ਕੱਠੇ ਰਹਿਣ ਦਾ ਮਿਲਿਆ ਭਾਵੇਂ, ਨਾ ਅਧਿਕਾਰ ਕਦੇ।
ਯਾਦ ਰਹਿੰਦਾ ਹੈ ਭੁਲਦਾ ਨੀ, ਪਹਿਲਾ ਪਿਆਰ ਕਦੇ।
ਦੁਨੀਆਂ ਦੇ ਵਿਚ ਹਾਸਾ ਬਣ ਕੇ, ਫਿਰ ਰਹਿ ਜਾਏਂਗਾ,
ਚਾਦਰ ਤੋਂ ਵੱਧ ਅਪਣੇ ਨਾ ਤੂੰ , ਪੈਰ ਪਸਾਰ ਕਦੇ।
ਬੋਲਣ ਵਾਲੇ ਦੀ ਬੋਲੀ ਤੇ, ਪੂਰੀ ਪਕੜ ਨਹੀਂ
ਮਹਿਫਲ ਵਿੱਚ ਨਾ ਮਿਲਦਾ ਉਸ ਨੂੰ, ਹੈ ਸਤਿਕਾਰ ਕਦੇ।
ਵਿਸ਼ਵਾਸ ਜਿਨ੍ਹਾਂ ਦਾ ਉਠ ਜਾਂਦਾ, ਲੋਕ ਮਨਾ ਵਿੱਚੋਂ
ਦੂਜੀ ਵਾਰੀ ਜਿੱਤ ਨਾ ਸਕਦੀ, ਉਹ ਸਰਕਾਰ ਕਦੇ।
ਕਹਿਣੀ ਕਰਨੀ ਦਾ ਜੋ ਪੂਰਾ, ਰਾਖਾ ਹੱਕਾਂ ਦਾ,
ਜੀਵਨ ਵਿੱਚ ਨਾ ਹੁੰਦੀ ਵੇਖੀ, ਉਸ ਦੀ ਹਾਰ ਕਦੇ।
ਆਪਸ ਵਿੱਚ ਨਾ ਬਣਦੀ ਹੈ ਜਿਸ, ਘਰ ਦੇ ਜੀਆਂ ਦੀ,
ਨਾ ਪਹੁੰਚ ਬੁਲੰਦੀ ਤੇ ਸਕਦਾ, ਉਹ ਪਰਵਾਰ ਕਦੇ।
ਦੁੱਖ ਸੁਖ ਦੇ ਵਿੱਚ ਸਾਥੀ ਬਣਕੇ, ਨਾਲ ਖੜਨ ਜਿਹੜੇ,
ਜੀਵਨ ਦੇ ਵਿਚ ਮਿਲਦੇ ਸਿੱਧੂ, ਅਜਿਹੇ ਯਾਰ ਕਦੇ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ+4917664197996