ਬੁਢਲਾਡਾ/ ਮਾਨਸਾ 08 ਜੁਲਾਈ(ਨਾਨਕ ਸਿੰਘ ਖੁਰਮੀ)-ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਚ ਸੈਸ਼ਨ 2025-26 ਦੇ ਦਾਖਲਾ ਲੈਣ ਲਈ ਇਲਾਕੇ ਦੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਹੈ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਦੌ ਤੋਂ ਢਾਈ ਸੌ ਅਰਜ਼ੀਆਂ ਹਰ ਰੋਜ਼ ਆ ਰਹੀਆਂ ਹਨ। ਪਿਛਲੇ ਵਰ੍ਹਿਆਂ ਵਿਚ ਜਦੋਂ ਵਿਦਿਆਰਥੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਸੀ, ਉਸ ਸਮੇਂ ਵਿੱਚ ਵੀ ਇਸ ਸੰਸਥਾ ਵਿੱਚ ਵਿਦਿਆਰਥੀ ਬਹੁ-ਗਿਣਤੀ ਵਿਚ ਪੜ੍ਹ ਰਹੇ ਸਨ।
ਨਵੇਂ ਸੈਸ਼ਨ ਦੇ ਦਾਖਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਕਿ ਆਟੋਨੌਮਸ ਬਾਡੀ ਵਜੋਂ ਕਾਰਜਸ਼ੀਲ ਇਸ ਸੰਸਥਾ ਵਿੱਚ ਵਿਦਿਆਰਥੀ ਹਰ ਕੋਰਸ ਵਿੱਚ ਦਾਖਲੇ ਲਈ ਅਰਜ਼ੀਆਂ ਦੇ ਰਹੇ ਹਨ। ਖ਼ੁਸ਼ੀ ਦੀ ਗੱਲ ਹੈ ਸਾਰੇ ਕੋਰਸਾਂ ਵਿੱਚ ਆਨਲਾਈਨ ਅਤੇ ਆਨਲਾਈਨ ਅਰਜ਼ੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਹੈ ਘਰ ਘਰ ਵਿੱਚ ਸਾਖਰਤਾ ਆਵੇ ਅਤੇ ਇਲਾਕੇ ਦਾ ਹਰ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰੇ। ਬਿਨਾਂ ਲੇਟ ਫੀਸ ਦਾਖਲਾ ਲੈਣ ਲਈ ਆਖਰੀ ਮਿਤੀ 20 ਜੁਲਾਈ ਹੈ। ਸੰਸਥਾ ਵੱਲੋਂ ਇਲਾਕੇ ਅਤੇ ਉਦਯੋਗਿਕ ਖੇਤਰ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਬੀ. ਵਾਕ ਡਾਟਾ ਸਾਇੰਸ ਐਂਡ ਏ. ਆਈ, ਬੀ.ਐੱਸਸੀ ਮੈਡੀਕਲ ਲੈਬ ਟੈਕਨਾਲੌਜੀ, ਬੀ. ਵਾਕ ਹੌਸਪੈਟਿਲਟੀ ਅਤੇ ਟੂਰਿਜ਼ਮ, ਅਡਵਾਂਸ ਡਿਪਲੋਮਾ ਇਨ ਲਾਇਬਰੇਰੀ ਆਟੋਮੇਸ਼ਨ ਐਂਡ ਨੈਟਵਰਕਿੰਗ, ਬੀ. ਵਾਕ ਮਿਊਜ਼ਿਕ ਪ੍ਰੋਡਕਸ਼ਨ ਐਂਡ ਸਾਊਂਡ ਇੰਜਨੀਅਰਿੰਗ, ਐੱਮ. ਏ. ਫਾਈਨ ਆਰਟ, ਐੱਮ.ਏ. ਐਜੂਕੇਸ਼ਨ, ਐੱਮ. ਵਾਕ. ਫੂਡ ਪ੍ਰੋਸੈਸਿੰਗ ਕੋਰਸ ਸ਼ੁਰੂ ਹੋਏ ਹਨ। ਅਗਲੇ ਵਰ੍ਹੇ ਬੀ.ਐੱਸਸੀ ਬੀਐੱਡ., ਬੀ.ਏ. ਬੀਐੱਡ., ਬੀ. ਕਾਮ ਬੀਐੱਡ. ਦੇ ਕੋਰਸ ਸ਼ੁਰੂ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਹਰ ਵਰਗ ਦੇ ਵਿਦਿਆਰਥੀਆਂ ਲਈ ਸਰਕਾਰੀ, ਗੈਰ-ਸਰਕਾਰੀ ਅਤੇ ਹੋਰ ਲੋਕ ਭਲਾਈ ਸੰਸਥਾਵਾਂ ਵੱਲੋਂ ਵਜ਼ੀਫ਼ਾ ਸਕੀਮਾਂ ਉਪਲਬਧ ਹਨ, ਇਸ ਅਧੀਨ ਪਿਛਲੇ ਸਾਲ ਚਾਰ ਕਰੋੜ ਦੇ ਲੱਗਭਗ ਵਿਦਿਆਰਥੀਆਂ ਨੂੰ ਰਾਸ਼ੀ ਉਪਲਬਧ ਕਰਵਾਈ ਹੈ। ਇਸ ਤੋਂ ਇਲਾਵਾ ਸੰਸਥਾ ਵਿੱਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਵਜ਼ੀਫ਼ਾ ਸਕੀਮਾਂ ਚਲਦੀਆਂ ਹਨ।
ਦਾਖਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪੰਜਾਬ ਪੋਰਟਲ, ਏ.ਬੀ. ਸੀ. ਆਈ. ਡੀ. ਅਤੇ ਹੋਰ ਜ਼ਰੂਰੀ ਸਹੂਲਤਾਂ ਕਾਲਜ ਵੱਲੋਂ ਮੁਫ਼ਤ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਵਿਦਿਆਰਥੀਆਂ ਨੂੰ ਆਰਥਿਕ ਪੱਖੋਂ ਮਦਦ ਮਿਲ ਰਹੀ ਹੈ। ਇਸ ਵਰ੍ਹੇ ਲੱਗਭਗ ਪੂਰੇ ਇਲਾਕੇ ਵਿੱਚੋਂ ਲੜਕੀਆਂ ਲਈ ਬੱਸ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ ਅਤੇ ਹੋਰਨਾਂ ਰਾਜਾਂ ਤੋਂ ਪੜ੍ਹਨ ਆਉਂਦੀਆਂ ਵਿਦਿਆਰਥਣਾਂ ਲਈ ਹੋਸਟਲ ਦੀ ਸੁਵਿਧਾ ਉਪਲੱਬਧ ਹੈ।