ਕੁਲਵੰਤ ਸਿੰਘ ਗਾਖ਼ਲ਼ ਦੀ ਅਣਹੋਂਦ
2018 ਤੇ 2019 ਦੋ ਸਾਲ ਇਸ ਖੇਡ ਮੇਲੇ ਤੇ ਸੱਦਾ ਦੇਣ ਵਾਲ਼ਾ ਰੰਗਲਾ ਸੱਜਣ ਚੁੱਪ ਚੁਪੀਤੇ ਇਸ ਰੰਗਲੀ ਦੁਨੀਆਂ ਨੂੰ ਪਿਛਲੇ ਵਰ੍ਹੇ ਅਲਵਿਦਾ ਕਹਿ ਗਿਆ । ਰੱਜੀ ਰੂਹ ਵਾਲ਼ਾ ਸੱਜਣ ਜਦੋਂ ਬਗਲਗੀਰ ਹੋ ਕੇ ਮਿਲਦਾ ਤਾਂ ਸਾਰਾ ਥਕੇਵਾਂ ਲਹਿ ਜਾਂਦਾ ਸੀ । ਕੁਲਦੀਪ ਬਾਸੀ ਵੱਲੋਂ ਕਰਵਾਏ ਜਾਂਦੇ ਹਰ ਟੂਰਨਾਮੈਂਟ ਤੇ ਓਹਦੇ ਨਾਲ਼ ਮਲਬੌਰਨ ‘ਚ ਮਿਲਣੀ ਹੁੰਦੀ ਰਹੀ । ਹਰ ਵਾਰ ਓਹਨੇ ਸੱਦਾ ਦੇਣਾ । ਮੈਂ ਕਹਿਣਾ ਭਾਅ ਜੀ, ਬਾਸੀ ਸਾਬ੍ਹ ਨੂੰ ਸੱਦਾ ਦੇਣ ਵੇਲ਼ੇ ਮੈਨੂੰ ਨਾਲ਼ ਟੈਗ ਕਰ ਦਿਓ, ਕਿਉਂਕਿ ਕੱਲਾ ਮੈਂ ਆ ਨਹੀਂ ਸਕਣਾ, ਜਿੱਥੇ ਵੀ ਜਾਈਂਦੈ ਤਾਂ ਬਾਸੀ ਸਾਬ੍ਹ ਨਾਲ਼ ਚਿੰਬੜ ਕੇ ਜਾਈਦੈ । ਹਾਸੇ ਵੰਡਣ ਵਾਲ਼ੇ ਗਾਖ਼ਲ਼ ਸਾਬ੍ਹ ਦੀ ਘਾਟ ਰੜਕਦੀ ਰਹੀ, ਪਰ ਓਹਦੇ ਪਰਿਵਾਰ ਨੇ ਓਹਦੀ ਯਾਦ ਨੂੰ ਤਰੋ ਤਾਜ਼ਾ ਕਰਦਿਆਂ ਓਹਦੇ ਨਾਮ ਤੇ ਬੈਸਟ ਜਾਫ਼ੀ ਅਤੇ ਬੈਸਟ ਰੇਡਰ ਨੂੰ ਨਕਦ ਇਨਾਮ ਦੇ ਕੇ ਨਿਵਾਜਿਆ ਗਿਆ । ਮੇਲੇ ਵਿੱਚ ਇਸ ਵਾਰ ਭੀੜ ਜ਼ਿਆਦਾ ਹੋਣ ਕਾਰਨ ਗਾਖ਼ਲ਼ ਦੇ ਪਰਿਵਾਰ ਨਾਲ਼ ਮੇਲ ਤਾਂ ਨਹੀਂ ਹੋ ਸਕਿਆ , ਪਰ ਮੈਂ ਮਾਈਕ ਦੇ ਜ਼ਰੀਏ ਓਹਦੇ ਨਾਲ਼ ਬਿਤਾਏ ਪਲ ਜ਼ਰੂਰ ਸਾਂਝੇ ਕੀਤੇ ।
ਗ੍ਰਿਫ਼ਤ ਦੇ 25ਵੇਂ ਸ਼ਹੀਦੀ ਟੂਰਨਾਮੈਂਟ ਦੇ ਸੂਤਰਧਾਰ ਮਨਜੀਤ ਸਿੰਘ ਲਾਲੀ ਦਾ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਲਾਲ ਝਰੰਗ ਚਿਹਰਾ ਦੂਰ ਤੋ ਹੀ ਲਿਸ਼ਕਾਰੇ ਮਾਰ ਰਿਹਾ ਸੀ । ਪੰਜਾਬ ਰਹਿੰਦੇ ਓਹ ਤਾਕਤਵਰ ਪਾਵਰ ਲਿਫਟਰ ਰਿਹੈ । ਹੁਣ ਵੀ ਡੌਲ਼ਿਆਂ ਤੇ ਬਣਦੇ ਡੱਡੂ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਮਾਤ ਪਾਉਂਦੇ ਨੇ । ਸਟੇਜ ਦੀ ਕਮਾਂਡ ਓਹਦੇ ਕੋਲ਼ ਹੁੰਦੀ ਐ ਤੇ ਸਾਰੇ ਮੇਲੇ ਵਿੱਚ ਊਰੀ ਵਾਂਗ ਘੁੰਮਦਾ ਫਿਰਦੈ । ਸਟੇਜ ਤੇ ਬੋਲਣ ਦੀ ਇਸ ਮੁਹਾਰਤ ਨੇ ਓਹਨੂੰ ਆਪਣੇ ਸ਼ਹਿਰ ਦਾ ਕੌਂਸਲਰ ਵੀ ਬਣਾ ਦਿੱਤਾ । ਸਤਾਰਾਂ ਸਾਲਾਂ ਬਾਅਦ ਪਹੁੰਚਿਆ ਹਕੀਮਪੁਰੀਆ ਮੱਖਣ ਲਾਲੀ ਨੂੰ ਕਹਿੰਦਾ, ਭਾਅ ਜੀ ਆਪਾਂ ਪਹਿਲਾਂ ਵੀ ਕਿਤੇ ਮਿਲੇ ਆਂ । ਅੱਗੋਂ ਲਾਲੀ ਕਹਿੰਦਾ, ਕੀ ਗੱਲ ਕਰਦੇ ਓ ਭਾਜੀ ਆਪਾਂ ਸਟੇਜ ਵੀ ਸਾਂਝੀ ਕੀਤੀ ਐ । ਵੀਹ ਸਾਲ ਪਹਿਲੀਆਂ ਯਾਦਾਂ ਤਾਜ਼ੀਆਂ ਕਰ ਬੈਠੇ ।
ਕਬੱਡੀ ਦੀ ਕੁਮੈਂਟਰੀ ਨੂੰ ਨਵਾਂ ਰੂਪ ਦੇਣ ਵਾਲ਼ੇ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਨੂੰ 2004-05 ਦੀਆਂ ਜਰਖੜ ਖੈਡਾਂ ਤੋ ਬਾਅਦ ਮਿਲਣ ਦਾ ਸੁਆਦ ਵੀ ਵੱਖਰਾ ਹੀ ਸੀ । ਪਹਿਲਾਂ ਜਿੱਥੇ ਵੀ ਮੇਲ ਹੋਇਆ , ਓਹ ਜਾ ਤਾਂ ਸਟੇਜ ਤੇ ਜਾ ਫਿਰ ਖੇਡ ਮੈਦਾਨ ਵਿੱਚ । ਇਸ ਵਾਰ ਦੀ ਮਿਲਣੀ ਖਾਣੇ ਪੀਣੇ ਦੀ ਲਾਈਨ ਵਿੱਚ ਖੜੋਤਿਆਂ ਹੋਈ । ਵਿਦੇਸ਼ ਵਿੱਚ ਲੰਗਰ ਪਾਣੀ ਲਾਈਨਾਂ ਵਿੱਚ ਲੱਗ ਕੇ ਹੀ ਮਿਲਦੈ, ਸਿੱਧੀ ਵੀ ਆਈ ਪੀ ਇੰਟਰੀ ਕੋਈ ਨਹੀਂ ਕਰਦਾ । ਲੰਗਰ ਪਾਣੀ ਦੀ ਤਾਂ ਗੱਲ ਹੀ ਛੱਡੋ ਵਿਦੇਸ਼ਾਂ ਦੇ ਮੇਲਿਆਂ ਮੁਸਾਵਿਆਂ ਤੇ ਤਾਂ ਜੰਗਲ਼ ਪਾਣੀ ਦੀ ਵਾਰੀ ਵੀ ਲਾਈਨ ਵਿੱਚ ਲੱਗਕੇ ਹੀ ਮਿਲਦੀ ਐ । ਮੈਂ ਤੇ ਮੱਖਣ ਗੁਰਭਾਈ ਹਾਂ, ਸਾਡੇ ਦੋਵਾਂ ਦੇ ਉਸਤਾਦ ਖੇਡ ਜਗਤ ਦੀ ਮਹਾਨ ਹਸਤੀ ਪ੍ਰਿੰਸੀਪਲ ਸਰਵਣ ਸਿੰਘ ਨੇ । ਦੋਵਾਂ ਨੇ ਵਿੱਛੜ ਚੁੱਕੇ ਸਾਥੀ ਦਰਸ਼ਨ ਬੜੀ ਨੂੰ ਯਾਦ ਕੀਤਾ । ਜਰਖੜ ਦੀਆਂ ਖੇਡਾਂ ਤੇ ਸਾਡੇ ਦੋਵਾਂ ਦੇ ਵਿਚਕਾਰ ਖੜ੍ਹ ਕੇ ਬੜੀ ਫੋਟੋਗ੍ਰਾਫਰ ਨੂੰ ਕਹਿੰਦਾ ਸੀ, ਲੈ ਬਈ ਮਿੱਤਰਾ ਦੋ ਸਰਦਾਰਾਂ ਦੇ ਵਿਚਕਾਰ ਖੜੇ ਇਸ ਮੋਨੇ ਬੰਦੇ ਦੀ ਫੋਟੋ ਪੂਰੀ ਘੈਂਟ ਆਉਣੀ ਚਾਹੀੰਦੀ ਐ । ਜੇ ਕਬੱਡੀ ਨੂੰ ਪੈਸਿਆਂ ਵਿੱਚ ਖਿਡਾਉਣ ਦਾ ਸਿਹਰਾ ਬਲਵਿੰਦਰ ਫਿੱਡੂ ਸਿਰ ਬੱਝਦੈ ਤਾਂ ਕੁਮੈਟਰੀ ਨੂੰ ਡਾਲਰਾਂ ਵਿੱਚ ਮਾਪਣ ਦਾ ਸਿਹਰਾ ਮੱਖਣ ਸਿਰ ਬੱਝਦੈ । ਸੱਚ ਕਹਾਂ ਤਾਂ ਅੱਜ ਦੇ ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਦੀ ਬਦੌਲਤ ਨੋਟਾਂ/ਡਾਕਰਾਂ ਵਿੱਚ ਖੇਡਦੇ ਨੇ । ਪ੍ਰੋ. ਮੱਖਣ ਸਿੰਘ ਨੂੰ ਸਮੁੱਚੇ ਕੁਮੈਂਟੇਟਰਾਂ ਦਾ ਰਾਹ ਦਸੇਰਾ ਬਣਨ ਦਾ ਮਾਣ ਪ੍ਰਾਪਤ ਹੈ । ਇਹਦੇ ਬੋਲੇ ਹੋਏ ਸ਼ਬਦਾਂ ਦਾ ਦੁਹਰਾਓ ਕਈਆਂ ਨੂੰ ਰੋਜ਼ ਰੋਟੀ ਦੇ ਆਹਰੇ ਲਾ ਗਿਆ । ਹਿੰਦੀ ਦੀ ਕੁਮੈਂਟਰੀ ਦਾ ਬੇਤਾਜ ਬਾਦਸ਼ਾਹ ਜਸਦੇਵ ਸਿੰਘ ਨੂੰ ਕਿਹਾ ਜਾਂਦੈ ਤੇ ਪੰਜਾਬੀ ਵਿੱਚ ਕਬੱਡੀ ਦੀ ਕੁਮੈਂਟਰੀ ਦਾ ਸਰਦਾਰ ਅਖਵਾਉਣ ਦਾ ਸਿਹਰਾ ਮੱਖਣ ਦੇ ਸਿਰ ਸੱਜਦੈ ।
ਕਬੱਡੀ ਦੀ ਕੁਮੈਂਟਰੀ ਨੂੰ ਰੁਮਾਂਟਿਕ ਬਣਾਉਣ ਲਈ ਪੰਜਾਬੀ ਗੀਤਾਂ ਦੀਆਂ ਟੂਕਾਂ, ਖਿਡਾਰੀਆਂ ਦੇ ਕਥਨ, ਸ਼ੇਅਰੋ-ਸ਼ਾਇਰੀ ਤੇ ਖਿਡਾਰੀਆਂ ਦਾ ਕੁਰਸੀਨਾਮਾ ਦਰਸ਼ਕਾਂ ਨੂੰ ਪਰੋਸਣ ਵਾਲ਼ਾ ਪਲੇਠਾ ਕੁਮੈਂਟੇਟਰ ਮੱਖਣ ਸਿੰਘ ਹੀ ਹੈ । ਪ੍ਰਿੰਸੀਪਲ ਸਰਵਣ ਸਿੰਘ ਨੇ ਜਦੋਂ ਕੁਮੈਂਟੇਟਰਾਂ ਬਾਰੇ ਲਿਖਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਮੱਖਣ ਦੀ ਵਾਰੀ ਆਈ ਸੀ । ਦਸ ਬਾਰਾਂ ਦੇਸ਼ਾਂ ਅਤੇ ਪੰਜਾਹ ਕੁ ਹਵਾਈ ਅੱਡਿਆਂ ਤੇ ਪਹੁੰਚਣ ਵਾਲ਼ੇ ਮੱਖਣ ਦੀ ਅਵਾਜ਼ ਪੈਂਤੀ ਸਾਲ ਪਹਿਲਾਂ ਵਾਂਗ ਅੱਜ ਵੀ ਧਮਕ ਪਾ ਰਹੀ ਐ ।
ਚਲਦਾ ।