ਬੁਢਲਾਡਾ, 14 ਮਈ, (ਨਾਨਕ ਸਿੰਘ ਖੁਰਮੀ ) ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖਤਿਆਰ (ਆਟੋਨੌਮਸ) ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸੰਸਥਾ ਦੇ ਵਿੱਦਿਅਕ ਸੈਸ਼ਨ 2025-26 ਦਾ ਪ੍ਰਾਸਪੈਕਟਸ ਰਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਵਿਚ ਸੰਸਥਾ ਆਟੋਨੌਮਸ ਵਜੋਂ ਕਾਰਜ ਕਰੇਗੀ ਅਤੇ ਇਸ ਦੀ ਮਾਨਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਰਹੇਗੀ। ਸਾਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਇਲਾਕੇ ਦੀਆਂ ਲੋੜਾਂ ਅਤੇ ਰੁਜ਼ਗਾਰ ਨੂੰ ਧਿਆਨ ਵਿਚ ਰੱਖਦਿਆਂ ਸੰਸਥਾ ਵੱਲੋਂ ਨਵੇਂ ਕੋਰਸ ਅਤੇ ਪਹਿਲਾਂ ਤੋਂ ਚੱਲ ਰਹੇ ਕੋਰਸਾਂ ਵਿਚ ਨਵੇਂ ਵਿਸ਼ੇ ਸ਼ੁਰੂ ਕੀਤੇ ਗਏ ਹਨ, ਜਿੰਨਾਂ ਨਾਲ ਇਲਾਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਰਾਜਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਕਿੱਲ ਐਜੂਕੇਸ਼ਨ ਨੂੰ ਤਰਜੀਹ ਦਿੱਤੀ ਗਈ ਹੈ, ਸੰਸਥਾ ਨੇ ਇਸ ਇਲਾਕੇ, ਤਕਨਾਲੋਜੀ ਅਤੇ ਉਦਯੋਗਾਂ ਨੂੰ ਕੇਂਦਰ ਵਿੱਚ ਰੱਖਦਿਆਂ ਨਵੇਂ ਕੋਰਸ ਪ੍ਰਸਤਾਵਿਤ ਕੀਤੇ ਹਨ। ਜਿੰਨਾਂ ਵਿੱਚ ਬੀ. ਵਾਕ ਡਾਟਾ ਸਾਇੰਸ, ਬੀ.ਐੱਸਸੀ ਮੈਡੀਕਲ ਲੈਬ ਟੈਕਨਾਲੋਜੀ, ਬੀ. ਵਾਕ ਹੌਸਪੈਟਿਲਟੀ ਅਤੇ ਟੂਰਿਜ਼ਮ, ਅਡਵਾਂਸ ਡਿਪਲੋਮਾ ਇਨ ਲਾਇਬਰੇਰੀ ਆਟੋਮੇਸ਼ਨ ਐਂਡ ਨੈਟਵਰਕਿੰਗ, ਬੀ. ਵਾਕ ਮਿਊਜ਼ਿਕ ਪ੍ਰੋਡਕਸ਼ਨ ਐਂਡ ਸਾਊਂਡ ਇੰਜਨੀਅਰਿੰਗ, ਐੱਮ. ਏ. ਫਾਈਨ ਆਰਟ ਅਤੇ ਐੱਮ. ਵਾਕ. ਫੂਡ ਪ੍ਰੋਸੈਸਿੰਗ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿਦਿਆਰਥੀਆਂ ਦੀ ਰੁਚੀ ਅਤੇ ਲੋੜ ਨੂੰ ਧਿਆਨ ਵਿਚ ਰੱਖਦਿਆਂ ਬੈਚੂਲਰ ਆਫ ਆਰਟਸ ਵਿਚ ਮਨੋਵਿਗਿਆਨ, ਜਿਓਗ੍ਰਾਫੀ ਅਤੇ ਮਾਸ ਕੌਮਨੀਕੇਸ਼ਨ ਦੇ ਵਿਸ਼ੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਇਲਾਕੇ ਦੇ ਪਿੰਡਾਂ ਵਿਚੋਂ ਵਿਦਿਆਰਥੀ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਰਾਹੀਂ ਆਉਂਦੇ ਹਨ, ਉਨ੍ਹਾਂ ਦੀ ਸੁਵਿਧਾ ਲਈ ਬੱਸ ਸਟੈਂਡ ਬੁਢਲਾਡਾ ਤੋਂ ਕਾਲਜ ਤੱਕ ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਬਿਲਕੁਲ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਸੰਸਥਾ ਵਿਚ ਸਾਰੇ ਵਰਗਾਂ ਦੇ ਵਿਦਿਆਰਥੀਆਂ ਲਈ ਵਜੀਫਾ ਸਕੀਮਾਂ ਚਲਦੀਆਂ ਹਨ। ਸੰਸਥਾ ਵਿਚ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਦੀਆਂ ਵਜੀਫਾ ਸਕੀਮਾਂ ਚੱਲਦੀਆਂ ਹਨ।
ਪ੍ਰਾਸਪੈਕਸਟ ਰਲੀਜ਼ ਮੌਕੇ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਅਧਿਆਪਕ ਸਾਹਿਬਾਨ ਹਾਜ਼ਰ ਸਨ।