24 ਮਾਰਚ (ਨਾਨਕ ਸਿੰਘ ਖੁਰਮੀ) ਬੁਢਲਾਡਾ: ਮਾਲਵੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਕਾਲਜ, ਬੁਢਲਾਡਾ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਭਾਈ ਗੁਰਦਾਸ ਕੋਚਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ, ਇਹ ਕੋਚਿੰਗ ਸੈਂਟਰ ਉਨ੍ਹਾਂ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜੋ ਕਿਸੇ ਪ੍ਰਤੀਯੋਗਿਤਾ ਪ੍ਰੀਖਿਆਂ ਵਿੱਚ ਸਫਲਤਾ ਹਾਸਲ ਕਰਨ ਦਾ ਸੁਪਨਾ ਦੇਖੀ ਬੈਠੇ ਹਨ ਅਤੇ ਉਸ ਨੂੰ ਪੂਰਾ ਕਰਨ ਲਈ ਕਿਸੇ ਕਾਰਨ ਆਪਣੇ ਆਪ ਨੂੰ ਸਮਰੱਥ ਨਹੀ ਸਮਝ ਰਹੇ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਇਸ ਕੋਚਿੰਗ ਸੈਂਟਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਯੂ.ਪੀ.ਐੱਸ.ਸੀ, ਪੀ.ਸੀ.ਐੱਸ, ਬੈਂਕਿੰਗ ਅਤੇ ਹੋਰ ਰਾਜ/ਕੇਂਦਰ ਦੇ ਪੱਧਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਦੀ ਸ਼ੂਰੁਆਤ ਕੀਤੀ ਗਈ ਹੈ। ਇਹਨਾਂ ਕੋਚਿੰਗ ਕਲਾਸਾਂ ਲਈ ਪੰਜਾਬ ਦੇ ਵੱਖ ਵੱਖ ਇੰਸਟੀਚਿਊਟ ਤੋਂ ਮਾਹਿਰ ਅਧਿਆਪਕ ਅਤੇ ਸੰਸਥਾ ਵਿਚੋਂ ਵਿਸ਼ਾ-ਮਾਹਿਰ ਇਸ ਦੀ ਪੜ੍ਹਾਈ ਕਰਵਾ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਸੁਵਿਧਾ ਕਾਲਜ ਵਿੱਚ ਪੜ੍ਹ ਰਹੇ ਅਤੇ ਬਾਹਰਲੇ ਵਿਦਿਆਰਥੀਆਂ ਲਈ ਬਿਲਕੁਲ ਨਾ-ਮਾਤਰ ਫੀਸ ਤੇ ਉਪਲੱਬਧ ਹੈ। ਇਸ ਕੋਚਿੰਗ ਸੈਂਟਰ ਵਿਚ ਤਿਆਰੀ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਆਰਥਿਕ ਤੌਰ ਤੇ ਪਛੜੇ ਵਿਦਿਆਰਥੀਆਂ ਨੂੰ ਸੁਪਨੇ ਪੂਰੇ ਕਰਨ ਦੇ ਮੌਕੇ ਮਿਲਣਗੇ।