ਬੁਢਲਾਡਾ, 5 ਅਗਸਤ ( ਨਾਨਕ ਸਿੰਘ ਖੁਰਮੀ) ਗੁਰੂ ਨਾਨਕ ਕਾਲਜ, ਬੁਢਲਾਡਾ ਵੱਲੋਂ 21 ਜੁਲਾਈ ਤੋਂ 4 ਅਗਸਤ 2025 ਤੱਕ ਦੋ ਹਫਤਿਆਂ ਦੇ ਸੰਚਾਰ ਕੌਸ਼ਲ ਅਤੇ ਸ਼ਖ਼ਸੀਅਤ ਉਸਾਰੀ ਓਰੀਐਂਟੇਸ਼ਨ ਪ੍ਰੋਗਰਾਮ ਦੀ ਸਫ਼ਲਤਾਪੂਰਵਕ ਸਮਾਪਤੀ ਹੋਈ। ਇਸ ਵਿਚ ਵਿਦਿਆਰਥੀਆਂ ਦੇ ਸੰਚਾਰ ਕੌਸ਼ਲ ਅਤੇ ਸ਼ਖ਼ਸ਼ੀਅਤ ਉਸਾਰੀ ਸਬੰਧੀ ਵੱਖ ਵੱਖ ਲੈਕਚਰ ਕਰਵਾਏ ਗਏ। ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਉਦਘਾਟਨੀ ਭਾਸ਼ਣ ਵਿਚ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਭਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਗਿਆਨ ਪੂਰਵਕ ਲੈਕਚਰ ਅਤੇ ਸਕਿੱਲ ਅਧਾਰਿਤ ਸੈਸ਼ਨ ਕਰਵਾਏ ਗਏ ਹਨ। ਪ੍ਰੋਗਰਾਮ ਕੋਆਰਡੀਨੇਟਰ ਅਤੇ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਗੁਰਜਸਜੀਤ ਕੌਰ ਨੇ ਦੱਸਿਆ ਕਿ ਇਸ ਵਿਚ ਸਾਰੇ ਸੈਸ਼ਨ ਵਿਦਿਆਰਥੀ-ਕੇਂਦਰਤ ਸਨ, ਜਿਸ ਵਿੱਚ ਵਿਵਹਾਰਿਕ ਸਿੱਖਣ ਨੂੰ ਤਰਜੀਹ ਦਿੱਤੀ ਗਈ ਹੈ।
ਡਾ. ਨਿਰਮਲ ਦੱਤ, ਸਾਬਕਾ ਵਿਭਾਗ ਮੁਖੀ, ਡੀ.ਏ.ਵੀ. ਕਾਲਜ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਨੂੰ ਆਪਣੀ ਮਾਤਾ ਭਾਸ਼ਾ ਜਾਂ ਪੰਜਾਬੀ ਰਾਹੀਂ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਸ਼ਾਲੀ ਸੰਚਾਰ, ਗਿਆਨ ਅਤੇ ਕਾਮਯਾਬੀ ਦਰਮਿਆਨ ਇਕ ਪੁਲ ਦਾ ਕੰਮ ਕਰਦਾ ਹੈ। ਡਾ. ਗੁਰਜਸਜੀਤ ਕੌਰ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਦੀਆਂ ਤਕਨੀਕਾਂ ਸਿਖਾਈਆਂ, ਜਿਸ ਵਿੱਚ ਗਰੁੱਪ ਗਤੀਵਿਧੀਆਂ, ਰੋਲ ਪਲੇਅ ਅਤੇ ਰੋਜ਼ਾਨਾ ਜੀਵਨ ਦੀਆਂ ਗੱਲਬਾਤਾਂ ਨੂੰ ਸ਼ਾਮਲ ਕੀਤਾ ਗਿਆ। ਉੱਘੇ ਗਲਪਕਾਰ ਭੁਪਿੰਦਰ ਸਿੰਘ, ਅੰਗਰੇਜ਼ੀ ਲੈਕਚਰਰ, ਸਰਕਾਰੀ ਸਕੂਲ ਮੌੜ ਮੰਡੀ ਨੇ ਸ਼ਖ਼ਸੀਅਤ ਵਿਕਾਸ ਵਿੱਚ ਕਿਤਾਬਾਂ ਦੀ ਭੂਮਿਕਾ ‘ਤੇ ਵਿਚਾਰ ਸਾਂਝੇ ਕੀਤੇ, ਪ੍ਰੋ. ਰਿਤੂ ਨੇ ਅੰਗਰੇਜ਼ੀ ਦੇ ਸ਼ਬਦ ਉਚਾਰਨ ਵਿੱਚ ਸੁਧਾਰ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਮਨਪ੍ਰੀਤ ਕੌਰ ਨੇ ਸ਼ਖਸੀਅਤ ਉਸਾਰੀ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਬੰਧੀ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦੀ ਝਿਜਕ ਦੂਰ ਹੋਈ ਹੈ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਇਆ ਹੈ। ਇਸ ਪ੍ਰੋਗਰਾਮ ਵਿਚ ਸਮੂਹ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।