ਪਟਾਕਿਆਂ ਤੋਂ ਦੂਰ ਰਹਿ ਕੇ, ਪ੍ਰਕਾਸ਼ ਤੇ ਖੁਸ਼ੀ ਨਾਲ ਭਰਪੂਰ ਗ੍ਰੀਨ ਦੀਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ
14 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਕੈਨਮ ਕੰਸਲਟੈਂਟ ਵੱਲੋਂ ਸਥਾਨਕ ਅਜੀਤ ਰੋਡ ਦਫ਼ਤਰ ‘ਚ ਗ੍ਰੀਨ ਦੀਵਾਲੀ ਸਮਾਗਮ ਮਨਾਇਆ ਗਿਆ। ਇਸ ਮੌਕੇ ਏ.ਆਈ.ਜੀ ਅਵਨੀਤ ਕੌਰ ਸਿੱਧੂ ਵਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਗ੍ਰੀਨ ਦੀਵਾਲੀ ਮਨਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਏ.ਆਈ.ਜੀ ਅਵਨੀਤ ਕੌਰ ਸਿੱਧੂ ਨੇ ਗ੍ਰੀਨ ਦੀਵਾਲੀ ਪਲੇਜ ਬੋਰਡ ‘ਤੇ ਦਸਤਖ਼ਤ ਕਰਦਿਆਂ ਪ੍ਰਦੂਸ਼ਣ ਮੁਕਤ ਤੇ ਸਾਫ਼-ਸੁਥਰੀ ਗ੍ਰੀਨ ਦੀਵਾਲੀ ਮਨਾਉਣ ਦਾ ਅਹਿਦ ਲਿਆ।
ਇਸ ਦੌਰਾਨ ਮੈਡਮ ਅਵਨੀਤ ਕੌਰ ਸਿੱਧੂ ਨੇ ਕੈਨਮ ਕੰਸਲਟੈਂਟ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਸਾਰਿਆਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ, ਪ੍ਰਕਾਸ਼ ਤੇ ਖੁਸ਼ੀ ਨਾਲ ਭਰਪੂਰ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਸ਼ੁੱਧ ਰਹਿ ਸਕੇ ਅਤੇ ਸਾਡੀ ਆਉਣ ਵਾਲੀ ਪੀੜੀ ਸੁਰੱਖਿਅਤ ਰਹੇ। ਇਸ ਦੌਰਾਨ ਕੈਨਮ ਵੱਲੋਂ ਮੁਫ਼ਤ ਪੌਦੇ ਵੀ ਵੰਡੇ ਗਏ। ਇਸ ਦੌਰਾਨ ਵਿਦਿਆਰਥੀਆਂ ਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਪੌਦੇ ਪ੍ਰਾਪਤ ਕੀਤੇ ਅਤੇ ਗ੍ਰੀਨ ਮੁਹਿੰਮ ਵਿੱਚ ਹਿੱਸਾ ਲਿਆ।
ਕੈਨਮ ਕੰਸਲਟੈਂਟ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੰਪਨੀ ਹਮੇਸ਼ਾਂ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਦੇ ਬਚਾਅ ਲਈ ਕੰਮ ਕਰਦੀ ਰਹੀ ਹੈ। ਗ੍ਰੀਨ ਦੀਵਾਲੀ ਮੁਹਿੰਮ ਦਾ ਉਦੇਸ਼ ਲੋਕਾਂ ਵਿਚ ਸਾਵਧਾਨੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਜਗਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਗਮ 17 ਅਕਤੂਬਰ 2025 ਤੱਕ ਜਾਰੀ ਰਹੇਗਾ। ਇਸ ਦੌਰਾਨ ਕੈਨਮ ਵੱਲੋਂ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ, ਹਰੀ-ਭਰੀ ‘ਤੇ ਖੁਸ਼ਹਾਲ ਦੀਵਾਲੀ ਮਨਾਉਣ।

 
             
             
                                 
                             