ਕਲੱਬ ਦਾ ਸਮਾਗਮ ਕਰਵਾਉਣ ਦੀ ਉਲੀਕੀ ਰੂਪ-ਰੇਖਾ…
ਮਹਿਲ ਕਲਾਂ, 04 ਜੁਲਾਈ (ਡਾਕਟਰ ਮਿੱਠੂ ਮੁਹੰਮਦ )-
-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਨਿਰਮਲ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਜੋਕੇ ਦੌਰ ‘ਚ ਪੱਤਰਕਾਰਤਾ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਲੱਬ ਦੇ ਚੇਅਰਮੈਨ ਸ੍ਰੀ ਪ੍ਰੇਮ ਕੁਮਾਰ ਪਾਸੀ ਨੇ ਹਾਜ਼ਰੀਨ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਅਜੋਕੇ ਦੌਰ ਵਿੱਚ ਪੱਤਰਕਾਰੀ ਪੇਸ਼ੇ ਪ੍ਰਤੀ ਪਹਿਲਾਂ ਨਾਲੋਂ ਵੱਧ ਜਿੰਮੇਵਾਰ ਹੋਣ ਦੀ ਲੋੜ ਹੈ। ਕਲੱਬ ਦੇ ਸਰਪ੍ਰਸਤ ਡਾਕਟਰ ਮਿੱਠੂ ਮੁਹੰਮਦ ਨੇ ਕਿਹਾ ਕਿ ਕੁਝ ਅਜਿਹੇ ਲੋਕ ਜਿਹੜੇ ਪੱਤਰਕਾਰੀ ਦੇ ਨਾਂ ‘ਤੇ ਬਲੈਕਮੇਲਿੰਗ ਦਾ ਧੰਦਾ ਕਰ ਰਹੇ ਹਨ, ਉਹਨਾਂ ਅਖੌਤੀ ਪੱਤਰਕਾਰਾਂ ਦੀ ਬਦੌਲਤ ਲੋਕਾਂ ਵਿੱਚ ਪੱਤਰਕਾਰਿਤਾ ਦੀ ਭਰੋਸੇਯੋਗਤਾ ਵਿੱਚ ਕਮੀ ਆ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੱਤਰਕਾਰਿਤਾ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਿਆ ਜਾਵੇ। ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਪੱਤਰਕਾਰੀ ਦੇ ਨਾਂ ‘ਤੇ ਬਲੈਕਮੇਲਿੰਗ ਕਰਨ ਵਾਲੇ ਆਟੇ ਵਿੱਚ ਲੂਣ ਦੇ ਬਰਾਬਰ ਹਨ। ਜਿਨਾਂ ਨੇ ਪੱਤਰਕਾਰੀ ਨੂੰ ਬਦਨਾਮ ਕੀਤਾ ਹੋਇਆ ਹੈ। ਪਰ ਅਜੇ ਵੀ ਬਹੁਤ ਸਾਰੇ ਸੁਹਿਰਦ ਪੱਤਰਕਾਰ ਹਨ, ਜਿਹੜੇ ਸਮਾਜ ਪ੍ਰਤੀ ਚਿੰਤਤ ਹਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੱਤਰਕਾਰੀ ਦਾ ਮਖੌਟਾ ਪਾ ਕੇ ਬਲੈਕਮੇਲਿੰਗ ਦਾ ਧੰਦਾ ਕਰਨ ਵਾਲੇ ਅਖੌਤੀ ਪੱਤਰਕਾਰਾਂ ਨੂੰ ਮੂੰਹ ਨਾ ਲਗਾਇਆ ਜਾਵੇ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਇਹ ਵਿਚਾਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਲੱਬ ਵੱਲੋਂ ਇੱਕ ਵੱਡਾ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਅਜੋਕੇ ਦੌਰ ਦੀ ਪੱਤਰਕਾਰੀ ਸਬੰਧੀ ਵੱਖ-ਵੱਖ ਬੁਲਾਰਿਆਂ ਨੂੰ ਬੁਲਾ ਕੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਬਾਪਲਾ ਨੂੰ ਕਲੱਬ ਦਾ ਜਨਰਲ ਸਕੱਤਰ ਵੀ ਚੁਣਿਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਨਿਰਮਲ ਸਿੰਘ,ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਸਰਪ੍ਰਸਤ ਡਾਕਟਰ ਮਿੱਠੂ ਮੁਹੰਮਦ, ਮੀਤ ਪ੍ਰਧਾਨ ਜਗਜੀਤ ਸਿੰਘ ਕੁਤਬਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਪਲਾ, ਖਜ਼ਾਨਚੀ ਸੰਦੀਪ ਗਿੱਲ, ਸਟੇਜ ਸੈਕਟਰੀ ਲਕਸ਼ਦੀਪ ਗਿੱਲ, ਅਜੇ ਟੱਲੇਵਾਲ, ਜਗਜੀਤ ਸਿੰਘ ਕਾਲਸਾਂ ਵੀ ਹਾਜ਼ਰ ਸਨ।