1978 ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਦਾ ਅਖਾੜਾ ਬਠਿੰਡੇ ਲਾਗੇ ਇਕ ਪਿੰਡ ਵਿੱਚ ਲੱਗਿਆ, ਅਖਾੜਾ ਖਤਮ ਹੋਣ ਤੋਂ ਬਾਅਦ ਜਦੋਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਕਾਰ ਵਿੱਚ ਬੈਠਣ ਲੱਗੇ ਤੇ ਲੋਕਾਂ ਦਾ ਹਜ਼ੂਮ ਕਾਰ ਵੱਲ ਨੂੰ ਹੋ ਗਿਆ, ਉਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਕਲਾਕਾਰਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਦਿੰਦੇ ਸਨ। ਅਕਸਰ ਹੀ ਉਹਨਾਂ ਨੂੰ ਨੇੜਿਓਂ ਦੇਖਣ ਲਈ ਬਹੁਤ ਉਤਸੁਕ ਵੀ ਹੁੰਦੇ ਸਨ। ਇਹੀ ਕਾਰਨ ਸੀ ਕਿ ਅਖਾੜਾ ਖਤਮ ਹੋਣ ਉਪਰੰਤ ਲੋਕ ਕਲਾਕਾਰਾਂ ਦੀ ਕਾਰ ਦੇ ਦੁਆਲੇ ਹੋ ਜਾਂਦੇ
ਉਸ ਦਿਨ ਜਦੋਂ ਸਦੀਕ ਤੇ ਰਣਜੀਤ ਕੌਰ ਕਾਰ ਵਿੱਚ ਬੈਠੇ ਤਾਂ ਕਿਸੇ ਨੇ ਇਕ ਕਾਗਜ਼ ਗੱਡੀ ਵਿੱਚ ਸੁੱਟਿਆ ਜੋ ਰਣਜੀਤ ਕੌਰ ਤੇ ਜਾ ਡਿੱਗਾ , ਜਦੋਂ ਥ੍ਹੋੜੀ ਅਗਾਂਹ ਜਾਕੇ ਉਹ ਕਾਗਜ਼ ਖ੍ਹੋਲਿਆ ਤੇ ਉਸ ਉੱਤੇ ਇਕ ਗੀਤ ਲਿਖਿਆ ਹੋਇਆ ਸੀ ਜੋ ਕੁੱਝ ਇਸ ਤਰ੍ਹਾਂ ਸੀ
ਦਿਨ ਗਿਣਵੇਂ ਪੰਜ ਸੱਤ ਸਾਰੇ ਨੀ
ਤੇਰੇ ਵਿਆਹ ਵਿੱਚ ਹਾਣ ਦੀਏ
ਬੱਸ ਜਾਂਦੀ ਵਾਰੀ ਮਿਲ ਜਾਵੀਂ
ਮੇਰੇ ਦਿਲ ਦੀਆਂ ਜਾਣ ਦੀਏ
ਜੇ ਬਿਨ ਮਿਲਿਓਂ ਤੂੰ ਤੁਰ ਗਈ ਨੀ
ਫੱਕਰ ਵਿਹੁ ਖਾ ਕੇ ਮਰ ਜੂਗਾ
ਤੇਰੇ ਮੁੜ ਕੇ ਆਉਂਦੀ ਨੂੰ ਜੱਟੀਏ
ਨੀ ਜੱਟ ਕੂਚ ਜਹਾਨੋਂ ਕਰ ਜੂਗਾ
ਨਾ ਮਿੱਤਰਾ ਨਾ ਇਊਂ ਕਹਿ ਵੇ
ਤੂੰ ਹਸਦਾ ਵਸਦਾ ਰਹਿ ਵੇ
ਕਿਉਂ ਕੁੜੀਆਂ ਵਾਂਗੂੰ ਰੋਣ ਡਿਹਾ
ਤੂੰ ਜੋ ਚਾਹੁਣੈ ਸੋ ਕਹਿ ਵੇ
ਜੇ ਤੂੰ ਰੁੱਸਿਆ, ਸਾਡਾ ਰੱਬ ਰੁਸਿਆ
ਤੈਨੂੰ ਕਿਹੜੀਆਂ ਗੱਲਾਂ ਦੇ ਧੜਕੇ ਵੇ
ਵਿਆਹ ਵਾਲੇ ਦਿਨ ਮਿੱਤਰਾ
ਮੈਂ ਤੈਨੂੰ ਮਿਲੂੰ ਪਹਿਰ ਦੇ ਤੜਕੇ ਵੇ
ਪੜ੍ਹ ਕੇ ਮੁਹੰਮਦ ਸਦੀਕ ਸੁੰਨ ਹੋ ਗਿਆ, ਜੋ ਕਾਰ ਅੰਦਰ ਕਾਗਜ਼ ਸੁੱਟਣ ਦਾ ਗੁੱਸਾ ਸੀ, ਉਹ ਮੋਹ ਵਿਚ ਬਦਲ ਗਿਆ, ਫੇਰ ਸਦੀਕ ਖੁਦ ਉਸ ਗੀਤ ਦੇ ਗੀਤਕਾਰ ਗੁਰਮੇਲ ਢਿੱਲੋਂ ਨੂੰ ਭਾਲ ਕੇ ਮਿਲਿਆ। ਗੁਰਮੇਲ ਤੋਂ ਹੋਰ ਵੀ ਗੀਤ ਲਏ
ਸਭ ਤੋਂ ਪਹਿਲਾਂ 1980 ਵਿੱਚ ਸਦੀਕ ਰਣਜੀਤ ਕੌਰ ਨੇ ਢਿੱਲੋਂ ਦਾ ਜੋ ਗੀਤ ਰਿਕਾਰਡ ਕਰਵਾਇਆ। ਉਸਦੇ ਬੋਲ ਸਨ
ਹੋ ਗੀ ਇਕ ਹੋਰ ਖਰਾਬੀ,
ਮੇਰੀ ਜੋ ਵੱਡੀ ਭਾਬੀ
ਘਰ ਦਿਆਂ ਨੂੰ ਭਰਦੀ ਚਾਬੀ
ਕਹਿੰਦੀ ਕਿਊਂ ਸਾਡੇ ਬੂਹੇ
“ਢਿੱਲੋਂ ” ਨਿੱਤ ਫਿਰੇ ਸ਼ਰਾਬੀ
ਮੈਂ ਤਾਂ ਬਲ ਸੜ ਗਈ ਵੇ
ਸੁਣ ਕੇ ਲਲਕਾਰਾ ਤੇਰਾ
ਕੰਬਣੀ ਜਿਹੀ ਚੜ੍ਹ ਗਈ ਵੇ
ਐਵੇਂ ਨਾ ਡਰ ਅਣਜਾਣੇ
ਜੱਟ ਦਾ ਤੂੰ ਜ਼ੋਰ ਨਾਂ ਜਾਣੇ
ਭੁੱਖਿਆਂਵਾਲੀ ਵਾਲੇ ਦੇ
ਵੈਲੀ ਸਭ ਨਵੇਂ, ਪੁਰਾਣੇ
ਦੁੱਖ-ਸੁੱਖ ਦੇ ਦਰਦੀ ਨੀ
ਗੁੱਸਾ ਨਾ ਕਰੀਂ ਹਾਨਣੇ
ਪੀ ਬੈਠਾ ਘਰ ਦੀ ਨੀ।
ਇਸ ਗੀਤ ਦੇ ਨਾਲ ਹੀ ਮਾਲਵੇ ਦੇ ਇਕ ਹੋਰ -ਪਰਪੱਕ ਪੰਜਾਬੀ ਗੀਤਕਾਰ- ਦੀ ਸ਼ਮੂਲੀਅਤ ਹੋਈ । ਢਿੱਲੋਂ ਨੇ ਭਾਵੇਂ ਗਿਣਤੀ ਪੱਖੋਂ ਘੱਟ ਲਿਖਿਆ ਪਰ ਜੋ ਲਿਖਿਆ ਉਹ ਹਿੱਟ ਹੋਇਆ
ਭੁੱਖਿਆਂਵਾਲੀ ਬਠਿੰਡਾ- ਡੱਬ੍ਹਵਾਲੀ ਰੋੜ ‘ਤੇ ਗੁਰਮੇਲ ਦਾ ਪਿੰਡ ਐ ਜਿਸਨੂੰ ਸਰਕਾਰੀ ਕਾਗਜ਼ਾਂ ‘ਚ ਭਗਵਾਨਗੜ੍ਹ ਲਿਖਿਆ ਜਾਂਦੈ ਕਿੱਤੇ ਵੱਜੋਂ ਗੁਰਮੇਲ ਕੋਆਪਰੇਟਿਵ ਬੈਂਕ ਦਾ ਕਰਮਚਾਰੀ ਸੀ
ਸੁਹਾਗ ਰਾਤ ਤੇ ਅਨੇਕਾਂ ਈ ਗੀਤ ਲਿਖੇ ਗਏ, ਰਿਕਾਰਡ ਵੀ ਹੋਏ ਪਰ ਸੁਣ ਕੇ ਸ਼ਰਮ ਮਹਿਸੂਸ ਹੁੰਦੀ ਹੈ ਗੁਰਮੇਲ ਢਿੱਲੋਂ ਦਾ ਸੁਹਾਗ ਰਾਤ ਤੇ ਲਿਖਿਆ ਗੀਤ ਜਿਸਨੂੰ ਸਦੀਕ ਰਣਜੀਤ ਕੌਰ ਨੇ ਗਾਇਆ ਪਿੰਡਾ ਦੇ ਚੁਲ੍ਹਿਆਂ ਤੇ ਵੀ ਸੁਣਿਆ ਗਿਆ
ਰੱਖੂੰ ਜਾਨ ਬਰੋਬਰ ਤੈਨੂੰ,
ਚੱਲ ਸੱਥ ਵਿੱਚ ਅਖਵਾ ਲੈ ਨੀ
“ਭੁਖਿਆਂ ਵਾਲੀ ਵਾਲੇ” ਤੋਂ ਤੂੰ
ਗੁੱਠਾ ਬਹੀਂ ਲਵਾ ਲੈ ਨੀ
ਕਿਉਂ ਡਰਦੀ ਨੀ,
ਕੱਚੀਆਂ ਗੱਲਾਂ ਕਿਉਂ ਕਰਦੀ ਨੀ
ਜੱਟ ਸਾਰੀ ਉਮਰ ਦਾ ਦਰਦੀ ਨੀ,
ਸੌਂਹ ਖਾਵੇ
ਮੈਥੋਂ ਪੱਲਾ ਕਰਲੈ
ਨਜ਼ਰ ਕਿਤੇ ਨਾ ਲੱਗ ਜਾਵੇ
ਅਗਸਤ 2003 ਵਿੱਚ ਭਰ ਜੁਆਨੀ ਦੀ ਉਮਰੇ ਗੁਰਮੇਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਸਦੇ ਗੀਤ ਹਮੇਸ਼ਾ ਵਜਦੇ ਰਹਿਣਗੇ
ਅਸ਼ੋਕ ਬਾਂਸਲ ਮਾਨਸਾ