ਭਗਤਾ ਭਾਈ, 15 ਫਰਵਰੀ (ਰਾਜਿੰਦਰ ਸਿੰਘ ਮਰਾਹੜ)-ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਵਿਦਿਆ ਨੈਤਿਕ ਕਦਰਾਂ ਕੀਮਤਾਂ ਅਤੇ ਆਪਣੇ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਕੜੀ ਤਹਿਤ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਦੀ ਨਵੀਂ ਬਣੀ ਇਮਾਰਤ ਦੀ ਉਸਾਰੀ ਦਾ ਕੰਮ ਪੂਰਾ ਹੋਣ ਦੇ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਕੂਲ ਵਿਖੇ ਆਰੰਭ ਕਰਵਾਏ ਸਨ ਜਿਨਾਂ ਦੇ ਸਮਾਪਤੀ ਭੋਗ ਸਮੂਹ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਅਤੇ ਸਮੁੱਚੀ ਸੰਗਤ ਦੀ ਹਾਜ਼ਰੀ ਵਿੱਚ ਪਾਏ ਗਏ। ਭੋਗ ਉਪਰੰਤ ਆਨੰਦਮਈ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਢਾਡੀ ਵਾਰਾਂ ਅਤੇ ਸ਼ਬਦ ਗਾਇਨ ਰਾਹੀਂ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸੰਗਤ ਨੂੰ ਸਕੂਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਜੀ ਆਇਆਂ ਨੂੰ ਆਖਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਖਿਆ ਕਿ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਇਸ ਲਈ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨੇ ਚਾਹੀਦੇ ਹਨ। ਅੰਤ ਵਿੱਚ ਉਹਨਾਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਇਸ ਸਮੇਂ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਵੱਖ ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਸਮੁੱਚਾ ਸਕੂਲ ਦਾ ਸਟਾਫ ਹਾਜ਼ਰ ਸੀ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਕੈਪਸ਼ਨ: ਗੁਰੂ ਕਾਸ਼ੀ ਸਕੂਲ ਭਗਤਾ ਭਾਈ ਵਿਖੇ ਹੋਏ ਧਾਰਮਿਕ ਸਮਾਗਮ ਦੀਆਂ ਝਲਕਾਂ