣੀ ਭੈਣ ਕੋਲ਼ ਕੁਝ ਦਿਨ ਟਿਕ ਕੇ ਗੁਰੂ ਜੀ ਲਾਹੌਰ ਪਹੁੰਚੇ। ਉਥੋਂ 25 ਕੋਹ ਦੂਰ ਰਾਵੀ ਦਰਿਆ ਦੇ ਕਿਨਾਰੇ ਕਾਹਨੂਰ ਨਾਮੀ ਪਿੰਡ ਵਿੱਚ ਜਾ ਬਿਰਾਜੇ। 1512 ਈਸਵੀ ਨੂੰ ਇਥੇ ਉਹਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਰਤਾਰਪੁਰ ਨਾਮੀ ਪਿੰਡ ਵਸਾਇਆ। ਧਰਮਸ਼ਾਲਾ ਤਿਆਰ ਕਰਵਾਈ ਅਤੇ ਆਪਣੇ ਪਰਿਵਾਰ ਨੂੰ ਇਥੇ ਲੈ ਆਏ।
ਤੀਜੀ ਉਦਾਸੀ : ਕੁਝ ਚਿਰ ਕਰਤਾਰਪੁਰ ਰਹਿਣ ਤੋਂ ਬਾਅਦ ਗੁਰੂ ਜੀ ਨੇ 1513 ਈਸਵੀ ਨੂੰ ਉੱਤਰ ਦਿਸ਼ਾ ਵੱਲ ਤੀਜੀ ਉਦਾਸੀ ਧਾਰਨ ਕੀਤੀ। ਉਹ ਕਰਤਾਰਪੁਰ ਤੋਂ ਚੱਲ ਕੇ ਨੂਰਪੁਰ, ਸੁਜਾਨਪੁਰ, ਕੋਟ ਕਾਂਗੜਾ ਹੁੰਦੇ ਹੋਏ ਜਵਾਲਾਮੁਖੀ ਪਹੁੰਚੇ। ਇਸ ਉਦਾਸੀ ਵਿੱਚ ਗੁਰੂ ਜੀ ਡਲਹੌਜੀ, ਧਰਮਸ਼ਾਲਾ, ਮਣੀਕਰਨ, ਰਵਾਲਸਰ, ਨਦੌਣ, ਸਕੇਤ ਮੰਡੀ, ਕੁੱਲੂ, ਚੰਬਾ, ਬਿਲਾਸਪੁਰ, ਕਹਿਲੂਰ, ਕੀਰਤਪੁਰ, ਪਿੰਜੌਰ, ਗੜ੍ਹਵਾਲ, ਮਨਸੂਰੀ, ਚਕਰੋਤਾ, ਉਤਰਕਾਂਸ਼ੀ, ਜਾਨੋਤਰੀ, ਸ੍ਰੀਨਗਰ, ਬਦਰੀ ਨਰਾਇਣ, ਭੀਮਕੋਟ, ਰਾਣੀਖੇਤ, ਅਲਮੋੜਾ, ਨੈਨੀਤਾਲ, ਗੋਰਖਮਤਾ, ਪੀਲੀਭੀਤ, ਗੋਰਖਪੁਰ, ਖਾਂਚੀ ਝੀਲ, ਮਾਨ ਸਰੋਵਰ, ਕ੍ਰਿਸ਼ਨ ਤਾਲ, ਧੌਲਾਗੜ੍ਹ, ਪਸ਼ੂਪਤੀ-ਮਹਾਦੇਵ, (ਨੇਪਾਲ) ਲਲਤਾਪਟੀ, ਸਿੱਕਮ, ਤਾਮਲੁੰਗ, ਕੋਹ ਕੰਚਨਜੰਗਾ ਦਾਰਜੀਲਿੰਗ, ਯਾਰੂ, ਟਾਸ਼ੀਸ਼ੋਡਨ (ਭੂਟਾਨ), ਝੀਲਪਲਟੀ, ਲਖੀਮ ਬ੍ਰਹਮਾਨੰਦ, ਡੇਰਹਗੜ੍ਹ, ਸ਼ਿਵਪੁਰ, ਰਾਣੀਗੰਜ, ਜਨਕਪੁਰ, ਸੀਤਾਮੜੀ, ਗੋਰਖਪੁਰ, ਬਲੀਮਪੁਰ, ਕਾਸ਼ੀਪੁਰ, ਬਲਮਗੜ੍ਹ, ਸੀਤਾਪੁਰ, ਲੋਧੀਆਂ, ਜਲੰਧਰ ਅਤੇ ਸੁਲਤਾਨਪੁਰ ਹੁੰਦੇ ਹੋਏ 1516 ਈਸਵੀ ਵਿੱਚ ਆਪਣੇ ਵਸਾਏ ਹੋਏ ਨਗਰ ਕਰਤਾਰਪੁਰ ਆ ਪਹੁੰਚੇ।
ਚੌਥੀ ਉਦਾਸੀ : 1518 ਈਸਵੀ ਵਿੱਚ ਗੁਰੂ ਜੀ ਨੇ ਆਪਣੇ ਚੌਥੀ ਉਦਾਸੀ ਪੱਛਮ ਵਾਲੇ ਪਾਸੇ ਧਾਰਨ ਕੀਤੀ । ਉਹ ਐਮਨਾਬਾਦ ਅਤੇ ਵਜ਼ੀਰਾਬਾਦ ਹੁੰਦੇ ਹੋਏ ਗੁਜਰਾਤ ਪੁੱਜੇ। ਇਸ ਉਦਾਸੀ ਸਮੇਂ ਉਹ ਰੋਹਤਾਸ, ਪਿੰਡ ਦਾਵਨ ਖਾਂ, ਡੇਰਾ ਇਸਮਾਇਲ ਖਾਂ, ਡੇਰਾ ਗਾਜ਼ੀ ਖਾਂ, ਜਾਮਪੁਰ, ਸ਼ਿਕਾਰਪੁਰ, ਹੈਦਰਾਬਾਦ (ਸਿੰਧ), ਕਰਾਚੀ, ਬਲੋਚਿਸਤਾਨ, ਮੱਕਾ, ਮਦੀਨਾ, ਬਗ਼ਦਾਦ, ਹਲਧ, ਦਿਆਰ, ਬਕਰ, ਸਵਾਸ, ਤੂਰਾਨ, ਜਲਾਲਾਬਾਦ, ਪਿਸ਼ਾਵਰ, ਹਸਨ ਅਬਦਾਲ, ਕਸ਼ਮੀਰ, ਪੁੰਛ ਅਤੇ ਸਿਆਲਕੋਟ ਵੀ ਗਏ। 1522 ਈਸਵੀ ਨੂੰ ਆਪ ਵਾਪਸ ਕਰਤਾਰਪੁਰ ਆ ਗਏ ਅਤੇ ਆਪਣਾ ਬਾਕੀ ਦਾ ਜੀਵਨ ਉਹਨਾਂ ਨੇ ਕਰਤਾਰਪੁਰ ਵਿਖੇ ਹੀ ਗੁਜ਼ਾਰਿਆ। ਉਮਰ ਭਰ ਪ੍ਰਚਾਰੇ ਗੁਰਮਤ ਸਿਧਾਂਤਾਂ ਨੂੰ ਅਮਲੀ ਰੂਪ ਦਿੰਦਿਆਂ ਇੱਥੇ ਆਪ ਜੀ ਨੇ ਆਪਣੇ ਹੱਥੀਂ ਖੇਤੀ ਵੀ ਕੀਤੀ। ਕਰਤਾਰਪੁਰ ਛੇਤੀ ਹੀ ਅਧਿਆਤਮਕ ਕੇਂਦਰ ਬਣ ਗਿਆ। ਇੱਥੇ ਰਹਿ ਕੇ ਗੁਰੂ ਜੀ ਨੇ ਕੋਈ ਲੰਬੀ ਯਾਤਰਾ ਨਹੀਂ ਕੀਤੀ ਪਰ ਆਲ਼ੇ ਦੁਆਲ਼ੇ ਦੇ ਇਲਾਕਿਆਂ ਵਿੱਚ ਜਾਂਦੇ ਰਹੇ। ਕਰਤਾਰਪੁਰ ਵਿਖੇ ਹੀ 69 ਸਾਲ,7 ਮਹੀਨੇ 10 ਦਿਨ ਦੀ ਉਮਰ ਭੋਗ ਕੇ ਗੁਰੂ ਜੀ ਜੋਤੀ ਜੋਤ ਸਮਾ ਗਏ।
— ਜਗਤਾਰ ਸਿੰਘ ਸੋਖੀ
ਫ਼ੋਨ : 9417166386
ਜਗਤ ਗੁਰੂ ਬਾਬਾ ਨਾਨਕ ਜੀ ਦੀਆਂ ਉਦਾਸੀਆਂ
Leave a comment