ਬਰੈਂਪਟਨ (ਕਨੇਡਾ), 30 ਜੁਲਾਈ (ਡਾ. ਮਿੱਠੂ ਮੁਹੰਮਦ) —
ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰੀ ਕਮੇਟੀ ਬਰੈਂਪਟਨ ਵੱਲੋਂ ਸ਼ਹੀਦ ਕਿਰਨਜੀਤ ਕੌਰ ਦੀ 28ਵੀਂ ਬਰਸੀ ਮੌਕੇ ਇਕ ਵਿਸ਼ੇਸ਼ ਯਾਦਗਾਰੀ ਸਮਾਗਮ 10 ਅਗਸਤ 2025, ਦਿਨ ਸ਼ਨੀਚਰਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ Cassie Campbell Community Centre, Chinguacousy Road, Brampton ਵਿਖੇ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਆਯੋਜਕਾਂ ਗੁਰਮੀਤ ਸੁਖਪੁਰ, ਬਲਵਿੰਦਰ ਬਰਨਾਲਾ ਅਤੇ ਮਨਦੀਪ ਨੇ ਦੱਸਿਆ ਕਿ 29 ਜੁਲਾਈ 1997 ਨੂੰ ਮਹਿਲਕਲਾਂ ਵਿਖੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਕਿਰਨਜੀਤ ਕੌਰ ਨਾਲ ਜੋ ਅਨਹੋਣੀ ਘਟੀ ਸੀ, ਉਹ ਸਿਰਫ਼ ਇੱਕ ਬੇਇਨਸਾਫ਼ੀ ਨਹੀਂ ਸੀ, ਬਲਕਿ ਪੂਰੇ ਸਮਾਜ ਦੇ ਅੰਦਰ ਪਲ ਰਹੇ ਸਿਆਸੀ ਅਤੇ ਪੁਲਿਸੀ ਗੁੰਡਾਗਰਦੀ ਦੇ ਚਿਹਰੇ ਨੂੰ ਨੰਗਾ ਕਰ ਗਈ।
ਕਿਰਨਜੀਤ ਕੌਰ ਨੂੰ ਇਕ ਬਦਨਾਮ ਗੁੰਡਾ ਟੋਲੇ ਵੱਲੋਂ, ਜਿਸਨੂੰ ਸਿਆਸੀ ਸ਼ਹਿਆਤ ਮਿਲੀ ਹੋਈ ਸੀ, ਸਮੂਹਿਕ ਜ਼ਬਰ ਜਿਨਾਹ ਤੇ ਕਤਲ ਦਾ ਸ਼ਿਕਾਰ ਬਣਾਇਆ ਗਿਆ। ਇਸ ਖ਼ਿਲਾਫ਼ ਮਹਿਲਕਲਾਂ ਵਿਖੇ ਇਕ ਲੰਮਾ ਤੇ ਢਿੱਠਾ ਲੋਕ ਸੰਘਰਸ਼ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਲੜਿਆ ਗਿਆ, ਜੋ ਕਿ ਔਰਤਾਂ ਉੱਤੇ ਹੋਣ ਵਾਲੇ ਜਬਰ, ਵਿਤਕਰੇ ਅਤੇ ਹਿੰਸਾ ਖਿਲਾਫ਼ ਇੱਕ ਵਿਅਕਤੀਗਤ ਘਟਨਾ ਤੋਂ ਉਭਰ ਕੇ ਔਰਤ ਮੁਕਤੀ ਦੀ ਲਹਿਰ ਬਣ ਗਿਆ।
ਪ੍ਰੋਗਰਾਮ ਦੇ ਬੁਲਾਰੇ ਗੁਰਮੀਤ ਸੁਖਪੁਰ, ਬਲਵਿੰਦਰ ਬਰਨਾਲਾ, ਬਲਦੇਵ ਰਹਿਪਾ, ਕੁਲਦੀਪ ਣਬੋਪਾਰਾਏ, ਅਮਰਦੀਪ ਪੰਧੇਰ ਅਤੇ ਮਨਦੀਪ ਹੋਣਗੇ।
ਆਯੋਜਕਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਦ ਤਕ ਲੁੱਟ ਤੇ ਜਬਰ ਜਾਰੀ ਰਹੇਗਾ, ਉਦੋਂ ਤਕ ਸੰਘਰਸ਼ ਵੀ ਜਾਰੀ ਰਹੇਗਾ। ਇਸ ਯਾਦਗਾਰੀ ਸਮਾਗਮ ਵਿੱਚ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸਾਂਝੇ ਤਜਰਬਿਆਂ, ਵਿਚਾਰਾਂ ਅਤੇ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਇਮ ਰੱਖਣ ਦੀ ਅਪੀਲ ਕੀਤੀ ਗਈ ਹੈ।