ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਹੋਈ ਇੰਡਸਟਰੀ-ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ 2025 ਵਿਚ 25 ਤੋਂ ਵੱਧ ਕੰਪਨੀਆਂ/ਉਦਯੋਗਾਂ ਨਾਲ ਐੱਮ.ਓ.ਯੂ. ਦਸਤਖਤ
ਇੰਡਸਟਰੀ-ਅਕੈਡਮੀਆ ਵਿਚ ਇਲਾਕੇ ਦੇ 1500 ਤੋਂ ਵੱਧ ਵਿਿਦਆਰਥੀਆਂ, ਉਦਯੋਗਪਤੀਆਂ ਅਤੇ ਮੈਨੇਜਿੰਗ ਡਾਇਰੈਕਟਰਾਂ ਨੇ ਲਿਆ ਹਿੱਸਾ
ਬੁਢਲਾਡਾ ( ਨਾਨਕ ਸਿੰਘ ਖੁਰਮੀ) ਬੀਤੇ ਕੱਲ੍ਹ ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ 2025 ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਮੇਸ਼ਾ ਹੀ ਉਦੇਸ਼ ਰਿਹਾ ਹੈ ਕਿ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਵਿਚ ਪੜ੍ਹੇ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ/ਯੂਨੀਵਰਸਿਟੀਆਂ ਵਿਚ ਪੜ੍ਹੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਇਆ ਜਾ ਸਕੇ। ਇਸ ਉਦੇਸ਼ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਅੱਜ ਇੰਡਸਟਰੀ ਮੀਟ ਵਿਚ 25 ਤੋਂ ਵੱਧ ਕੰਪਨੀਆਂ ਨਾਲ ਐੱਮ.ਓ.ਯੂ. ਦਸਤਖਤ ਕੀਤੇ ਹਨ, ਜਿਸ ਨਾਲ ਆਉਂਦਿਆਂ ਵਰ੍ਹਿਆਂ ਵਿਚ ਹਜ਼ਾਰਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲਣਾ ਹੈ। ਇਲਾਕੇ ਲਈ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਸਮਝੌਤਿਆਂ ਤਹਿਤ ਸੰਸਥਾ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਵਿਚ ਜ਼ਰੂਰੀ ਬਦਲਾਅ ਕਰੇਗੀ ਅਤੇ ਇਸੇ ਸੈਸ਼ਨ ਵਿਚ ਸ਼ਾਰਟ ਟਰਮ ਅਤੇ ਐਡ ਆਨ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੋ ਇਲਾਕੇ ਵਿਚ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਸ. ਗਗਨਦੀਪ ਸਿੰਘ, ਐੱਸ. ਡੀ. ਐੱਮ. ਬੁਢਲਾਡਾ ਨੇ ਕਿਹਾ ਕਿ ਇਲਾਕੇ ਵਿੱਚ ਅਜਿਹੀ ਇੰਡਸਟਰੀ ਅਕੈਡਮੀਆ ਮੀਟ ਦਾ ਆਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ। ਪ੍ਰਿੰਸੀਪਲ ਅਤੇ ਕੋਆਰਡੀਨੇਟਰ ਨੂੰ ਇੰਡਸਟਰੀ ਅਕੈਡਮੀਆ ਮੀਟ ਦੀ ਵਧਾਈ ਦਿੰਦਿਆਂ ਕਿਹਾ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ। ਮੁੱਖ ਭਾਸ਼ਣ ਦਿੰਦਿਆਂ ਸ੍ਰੀ ਤਰੁਣ ਕੁਮਾਰ ਬੈਨਰਜੀ, ਇੰਟਰ-ਨੈਸ਼ਨਲ ਮੌਟੀਵੇਸ਼ਨ ਸਪੀਕਰ ਕਾਰਪੋਰੇਟ ਟਰੇਨਰ ਐਂਡ ਬਿਜਨਸ ਕਨਸਲਟੈਂਟ ਚੰਡੀਗੜ੍ਹ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕਿੱਲ ਅਧਾਰਿਤ ਸਿੱਖਿਆ ਤੇ ਜ਼ੋਰ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਉਹ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ। ਬੁਢਲਾਡਾ ਵਰਗੇ ਸ਼ਹਿਰ ਵਿਚ ਅਜਿਹੀ ਇੰਡਸਟਰੀ-ਅਕੈਡਮੀਆ ਮੀਟ ਦਾ ਆਯੋਜਨ ਕਰਨਾ ਇਲਾਕੇ ਲਈ ਵਰਦਾਨ ਹੈ। ਸ੍ਰੀ ਨਵਨੀਤ ਕੱਕੜ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਅਜਿਹੇ ਵੱਡੇ ਪੱਧਰ ਦੀ ਇਹ ਪਹਿਲੀ ਇੰਡਸਟਰੀ-ਅਕੈਡਮੀਆ ਮੀਟ ਹੈ। ਅਜਿਹੇ ਸਮੇਂ ਇਸ ਦੀ ਇਲਾਕੇ ਨੂੰ ਵੱਡੀ ਲੋੜ ਸੀ, ਇਸ ਨਾਲ ਸਾਡੇ ਇਲਾਕੇ ਦਾ ਭਵਿੱਖ ਸੁਰੱਖਿਅਤ ਹੋਵੇਗਾ। ਇਸ ਮੌਕੇ ਬੋਲਦਿਆਂ ਸ੍ਰੀ ਕ੍ਰਿਸ਼ਨ ਸ਼ਰਮਾ, ਚੀਫ ਮੈਨੇਜਰ ਵਰਧਮਾਨ ਸਪੈਸ਼ਲ ਸਟੀਲ, ਸ੍ਰੀ ਮਹਿੰਦਰ ਮਿੱਤਲ, ਡਾਇਰੈਕਟਰ ਸਿਨੌਨ ਬਾਇਓ ਲੈਬਜ਼, ਸ੍ਰੀ ਰਾਜੇਸ਼ ਮਿੱਤਲ, ਡਾਇਰੈਕਟਰ ਅਲਕੋ ਲੈਬਜ਼ ਅਤੇ ਸ੍ਰੀ ਨਵੀਨ ਸੁਤੇਰੀ, ਜਰਨਲ ਸੈਕਟਰੀ ਯੂ.ਪੀ.ਏ.ਐੱਨ.ਆਰ, ਡਾਇਰੈਕਟਰ ਰੈਕ ਕੌਰਪ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨੇ ਸਾਂਝੇ ਰੂਪ ਵਿਚ ਕਿਹਾ ਕਿ ਅਸੀਂ ਅਗਲੇ ਵਰ੍ਹੇ 300 ਸੌ ਕੰਪਨੀਆਂ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਭਾਗ ਲਵਾਂਗੇ। ਅੱਜ ਹੋਈਆਂ ਨਿਯੁਕਤੀਆਂ ਦਾ ਕੱਲ੍ਹ ਤੱਕ ਨਤੀਜਾ ਆਉਣਾ ਹੈ। ਸਾਨੂੰ ਖੁਸ਼ੀ ਹੈ ਕਿ ਇਸ ਇਲਾਕੇ ਵਿਚ ਹੁਨਰ ਰੱਖਣ ਵਾਲੇ ਵਿਦਿਆਰਥੀ ਹਨ। ਇਨ੍ਹਾਂ ਦੀ ਵਿਸ਼ੇਸ਼ਗਤਾ ਸਾਨੂੰ ਆਪਣੇ ਆਪਣੇ ਉਦਯੋਗਾਂ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ। ਇਸ ਮੌਕੇ ਕਾਲਜ ਵਿਚੋਂ ਪਾਸ ਆਊਟ ਵਿਦਿਆਰਥੀ ਦਿਨੇਸ਼, ਚੰਚਲ, ਮਨਜਿੰਦਰ ਸਿੰਘ, ਸੁਖਵੀਰ ਕੌਰ ਅਤੇ ਸੋਨੀਆ ਨੇ ਆਪਣੇ ਸਟਾਟੱਪ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਇਲਾਕੇ ਦੇ 1500 ਤੋਂ ਵੱਧ ਵਿਦਿਆਰਥੀਆਂ, ਉਦਯੋਗਪਤੀਆਂ ਅਤੇ ਮੈਨੇਜਿੰਗ ਡਾਇਰੈਕਟਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਭਵਿੱਖ ਕਿੱਤਾਮੁਖੀ ਸਿੱਖਿਆ ਦਾ ਹੈ, ਭਾਰਤ ਦੇ ਵੱਡੇ ਉਦਯੋਗਾਂ ਨੂੰ ਭਵਿੱਖ ਵਿਚ ਕਿਸ ਤਰ੍ਹਾਂ ਦੇ ਸਕਿੱਲ ਮਾਹਿਰ ਵਿਦਿਆਰਥੀਆਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪ੍ਰੋਟਾਕ ਬਿਜ, ਏਰੀਅਲ ਟੈਲੀਕਾਮ ਸਲਿਊਸ਼ਨ, ਪੈਰਾਡਾਇਮ ਆਈ. ਟੀ, ਰੈਂਡਸਟੇਡ, ਐੱਚ.ਡੀ. ਐੱਫ਼. ਸੀ. ਬੈਂਕ, ਸਵਤੰਤਰ ਮਾਈਕਰੋ ਫਿਨਾਂਸ, ਵਰਧਮਾਨ ਸਟੀਲ, ਰੈਕ ਕੌਰਪ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ, ਕਾਫੋਲੀ ਹੈਲਥ ਕੇਅਰ, ਅਰਲਕ ਬਾਇਓਟੈਕ ਪ੍ਰਾਈਵੇਟ ਲਿਮਟਿਡ, ਅਲਕੋ ਲੈਬਜ਼, ਯੂਵੈਨਟਿਸ ਫਰਮਾਸਿਊਟੀਕਲ, ਟਾਈਮਜ਼ ਬਾਇਓ ਲੈਬਜ਼ ਪ੍ਰਾਈਵੇਟ ਲਿਮਟਿਡ, ਫੌਰਗੋ ਫਾਰਮਾਸਿਊਟੀਕਲ, ਸਿਤਨਾਜ ਬਾਇਓਕੇਅਰ ਪ੍ਰਾਈਵੇਟ ਲਿਮਟਿਡ, ਮਾਈਕਰੋ ਲੈਬਜ਼ ਪ੍ਰਾਈਵੇਟ ਲਿਮਟਿਡ, ਸਪਾਈਨ ਹੈਲਥ-ਕੇਅਰ, ਸੌਫਟਵਿਜ਼ ਟੈਕ ਬਠਿੰਡਾ, ਸੋਲੀਟੇਅਰ ਇਨਫੋਸਿਸ ਅਤੇ ਟੀਮਲੀਜ਼ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਤੀਨਿਧ ਸ਼ਾਮਲ ਹੋਏ ਸਨ। ਇਸ ਮੌਕੇ ਸ. ਰਮਿੰਦਰ ਸਿੰਘ ਜ਼ਿਲ੍ਹਾ ਰੁਜ਼ਗਾਰ ਅਫ਼ਸਰ, ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ, ਪ੍ਰਿੰਸੀਪਲ ਗੁਰਮੀਤ ਸਿੰਘ, ਪ੍ਰਿੰਸੀਪਲ ਅਮਰਿੰਦਰ ਸਿੰਘ, ਪਲੇਸਮੈਂਟ ਅਫ਼ਸਰ ਗੌਰਵ, ਲੈਕਚਰਾਰ ਬਿਮਲ ਕੁਮਾਰ, ਸ੍ਰੀ ਸੁਨੀਲ ਕੁਮਾਰ, ਡਾ. ਵਨੀਤ ਕੁਮਾਰ, ਸ੍ਰੀ ਗਗਨਦੀਪ ਵਰਮਾ ਅਤੇ ਸ੍ਰੀ ਸੁਨੀਲ ਕੁਮਾਰ ਸ਼ਾਮਲ ਹੋਏ।