ਪੰਜਾਬ ਦੀ ਪਵਿੱਤਰ ਧਰਤੀ, ਜੋ ਹਮੇਸ਼ਾ ਨਾਇਕਾਂ ਨੂੰ ਜਨਮ ਦਿੰਦੀ ਆਈ ਹੈ, ਨੇ ਇੱਕ ਅਜਿਹਾ ਸਾਹਿਤਕ ਯੋਧਾ ਪੈਦਾ ਕੀਤਾ ਜੋ ਨੌਕਰੀ ਦੇ ਫ਼ਰਜ਼ ਨੂੰ ਨਿਭਾਉਂਦਾ ਹੋਇਆ ਵੀ ਸ਼ੋਸ਼ਿਤ ਪੀੜਤ ਲੋਕਾਂ ਲਈ ਲਿਖਦਿਆਂ ਸਾਹਿਤ ਦੇ ਅਕਾਸ਼ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਪੰਜਾਬੀ ਦਾ ਨਾਮਵਰ ਤੇ ਸੁਹਿਰਦ ਲੇਖਕ ਗੁਰਮੀਤ ਕੜਿਆਲਵੀ ਜੋ ਗਰੀਬਾਂ ਦੇ ਦਿਲਾਂ ਵਿੱਚ ਉਮੀਦ ਦੀ ਲੌ ਵਾਂਗ ਜਗਮਗਾਉਂਦਾ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਪੰਜਾਬ ਵਿੱਚ ਭਲਾਈ ਅਫ਼ਸਰ ਵਜੋਂ ਉਹ ਗਰੀਬਾਂ ਦੇ ਦੁੱਖਾਂ ਨੂੰ ਆਪਣੇ ਹਿਰਦੇ ਵਿੱਚ ਸਮੋ ਕੇ, ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇ ਰਾਹ ਵਿਖਾਉਂਦਾ ਹੈ। ਉਹ ਦਲਿਤਾਂ ਸ਼ੋਸ਼ਿਤਾਂ ਦਾ ਪ੍ਰਤੀਬੱਧ ਲੇਖਕ ਹੈ।ਉਹ ਨਾ ਸਿਰਫ਼ ਇੱਕ ਪ੍ਰਸਿੱਧ ਕਵੀ, ਕਹਾਣੀਕਾਰ, ਨਾਟਕਕਾਰ ਤੇ ਨਾਵਲਕਾਰ ਹੈ, ਬਲਕਿ ਇੱਕ ਅਜਿਹੀ ਮਾਨਵਵਾਦੀ ਹਸਤੀ ਹੈ ਜਿਸ ਦੀਆਂ ਰਚਨਾਵਾਂ ਸਮੁੰਦਰ ਵਾਂਗ ਡੂੰਘੀਆਂ ਤੇ ਪਹਾੜੀ ਝਰਨੇ ਵਾਂਗ ਬੇਰੋਕ ਵਹਿੰਦੀਆਂ ਹਨ। ਉਸਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਰੌਸ਼ਨੀ ਫੈਲਾਉਂਦੀਆਂ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਸਾਹਿਤ ਨੂੰ ਨਵੇਂ ਅਸਮਾਨਾਂ ਨੂੰ ਛੂਹਣ ਵਾਲੀ ਉਡਾਣ ਦਿੰਦੀਆਂ ਹਨ। ਉਹ ਜੋ ਵੀ ਲਿਖਦਾ ਹੈ, ਉਹ ਪੰਜਾਬੀਆਂ ਦੇ ਮਨਾਂ ਵਿੱਚ ਮਿੱਠੀ ਮਹਿਕ ਵਾਂਗ ਵਸ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਵੀਂ ਪ੍ਰੇਰਨਾ ਤੇ ਜੀਵਨ-ਰਸ ਨਾਲ ਭਰ ਦਿੰਦਾ ਹੈ।
ਬਚਪਨ ਤੇ ਸ਼ੁਰੂਆਤੀ ਜੀਵਨ: ਮਾਲਵੇ ਦੀ ਮਿੱਟੀ ਵਿੱਚ ਪਲਿਆ ਇੱਕ ਸੰਘਰਸ਼ਸ਼ੀਲ ਯੋਧਾ
ਮਾਲਵੇ ਦੀ ਉਪਜਾਊ ਮਿੱਟੀ ਵਿੱਚ, ਜਿੱਥੇ ਹਰੇ ਭਰੇ ਖੇਤਾਂ ਵਾਂਗ ਨਵੀਆਂ ਉਮੀਦਾਂ ਤੇ ਸੁਪਨੇ ਉਗਦੇ ਹਨ, ਉੱਥੇ 23 ਦਸੰਬਰ 1968 ਨੂੰ ਗੁਰਮੀਤ ਕੜਿਆਲਵੀ ਨੇ ਜਨਮ ਲਿਆ – ਮੋਗਾ ਨੇੜੇ ਕੜਿਆਲ ਪਿੰਡ ਵਿੱਚ, ਸ. ਬਾਬੂ ਸਿੰਘ ਦੇ ਘਰ, ਜੋ ਨਹਿਰੀ ਵਿਭਾਗ ਵਿੱਚ ਮੁਲਾਜ਼ਮ ਸਨ। ਆਪਣੇ ਪਿੰਡ ਨੂੰ ਨਾਂ ਨਾਲ ਜੋੜ ਕੇ ‘ਕੜਿਆਲਵੀ’ ਬਣਨ ਵਾਲਾ ਇਹ ਪੇਂਡੂ ਮੁੰਡਾ, ਆਪਣੀਆਂ ਜੜ੍ਹਾਂ ਨੂੰ ਬੋਹੜ ਵਾਂਗ ਮਜ਼ਬੂਤੀ ਨਾਲ ਫੜ੍ਹ ਕੇ ਖੜ੍ਹਾ ਹੈ। ਬਚਪਨ ਤੋਂ ਹੀ ਜਾਤ ਪਾਤੀ ਵਿਤਕਰੇਬਾਜ਼ੀ ਉਸਨੂੰ ਅਣਿਆਲੇ ਤੀਰ ਵਾਂਗ ਵਿੰਨ੍ਹਦੀ ਆ ਰਹੀ ਹੈ। ਇਸ ਵਿਤਕਰੇ ਭਰੀ ਜ਼ਿੰਦਗੀ ਨੂੰ ਬਰਾਬਰ ਦੇ ਸਤਰ ਤੇ ਲਿਆਉਣ ਲਈ ਉਹ ਲਿਖਦਾ ਜਾ ਰਿਹਾ ਹੈ। ਪਿੰਡ ਦੀਆਂ ਗਲੀਆਂ ਵਿੱਚ ਖੇਡਦੇ, ਧੂਣੀ ਤੇ ਬਹਿਕੇ ਲੋਕ ਕਹਾਣੀਆਂ ਸੁਣਦਿਆਂ ਬੀਤੇ ਉਸਦੇ ਬਚਪਨ ਨੇ ਉਸ ਨੂੰ ਸਾਹਿਤ ਵੱਲ ਆਕਰਸ਼ਿਤ ਕੀਤਾ। ਐਮ.ਏ. ਪੰਜਾਬੀ, ਐਮ.ਏ. ਰਾਜਨੀਤੀ ਸ਼ਾਸਤਰ, ਯੂਜੀਸੀ ਨੈਟ ਤੇ ਸਿਵਲ ਇੰਜੀਨੀਅਰਿੰਗ ਡਿਪਲੋਮਾ ਹਾਸਲ ਕਰਨ ਵਾਲੇ ਇਸ ਯੋਧੇ ਨੂੰ ਅਸਲ ਵਿਦਿਆ ਲੋਕ ਜੀਵਨ ਤੇ ਸਮਾਜੀ ਅਸਮਾਨਤਾਵਾਂ ਨੇ ਦਿੱਤੀ – ਜੋ ਉਸ ਨੂੰ ਚਟਾਨ ਵਾਂਗ ਮਜ਼ਬੂਤ ਬਣਾਉਂਦੀ ਅਤੇ ਵੰਡ ਵਿਤਕਰਿਆਂ ਵਾਲੀ ਵਿਵਸਥਾ ਵਿਰੁੱਧ ਸੰਘਰਸ਼ ਲਈ ਪ੍ਰੇਰਿਤ ਕਰਦੀ ਰਹੀ। ਉਸਦੀਆਂ ਰਚਨਾਵਾਂ ਵਿੱਚ ਇਹ ਵਰਗ ਸੰਘਰਸ਼ ਝਲਕਦਾ ਹੈ, ਜਿੱਥੇ ਉਹ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਨੂੰ ਉਭਾਰਦਾ ਹੈ। ਗੁਰਮਤਿ ਸਿਧਾਂਤਾਂ, ਕਮਿਉਨਿਸਟ ਫਲਸਫੇ ਤੇ ਅੰਬੇਡਕਰੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਸਮੋ ਕੇ, 80ਵਿਆਂ ਵਿੱਚ ਬਾਮਸੇਫ ਤੇ ਬਸਪਾ ਦੇ ਸੰਘਰਸ਼ ਵਿੱਚ ਭਾਗ ਲੈਣ ਵਾਲਾ ਇਹ ਰਚਨਾਕਾਰ, ਕਿਸੇ ਧਾਰਾ ਵਿੱਚ ਬੱਝਿਆ ਨਹੀਂ – ਉਹ ਤਾਂ ਸਮਾਜਵਾਦੀ ਯਥਾਰਥਵਾਦ ਦਾ ਚਮਕਦਾ ਸੂਰਜ ਹੈ, ਜੋ ਰੂੜੀਵਾਦੀ ਹਨੇਰੇ ਨੂੰ ਚੀਰਦਾ ਜਾਂਦਾ ਹੈ।
ਪੰਜਾਬ ਸਰਕਾਰ ਵਿੱਚ ਭਲਾਈ ਅਫ਼ਸਰ ਵਜੋਂ ਕਦਮ ਰੱਖ ਕੇ, ਗੁਰਮੀਤ ਕੜਿਆਲਵੀ ਨੇ ਗਰੀਬਾਂ ਨੂੰ ਆਪਣੇ ਦਿਲ ਦਾ ਰਾਜਾ ਬਣਾਇਆ। ਉਹ ਲੋੜਵੰਦਾਂ ਲਈ ਢਾਲ ਵਾਂਗ ਖੜ੍ਹਾ ਰਹਿੰਦਾ ਹੈ।
ਸਮਾਜਿਕ ਮਿੱਥਾਂ ਤੋੜਦਿਆਂ ਜਾਤੀਵਾਦੀ ਵਲਗਣਾਂ ਉਲੰਘ ਕੇ
ਉਸਦੀ ਜੀਵਨ ਸਾਥੀ ਬਣੀ ਸਿਮਰਜੀਤ ਕੌਰ, ਜੋ ਸਟਾਫ ਨਰਸ ਵਜੋਂ ਕੰਮ ਕਰਦੀ ਹੈ ਤੇ ਖ਼ੁਦ ਇੱਕ ਸੰਵੇਦਨਸ਼ੀਲ ਕਵਿੱਤਰੀ ਹੈ ਨੇ ਉਸ ਨੂੰ ਨਵੀਂ ਪ੍ਰੇਰਨਾ ਅਤੇ ਜ਼ਿੰਦਗੀ ਦੀ ਜਦੋਜਹਿਦ ਵਿਚ ਭਰਵਾਂ ਸਾਥ ਦਿੱਤਾ। ਭਲਾਈ ਅਫ਼ਸਰ ਦੀ ਨੌਕਰੀ ਉਸ ਲਈ ਪੁਲ ਵਾਂਗ ਬਣੀ, ਜੋ ਉਸ ਨੂੰ ਸਮਾਜ ਦੇ ਹੇਠਲੇ ਤਬਕੇ ਨਾਲ ਜੋੜਕੇ ਰੱਖਦੀ ਹੈ। ਆਪਣੀਆਂ ਮੌਲਿਕ ਰਚਨਾਵਾਂ ਵਿੱਚ ਸਮਾਜੀ ਮੁੱਦੇ ਉਭਾਰਦੇ ਹੋਏ, ਉਹ ਨੌਕਰੀ ਤੇ ਸਾਹਿਤ ਨੂੰ ਦੋ ਨਦੀਆਂ ਵਾਂਗ ਵਹਾਉਂਦਿਆਂ ਸੰਤੁਲਨ ਕਾਇਮ ਰੱਖਦਾ ਹੈ। ਉਸਦੀਆਂ ਦੋਵੇਂ ਧੀਆਂ ਕੈਨੇਡਾ ਵਿੱਚ ਪੜ੍ਹਾਈ ਕਰਦਿਆਂ , ਉਸਦੇ ਉਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ਼ ਹਨ।
ਲੋਕ ਚੇਤਨਾ ਤੇ ਸਮਾਜਿਕ ਜਾਗਰੂਕਤਾ ਦੇ ਪ੍ਰਤੀਕ ਗੁਰਮੀਤ ਕੜਿਆਲਵੀ ਦਾ ਸਾਹਿਤਕ ਸਫ਼ਰ ਬਹੁਮੁਖੀ ਬਾਗ਼ ਵਾਂਗ ਖਿੜਿਆ ਹੈ – ਗੱਲਪ, ਕਵਿਤਾ, ਨਾਵਲ, ਨਾਟਕ ਤੇ ਬੱਚਿਆਂ ਲਈ ਕਹਾਣੀਆਂ ਨਾਲ ਭਰਪੂਰ। ਨਿਜੀ ਪੀੜ ਨੂੰ ਸਮੂਹਿਕ ਯਾਦ ਵਿਚ ਬਦਲ ਕੇ ਉਸਦੀਆਂ ਰਚਨਾਵਾਂ ਪੰਜਾਬ ਦੇ ਸਮਾਜੀ-ਰਾਜਨੀਤਿਕ ਮੁੱਦਿਆਂ ਨੂੰ ਉਭਾਰਦੀਆਂ ਹਨ। ਊਣੇ, ਅਣਗੌਲੇ, ਥੁੜਾਂ ਮਾਰੇ ਤੇ ਪੀੜਤਾਂ ਦੇ ਦੁੱਖਾਂ ਦਰਦਾਂ ਦਾ ਉਹ ਆਪਣੀ ਕਲਮ ਨਾਲ ਖੂਬਸੂਰਤ ਪ੍ਰਗਟਾਵਾ ਕਰਦਾ ਹੈ। “ਕਲਾ ਵਪਾਰ ਨਹੀਂ, ਸਗੋਂ ਇਬਾਦਤ ਹੈ” – ਇਹ ਉਸਦਾ ਮੰਤਰ ਹੈ। ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਦਾ ਸੰਚਾਲਨ ਕਰਦਿਆਂ ਉਹ ਨਵੇਂ ਪੁੰਗਰਦੇ ਲਿਖਾਰੀਆਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਦਾ ਹੈ। ਸਮਕਾਲੀ ਵਰਤਾਰੇ ਤੇ ਵਿਸ਼ਲੇਸ਼ਣਾਤਮਿਕ ਲੇਖ ਲਿਖ ਕੇ, ਉਹ ਸਮਾਜ ਦੇ ਕੋਹਝ ਤੇ ਟੀਰ ਨੂੰ ਨੰਗਾ ਕਰਨ ਤੋਂ ਝਿਜਕਦਾ ਨਹੀਂ – ਭਾਵੇਂ ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ। ਕਈ ਵਾਰ ਨਮੋਲੀਆਂ ਵਰਗੀ ਭਾਸ਼ਾ ਦਾ ਇਸਤੇਮਾਲ ਕਰਦਿਆਂ, ਜਾਤ ਪਾਤੀ ਸਮੱਸਿਆਵਾਂ ਨੂੰ ਉਭਾਰਦਾ ਇਹ ਰਚਨਾਕਾਰ। ਉਹ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਬੇਬਾਕੀ ਤੇ ਨਿਰਭੈਤਾ ਨਾਲ ਪੇਸ਼ ਕਰਦਾ ਹੈ। ਉਸਦੀਆਂ ਕਹਾਣੀਆਂ ਸਮੁੰਦਰ ਵਰਗੀ ਗਹਿਰਾਈ ਅਤੇ ਹਿਮਾਲੀਆ ਪਰਬਤ ਜਿਹੀ ਉਚਤਾ ਨਾਲ ਭਰਪੂਰ ਹੁੰਦੀਆਂ ਹਨ। ਉਸਦੀਆਂ ਰਚਨਾਵਾਂ ਵਿਚ ਸਮਾਜਿਕ ਸਰੋਕਾਰ ਪ੍ਰਮੁੱਖਤਾ ਨਾਲ ਉਭਰਦੇ ਹਨ।
ਕਵਿਤਾ ਦੇ ਖੇਤਰ ਵਿੱਚ ਵੀ ਕੜਿਆਲਵੀ ਨੇ ਅਮਿੱਟ ਨਿਸ਼ਾਨ ਛੱਡੇ ਹਨ – ਉਸਦੀਆਂ “ਦਲਿਤ ਸਕੂਲ” ਤੇ “ਬੋਹੜ ਵਾਲਿਆਂ ਦਾ ਸਾਧਾ” ਵਰਗੀਆਂ ਕਵਿਤਾਵਾਂ ਦੁਨੀਆਂ ਭਰ ਵਿੱਚ ਲੱਖਾਂ ਪੰਜਾਬੀਆਂ ਦੀ ਪਸੰਦ ਬਣ ਚੁੱਕੀਆਂ ਹਨ।
ਆਪਣੀ “ਨਕਸ਼ ਨਕਾਸ਼” ਵਿੱਚ ਉਸ ਨੇ ਸਮਕਾਲੀ ਹਸਤੀਆਂ ਨੂੰ ਸ਼ਬਦ ਚਿੱਤਰ ਰਾਹੀਂ ਉਘਾੜਦਿਆਂ ਬਹੁਤ ਬਾਰੀਕੀ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਜੀਵੰਤ ਕੀਤਾ ਹੈ।
ਉਸਦੀਆਂ ਮੁੱਖ ਰਚਨਾਵਾਂ ਇੱਕ ਖ਼ਜ਼ਾਨੇ ਵਾਂਗ ਹਨ ਜਿਵੇਂ ਕਹਾਣੀ ਸੰਗ੍ਰਹਿ “ਅੱਕ ਦਾ ਬੂਟਾ”, “ਊਣੇ”, “ਆਤੂ ਖੋਜੀ”, “ਸਰੰਗੀ ਦੀ ਮੌਤ”, “ਹਾਰੀਂ ਨਾ ਬਚਨਿਆਂ”। ਉਸਦੀ ਕਹਾਣੀ”ਸਰੰਗੀ ਦੀ ਮੌਤ” ਜ਼ਿਮੀਦਾਰੀ ਜ਼ੁਲਮ ਵਿਰੁੱਧ ਖੜ੍ਹੇ ਇੱਕ ਕਲਾਕਾਰ ਨੂੰ ਜੀਵੰਤ ਕਰਦੀ ਹੈ। ਉਸਦੀ ਚਰਚਿਤ ਚਰਚਿਤ ਕਹਾਣੀ “ਆਤੂ ਖੋਜੀ” ਤੇ ਲਘੂ ਫ਼ਿਲਮ ਬਣ ਚੁੱਕੀ ਹੈ। ਬਥੇਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁਕਾ ਹੈ। ਉਸਦੀਆਂ ਸ਼ਾਹਕਾਰ ਤੇ ਪ੍ਰਸਿੱਧ ਕਹਾਣੀਆਂ ਹਨ “ਅਲੇਹਾ”, “ਚੀਕ”, “ਹੱਡਾਂ ਰੋੜੀ ਤੇ ਰੇੜ੍ਹੀ”, “ਨਮੋਲੀਆਂ”, “ਕੋਈ ਹੋਰ ਗਲ ਸੁਣਾ”, “ਗੁਰਚਰਨਾਂ ਗਾਡਰ”, “ਬਾਈਕਾਟ”, “ਦਰੋਣਾਚਾਰੀਆ” – ਇਹ ਸਭ ਮਜ਼ਦੂਰਾਂ, ਕਿਰਤੀਆਂ ਤੇ ਲੋਕ ਕਲਾਕਾਰਾਂ ਦੇ ਸੰਘਰਸ਼ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ। ਉਸਦੀ ਕਹਾਣੀ “ਆਤੂ ਖੋਜੀ” ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਰਾਜਸਥਾਨ ਸਕੂਲ ਬੋਰਡ ਦੇ ਸਕੂਲੀ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਹੈ। ਜਦਕਿ “ਹੱਡਾਂ ਰੋੜੀ ਤੇ ਰੇੜ੍ਹੀ” ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਐਮ ਏ ਹਿੰਦੀ ਦੇ ਸਿਲੇਬਸ ਵਿਚ ਸ਼ਾਮਿਲ ਹੈ। ਗੁਰਮੀਤ ਦੀਆਂ ਕਹਾਣੀਆਂ ਹਿੰਦੀ, ਮਰਾਠੀ, ਗੁਜਰਾਤੀ, ਅੰਗਰੇਜ਼ੀ ਤੇ ਸ਼ਾਹਮੁਖੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਦੇ ਪਾਠਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
“ਤੂੰ ਜਾਹ ਡੈਡੀ” ਉਸਦਾ ਪ੍ਰਸਿੱਧ ਤੇ ਚਰਚਿਤ ਨਾਟਕ ਹੈ ਜਿਸ ਨੇ ਪੰਜਾਬੀ ਰੰਗਮੰਚ ਦਰਸ਼ਕਾਂ ਦੇ ਮਨਾਂ ਵਿਚ ਵਿਸ਼ੇਸ਼ ਥਾਂ ਬਣਾਈ ਹੈ। ਕੜਿਆਲਵੀ ਨੇ ਬਾਲ ਮਨ ਦੇ ਪਧਰ ਤੇ ਬਾਲ ਸਾਹਿਤ ਦੀ ਰਚਨਾ ਕੀਤੀ ਹੈ,ਜਿਵੇਂ “ਟਾਂਗੇ ਵਾਲਾ ਸੰਤਾ”, “ਅਸੀਂ ਉਡਣਾ ਚਾਹੁੰਦੇ ਹਾਂ”, “ਕਰਾਮਤੀ ਪੈਨ”, “ਸ਼ੇਰ ਸ਼ਾਹ ਸੂਰੀ”, “ਪੰਚ ਪਰਮੇਸ਼ਰ”, “ਅਸੀਂ ਹਾਂ ਮਿੱਤਰ ਤੁਹਾਡੇ”, “ਸੱਚੀ ਦੀ ਕਹਾਣੀ” – ਇਹ ਸਭ ਰਚਨਾਵਾਂ ਬੱਚਿਆਂ ਨੂੰ ਸਾਹਿਤਕ ਉਡਾਣ ਭਰਨ ਲਈ ਊਰਜਾ ਦਿੰਦੀਆਂ ਹਨ।
ਉਸਦਾ ਪਹਿਲਾ ਨਾਵਲ “ਉਹ ਇੱਕੀ ਦਿਨ” (2021) ਕੋਵਿਡ ਮਹਾਂਮਾਰੀ ਨੂੰ ਇੱਕ ਕੈਨਵਸ ਵਾਂਗ ਚਿਤਰਿਤ ਕਰਦਾ ਹੈ – ਜੋ ਆਈਸੋਲੇਸ਼ਨ ਵਿੱਚ ਬੀਤੇ 21 ਦਿਨਾਂ ਵਿੱਚ ਪਿਆਰ, ਆਸ, ਵਿਤਕਰੇ ਤੇ ਅਫ਼ਸਰਸ਼ਾਹੀ ਦੀ ਸੌੜੀ ਮਾਨਸਿਕਤਾ ਨੂੰ ਉਭਾਰਦਾ ਹੈ। ਡੇੜ੍ਹ ਮਹੀਨੇ ਵਿੱਚ ਲਿਖਿਆ ਇਹ ਨਾਵਲ ਉਸਦੇ ਨਿੱਜੀ ਅਨੁਭਵਾਂ ਨੂੰ ਨਦੀ ਦੇ ਬੇਰੋਕ ਵਹਿਣ ਵਾਂਗ ਵਹਾਉਂਦਾ ਹੈ।
ਕੜਿਆਲਵੀ ਦੀਆਂ ਹੋਰ ਰਚਨਾਵਾਂ ਜਿਵੇਂ “ਵਕਤ ਕੇ ਪੰਖ ਸੇ ਬੰਦੀ ਵਫ਼ਾ”, “ਢਾਲ”, “ਹਾਰੀ ਨਾ ਬਚਨਿਆਂ”, ਅੱਤਵਾਦ ਦੇ ਦਿਨਾਂ ਤੇ ਗੱਲਪ ਕਿਤਾਬਾਂ, ਨਾਟਕ ਤੇ ਬੱਚਿਆਂ ਲਈ ਕਹਾਣੀਆਂ ਹਨ। ਪੰਜਾਬੀ ਸੱਭਿਆਚਾਰ ਨੂੰ ਜੀਵੰਤ ਕਰਦੀਆਂ ਕੜਿਆਲਵੀ ਦੀਆਂ ਸਭ ਰਚਨਾਵਾਂ ਵਿੱਚ ਲੋਕ ਗੀਤਾਂ, ਮੁਹਾਵਰੇ ਤੇ ਅਖੌਤਾਂ ਨੂੰ ਫੁੱਲਾਂ ਵਾਂਗ ਸਜਾਇਆ ਗਿਆ ਹੈ।
“ਇਕ ਖਤਰਨਾਕ ਅਤਿਵਾਦੀ ਦੀ ਜੇਲ੍ਹ ਯਾਤਰਾ”, “ਦਹਿਸ਼ਤ ਭਰੇ ਦਿਨਾਂ ‘ਚ” ਤੇ “ਬੁੱਧੋ” ਵਰਗੀਆਂ ਸਵੈ-ਬਿਰਤਾਂਤਕ ਵਾਰਤਕ ਰਚਨਾਵਾਂ ਕੜਿਆਲਵੀ ਦੇ ਜੀਵਨ ਨੂੰ ਕਹਾਣੀ ਵਾਂਗ ਬਿਆਨ ਕਰਦੀਆਂ ਹਨ।
ਮਾਨਤਾ ਤੇ ਅਵਾਰਡ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ:
ਗੁਰਮੀਤ ਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ, ਅੰਤਰਰਾਸ਼ਟਰੀ ਆਸਮਾਨ ਵਿੱਚ ਤਾਰੇ ਵਾਂਗ ਚਮਕਦੀਆਂ ਹਨ। ਇਹ ਰਚਨਾਵਾਂ ਪੰਜਾਬੀ ਸਾਹਿਤ ਦੀ ਅਮੀਰੀ ਨੂੰ ਖ਼ਜ਼ਾਨੇ ਵਾਂਗ ਵਧਾਉਂਦੀਆਂ ਹਨ। ਗੁਰਮੀਤ ਕੜਿਆਲਵੀ 2023 ਵਿੱਚ ਕੌਮੀ ਸਾਹਿਤ ਅਕਾਦਮੀ ਵਲੋਂ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਹੋਏ ਹਨ। ਉਹ, ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ, ਲੋਕ ਕਵੀ ਗੁਰਦਾਸ ਰਾਮ ਆਲਮ ਅਵਾਰਡ ਤੇ ਪ੍ਰੀਤ ਲੜੀ ਪੁਰਸਕਾਰ ਅਤੇ ਹੋਰ ਬਥੇਰੇ ਮਾਨ ਸਨਮਾਨ ਪ੍ਰਾਪਤ ਕਰ ਚੁਕੇ ਹਨ। ਪੰਜਾਬੀ ਜਨਤਕ ਖੇਤਰ ਵਿੱਚ ਦੁਖੀਆਂ ਤੇ ਪੀੜਤਾਂ ਦੀ ਪੀੜ ਗੁਰਮੀਤ ਦੀਆਂ ਰਚਨਾਵਾਂ ਰਾਹੀਂ ਇਕ ਚੀਕ ਬਣਕੇ ਉਭਰਦੀ ਹੈ। ਉਹ ਅਣਗੌਲਿਆਂ ਤੇ ਹਾਸ਼ੀਆ ਗ੍ਰਸਤ ਲੋਕਾਂ ਦਾ ਇਕ ਪ੍ਰਤੀਬੱਧ ਲੇਖਕ ਹੈ।
ਗੁਰਮੀਤ ਕੜਿਆਲਵੀ ਦਾ ਜੀਵਨ ਤੇ ਸਾਹਿਤਕ ਸਫ਼ਰ ਇੱਕ ਪ੍ਰੇਰਨਾ ਦਾ ਸੋਮਾ ਹੈ। ਆਪਣੀ ਨੌਕਰੀ ਨੂੰ ਦਿਆਨਤਦਾਰੀ ਨਾਲ ਨਿਭਾਉਂਦੇ ਹੋਏ, ਸਾਹਿਤ ਨੂੰ ਜੀਵੰਤ ਰੱਖਣ ਵਾਲਾ ਇਹ ਨਿਡਰ ਯੋਧਾ, ਸਮਾਜ ਨੂੰ ਆਈਨਾ ਵਿਖਾਉਂਦਾ ਹੈ। ਉਸਦੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਂਦੀਆਂ ਹਨ ਤੇ ਅੰਤਰਰਾਸ਼ਟਰੀ ਪੱਧਰ ਤੇ ਮਾਂ ਬੋਲੀ ਦਾ ਮਾਣ ਵਧਾਉਂਦੀਆਂ ਹਨ। ਹਾਸ਼ੀਏ ਤੇ ਧੱਕੇ ਗਏ ਲੋਕਾਂ ਨੂੰ ਖੂਬਸੂਰਤੀ ਨਾਲ ਉਭਾਰਦੀਆਂ ਉਸਦੀਆਂ ਰਚਨਾਵਾਂ, ਅਖ਼ਬਾਰਾਂ, ਰਸਾਲਿਆਂ ਤੇ ਸੋਸ਼ਲ ਮੀਡੀਆ ਤੇ ਨਿਰੰਤਰ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਸ਼ਾਲਾ! ਉਸਦੀ ਕਲਮ ਹੋਰ ਮਿਆਰੀ ਰਚਨਾਵਾਂ ਨਾਲ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਪ੍ਰਫੁੱਲਿਤ ਕਰਦੀ ਰਹੇ ਅਤੇ ਨਵੀਂ ਪੀੜ੍ਹੀ ਨੂੰ ਨਵੇਂ ਅਸਮਾਨ ਵੱਲ ਉਚੇਰੀ ਉਡਾਣ ਭਰਨ ਲਈ ਪ੍ਰੇਰਿਤ ਕਰਦੀ ਰਹੇ।
ਲਾਲ ਸਿੰਘ ਸੁਲਹਾਣੀ
9872155120
ਗੁਰਮੀਤ ਕੜਿਆਲਵੀ: ਹਾਸ਼ੀਆ ਗ੍ਰਸਤ ਲੋਕਾਂ ਦਾ ਪ੍ਰਤੀਬੱਧ ਲੇਖਕ/-ਲਾਲ ਸਿੰਘ ਸੁਲਹਾਣੀ
Leave a comment
