ਬੁਢਲਾਡਾ, 29 ਜੁਲਾਈ (ਨਾਨਕ ਸਿੰਘ ਖੁਰਮੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਅਧੀਨ ਚੱਲ ਰਹੀ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਪੜ੍ਹਦੀਆਂ ਤਿੰਨ ਸਕੀਆਂ ਭੈਣਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਕਰਵਾਈ ਜੂਨ 2025 ਦੀ ਯੂ.ਜੀ.ਸੀ. ਨੈੱਟ (ਰਾਸ਼ਟਰੀ ਯੋਗਤਾ ਪ੍ਰੀਖਿਆ) ਪਾਸ ਕੀਤੀ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਿੰਨੋਂ ਵਿਦਿਆਰਥਣਾਂ ਬਹੁਤ ਹੀ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲੀਆਂ ਹਨ। ਜਿਸ ਦਾ ਸਬੂਤ ਹਰਦੀਪ ਕੌਰ ਨੇ ਪੰਜਾਬੀ ਵਿਸ਼ੇ ਵਿਚ, ਬੇਅੰਤ ਕੌਰ ਨੇ ਇਤਿਹਾਸ ਵਿਸ਼ੇ ਵਿਚ ਅਤੇ ਰਿੰਪੀ ਕੌਰ ਨੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਿਚ ਪ੍ਰੀਖਿਆ ਪਾਸ ਕਰਕੇ ਦਿੱਤਾ ਹੈ। ਇਹ ਸੰਸਥਾ ਦੇ ਇਤਿਹਾਸ ਵਿਚ ਮਿਸਾਲ ਕਾਇਮ ਹੋਈ ਹੈ ਕਿ ਇਕੋ ਸੰਸਥਾ ਵਿਚ ਪੜ੍ਹੀਆਂ ਤਿੰਨ ਸਕੀਆਂ ਭੈਣਾਂ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਇਕੱਠਿਆਂ ਪਾਸ ਕੀਤੀ ਹੈ, ਇਸ ਤਰ੍ਹਾਂ ਦੀਆਂ ਮਿਸਾਲਾਂ ਬਹੁਤ ਹੀ ਘੱਟ ਮਿਲਦੀਆਂ ਹਨ। ਸਾਡੀ ਆਟੋਨੌਮਸ ਸੰਸਥਾ ਨੇ ਪਾਠਕ੍ਰਮ ਅਜਿਹੇ ਤਿਆਰ ਕੀਤੇ ਹਨ ਜਿਸ ਸਦਕਾ ਆਉਣ ਵਾਲੇ ਸਮੇਂ ਅਜਿਹੀਆਂ ਮਿਸਾਲਾਂ ਮਿਲਦੀਆਂ ਰਹਿਣਗੀਆਂ। ਇਨ੍ਹਾਂ ਵਿਦਿਆਰਥਣਾਂ ਨੇ ਕਿਸੇ ਵੀ ਵੱਡੇ ਸ਼ਹਿਰ ਵਿਚ ਮਹਿੰਗੀ ਕੋਚਿੰਗ ਪ੍ਰਾਪਤ ਨਾ ਕਰਕੇ ਇਸ ਸੰਸਥਾ ਵਿਚ ਪ੍ਰਾਪਤ ਕੀਤੀ ਉਚੇਰੀ ਸਿੱਖਿਆ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਘਰ ਬੈਠ ਕੇ ਹੀ ਇਹ ਪ੍ਰਾਪਤੀ ਕੀਤੀ ਹੈ ਜੋ ਅਕਾਦਮਿਕ ਮਿਆਰ ਦੀ ਮਿਸਾਲ ਹੈ। ਅਜਿਹੇ ਵਿਦਿਆਰਥੀਆਂ ਦੇ ਜਨੂੰਨ ਅਤੇ ਮਿਹਨਤ ਤੋਂ ਪ੍ਰੇਰਿਤ ਹੋ ਕੇ ਆਉਣ ਵਾਲੇ ਸਮੇਂ ਵਿਚ ਵਿਦਿਆਰਥੀ ਅਜਿਹੀਆਂ ਪ੍ਰਾਪਤੀਆਂ ਕਰਕੇ ਇਸ ਕਾਲਜ ਦਾ ਨਾਮ ਰੌਸ਼ਨ ਕਰਨਗੇ।
ਕੰਪਿਊਟਰ ਵਿਭਾਗ ਦੇ ਮੁਖੀ ਅਤੇ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ, ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਅਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੇ ਘਰੇਲੂ ਤੰਗੀਆਂ ਤੁਰਸੀਆਂ ਹੋਣ ਦੇ ਬਾਵਜੂਦ ਵੀ ਇਹ ਸਿੱਧ ਕੀਤਾ ਹੈ ਕਿ ਉੱਗਣ ਵਾਲੇ ਪੱਥਰ ਪਾੜ ਕੇ ਵੀ ਉੱਗ ਪੈਂਦੇ ਹਨ। ਵਿਦਿਆਰਥਣ ਹਰਦੀਪ ਕੌਰ, ਰਿੰਪੀ ਕੌਰ ਅਤੇ ਬੇਅੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅਧਿਆਪਕਾਂ ਨੇ ਕੀਤੀ ਹੈ ਜਿਸ ਸਦਕਾ ਅਸੀਂ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਸਾਡਾ ਉਦੇਸ਼ ਪੀ.ਐੱਚ-ਡੀ ਦੀ ਪੜ੍ਹਾਈ ਕਰਨਾ ਹੈ। ਉਨ੍ਹਾਂ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਇਸ ਕਾਲਜ ਦੇ ਸਟਾਫ ਦੀ ਬਦੌਲਤ ਅਤੇ ਅਗਵਾਈ ਸਦਕਾ ਮੇਰੀਆਂ ਧੀਆਂ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਰਿਹਾ। ਮੰਚ ਦਾ ਸੰਚਾਲਨ ਪ੍ਰੋ. ਗੁਰਦੀਪ ਸਿੰਘ ਨੇ ਕੀਤਾ।