ਪਿਛਲੇ ਕਈ ਦਿਨਾਂ ਤੋਂ ਮੈਂ ਚਾਕੂ ਬੀਜਣ ਦੀ ਕੋਸ਼ਿਸ਼ ਕਰ ਰਿਹਾਂ।
ਚਾਕੂ ਅਜੇ ਤੱਕ ਉੱਗਿਆ ਨਹੀਂ। ਜ਼ਮੀਨ ਤਾਂ ਵਧੀਐ। ਪਾਣੀ ਵੀ ਮੈਂ ਤਾਂ ਕਿੰਨੇ ਵਾਰ ਪਾ ਚੁੱਕਿਆਂ। ਰੂੜੀ ਦੀ ਖਾਦ ਵੀ ਦੋ ਵਾਰੀ ਪਾਈ ਐ, ਪਰ ਚਾਕੂ ਹੈ ਕਿ ਅਜੇ ਤੱਕ ਭੋਰਾ ਵੀ ਨਹੀਂ ਉੱਗਾ।
ਪਤਾ ਨਹੀਂ ਕੀ ਗੱਲ ਹੋ ਗਈ। ਅੱਗੇ ਇੱਥੇ ਜੋ ਕੁਝ ਵੀ ਬੀਜਦਾ ਸੀ, ਝੱਟ ਉੱਗ ਆਉਂਦਾ। ਆਹ ਨਾਲ ਦੀ ਨਿੰਮ, ਕੁਝ ਦਿਨਾਂ ’ਚ ਹੀ ਕਿੱਡੀ ਹੋ ਗਈ। ਨਮੋਲੀ ਪਹਿਲਾਂ ਮੈਂ ਈ ਮਿੱਟੀ ’ਚ ਦੱਬੀ ਸੀ। ਇੱਥੇ ਇੱਕ ਅਮਰੂਦ ਦਾ ਬੂਟਾ ਵੀ ਹੁੰਦਾ ਸੀ ਪਰ ਉਹ ਉਸ ਨੇ ਵੱਢ ਦਿੱਤਾ।
ਹੁਣ ਮੈਂ ਇੱਥੇ ਚਾਕੂ ਬੀਜ ਕੇ ਹੀ ਹਟੂੰਗਾ, ਕਦੇ ਤਾਂ ਉੱਗੇਗਾ ਹੀ। ਫਿਰ ਮੈਂ ਗਲ਼ਤ ਵੀ ਕਿਵੇਂ ਹੋ ਸਕਦਾਂ। ਚਾਕੂ ਨੂੰ ਉੱਗਣਾ ਹੀ ਪਊ।
ਮੇਰੇ ਚਾਕੂ ਬੀਜਣ ਬਾਰੇ ਕਿਸੇ ਨੂੰ ਭੋਰਾ ਵੀ ਪਤਾ ਨਹੀਂ, ਮੈਂ ਕਿਸੇ ਨੂੰ ਦੱਸਿਆ ਹੀ ਨਹੀਂ। ਜੇ ਦੱਸ ਵੀ ਦਿੰਦਾ ਤਾਂ ਉਨ੍ਹਾਂ ਕਿੱਥੇ ਮੈਨੂੰ ਚਾਕੂ ਬੀਜਣ ਦੇਣਾ ਸੀ। ਇਸੇ ਲਈ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ। ਉਂਜ ਮੇਰਾ ਮਨ ਤਾਂ ਕਰਦੈ ਕਿ ਮਾਂ ਨੂੰ ਦੱਸ ਦੇਵਾਂ। ਪਰ ਮਾਂ ਤਾਂ….।
ਇਹ ਚਾਕੂ ਵੀ ਮੈਂ ਘਰੋਂ ਚੋਰੀ ਚੁੱਕ ਕੇ ਲਿਆਇਆ ਸਾਂ। ਦੋ ਦਿਨ ਮਾਂ ਨੇ ਬਥੇਰਾ ਰੌਲਾ ਪਾਇਆ ਅਖੇ ਚਾਕੂ ਕਿੱਧਰ ਗਿਆ। ਪਰ ਮੈਂ ਤਾਂ ਚੁੱਪ ਹੀ ਵੱਟ ਲਈ ਸੀ, ਉਦੋਂ। ਮੈਨੂੰ ਵੀ ਪੁੱਛਿਆ ਸੀ ਮਾਂ ਨੇ-‘‘ਵੇ ਲੋਧੀ, ਤੂੰ ਤਾਂ ਨਹੀਂ ਵੇਖਿਆ ਚਾਕੂ?’’
‘‘ਮੈਨੂੰ ਕੀ ਪਤਾ।’’ ਪਰ ਮੈਂ ਤਾਂ ਕੋਰਾ ਝੂਠ ਬੋਲ ਦਿੱਤਾ ਸੀ।
ਫਿਰ ਗੱਲ ਆਈ-ਗਈ ਹੋ ਗਈ। ਮਾਂ ਨੇ ਬਜ਼ਾਰੋਂ ਨਵਾਂ ਚਾਕੂ ਮੰਗਵਾ ਲਿਆ ਸੀ। ਇਹ ਚਾਕੂ ਵੀ ਮਾਂ ਨੇ ਕੱਤੇ ਵਾਲੇ ਮੇਲੇ ’ਚੋਂ ਖਰੀਦਿਆ ਸੀ। ਬਹੁਤ ਮੇਲਾ ਭਰਦੈ ਉੱਥੇ। ਮੈਂ ਵੀ ਜਾਨਾਂ ਹੁੰਨਾਂ। ਉੱਥੇ ਇੱਕ ਮਾਤਾ ਜਿਹੀ ਰਹਿੰਦੀ ਐ। ਅਖੇ ਉਹਨੇ ਕੱਤੇ ’ਚ ਜਨਮ ਲਿਐ…ਕੱਤਾ ਮਾਤਾ ਕਰਕੇ ਹੀ ਭਾਰੀ ਮਹੀਨਾ ਨਹੀਂ ਹੁੰਦਾ। ਮੈਨੂੰ ਉਸ ਮਾਤਾ ਤੋਂ ਬਹੁਤ ਡਰ ਲੱਗਦੈ। ਮੈਂ ਕਦੇ ਵੀ ਉਹਦੇ ਕਮਰੇ ’ਚ ਨਹੀਂ ਵੜਿਆ। ਇਕ ਵਾਰ ਮੈਂ ਵੇਖਿਆ ਸੀ, ਉਹਨੂੰ ਸੰਗਤਾਂ ’ਚੋਂ ਲੰਘਦੀ ਨੂੰ। ਬੜੀ ਭੈੜੀ ਸ਼ਕਲ ਐ ਉਹਦੀ। ਸਾਧਾਂ ਵਰਗੇ ਕੱਪੜੇ ਅਤੇ ਗਲ ’ਚ ਗਾਨੀਆਂ ਹੀ ਗਾਨੀਆਂ। ਸਾਡੀ ਸਾਰੀ ਗਲੀ ਉਹਨੂੰ ਬੜਾ ਮੰਨਦੀ ਐ। ਮੈਂ ਮਾਂ ਨੂੰ ਕਈ ਵਾਰ ਮਾਤਾ ਬਾਰੇ ਗੱਲਾਂ ਕਰਦੇ ਸੁਣਿਐ। ਅਖੇ_‘‘ਇਹਨੇ ਵਿਆਹ ਨਹੀਂ ਕਰਾਇਆ…..। ਕਾਮ ਦੀ ਦੇਵੀ ਐ…ਜਿਹਨੇ ਕਾਮ ਨੂੰ ਕਾਬੂ ਕੀਤਾ ਹੋਇਐ। ਪਾਪੀ ਬੰਦਿਆਂ ਦਾ ਇਹਨੂੰ ਦੂਰੋਂ ਹੀ ਪਤਾ ਲੱਗ ਜਾਂਦੈ…ਉਹਦੇ ਨੇੜੇ ਨੀਂ ਖੜ੍ਹ ਸਕਦਾ ਕੋਈ ਪਾਪੀ….ਕਈ ਪਾਪੀਆਂ ਨੂੰ ਸਿੱਧੇ ਕੀਤੈ ਮਾਤਾ ਨੇ।’’
ਪਰ ਮੈਨੂੰ ਤਾਂ ਮਾਤਾ ਦੀ ਸ਼ਕਲ ਹੀ ਭੈੜੀ ਲੱਗਦੀ ਐ। ਮਾਤਾ ਜਮ੍ਹਾਂ ਹੀ ਫੱਤੋ ਮਾਸੀ ਵਾਂਗ ਲੱਗਦੀ ਐ। ਜੇ ਫੱਤੋ ਮਾਸੀ ਦੇ ਮਾਤਾ ਵਾਂਗ ਕੱਪੜੇ ਪੁਆ ਦੇਈਏ, ਤਾਂ ਪੂਰੀ ਬਣੀ-ਤਣੀ ਕੱਤੇ ਵਾਲੀ ਮਾਤਾ ਹੀ ਲੱਗੂ। ਮੈਂ ਆਪਣੀ ਦੁਕਾਨ ਦੇ ਮਾਲਕ ਨੂੰ ਆਪਣੇ ਦੋਸਤਾਂ ਨਾਲ਼ ਗੱਲਾਂ ਕਰਦੇ ਸੁਣਿਐ, ਅਜਿਹੇ ਬਾਬਿਆਂ ਮਾਤਾਵਾਂ ਬਾਰੇ। ਅਖੇ_‘‘ਇਹਨਾਂ ’ਚ ਕੋਈ ਸ਼ਕਤੀ-ਸ਼ਕਤੀ ਨੀਂ ਹੁੰਦੀ। ਇਨ੍ਹਾਂ ’ਚ ਤਾਂ ਕੋਈ ਲਾਲਸਾ ਛੁਪੀ ਹੁੰਦੀ ਹੈ…ਜਾਂ ਫਿਰ ਅਧੂਰਾ ਕਾਮ।’’
ਇਹ ਕਾਮ ਕੀ ਹੋਇਐ? ਮੈਨੂੰ ਇਹਦੇ ਬਾਰੇ ਪਤਾ ਨਾ ਲੱਗਿਆ। ਮੈਂ ਤਾਂ ਮੇਲੇ ’ਚ ਸਜੀਆਂ ਦੁਕਾਨਾਂ ਵੇਖਣ ਹੀ ਜਾਂਦਾ ਹਾਂ। ਉੱਥੇ ਬੜਾ ਕੁਝ ਮਿਲਦੈ-ਜਲੇਬੀਆਂ, ਪਕੌੜੇ, ਰੰਗ-ਬਰੰਗੇ ਖਡੌਣੇ ਅਤੇ ਗਾਨੀਆਂ।
ਇੱਕ ਗਾਨੀ ਮੈਂ ਵੀ ਖ਼ਰੀਦ ਕੇ ਲਿਆਇਆ ਸੀ। ਇਹਦੇ ’ਚ ਇੱਕ ਦਿਲ ਜਿਹਾ ਬਣਿਆ ਸੀ ਤੇ ਉਸ ’ਚ ਭਗਤ ਸਿੰਘ ਦੀ ਫੋਟੋ ਸੀ। ਭਗਤ ਸਿੰਘ ਮੈਨੂੰ ਬੜਾ ਚੰਗਾ ਲੱਗਦੈ। ਮੈਂ ਆਪਣੀ ਦਾਦੀ ਕੋਲੋਂ ਭਗਤ ਸਿੰਘ ਦੀਆਂ ਬਹੁਤ ਕਹਾਣੀਆਂ ਸੁਣੀਆਂ ਸਨ। ਉਹ ਦੇਸ ਲਈ ਮਰਿਆ, ਸੱਚਾ ਸਿਪਾਹੀ ਸੀ। ਉਹਦੇ ਬਚਪਨ ਦੀਆਂ ਗੱਲਾਂ-ਕਿੰਨਾ ਸਿਆਣਾ ਸੀ ਉਹ।
ਇਹ ਗਾਨੀ ਮੈਂ ਹੁਣ ਤੱਕ ਆਪਣੇ ਕੋਲ ਸਾਂਭ ਕੇ ਰੱਖੀ ਹੋਈ ਹੈ, ਸੰਦੂਖ ’ਚ ਲੁਕੋ ਕੇ।…ਐਤਵਾਰ ਨੂੰ ਹੀ ਪਾਉਨਾ ਹੁੰਨਾਂ। ਅੱਗੇ ਪਿੱਛੇ ਨੀਂ। ਜੇ ਕਾਣੇ ਨੇ ਵੇਖ ਲਈ ਤਾਂ ਮਾਰਨ ਲੱਗ ਪਊ।…ਕੀ ਪਤਾ ਖੋਹ ਕੇ ਤੋੜ ਹੀ ਸੁੱਟੇ। ਉਹਨੂੰ ਭਗਤ ਸਿੰਘ ਨਾਲ਼ ਕੋਈ ਵਾਸਤਾ ਨੀਂ। ਉਹਨੂੰ ਤਾਂ ਸਿਰਫ਼ ਪੈਸੇ ਨਾਲ ਮਤਲਬ ਐ। ਅੱਗੇ ਇੱਕ ਵਾਰ ਮੈਂ ਭਗਤ ਸਿੰਘ ਦੀ ਫੋਟੋ ਲਿਆਇਆ ਸੀ, ਘਰ ਕੰਧ ’ਤੇ ਟੰਗਣ ਲਈ। ਮਾਲਕ ਨੇ ਦਸ ਰੁਪਏ ਦਿੱਤੇ ਸਨ ਦਿਵਾਲੀ ਦੀ ਖੁਸ਼ੀ ’ਚ। ਜਦੋਂ ਮੈਂ ਹਥੌੜੀ ਨਾਲ਼ ਕੰਧ ’ਚ ਮੇਖ ਗੱਡਣ ਲੱਗਾ ਤਾਂ ਉਤੋਂ ਆ ਗਿਆ ਕਾਣਾ-‘‘ਉਏ! ਆਹ ਕੀ ਕਰੀ ਜਾਨੈਂ….ਠੁਕ-ਠੁਕ?…..ਕੰਧ ਪਾੜੇਂਗਾ…ਇਹ ਫੋਟੋ ਕਿਹੜੇ ਪਿਓ ਦੀ ਲਈ ਫਿਰਦੈਂ?’’
‘‘ਭਗਤ ਸਿੰਘ ਦੀ ਹੈ।’’ ਮੈਂ ਹੌਂਸਲਾ ਜਿਹਾ ਕਰ ਮਾਣ ਨਾਲ ਕਿਹਾ ਤਾਂ ਉਹ ਅੱਗੋਂ ਹੋਰ ਈ ਭੜਕ ਪਿਆ-‘‘ਸਾਲਾ ਬਣਿਆ ਭਗਤ ਸਿੰਘ ਦਾ!….ਕਿੰਨੇ ਦੀ ਆਈ ਐ? …ਪੈਸੇ ਕਿੱਥੋਂ ਲਿਆਇਆਂ? ……..ਸਾਲਿਆ ਮੇਰੀ ਜੇਬ ’ਚੋਂ ਤਾਂ ਨੀਂ ਕੱਢ ਲੇ?’’ ਕਿੰਨੇ ਸਵਾਲ ਉਹਨੇ ਗੋਲੀ ਵਾਂਗ ਦਾਗ ਦਿੱਤੇ ਸਨ।
ਮੈਂ ਮੰਜੇ ਤੋਂ ਹੇਠਾਂ ਉਤਰ ਕੇ ਸੱਚ ਦੱਸਿਆ ਤਾਂ ਉਹ ਅੱਗੋਂ ਹੋਰ ਭੁੜਕ ਪਿਆ-‘‘ਕਿਉਂ..ਸਾਲਿਆ ’ਕੱਲਾ ਹੀ ਖਾਈ ਜਾਨੈਂ….ਘਰੇ ਨੀਂ ਲਿਆਈਦੇ…ਇਕ ਡੰਗ ਦੀ ਸਬਜ਼ੀ ਆਉਂਦੀ!’’ ਇੱਕ ਲੱਫੜ ਮੇਰੀ ਖੱਬੀ ਗੱਲ੍ਹ ’ਤੇ ਆ ਪਿਆ। ਤੇ ਭਗਤ ਸਿੰਘ ਦੀ ਫੋਟੋ ਮੇਰੇ ਹੱਥੋਂ ਛੁਟ ਕੇ ਹੇਠਾਂ ਡਿੱਗ ਪਈ ਸੀ।
‘‘ਅੱਗੇ ਤੋਂ ਖਰਚੀਂ…..ਫੇਰ ਵੇਖੀਂ ਘਰੋਂ ਕੱਢੂੰ…ਵੱਡਾ ਆਇਆ ਦੇਸ਼-ਭਗਤ।’’ ਆਖਦਾ ਉਹ ਕਮਰੇ ’ਚੋਂ ਬਾਹਰ ਨਿਕਲ਼ ਗਿਆ ਸੀ।
ਮੈਂ ਕਿੰਨਾ ਚਿਰ ਹੇਠਾਂ ਡਿੱਗੀ ਫੋਟੋ ਵਿਚਲੇ ਭਗਤ ਸਿੰਘ ਬਾਰੇ ਹੀ ਸੋਚਦਾ ਰਿਹਾ ਸਾਂ। ਮਾਂ ਚੁੱਲ੍ਹੇ ਕੋਲ ਬੈਠੀ ਸਬਜ਼ੀ ਬਣਾ ਰਹੀ ਸੀ। ਉਹ ਵੀ ਵੇਖਦੀ ਰਹੀ। ਪਰ ਮੂੰਹੋਂ ਕੁਝ ਨਾ ਬੋਲੀ। ਮੈਂ ਮਨ ਮਸੋਸ ਕੇ ਜਿਹੇ ਬੈਠ ਗਿਆ। ਰਾਤੀਂ ਮੰਜੇ ’ਤੇ ਪਏ ਮੈਨੂੰ ਨੀਂਦ ਨਾ ਆਵੇ। ਕਾਣੇ ਦੀ ਸ਼ਕਲ ਮੇਰੇ ਦਿਮਾਗ਼ ’ਚ ਘੁੰਮਦੀ ਰਹੀ। ਮੈਂ ਖ਼ੂਬ ਗਾਲਾਂ ਕੱਢੀਆਂ ਉਹਨੂੰ…।
ਉਂਜ ਮਨ ਤਾਂ ਮੇਰਾ ਵੀ ਬਥੇਰਾ ਕਰਦੈ ਕਿ ਜੋ ਵੀ ਜੇਬ ਖ਼ਰਚੀ ਮਾਲਕ ਤੋਂ ਮਿਲ਼ੇ। ਉਹ ਘਰ ਲਿਆ ਕੇ ਦੇਵਾਂ। ਪਰ ਕਾਣੇ ਬਾਰੇ ਸੋਚ, ਮੈਂ ਬਾਹਰ ਹੀ ਖ਼ਰਚ ਆਉਨਾਂ। ਇਹ ਪੈਸੇ ਦਾ ਤਾਂ ਵੈਰੀ ਐ….ਘਰੇ ਪੈਸਾ ਨੀਂ ਰਹਿਣ ਦਿੰਦਾ। ਇਕ ਦੋ ਵਾਰ ਮੈਂ ਦਸ-ਦਸ ਰੁਪਏ ਲਿਆ ਕੇ ਫੜ੍ਹਾਏ ਸੀ ਮਾਂ ਨੂੰ। ਪਰ ਇਹ ਉਦੋਂ ਹੀ ਖੋਹ ਕੇ ਲੈ ਗਿਆ ਫੀਨੇ ਕੋਲ। ਫੀਨਾ ਲੋਕਾਂ ਦਾ ਸੱਟਾ ਲਵਾਉਂਦੈ। ਆਪ ਸਾਲੇ ਦੀ ਚੰਗੀ ਭਲੀ ਚੱਕੀ ਚਲਦੀ ਹੈ। ਫੇਰ ਵੀ ਨੀ ਟਿਕਦਾ। ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟਾ ਲਾਉਂਦੀਆਂ ਨੇ। ਅਖੇ ਦਸ ਰੁਪਏ ਲਾਏ ਨੀ ਤੇ ਸਵੇਰ ਵੇਲ਼ੇ ਨੂੰ ਪੰਜ ਸੌ ਆਇਆ ਕਿ ਆਇਆ….।
ਪਹਿਲਾਂ ਤਾਰੀ ਦੋਧੀ ਵੀ ਪਰਚੀ ਲੈ ਜਾਂਦਾ ਸੀ…….ਫਿਰ ਉਹ ਕਹਿੰਦੇ ਪੁਲਸ ਨੇ ਫੜ੍ਹ ਲਿਆ….ਕੇਸ ਪੈ ਗਿਆ…..ਤਿੰਨ ਮਹੀਨੇ ਦੀ ਸਜ਼ਾ ਕੱਟ ਕੇ ਆਇਆ ਤਾਂ ਘਰ ਦਿਆਂ ਨੇ ਹਟਾ ਤਾ ਏਸ ਕੰਮੋਂ….। ਫੇਰ ਆ ਫੀਨਾ ਨੰਬਰ ਫੜ੍ਹਨ ਲੱਗ ਪਿਆ। ਇਹਦੀ ਪੁਲਸ ਵਾਲ਼ਿਆਂ ਨਾਲ ਗਿੱਟ-ਮਿੱਟ ਐ…..ਤਾਹੀਓਂ ਅਜੇ ਤੱਕ ਚਲਾਈ ਜਾਂਦੈ ਧੰਦਾ।
ਮੇਰੇ ਆੜੀ ਵੀ ਸੱਟੇ ਬਾਰੇ ਬੜ੍ਹੀਆਂ ਗੱਲਾਂ ਕਰਦੇ ਰਹਿੰਦੇ ਨੇ। ਅਖੇ ‘‘ਕੱਲ੍ਹ ਅਸੀਂ ਤੇਤੀ ਲਾਈ ਸੀ, ਪੰਜ ਸੌ ਆਗੇ। ਦਸ ਰੁਪਏ ਮੈਂ ਵੀ ਚੌਰੀਓਂ ਚੁੱਕ ਲਿਆਇਆ…..ਆਜੋ ਖਾਈਏ ਗੋਲ-ਗੱਪੇ।’’ ਕੋਈ ਕਹਿੰਦਾ-‘‘ਅਸੀਂ ਦੂਆ ਲਾਇਆ ਸੀ…..ਪਰ ਅਗਲੇ ਦਿਨ ਸੋਲਾਂ ਆਗੀ।’’ ਤੇ ਕੋਈ ਕਵਿਤਾ ਹੀ ਜੋੜ ਕੇ ਸੁਣਾਉਣ ਲੱਗ ਜਾਂਦਾ…. ‘‘ਉਏ ਸੱਟਾ, ਘੂਸੇ ਕੱਟਾ…..ਲਾਈ ਬਿੰਦੀ ਆ ਗਿਆ ਅੱਠਾ।’’
ਇਹ ਸਾਰੇ ਨੰਬਰ ਮੈਂ ਸੁਣਿਐ, ਦਿੱਲੀ ਪਹੁੰਚਦੇ ਨੇ। ਉੱਥੇ ਬੜਾ ਵੱਡਾ ਖਾਈਵਾਲ ਹੈਗਾ….। ਉਹਨੇ ਇੱਕ ਤੋੜੇ ’ਚ ਪਰਚੀਆਂ ਪਾਈਆਂ ਹੋਈਆਂ ਨੇ, ਇੱਕ ਤੋਂ ਸੌ ਤੱਕ ਨੰਬਰਾਂ ਵਾਲ਼ੀਆਂ। ਉਹ ਰੋਜ਼ ਰਾਤੀਂ ਬਾਰਾਂ ਵਜੇ ਤੋੜੇ ’ਚੋਂ ਇੱਕ ਪਰਚੀ ਕੱਢ ਕੇ ਉਹਦਾ ਨੰਬਰ ਬੋਲ ਦਿੰਦੈ।….ਤੇ ਉਸੇ ਪਰਚੀ ਵਾਲ਼ਾ ਨੰਬਰ ਸਵੇਰ ਤੱਕ ਸਾਰੇ ਕਿਤੇ ਪਹੁੰਚ ਜਾਂਦੈ…..ਫੀਨੇ ਕੋਲ ਵੀ।
ਫੀਨਾ ਅੱਗੇ, ਜਿਹਨੇ ਉਹ ਨੰਬਰ ਲਾਇਆ ਹੁੰਦੈ….ਉਸਨੂੰ ਬਣਦੇ ਪੈਸੇ ਦੇ ਦਿੰਦੈ।…ਊਂ ਕਹਿੰਦੇ ਉਹਨੂੰ ਮਿਲ਼ਦੇ ਤਾਂ ਜ਼ਿਆਦਾ ਪੈਸੇ ਨੇ…..ਪਰ ਅੱਧੇ ਆਪ ਰੱਖ ਲੈਂਦੇ। ਜੇ ਕੋਈ ਰੌਲਾ ਪਾ ਪੈਸੇ ਵੱਧ ਮੰਗਦੈ, ਤਾਂ ਅੱਗੋਂ ਗੁੱਸੇ ’ਚ ਬੋਲਦੈ-‘‘ਉਏ ਪੁਲਸ ਨੂੰ ਹਿੱਸਾ ਵੀ ਦੇਣੈ…ਉਹ ਥੋਡੇ ਪਤੰਦਰ ਮਹੀਨਾ ਭਾਲਦੇ ਨੇ।’’
ਫੀਨਾ ਸਾਡੀ ਗਲੀ ’ਚ ਕਿੰਨੇ ਚਿਰ ਤੋਂ ਚੱਕੀ ਚਲਾਉਂਦੈ…ਇਹਦੀ ਚੱਕੀ ਚੱਲਦੀ ਬੜੀ ਐ। ਊਂ ਮੈਂ ਤਾਂ ਇਹ ਵੀ ਸੁਣਿਐ…। ਇਹ ਦੂਈ ਚੱਕੀ ਵੀ ਬੜੀ ਚਲਾਉਂਦੈ। ਮੈਂ ਤਾਂ ਜਦੋਂ ਵੀ ਇਹਦੀ ਚੱਕੀ ਤੋਂ ਆਟਾ ਉਧਾਰ ਲੈਣ ਗਿਆਂ, ਇਹਨੇ ਕਦੇ ਨਹੀਂ ਦਿੱਤਾ। ਅਖੇ ‘‘ਤੇਰੀ ਮਾਂ ਨੂੰ ਕਹਿ ਉਧਾਰ ਵਾਲ਼ੇ ਪੈਸੇ ਦੇ ਕੇ ਜਾਉ ਪਹਿਲਾਂ।’’ ਕਾਣਾ ਆਪ ਕਦੇ ਨੀਂ ਜਾਂਦਾ, ਆਟਾ ਲੈਣ ਮਾਂ ਨੂੰ ਹੀ ਭੇਜਦੈ। ਮਾਂ ਝੱਟ ਆਟਾ ਲੈ ਆਉਦੀ ਐ…..ਸ਼ਾਇਦ ਤਰਲੇ ਕੱਢ ਆਉਂਦੀ ਹੋਊ।
‘‘ਉਏ! ਲੋਧੀ। ਕੀ ਕਰਦੈਂ…..ਆ ਚੱਲੀਏ ਟੋਟੇ ਲੱਭਣ?’’ ਬੱਗੇ ਦੀ ਆਵਾਜ਼ ਕੰਨੀਂ ਪਈ ਐ। ਮੈਂ ਘਬਰਾ ਕੇ ਪਿੱਛੇ ਦੇਖਿਐ। ਸ਼ੁਕਰ ਐ! ਬੱਗੇ ਨੂੰ ਮੇਰੇ ਚਾਕੂ ਬੀਜਣ ਦਾ ਪਤਾ ਨਹੀਂ। ਨਹੀਂ ਤਾਂ ਇਹਨੇ ਐਵੇਂ ਰੌਲਾ ਪਾ ਦੇਣਾ ਸੀ।
‘‘ਨਹੀਂ, ਮੈਂ ਨੀ ਜਾਣਾ…..ਤੂੰ ਈ ਜਾ।’’ ਮੈਂ ਉਸ ਨੂੰ ਮਨ੍ਹਾ ਕਰ ਦਿੱਤੈ।
‘‘ਚੰਗਾ ਨਹੀਂ ਜਾਂਦਾ ਤਾਂ ਥਣ ’ਤੇ ਬੁੜ੍ਹਕ……ਤੈਨੂੰ ਕੀ ਪਤੈ ਟੋਟਿਆਂ ਦੇ ਨਜ਼ਾਰੇ ਦਾ।’’ ਗਾਲ਼ ਕੱਢਦਾ ਉਹ ਦੌੜ ਗਿਐ।
ਮੈਨੂੰ ਉਹਦੇ ਚਲੇ ਜਾਣ ’ਤੇ ਸੁਖ ਦਾ ਸਾਹ ਆਇਐ। ਬੱਗਾ ਬਾਲ੍ਹਾ ਗੰਦੈ। ਘਰ ਦਿਆਂ ਤੋਂ ਚੋਰੀਓਂ ਬੀੜੀਆਂ ਦੇ ਟੋਟੇ ਪੀਂਦੈ। ਮੈਨੂੰ ਉੱਕਾ ਈ ਚੰਗਾ ਨੀ ਲੱਗਦਾ। ਸਾਰਾ ਦਿਨ ਸੜਕਾਂ ’ਤੇ ਡਿੱਗੀਆਂ ਬੀੜੀਆਂ ਦੇ ਟੋਟੇ ਭਾਲਦਾ ਫਿਰੂ। ੳੂਂ ਇਹਦੀ ਮਾਂ ਬਹੁਤ ਚੰਗੀ ਐ। ਬਿਹਾਰਨ ਜਿਹੀ। ਪਿਓ ਲੰਗੜਾ ਕੱਖ ਨੀਂ ਕਰਦਾ। ਅਮਲੀ ਐ।
ਮੈਂ ਤਾਂ ਭੱਪੀ ਨਾਲ਼ ਹੀ ਖੇਡਦਾਂ। ਉਹ ਵੀ ਸਿਰਫ਼ ਐਤਵਾਰ ਨੂੰ। ਬਾਕੀ ਦਿਨ ਤਾਂ ਕੰਮ ’ਤੇ ਜਾਣਾ ਹੁੰਦੈ। ਬੀਮੇ ਵਾਲ਼ੇ ਦਫਤਰ ’ਚ ਲੱਗਿਆ ਹੋਇਆਂ। ਮੇਰੇ ਸਾਰੇ ਆੜੀ ਮੈਨੂੰ ‘ਬਾਬੂ ਜੀ’ ਕਹਿੰਦੇ ਨੇ। ਬਾਬੂ ਅਖਵਾਣਾ ਮੈਨੂੰ ਵੀ ਚੰਗਾ ਲੱਗਦੈ। ਤੜਕੇ ਦੁਕਾਨ ਖੋਲ੍ਹ ਸਫ਼ਾਈ ਕਰ ਦੇਈਦੀ ਹੈ…..ਸ਼ਾਮ ਨੂੰ ਸ਼ਟਰ ਬੰਦ ਕਰ ਦੇਈਦੈ। ਮਾਲਕ ਚੰਗੈ, ਕੋਈ ਮੇਹਣੇ ਨੀਂ ਮਾਰਦਾ। ਘੂਰਦਾ ਵੀ ਨੀਂ। ਪੂਰੀ ਟੌਹਰ ਨਾਲ ਰਹੀਦੈ। ਤੇ ਐਤਵਾਰ ਨੂੰ ਛੁੱਟੀ ਕਰੀਦੀ ਐ। ਭੱਪੀ ਨਾਲ ਖੇਡੀਦੈ। ਜੇ ਕਦੇ ਮਾਲਕ ਪੈਸੇ ਦੇ ਦੇਵੇ ਤਾਂ ਫਿਲਮ ਵੀ ਵੇਖ ਲਈਦੀ ਐ।
ਫਿਲਮਾਂ ਤਾਂ ਬੱਗੇ ਹੁਰੀਂ ਵੀ ਵੇਖਦੇ ਨੇ। ਪਰ ਬਾਹਲੀਆਂ ਲੁੱਚੀਆਂ ਜਿਹੀਆਂ। ਪਤਾ ਨਹੀਂ ਉਨ੍ਹਾਂ ਨੂੰ ਕਿਉਂ ਚੰਗੀਆਂ ਲੱਗਦੀਆਂ ਨੇ। ਆਪਾਂ ਤਾਂ ਜ਼ਿਆਦਾ ਗੋਵਿੰਦੇ ਦੀਆਂ ਹੀ ਫਿਲਮਾਂ ਵੇਖਦੇ ਆਂ। ਉਹ ਮੈਨੂੰ ਬਹੁਤ ਪਸੰਦ ਐ। ਗੋਵਿੰਦਾ ਵੀ ਪਹਿਲਾਂ ਕਹਿੰਦੇ ਬਾਲ੍ਹਾ ਗਰੀਬ ਹੁੰਦਾ ਸੀ। ਹੋਟਲਾਂ ’ਤੇ ਕੰਮ ਕਰਦਾ। ਵੱਡਾ ਹੋ ਕੇ ਹੀਰੋ ਬਣ ਗਿਆ। ਹੁਣ ਕੋਲੇ ਪੈਸਾ ਈ ਪੈਸਾ। ਮੈਨੂੰ ਉਹਦੀ ਐਕਟਿੰਗ ਬਹੁਤ ਚੰਗੀ ਲੱਗਦੀ ਐ। ਨਾਲ਼ੇ ਮਾਧਰੀ ਵਰਗੀਆਂ। ਉਹਦੇ ਆਲ਼ੇ-ਦੁਆਲ਼ੇ ਘੁੰਮਦੀਆਂ ਰਹਿੰਦੀਆਂ ਨੇ।
‘‘ਵੇ ਲੋਧੀ! ਚੱਲ ਨਹਾ ਧੋ ਲੈ।’’ ਮਾਂ ਨੇ ਮੇਰੀਆਂ ਸੋਚਾਂ ਨੂੰ ਤੋੜ ਕੇ ਰੱਖ ਦਿੱਤੈ। ਮੈਂ ਹੱਥ ਕਿਆਰੀ ਦੇ ਪਾਣੀ ਨਾਲ ਧੋ, ਮਾਂ ਵੱਲ ਚੱਲ ਪਿਆਂ। ਉਹਦੇ ਭਾਣੇ ਤਾਂ ਮੈਂ ਇੱਥੇ ਕੋਈ ਬੂਟਾ ਹੀ ਬੀਜਦਾ ਹੋਵਾਂਗਾ। ਇਸੇ ਲਈ ਕਾਹਲ਼ੀ-ਕਾਹਲ਼ੀ ਚੱਲ ਪਿਆਂ। ਕੀ ਪਤਾ ਮਾਂ ਇੱਧਰ ਨੂੰ ਆ ਜਾਵੇ। ਪਰ ਮਾਂ ਅੰਦਰ ਚਲੀ ਗਈ ਐ। ਚੰਗਾ ਹੀ ਹੋਇਐ, ਨਹੀਂ ਇਹਨੇ ਮਗਜ਼ ਖਾ ਲੈਣਾ ਸੀ। ਅਖੇ ‘‘ਪੁੱਤ ਐਂ ਨੀਂ ਕਰੀ-ਦਾ….ਪੁੱਤ ਸਿਆਣਾ ਬਣ….ਪੁੱਤ ਨਾਂ ਵਾਂਗੰੂ ਰਾਜਾ ਬਣ ਕੇ ਵਿਖਾ।’’
ਮੈਨੂੰ ਉਹਦੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਐਂ ਕਿਵੇਂ ਕੋਈ ਰਾਜਾ ਬਣ ਸਕਦੈ? ਰਾਜੇ-ਮਹਾਰਾਜੇ ਤਾਂ ਅਖੌਤਾਂ ਵਿੱਚ ਹੀ ਰਹਿ ਗਏ। ਹੁਣ ਕੋਈ ਜ਼ਮਾਨਾ ਨੀਂ, ਰਾਜੇ ਮਹਾਂਰਾਜਿਆਂ ਦਾ।
ਰਾਜੇ-ਮਹਾਂਰਾਜਿਆਂ ਬਾਰੇ ਮੈਂ ਬੜ੍ਹੀਆਂ ਕਹਾਣੀਆਂ ਸੁਣੀਆਂ ਨੇ। ਇਹ ਕਹਾਣੀਆਂ ਮੇਰੀ ਦਾਦੀ ਸੁਣਾਉਂਦੀ ਸੀ। ਰਾਜੇ ਰਣਜੀਤ ਦੀਆਂ ਕਹਾਣੀਆਂ। ਜਿਹੜਾ ਲੋਹੇ ’ਤੇ ਹੱਥ ਫੇਰ ਕੇ ਹੀ, ਉਹਨੂੰ ਸੋਨੇ ’ਚ ਬਦਲ ਦਿੰਦਾ ਸੀ। ਪਰ ਮੈਂ ਭਲਾ ਕਿਵੇਂ ਰਾਜਾ ਬਣ ਜਾਊਂ? ਮੇਰੇ ਤਾਂ ਹੱਥਾਂ ਨਾਲ ਬੀਜਿਆ ਇਹ ਚਾਕੂ ਵੀ ਨੀਂ ਉੱਗਦਾ?
ਦਾਦੀ ਮੇਰੀ ਬੜੀ ਚੰਗੀ ਸੀ। ਮੇਰਾ ਨਾਂ ਲੋਧੀ ਉਸਨੇ ਹੀ ਰੱਖਿਆ ਸੀ। ਪਤਾ ਨਹੀਂ ਕਿਉਂ? ਮਾਂ ਜ਼ਰੂਰ ਕਹਿੰਦੀ ਰਹਿੰਦੀ ਹੈ…ਕਿ ਲੋਧੀ ਬਹੁਤ ਤਕੜੇ ਰਾਜੇ ਸੀ। ਸਾਰਾ ਦੇਸ ਉਨ੍ਹਾਂ ਦਾ ਸੀ। ਦਿੱਲੀ ਰਹਿੰਦੈ ਸੀ ਵੱਡੇ ਸਾਰੇ ਮਹਲਾਂ ਚ’। ਦਾਦੀ ਨੇ ਮੇਰਾ ਨੱਕ ਅਤੇ ਅੱਖਾਂ ਵੇਖ ਹੀ ਰੱਖ ਦਿੱਤਾ ਸੀ, ਮੇਰਾ ਨਾਂ ਲੋਧੀ।
ਪਰ ਮੈਂ ਰਾਜਾ ਅਜੇ ਤੱਕ ਨਹੀਂ ਬਣ ਸਕਿਆ ਸਾਂ। ਤੇ ਹੁਣ ਤਾਂ ਮੈਂ ਰਾਜਾ ਬਣਨਾ ਵੀ ਨਹੀਂ ਚਾਹੁੰਦਾ। ਕਈ ਵਾਰ ਤਾਂ ਮੈਨੂੰ ਮੇਰੇ ਨਾਂ ਉੱਤੇ ਹੀ ਖਿੱਝ ਚੜ੍ਹ ਜਾਂਦੀ ਐ। ਇਹ ਕੀ ਨਾਂ ਹੋਇਆ ਲੋਧੀ? ਆਹ ਸਾਡੀ ਗਲੀ ਦੀ ਸਾਰੀ ਮੁੰਡੀਰ ਮੈਨੂੰ ਛੇੜ-ਛੇੜ ਲੰਘਦੀ ਐ-‘‘ਉਏ ਲੋਧੀ…ਤੇਰੇ ਸਿਰ ’ਤੇ ਬੋਦੀ।’’
ਮੈਨੂੰ ਬਹੁਤ ਬੁਰਾ ਲੱਗਦੈ ਅਜਿਹਾ ਸੁਣ ਕੇ। ਪਰ ਮੈਂ ਕਰ ਵੀ ਕੀ ਸਕਦਾਂ। ਉਦੋਂ ਮੈਨੂੰ ਹੀ ਪਾਸਾ ਵੱਟਣਾ ਪੈਂਦੈ। ਭਲਾ ਮੈਂ ਕੀਹਦੇ-ਕੀਹਦੇ ਨਾਲ ਆਢਾ ਲਾਵਾਂ? ਤੇ ਜੇ ਆਢਾ ਲਾ ਵੀ ਲਿਆ ਤਾਂ ਘਰ ’ਚ ਕਿਹੜਾ ਕੋਈ ਮੇਰੀ ਸੁਣੂ? ਮੈਨੂੰ ਪਤੈ ਕੋਈ ਮੇਰੀ ਨੀਂ ਸੁਣਦਾ। ਇਸੇ ਲਈ ਟਾਲ ਜਾਨਾਂ ਸਭ ਦੀਆਂ ਚਿਗਰਾਂ ਨੂੰ ਹੱਸ-ਹੱਸ ਕੇ। ਉਹ ਮੈਨੂੰ ਹੱਸਦਾ ਵੇਖ ਚੁੱਪ ਕਰ ਜਾਂਦੇ ਨੇ। ਤੇ ਮੈਂ ਅੱਗੇ ਤੁਰ ਪੈਂਦਾ।
ਪਰ ਮੈਨੂੰ ਹੀ ਪਤੈ ਚਿਹਰੇ ’ਤੇ ਹਾਸਾ ਲਿਆਉਣਾ ਕਿੰਨਾ ਔਖੈ। ਅੰਦਰੋਂ ਤਾਂ ਜਿਵੇਂ ਅੱਗ ਮਚੀ ਹੁੰਦੀ ਐ। ਪਰ ਬਾਹਰ ਨੀਂ ਕੱਢ ਸਕਦਾ ਉਸਨੂੰ। ਇੱਕ ਵਾਰ ਇਹਨੂੰ ਬਾਹਰ ਵੀ ਕੱਢ ਕੇ ਵੇਖਿਆ ਸੀ ਮੈਂ। ਗੱਲ ਹੀ ਇਹੋ ਜਿਹੀ ਹੋਈ ਸੀ। ਉਹ ਹੈਗਾ ਨਾ ਦਰਜੀਆਂ ਦਾ ਮਿੰਦੂ, ਸਾਲੇ ਨੇ ਨਵੀਂ ਹੀ ਗੱਲ ਆਖ ਛੇੜਿਆ ਸੀ। ਅਖੇ-‘‘ਲੋਧੀ ਵੇ ਲੋਧੀ, ਤੇਰੀ ਮਾਂ ਫੀਨੇ ਨੇ ਚੋਦੀ।’’ ਮੈਨੂੰ ਇਹ ਸੁਣ ਖਿੱਝ ਜਿਹੀ ਚੜ੍ਹ ਗਈ। ਮੈਂ ਮੁੜ ਕੇ ਕੋਲ ਗਿਆ ਤਾਂ ਕਹਿੰਦਾ ‘‘ਮੈਂ ਤੈਨੂੰ ਥੋੜ੍ਹੀ ਕਿਹਾ ਸੀ….ਮੈਂ ਤਾਂ ਰਾਜੇ ਲੋਧੀ ਦੀ ਮਾਂ ਨੂੰ ਕਿਹੈ।’’ ਮੈਂ ਪਿਛਾਂਹ ਮੁੜਿਆ ਤਾਂ ਫਿਰ ਚਿੜ੍ਹਾਉਣ ਲੱਗਾ- ‘‘ਲੋਧੀ…..ਤੇਰੀ…।’’
ਮੈਂ ਆ ਵੇਖਿਆ ਨਾ ਤਾਅ। ਹੇਠਾਂ ਡਲਿਆ ਦਾ ਢੇਰ ਲੱਗਾ ਹੋਇਆ ਸੀ। ਮੈਂ ਇੱਕ ਡਲਾ ਚੁੱਕ ਵਗ੍ਹਾ ਮਾਰਿਆ। ਡਲਾ ਮਿੰਦੂ ਦੇ ਐਨ ਮੱਥੇ ’ਚ ਵੱਜਿਆ। ਖੂਨ ਦੀਆਂ ਤਤੀਰੀਆਂ ਵਗ ਤੁਰੀਆਂ ਸਨ ਮਿੰਦੂ ਦੇ ਮੱਥੇ ਤੋਂ। ਮੈਂ ਵੀ ਡਰਦਾ ਭੱਜ ਲਿਆ ਘਰ ਨੂੰ। ਛੇ ਟਾਂਕੇ ਲੱਗੇ ਸੀ ਮਿੰਦੂ ਦੇ ਮੱਥੇ ’ਤੇ। ਗੱਲ ਘਰੇ ਪਹੁੰਚ ਗਈ। ਦਰਜੀ ’ਕੱਠੇ ਹੋ ਗਏ ਸਨ। ਅਖੇ ਛੋਟਾ ਜਿਹਾ ਮੁੰਡਾ ਨੀਂ ਸੰਭਾਲੀਦਾ ਚਗਲਿਆਂ ਤੋਂ। ਕਾਣੇ ਨੇ ਮੇਰਾ ਡੰਡਿਆਂ ਨਾਲ਼ ਕਚੂਮਰ ਕੱਢ ਦਿੱਤਾ ਸੀ। ਮਾਂ ਵੀ ਵੇਖਦੀ ਰਹੀ। ਜਦੋਂ ਉਹਦਾ ਹੱਥ ਥੱਕਿਆ, ਫੇਰ ਛੱਡਿਆ ਉਹਨੇ।
ਇਹ ਮਿੰਦੂ ਦਾ ਪਿਓ ਤਾਂ ਪਹਿਲੋਂ ਹੀ ਲੱਗਦਾ ਸੀ ਮੇਰੇ ’ਤੇ। ਗਲੀ ’ਚੋਂ ਲੰਘਦਾ-ਟੱਪਦਾ ਜਦੋਂ ਵੀ ਮੈਨੂੰ ਵੇਖਦਾ, ਅੱਖਾਂ ਲਾਲ ਕਰ ਲੈਂਦਾ। ਪਤਾ ਨਹੀਂ ਕਿਉਂ? ਮੈਨੂੰ ਪਹਿਲਾਂ ਨੀਂ ਸੀ ਪਤਾ ਕਿ ਇਹ ਮਿੰਦੂ ਦਾ ਬਾਪ ਐ। ਮੈਂ ਤਾਂ ਮਿੰਦੂ ਨੂੰ ਹੀ ਜਾਣਦਾ ਸਾਂ। ਚੱਕੀ ਦੇ ਪਿਛਲੇ ਪਾਸੇ ਇਨ੍ਹਾਂ ਦਾ ਹੀ ਘਰ ਐ। ਮਿੰਦੂ ਤਾਂ ਕਈ ਵਾਰ ਸਾਡੇ ਨਾਲ਼ ਕਾਲੀ-ਕੁੱਝੀ ਖੇਡਣ ਆਇਆ ਸੀ। ਪਰ ਉਹਦਾ ਪਿਓ?
ਉੱਦੇ ਘਰ ਵੱਲ ਮੁੜਦੇ ਮੈਨੂੰ ਦੇਰ ਹੋ ਗਈ ਸੀ। ਹੋਟਲ ’ਤੇ ਗੱਪੀ ਕੋਲ ਰੁਕ ਗਿਆ ਸਾਂ। ਹਨੇਰਾ ਹੋਏ ਜਦੋਂ ਮੈਂ ਆਪਣੀ ਗਲੀ ਵੱਲ ਮੁੜਿਆ ਤਾਂ ਪਿਸ਼ਾਬ ਕਰਨ ਲਈ ਖ਼ਾਲ਼ੀ ਪਲਾਟ ’ਚ ਰੁਕ ਗਿਆ। ਸੁੰਨੇ ਪਏ ਪਲਾਟ ਦੇ ਖੂੰਜੇ ’ਚ ਮਿੰਦੂ ਦਾ ਬਾਪ ਘੁਮਾਰਾਂ ਦੀ ਬਹੂ ਠੁੱਲੀ ਨਾਲ ਗੰਦੇ ਕੰਮ ਕਰੀ ਜਾਵੇ। ਠੁੱਲੀ ਦੀ ਪੀਲੀ ਸਲਵਾਰ ਪੈਰਾਂ ਤੱਕ ਪਹੁੰਚੀ ਹੋਈ ਸੀ। ਮੈਂ ਬਥੇਰਾ ਸਾਹ ਰੋਕਣਾ ਚਾਹਿਆ ਪਰ ਘਬਰਾਹਟ ’ਚ ਖੜਕਾ ਹੋ ਗਿਆ। ਇਹ ਸਾਲਾ ਵੱਟਾ ਚੁੱਕ ਪੈ ਗਿਆ ਮੇਰੇ ਮਗ਼ਰ। ਮੈਂ ਬਿਨ੍ਹਾਂ ਜਿੱਪ ਬੰਦ ਕੀਤੇ ਹੀ ਛੂਟ ਵੱਟ ਲਈ। ਤਾਂ ਜਾ ਕੇ ਬਚੀ ਜਾਨ।
ਘੁਮਾਰਾਂ ਦੀ ਬਹੂ ਠੁੱਲੀ ਉਂਜ ਤਾਂ ਇਹੋ ਜਿਹੀ ਲੱਗਦੀ ਨਹੀਂ ਸੀ। ਮੈਂ ਸਵੇਰੇ ਜਦੋਂ ਕੰਮ ’ਤੇ ਜਾ ਰਿਹਾ ਹੁੰਦਾ ਹਾਂ ਤਾਂ ਠੁੱਲੀ ਆਪਣੇ ਪ੍ਰਾਹੁਣੇ ਫਿੱਡੇ ਨਾਲ਼ ਗੁਰਦੁਆਰੇ ਮੱਥਾ ਟੇਕਣ ਜਾਂਦੀ ਹੁੰਦੀ ਐ। ਦੋ-ਤਿੰਨ ਸਾਲ ਹੋ ਗਏ ਫਿੱਡੇ ਦੇ ਵਿਆਹ ਨੂੰ। ਫੀਨੇ ਦੀ ਚੱਕੀ ਦੇ ਬਾਹਰ ਮੇਜ ’ਤੇ ਬੈਠਾ ਜੁਲਾਹਿਆਂ ਦਾ ਭੱਪੀ ਇੱਕ ਦਿਨ ਦੂਜਿਆਂ ਨੂੰ ਕਹਿੰਦੇ ਸੁਣਿਆ ਸੀ-‘‘ਉਏ ਘੁਮਾਰਾਂ ਦੇ ਫਿੱਡੇ ਚ’ ਵੀ ਨਹੀਂ ਰਿਹਾ ਕੁਝ…ਤੌੜੇ ਬਣਾਉਂਦਾ ਈ ਰਹਿ ਗਿਆ…..ਅਜੇ ਤੱਕ ਨਹੀਂ ਖੜਕਿਆ ਘੁੱਗੂ।….ਢਿੱਡ ਵੇਖ ਲੋ ਠੁੱਲੀ ਦਾ ਟਾਂਡੇ ਵਾਂਗ ਪਿਐ।’’ ਮੈਨੂੰ ਬਹੁਤੀ ਉਹਦੀ ਗੱਲ ਦੀ ਸਮਝ ਨੀਂ ਆਈ ਸੀ। ਤੇ ਫਿਰ ਮੈਂ ਪੱਪੀ ਹੁਰਾਂ ਨਾਲ ਖੇਡਣ ਲਈ ਦੌੜ ਗਿਆ ਸਾਂ।
‘‘ਸਾਲਿਆ, ਸਾਰਾ ਦਿਨ ਖੇਡੀ ਹੀ ਜਾਵੇਂਗਾ?….ਕੱਪੜੇ ਵੇਖ ਕਿਵੇਂ ਲਬੇੜੇ ਨੇ…..ਕੱਲ ਨੂੰ ਨਵੇਂ ਭਾਲੇਂਗਾ?’’ ਕਾਣੇ ਦੀ ਉੱਚੀ ਆਵਾਜ਼ ਕੰਨਾਂ ’ਚ ਪੈਂਦੀ ਐ। ਘਾਬਰਿਆ ਜਿਹਾ ਮੈਂ ਮੁੜ ਕੇ ਵੇਖਦਾਂ। ਉਹ ਸਾਈਕਲ ’ਤੇ ਚੜ੍ਹਦੇ ਬੋਲਿਆ। ਮੈਂ ਚੁੱਪ-ਚਾਪ ਘਰ ਨੂੰ ਹੋ ਗਿਆ। ਉਹ ਸਾਇਕਲ ਦੇ ਪੈਂਡਲ ਮਾਰਦਾ ਚਲਾ ਗਿਐ।
ਹੁਣ ਇਹ ਘੁੱਦੇ ਕੇ ਹੀ ਜਾਂਦਾ ਹੋਊ। ਉਥੋਂ ਹੀ ਮਿਲ਼ਦੀ ਐ, ਇਹਨੂੰ ਭੁੱਕੀ। ਘੁੱਦਾ ਭੁੱਕੀ ਵੇਚਦੈ। ਇਹ ਉਹਦੇ ਨਵੇਂ ਗਾਹਕ ਬਣਾਉਂਦੈ। ਬਦਲੇ ’ਚ ਉਹ ਇਹਨੂੰ ਖਾਣ ਜੋਗੀ ਭੁੱਕੀ ਦੇ ਦਿੰਦੈ। ਪਤਾ ਨਹੀਂ ਇਹਨੂੰ ਭੁੱਕੀ ’ਚੋਂ ਕੀ ਲੱਭਦੈ? ਮੈਂ ਵੀ ਕਈ ਵਾਰ ਗਿਆਂ ਘੁੱਦੇ ਦੇ ਘਰੇ, ਭੁੱਕੀ ਲੈਣ ਨੂੰ। ਨਿਰੀ ਮਿੱਟੀ ਤੇ ਲੱਕੜਾਂ ਦਾ ਬੂਰਾ ਜਿਹਾ ਹੁੰਦੈ। ਲੋਕੀਂ ਵੀ ਇਹੋ ਕਹਿੰਦੇ ਨੇ। ਪਰ ਇਹ ਨੀਂ ਹਟਦਾ ਭੁੱਕੀ ਖਾਣੋਂ। ਇਹਦੀ ਤਾਂ ਭੁੱਕੀ ਨੂੰ ਵੇਖ ਜਾਨ ’ਚ ਜਾਨ ਪੈ ਜਾਂਦੀ ਐ।
ਘਰੇ ਮੇਰਾ ਬਿਲਕੁਲ ਜੀਅ ਨੀਂ ਲੱਗਦਾ। ਪਤਾ ਨੀਂ ਕੀ ਹੋ ਗਿਐ। ਮੈਨੂੰ ਇਹ ਘਰ ਬੁਰਾ ਕਿਉਂ ਲੱਗਣ ਲੱਗ ਪਿਐ। ਮੈਂ ਬਾਹਰਲੇ ਦਰਵਾਜ਼ੇ ਦੀ ਬਰੂਹ ਲੰਘ ਆਇਆਂ। ਮਾਂ ਰੋਟੀ ਬਣਾਉਣ ਦੇ ਆਹਰ ’ਚ ਲੱਗੀ ਹੋਈ ਐ। ਮੈਂ ਉਹਨੂੰ ਵੇਖਣ ਲੱਗ ਪਿਆਂ। ਮਿੰਦੂ ਦੇ ਬੋਲ ਕੰਨਾਂ ’ਚ ਗੰੂਜਣ ਲੱਗ ਪਏ ਨੇ। ਮੇਰੇ ਤੋਂ ਮਾਂ ਵੱਲ ਵੇਖਿਆ ਨੀਂ ਜਾ ਰਿਹਾ। ਅੰਦਰ ਕਮਰੇ ’ਚ ਆ ਗਿਆਂ। ਟੈਲੀਵਿਜ਼ਨ ਵੇਖਣ ਦੀ ਸੋਚਦਾਂ। ਕੀ ਪਤਾ ਇਹਦੇ ਨਾਲ ਮਨ ਹੌਲ਼ਾ ਹੋ ਜਾਵੇ? ਟੈਲੀਵਿਜ਼ਨ ਦਾ ਬਟਨ ਦੱਬਦਾਂ। ਨਵਾਂ ਪਲੱਗ ਕੁਝ ਦਿਨ ਪਹਿਲੋਂ ਹੀ ਲਾਇਐ-ਕਾਣੇ ਨੇ। ਅੰਦਰੋਂ ਡਰ ਆਉਣ ਲੱਗ ਪਿਐ। ਟੈਲੀਵਿਜ਼ਨ ਚੱਲ ਪਿਐ। ਪਰ ਮੇਰਾ ਡਰ ਵਧਣ ਲੱਗਾ ਐ। ਹੈਂ। ਇਹ ਟੈਲੀਵਿਜ਼ਨ ’ਤੇ ਸੀਬੋ ਕਿਵੇਂ ਖ਼ਬਰਾਂ ਪੜ੍ਹਨ ਲੱਗ ਪਈ?
ਅੱਖਾਂ ਮਸਲਦਾਂ। ਨਹੀਂ, ਇਹ ਸੀਬੋ ਨੀਂ। ਖਬਰਾਂ ਪੜ੍ਹਨ ਵਾਲੀ ਕੁੜੀ ਐ। ਖਿੱਝ ਜਿਹੀ ਚੜ੍ਹ ਗਈ ਐ। ਐਵੇਂ ਝੂਠ ਬੋਲੀ ਜਾਂਦੀ ਐ ਪੜ੍ਹ-ਪੜ੍ਹ ਕੇ।’’ ਪਤਾ ਨਹੀਂ ਕਿਵੇਂ ਬੋਲਿਆ ਗਿਐ।
ਮੈਂ ਪੜ੍ਹਿਆ-ਲਿਖਿਆ ਹੁੰਦਾ ਤਾਂ ਕਿੰਨਾ ਚੰਗਾ ਸੀ। ਪਰ ਚੌਥੀ ’ਚੋਂ ਹੀ ਹਟ ਗਿਆ। ਫਿਰ ਸਕੂਲ ਨੀਂ ਜਾ ਸਕਿਆ। ਉੱਥੇ ਮਾਸਟਰ ਦਾ ਗੋਲ-ਮੋਲ ਡੰਡਾ ਸੀ-‘‘ਜਿਹਦੇ ਵਰਦੀ ਨੀਂ ਪਾਈ ਖੜ੍ਹੇ ਹੋ ਜਾਓ।’’ ਮੈਂ ਖੜ੍ਹ ਜਾਂਦਾ ਤਾਂ ਅੱਗੋਂ ਬੋਲਦਾ-‘‘ਉਏ ਤੂੰ ਗੰਨੇ ਦੀ ਪੋਰੀ ਬੈਠ ਜਾ। ਐਵੇਂ ਗਲ ਪਏਂਗਾ।’’ ਮਾਸਟਰ ਵੀ ਕੁੱਟ-ਕੁੱਟ ਕੇ ਥੱਕ ਗਿਆ ਸੀ ਮੈਨੂੰ। ਪਰ ਮੇਰੀ ਵਰਦੀ ਨਵੀਂ ਨੀਂ ਆਈ ਸੀ। ਬਾਪੂ ਤਾਂ ਘਰ ਨੀਂ ਸੀ ਆਉਂਦਾ। ਬਾਹਰ ਹੀ ਕਿਤੇ ਰਹਿਣ ਲੱਗ ਪਿਆ ਸੀ। ਫਿਰ ਪੈਸੇ ਕਿੱਥੋਂ ਮਿਲਦੇ?…ਮਾਂ ਤਾਂ ਰੋਟੀ-ਪਾਣੀ ਦਾ ਹੀ ਮਸ੍ਹਾਂ ਕਰਦੀ ਸੀ। ਵਰਦੀ ਕਿਵੇਂ ਆਉਂਦੀ? ਰਹਿ ਗਈ ਦਾਦੀ, ਉਹ ਮੰਜੇ ’ਤੇ ਬੈਠੀ ਹੀ ‘ਵਾਗੁਰੂ-ਵਾਗੁਰੂ’ ਕਰਦੀ ਰਹਿੰਦੀ ਸੀ, ਅਧਰੰਗ ਸੀ ਉਸਨੂੰ।
ਬਾਪੂ ਘਰ ਮਹੀਨੇ-ਦੋ ਮਹੀਨੇ ਬਾਅਦ ਹੀ ਵੜਦਾ। ਯੂ.ਪੀ. ’ਚ ਗੁਰਦੁਆਰਾ ਸਾਂਭ ਲਿਆ ਸੀ, ਉਹਨੇ। ਜਦੋਂ ਉਹ ਇੱਧਰ ਹੁੰਦਾ ਸੀ ਤਾਂ ਬੜਾ ਨਜ਼ਾਰਾ ਸੀ। ਗੁਰਦੁਆਰੇ ’ਚ ਪਾਠੀ ਸੀ, ਉਹ। ਮੈਂ ਤੇ ਮੇਰੀ ਭੈਣ ਛੋਟੇ ਸਾਂ ਉਦੋਂ। ਚੰਗੇ ਪੈਸੇ ਹੁੰਦੇ ਸੀ ਸਾਡੇ ਕੋਲ। ਅਸੀਂ ਗੁਰਦੁਆਰੇ ਦੀ ਗੋਲਕ ’ਚੋਂ ਪੈਸੇ ਕੱਢ ਲੈਂਦੇ। ਬੜ੍ਹੀਆਂ ਚੀਜ਼ਾਂ ਖਾਂਦੇ। ਗੁਲਕੋਜ਼ ਦਾ ਨਵਾਂ-ਨਵਾਂ ਬਿਸਕੁਟਾਂ ਦਾ ਪੈਕਟ ਚੱਲਿਆ ਸੀ, ਮੈਂ ਬੜ੍ਹਾ ਖਾਧੈ। ਹੁਣ ਤਾਂ ਆਹ ਹੋਰ ਹੀ ਤਰ੍ਹਾਂ ਦੇ ਚਟਮੋਲੇ ਜਿਹੇ ਚੱਲ ਪਏ।
ਇਹੋ-ਜਿਹੇ ਸਮੇਂ ’ਚ ਹੀ ਦਾਦੀ ਰੱਬ ਕੋਲ ਚਲੀ ਗਈ। ਬਾਪੂ ਨੂੰ ਮਸਾਂ ਫੋਨ ਕਰ ਬੁਲਾਇਆ ਸੀ ਮਾਂ ਨੇ। ਪਹੁੰਚਿਆ ਉਹ ਫੇਰ ਵੀ ਸਸਕਾਰ ਤੋਂ ਇੱਕ ਦਿਨ ਬਾਅਦ ਸੀ। ਤਾਏ-ਚਾਚੇ ਤਾਂ ਪਹਿਲੋਂ ਹੀ ਸਾਡੇ ਨਾਲ ਘੱਟ ਬੋਲਦੇ ਸਨ। ਦਾਦੀ ਸਾਡੇ ਕੋਲ ਹੀ ਰਹਿੰਦੀ ਸੀ। ਪਹਿਲਾਂ ਉਨ੍ਹਾਂ ਵੀ ਸਾਰ ਨਾ ਲਈ। ਫੇਰ ਅੱਖਾਂ ਸਜਾਈ ਫਿਰਨ ਝੂਠੀ-ਮੂਠੀ ਦੀਆਂ। ਪਰ ਬਣਦਾ ਹਿੱਸਾ ਉਨ੍ਹਾਂ ਵੀ ਪਾ ਦਿੱਤਾ ਸੀ। ਬਾਪੂ ਨੂੰ ਇਹ ਦਸ-ਬਾਰਾਂ ਦਿਨ ਲੰਘਾਉਣੇ ਬੜ੍ਹੇ ਔਖੇ ਲੱਗੇ। ਘਰ ਰਹਿੰਦਿਆਂ ਵੀ ਉਹ ਜ਼ਿਆਦਾ ਚੁੱਪ ਹੀ ਰਹਿੰਦਾ। ਬਸ ਚਲਾਵੀਂ ਜਿਹੀ ਗੱਲ ਕਰਦਾ। ਭੋਗ ਤੋਂ ਦੋ ਦਿਨਾਂ ਬਾਅਦ ਹੀ ਉਹ ਵਾਪਸ ਯੂ.ਪੀ. ਚਲਿਆ ਗਿਆ। ਮਾਂ ਨੇ ਬਥੇਰਾ ਰੌਲਾ ਪਾਇਆ ਪਰ ਉਹਨੇ ਇੱਕ ਨਾ ਮੰਨੀ।
ਫਿਰ ਤਾਂ ਉਹ ਮਸਾਂ ਤਿਮਾਹੀ-ਛਿਮਾਹੀ ਹੀ ਆਉਂਦਾ। ਮੇਰੀ ਪੜ੍ਹਾਈ ਟੁੱਟ ਗਈ। ਮੈਂ ਕੰਮ ’ਤੇ ਲੱਗ ਗਿਆ ਚਾਰ ਸੌ ਮਿਲ਼ਦੇ ਸਨ ਮਹੀਨੇ ਦੇ ਉਦੋਂ। ਸਾਰਾ ਦਿਨ ਹੋਟਲ ’ਤੇ ਭਾਂਡੇ ਮਾਂਜਦਾ ਰਹਿੰਦਾ। ਭਾਂਡੇ ਤਾਂ ਪਤਾ ਨਹੀਂ ਕਿਵੇਂ ਧੋਤੇ ਜਾਂਦੇ ਸਨ, ਮੈਂ ਤਾਂ ਘਰ ਦੀਆਂ ਗੱਲਾਂ ਨੂੰ ਹੀ ਮਾਂਜ-ਮਾਂਜ ਚਮਕਾਂਦਾ ਰਿਹਾ ਸਾਂ।
ਉਹਨਾਂ ਦਿਨਾਂ ’ਚ ਹੀ ਕਾਣਾ ਘਰ ਆ ਗਿਆ। ਪਹਿਲੀ ਵਾਰ ਮੈਂ ਜਦੋਂ ਇਹਨੂੰ ਵੇਖਿਆ। ਉਦੋਂ ਇਹ ਮੰਜੇ ’ਤੇ ਬੈਠਾ ਸਬਜ਼ੀ ਕੱਟੀ ਜਾਵੇ, ਗੋਭੀ ਦੀ। ਮਾਂ ਮੇਰੇ ਨਾਲ਼ ਕੁਝ ਨਾ ਬੋਲੀ। ਸਗੋਂ ‘ਚਾਹ ਪੀ ਲੈ’ ਆਖ ਗਾਂ ਨੂੰ ਪੱਠੇ ਪਾਉਣ ਚਲੀ ਗਈ ਸੀ।
ਦੋ-ਚਾਰ ਦਿਨਾਂ ਬਾਅਦ ਪਤਾ ਲੱਗਾ ਕਿ ਇਹ ਤਾਂ ਸਾਡੇ ਘਰ ਪੱਕਾ ਹੀ ਰਹਿਣ ਆ ਗਿਐ। ਪਹਿਲਾਂ-ਪਹਿਲਾਂ ਇਹ ਸਾਡੇ ਨਾਲ ਬੜਾ ਲਾਡ ਕਰਦਾ। ਚੀਜ਼ਾਂ ਖਾਣ ਲਈ ਵੀ ਲੈ ਕੇ ਆਉਂਦਾ। ਮੇਰੀ ਭੈਣ ਇਹਨੂੰ ਬਾਪੂ ਕਹਿਣ ਲੱਗ ਪਈ। ਮੈਥੋਂ ਨੀਂ ਅੱਜ ਤੱਕ ਆਖ ਹੋਇਆ ਬਾਪੂ। ਮੈਂ ਤਾਂ ਇਹਨੂੰ ਚਾਚਾ ਹੀ ਕਹਿੰਦਾ ਹਾਂ। ਉਹ ਵੀ ਅਨਮੰਨੇ ਜਿਹੇ ਮਨ ਨਾਲ਼।
ਫਿਰ ਇਹ ਘਰ ’ਚ ਲੜਨ ਲੱਗ ਪਿਆ। ਇਕ ਦਿਨ ਮਾਂ ਨੂੰ ਗਾਲਾਂ ਕੱਢਣ ਲੱਗਾ-‘‘ਭੈਣ ਚੋਂ…ਮੈਂ ਨੀ ਲਵਾਉਂਦਾ ਜ਼ਮੀਨ-ਜਮੂਨ….ਇਵੇਂ ਰਹੂੰ ਮੈਂ ਤਾਂ….ਕਰ ਲੈ ਜਿਹੜਾ ਕੁਝ ਕਰਨੈ।’’ ਮਾਂ ਰੋਣ ਲੱਗ ਪਈ। ਮੈਂ ਰੋਂਦੇ ਵੇਖ ਉਹਦੇ ਕੋਲ ਆਇਆ ਤਾਂ ਇਹਨੇ ਇੱਕ ਥੱਪੜ ਮੇਰੇ ਕੱਢ ਮਾਰਿਆ। ਮੇਰੇ ਕੰਨ ਟੀਂ-ਟੀਂ ਕਰਨ ਲੱਗ ਪਏ। ਮਾਂ ਨੇ ਮਸ੍ਹਾਂ ਛਡਾਇਆ-‘‘ਮੈਂ ਜਾਨੀ ਆਂ ਠਾਣੇ…..ਤੰੂ ਮੇਰੇ ਪੁੱਤ ਨੂੰ ਕੁੱਟਦੈਂ।’’
ਪਰ ਮਾਂ ਠਾਣੇ-ਠੂਣੇ ਕੋਈ ਨਹੀਂ ਗਈ। ਐਵੇਂ ਗੱਲਾਂ ਹੀ ਕਰਦੀ ਰਹੀ ਸੀ। ਮਾਂ ਕੁਝ ਕਹਿੰਦੀ ਹੀ ਨਹੀਂ ਇਹਨੂੰ। ਤਾਂਹੀਓਂ ਤਾਂ ਸਾਲਾ ਭੂਤਰਿਆ ਫਿਰਦੈ। ਉਂਜ ਮੈਨੂੰ ਲੱਗਦੈ ਮਾਂ ਡਰਦੀ ਐ, ਏਸ ਕੋਲੋਂ। ਇਹ ਮੈਨੂੰ ਉਦੋਂ ਪਤਾ ਚੱਲਿਆ, ਜਦੋਂ ਮਾਂ ਫੱਤੋ ਮਾਸੀ ਨਾਲ ਗੱਲੀਂ ਲੱਗੀ ਹੋਈ ਸੀ। ਮੈਂ ਮੰਜੇ ’ਤੇ ਲੇਟਿਆ, ਉਹਨਾਂ ਭਾਣੇ ਸੁੱਤਾ ਪਿਆ ਸਾਂ।
‘‘ਨੀਂ ਭੈਣੇ…..ਹੋਰ ਕਰਾਂ ਵੀ ਕੀ, ਤੈਨੂੰ ਪਤੈ ਬੰਦੇ ਬਿਨ੍ਹਾਂ ਕੋਣ ਸਿਆਣਦੈ ਘਰ ਨੂੰ….ਤਾਂਹੀਓਂ ਚੁੱਪ ਵੱਟ ਲੈਂਦੀ ਆਂ..ਮੇਰੇ ਤਾਂ ਕਰਮ ਈ ਮਾੜੇ ਆ।….ਪਹਿਲਾ ਵੀ ਮੇਰਾ ਕਸੂਰ ਕੱਢ ਕੇ ਤੁਰ ਗਿਆ ਆਪ ਉੱਥੇ ਭਈਏ ਰਾਣੀ ਨਾਲ਼ ਰਹਿੰਦੈ….ਤੇ ਆਹ ਦੂਜਾ ਕਾਟੋ-ਕਲੇਸ਼ ਪਾਈ ਰੱਖਦੈ।’’
‘‘ਚੱਲ ਭੈਣੇ…..ਹੁਣ ਤਾਂ ਵਕਤ ਹੀ ਲੰਘਾਉਣੈ।….ਢਿੱਡ ਤਾਂ ਬਥੇਰਾ ਮਚਦੈ…..ਆਹ ਲੰਡੀ-ਲੀਡ ਬਾਰੇ ਸੋਚ ਕੇ ਹੀ ਸਬਰ ਕਰਨਾ ਪਊ…..।….ਤੇਰੇ ਤਾਂ ਜੇ ਫੇਰ ਵੀ ਛੋਟੇ ਨੇ…..ਮੇਰਾ ਮੁੰਡਾ ਤਾਂ ਡੇਲੇ ਕੱਢਦਾ ਰਹਿੰਦੈ…..ਅਖੇ ਤੂੰ ਉੱਥੇ ਕਿਉਂ ਗਈ?….ਤੰੂ ਬਾਰ ’ਚ ਕਿਉਂ ਖੜ੍ਹੀ?….ਫਲਾਣਾ ਕੀ ਕਰਨ ਆਇਆ ਸੀ?’’
ਕਿੰਨਾ ਚਿਰ ਫੱਤੋ ਮਾਸੀ ਬੋਲਦੀ ਰਹੀ। ਤੇ ਫਿਰ ਉਹਨੂੰ ਘਰੋਂ ਹਾਕ ਵੱਜਗੀ। ਇਹ ਫੱਤੋ ਮਾਸੀ ਊਂ ਤਾਂ ਚੰਗੀ ਐ। ਪਰ ਉੱਦੇ ਦੀ ਮੈਨੂੰ ਬੜੀ ਭੈੜੀ ਲੱਗਦੀ ਐ। ਜਦੋਂ ਦਾ ਮੈਂ ਇਹਨੂੰ ਬਸ ਅੱਡੇ ’ਚ ਡਰਾਇਵਰ ਨਾਲ਼ ਹੱਸਦੇ ਵੇਖਿਐ। ਮੇਰੇ ਨਾਲ ਵੀ ਬੜ੍ਹੀਆਂ ਸ਼ਰਾਰਤਾਂ ਕਰਦੀ ਐ। ਇੱਕ ਵਾਰ ਮੇਰੀ ਨਿੱਕਰ ਖਿੱਚ ਕੇ ਕਹਿਣ ਲੱਗੀ -‘‘ਵੇਖਾਂ ਤੇਰੀ ਤੋਤੋ ਬੋਲਦੀ ਐ ਕਿ ਨਹੀਂ?’’ ਉਹਦੀ ਗੱਲ ਸੁਣ ਮਾਂ ਵੀ ਮੁਸਕੜੀਏਂ ਹੱਸਣ ਲੱਗੀ ਸੀ। ਉੱਦੇ ਸਾਰੀ ਰਾਤ ਮੈਂ ਇਸੇ ਗੱਲ ਬਾਰੇ ਹੀ ਸੋਚਦਾ ਰਿਹਾ ਕਿ ਤੋਤੋ ਵੀ ਬੋਲਦੀ ਹੁੰਦੀ ਐ ਜਾਂ ਫੱਤੋ ਮਾਸੀ ਨੇ ਊਂਈ ਝੇਡ ਕੀਤੀ ਸੀ।
ਕਾਣਾ ਫੱਤੋ ਮਾਸੀ ਦੇ ਘਰ ਆਉਣ ’ਤੇ ਬੜਾ ਖੁਸ਼ ਹੁੰਦੈ। ਇਹਦੇ ਨਾਲ ਗੱਲੀਂ-ਬਾਤੀਂ ਹੱਸੀ ਵੀ ਜਾਂਦੀ ਐ।….ਇੱਕ ਦਿਨ ਮਾਂ ਕਿਤੇ ਬਾਹਰ ਗਈ ਹੋਈ ਸੀ। ਰੋਟੀ ਮੇਰੀ ਦੋ ਵਜੇ ਤੱਕ ਵੀ ਨਾ ਆਈ। ਮੈਂ ਸਾਈਕਲ ਨਾਲ਼ ਦੀ ਦੁਕਾਨ ਵਾਲ਼ੇ ਤੋਂ ਮੰਗ ਘਰ ਆ ਕੁੰਡਾ ਖੜਕਾਇਆ। ਤਾਂ ਕਾਣਾ ਟੁੱਟ ਕੇ ਪੈ ਗਿਆ-‘‘ਇੰਨੀ ਧੁੱਪ ’ਚ ਵੀ ਨੀਂ ਟਿਕ ਬੈਠ ਹੁੰਦਾ…..ਸਾਲਿਆ ਰੋਟੀ ਨੂੰ ਇੱਥੇ ਤੇਰੀ ਬਹੂ ਬੈਠੀ ਐ।’’ ਮੈਂ ਡਰਦਾ ਮੁੜਨ ਲੱਗਾ ਤਾਂ ਮੈਨੂੰ ਫੱਤੋ ਮਾਸੀ ਦੀ ਆਵਾਜ਼ ਸੁਣਾਈ ਦਿੱਤੀ-‘‘ਮੇਰਾ ਤਾਂ ਨੀਂ ਪਤਾ ਲੱਗਾ।’’
‘‘ਨਹੀਂ ਤੂੰ ਚੱਲ ਅੰਦਰ।’’ ਕਾਣਾ ਬੋਲਿਆ ਸੀ।
ਵਾਪਸ ਦੁਕਾਨ ਤੱਕ ਆਉਂਦਿਆਂ ਮੈਨੂੰ ਕਾਣਾ ਤੇ ਫੱਤੋ ਮਾਸੀ ਹੀ ਦਿਖਦੇ ਰਹੇ।
‘‘ਖਾ ਆਇਆ ਰੋਟੀ’’ ਮਾਲਕ ਨੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ-‘‘ਘਰੇ ਜਿੰਦਾ ਲੱਗਾ ਸੀ।’’
ਉਹਨੇ ਪੰਜ ਰੁਪਏ ਦੇ ਸਮੋਸਾ ਖਾਣ ਲਈ ਭੇਜ ਦਿੱਤਾ। ਪਰ ਮੇਰੇ ਤੋਂ ਸਮੋਸਾ ਨਾ ਖਾਧਾ ਗਿਆ। ਜੀ ਕਰਦਾ ਸੀ ਕਿ ਕਾਣੇ ਤੇ ਫੱਤੋ ਮਾਸੀ ਦੇ ਕੁੱਟ-ਕੁੱਟ ਚਿੱਤੜ ਸੇਕ ਦੇਵਾਂ।
ਫੱਤੋ ਮਾਸੀ ਦਾ ਛੋਟਾ ਮੁੰਡਾ ਮੇਰਾ ਆੜੀ ਐ। ਮੀਟ ਵਾਲ਼ੀ ਰੇਹੜੀ ’ਤੇ ਕੰਮ ਕਰਦੈ। ਜਦੋਂ ਉਹਦਾ ਮਾਲਕ ਨਾ ਹੋਵੇ ਤਾਂ ਇੱਕ-ਅੱਧ ਬੋਟੀ ਮੈਨੂੰ ਵੀ ਖਾਣ ਨੂੰ ਦੇ ਦਿੰਦੈ। ਛੁੱਟੀ ਉਹਨੂੰ ਕੋਈ ਨੀਂ ਮਿਲ਼ਦੀ। ਮਸਾਂ ਦੋ ਤਿੰਨ ਮਹੀਨਿਆਂ ਬਾਦ ਹੀ ਕਰਦੈ ਛੁੱਟੀ।
ਤੇ ਮਾਸੀ ਦਾ ਵੱਡਾ ਮੁੰਡਾ ਗੋਲੂ ਬਿਜਲੀ ਦੀ ਦੁਕਾਨ ’ਤੇ ਲੱਗਿਐ। ਬੜਾ ਚਲਾਕ ਐ। ਬਣ-ਫੱਬ ਕੇ ਰਹਿੰਦੈ। ਵਾਲ ਵੀ ਸਲਮਾਨ ਖਾਨ ਵਾਂਗ ਲੰਬੇ ਰੱਖੇ ਹੋਏ ਨੇ।…ਆਪਣੀ ਸਾਰੀ ਤਨਖਾਹ ‘ਕੱਲਾ ਹੀ ਖ਼ਰਚਦੈ। ਸ਼ਾਮ ਨੂੰ ਇਹ ਫੀਨੇ ਦੀ ਚੱਕੀ ਦੇ ਬਾਹਰ ਮੇਜ ’ਤੇ ਬਹਿੰਦੈ। ਉਥੋਂ ਦਾਗਲ ਦਾ ਘਰ ਜੁ ਦਿੱਸਦੈ। ਦਾਗਲ ਦੀ ਕੁੜੀ ਕਾਲੋ ਨਾਲ਼ ਕੋਈ ਚੱਕਰ ਚੱਲਦਾ ਏ ਇਹਦਾ। ਇੱਕ ਵਾਰ ਗਾਨੀ ਜਿਹੀ ਫੜ੍ਹਾ ਕੇ ਮੈਨੂੰ ਕਹਿਣ ਲੱਗਾ-‘‘ਲੈ ਕਾਲੋ ਨੂੰ ਫੜ੍ਹਾ ਆ।’’ ਮੈਂ ਨਾਂਹ ਕਰ ਦਿੱਤੀ ਤਾਂ ਦੋ ਦਾ ਸਿੱਕਾ ਮੇਰੀ ਮੁੱਠੀ ’ਚ ਤੰੁਨਦਾ ਬੋਲਿਆ-‘‘ਜੇ ਹੁਣ ਨਾਂਹ ਕਰੀ ਤਾਂ ਲਫੇੜਾ ਵੱਜੂ।’’
ਮੈਂ ਅਜੇ ਦਾਗਲ ਦੇ ਘਰ ਕੋਲ ਹੀ ਗਿਆ ਸਾਂ ਕਿ ਕਾਲੋ ਨੇ ਇਸ਼ਾਰਾ ਕਰ ਆਪਣੇ ਕੋਲ ਬੁਲਾ ਲਿਆ। ਜਦੋਂ ਮੈਂ ਕੋਲ ਆਇਆ ਤਾਂ ਝੱਟ ਗਾਨੀ ਖੋਹ ਕੇ ਬੋਲੀ-‘‘ਕਿਸੇ ਨੂੰ ਦੱਸੀਂ ਨਾ ਵੀਰ ਬਣ ਕੇ।’’
ਸਾਲੀ ਲਫੰਡਰ ਜਿਹੀ ‘ਵੀਰ’ ਸੁਣ ਕੇ ਮੈਨੂੰ ਗੁੱਸਾ ਆ ਗਿਆ ਸੀ। ਇਸ ਤੋਂ ਬਾਦ ਮੈਂ ਜਦੋਂ ਵੀ ਗੋਲੂ ਜਾਂ ਕਾਲੋ ਨੂੰ ਵੇਖਦਾਂ, ਤਾਂ ਪਰ੍ਹਾਂ ਨੂੰ ਸਰਕ ਜਾਨਾਂ। ਕੀ ਪਤਾ ਸਾਲੇ ਕਿਤੇ ਹੋਰ ਹੀ ਨਾ ਫਸਾ ਦੇਣ। ਪਰ ਘੱਟ ਇਹ ਵੀ ਨੀਂ। ਇਨ੍ਹਾਂ ਭੂਰੀ ਘਰੇ ਮਿਲ਼ਣਾ ਸ਼ੁਰੂ ਕਰ ਦਿੱਤਾ।
ਭੂਰੀ ਸਾਡੀ ਗਲੀ ’ਚ ਨਵੀਂ ਹੀ ਆਈ ਐ। ਪ੍ਰਾਹੁਣਾ ਉਹਦਾ ਬੁੱਢਾ ਜਿਹੈ। ਕੁੱਬ ਪਾ ਕੇ ਤੁਰਦੈ। ਬਾਹਰ ਤਾਂ ਘੱਟ ਈ ਨਿਕਲ਼ਦੈ, ਘਰ ’ਚ ਈ ਜ਼ਿਆਦਾ ਰਹਿੰਦੈ। ਸਾਡੀ ਸਾਰੀ ਗਲੀ ’ਚ ਚਰਚੈ, ਉਹਦੀ। ਪਹਿਲਾਂ ਭੂਰੀ ਦੇ ਘਰ ਕਦੇ-ਕਦੇ ਈ ਕੋਈ ਬੰਦਾ ਆਉਂਦਾ-ਜਾਂਦਾ ਸੀ, ਪਰ ਹੁਣ ਤਾਂ ਕੋਈ ਭੇਤ ਈ ਨੀਂ। ਦਿਨ ’ਚ ਦੋ-ਦੋ, ਤਿੰਨ-ਤਿੰਨ ਬੰਦੇ ਆਉਂਦੇ ਜਾਂਦੇ ਨੇ। ਇਹ ਆਪ ਬਾਹਰ ਚੌਂਕੀਦਾਰੀ ਕਰਦੈ। ਤੇ ਭੂਰੀ ਉਹਨਾਂ ਦਾ ਟਾਈਮ-ਪਾਸ!
ਸਾਡੀ ਗਲੀ ਦੀ ਮੁੰਡੀਰ ਨੇ ਆਪਣੇ ਕੰਨੀਂ, ਚੋਰੀ ਦਰਵਾਜ਼ੇ ਕੋਲ ਖੜ੍ਹ ਕੇ ਸੁਣਿਐ, ਇਹਨੂੰ ਬੰਦਿਆਂ ਨਾਲ਼ ਗੱਲਾਂ ਕਰਦੇ-‘‘ਬਈ ਸੌ ਤੋਂ ਪੰਜੀ ਵੀ ਘੱਟ ਨੀਂ…ਰੋਟੀ-ਪਾਣੀ ਕਿਵੇਂ ਆਊ?’’
ਭੂਰੀ ਸਾਡੀ ਗਲੀ ਦੇ ਕਿਸੇ ਵੀ ਘਰ ਨੀਂ ਕਦੇ ਆਈ ਗਈ। ਬਸ ਘਰ ਦੇ ਵਿਹੜੇ ’ਚ ਹੀ ਤੁਰਦੀ-ਫਿਰਦੀ ਵਿਖ ਜਾਂਦੀ ਐ, ਜਦੋਂ ਅਸੀਂ ਊਚ-ਨੀਚ ਖੇਡਦੇ ਕੰਧ ’ਤੇ ਚੜ੍ਹੇ ਹੁੰਦੇ ਆਂ ਉਦੋਂ। ਸਾਨੂੰ ਵੇਖ ਸੀਟੀ ਮਾਰ ਕੇ ਅੱਖ ਦੱਬ ਦਿੰਦੀ ਐ। ਕੁੱਬਾ ਡਾਂਗ ਚੁੱਕ ਸਾਡੇ ਵੱਲ ਉਲਾਰਦਾ ਗਾਲ੍ਹਾਂ ਕੱਢਣ ਲੱਗ ਪੈਂਦੈ। ਅਸੀਂ ਦੌੜ ਜਾਂਦੇ ਆਂ ਉਦੋਂ ਨੂੰ।
ਏਸ ਕੁੱਬੇ ਨਾਲ ਦਾਗਲ ਵੀ ਲੜ ਪਈ ਸੀ ਇੱਕ ਵਾਰ। ਉਹ ਕਹਿੰਦਾ-‘‘ਤੂੰ ਆਪਣੀ ਕਾਲੋ ਨੂੰ ਸਮਝਾ….ਮੈਂ ਕੀ ਤੇਰੇ ਘਰੋਂ ਬੁਲਾਉਣ ਜਾਨਾਂ।’’ ਫਿਰ ਉਹ ਚੁੱਪ ਕਰ ਵਾਪਸ ਆ ਗਈ।
ਦਾਗਲ ਦੀ ਵੱਡੀ ਕੁੜੀ ਭੱਜੋ, ਪਹਿਲਾਂ ਭੱਜ ਗਈ ਸੀ ਧਾਨਕਿਆਂ ਦੇ ਮੁੰਡੇ ਨਾਲ! ਉਹਨੇ ਵਿਆਹ ਕਰਾ ਲਿਆ ਸੀ ਉਹਦੇ ਨਾਲ! ਮੁੜ ਕੇ ਵਾਪਸ ਨੀਂ ਆਈ। ਉਦੋਂ ਕਾਫ਼ੀ ਲਫੜਾ ਪੈ ਗਿਆ ਸੀ। ਲੋਕੀ ਕਹਿੰਦੇ ਦਾਗਲ ਆਪ ਗੰਦੀ ਐ। ਤਾਹੀਓਂ ਇਹਦੀ ਕੁੜੀ ਭੱਜਗੀ। ਕਾਲੋ ਦੇ ਪਿਓ ਦਾ ਕਿਸੇ ਨੂੰ ਕੋਈ ਪੱਕਾ ਪਤਾ ਨੀਂ। ਕੋਈ ਕਹਿੰਦਾ ਇਹਨੂੰ ਛੱਡ ਗਿਆ, ਕੋਈ ਕਹਿੰਦਾ ਦਾਗਲ ਨੇ ਆਪ ਮਾਰ ਦਿੱਤਾ।
‘‘ਟਰੱਕ ਡਰੈਵਰ ਸੀ, ਐਕਸੀਡੈਂਟ ਹੋ ਗਿਆ ਉਹਦਾ।’’ ਮੇਰੀ ਮਾਂ ਤਾਂ ਇਹੋ ਕਹਿੰਦੀ ਰਹਿੰਦੀ ਹੈ, ਜਦੋਂ ਦਾਗਲ ਦੇ ਪ੍ਰਾਹੁਣੇ ਦੀ ਕੋਈ ਗੱਲ ਛਿੜੇ।
ਇਹ ਸਾਡੇ ਵਾਲ਼ਾ ਕਾਣਾ ਵੀ ਪਹਿਲਾਂ ਟਰੱਕ ਡਰੈਵਰੀ ਕਰਦਾ ਹੰੁਦਾ ਸੀ। ਇੱਕ ਦਿਨ ਦੂਏ ਪਾਸਿਓਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਹਦੇ ਟਰੱਕ ਦੀ। ਮੂਹਰਲਾ ਸ਼ੀਸ਼ਾ ਤਿੜਕ ਕੇ ਇਹਦੀ ਅੱਖ ’ਚ ਆ ਵੱਜਿਆ। ਗਲ਼ਤੀ ਇਹਦੀ ਹੀ ਸੀ, ਸ਼ਰਾਬ ਪੀਤੀ ਸੀ ਇਹਨੇ। ਹਸਪਤਾਲ ’ਚ ਡਾਕਟਰਾਂ ਇਹਦੀ ਅੱਖ ਕੱਢ ਦਿੱਤੀ। ਕਹਿੰਦੇ ਜੇ ਨਾ ਕੱਢਦੇ ਤਾਂ ਸ਼ੀਸ਼ਾ ਇਹਦੇ ਦਿਮਾਗ਼ ਦੀ ਨਾੜੀ ਤੱਕ ਪਹੰੁਚ ਜਾਂਦਾ। ਇਹ ਠੀਕ ਹੋਇਆ ਤਾਂ ਲੋਕਾਂ ਇਹਦਾ ਨਾਂ ਹੀ ਕਾਣਾ ਪੱਕਾ ਲਿਆ। ਮੈਂ ਵੀ ਤਾਂ ਇਹਨੂੰ ਕਾਣਾ ਹੀ ਕਹਿੰਦਾ ਹਾਂ।
ਪਰ ਮੈਨੂੰ ਤਾਂ ਅਜੇ ਵੀ ਇੰਜ ਲੱਗਦੈ ਕਿ ਸ਼ੀਸ਼ਾ ਇਹਦੇ ਦਿਮਾਗ਼ ’ਚ ਵੜਿਆ ਹੋਇਐ। ਤਾਂਹੀਓਂ ਤਾਂ ਸਾਲਾ ਇਹੋ-ਜਿਹੇ ਕੰਮ ਕਰਦੈ। ਤੇ ਉਦੋਂ ਵੀ ਇਹ ਮੈਨੂੰ ਪਾਗਲ ਹੀ ਲੱਗਿਆ। ਰੋਟੀ ਖਾ ਰਹੇ ਸਾਂ ਘਰੇ। ਕਿਸੇ ਨੇ ਬਾਹਰਲਾ ਦਰਵਾਜ਼ਾ ਖੜ੍ਹਕਾ ਦਿੱਤਾ। ਮਾਂ ਨੇ ਖੋਲ੍ਹਿਆ ਤਾਂ ਇੱਕ ਜੀਨ ਵਾਲ਼ਾ ਮੁੰਡਾ ਉਹਨੂੰ ਸੌ ਦਾ ਨੋਟ ਫੜ੍ਹਾਉਣ ਲੱਗਾ। ਉਹਨੇ ਇਸ਼ਾਰਾ ਕਰ ਕਾਣੇ ਨੂੰ ਕੋਲ ਬੁਲਾ ਲਿਆ। ਇਹ ਝੱਟ ਉੁੱਠ ਖੜਿਆ-‘‘ਹਾਂ ਬਈ, ਕੀ ਗੱਲ ਐ?’’
‘‘ਮੈਂ ਤਾਂ ਉਹੋ ਕੰਮ ਆਇਆਂ-ਆਹ ਲੋ ਸੌ ਦਾ ਨੋਟ!’’ ਸੰਗਦਾ ਜਿਹਾ ਉਹ ਮਸ੍ਹਾਂ ਬੋਲਿਆ ਸੀ। ਕਾਣੇ ਨੇ ਉਹਨੂੰ ਗਲਾਵੇਂ ਤੋਂ ਫੜ੍ਹ ਅੰਦਰ ਖਿੱਚ ਲਿਆ ਸੀ। ਮਾਂ ਨੇ ਬਾਹਰਲਾ ਕੁੰਡਾ ਲਾ ਦਿੱਤਾ-
‘‘ਰੰਡੀ ਦਾ ਕੋਠਾ ਏ!’’ ਇੱਕ ਘਸੁੰਨ ਉਹਦੇ ਮੰੂਹ ’ਤੇ ਮਾਰਦਿਆਂ ਕਾਣਾ ਬੋਲਿਆ।
‘‘ਮੈਂ ਤਾਂ…..ਮੈਂ ਤਾਂ…..।’’ ਉਹਦੇ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਗੁੱਸਾ ਪਤਾ ਨਹੀਂ ਕਿਉਂ ਮੈਨੂੰ ਵੀ ਆ ਗਿਆ, ਮੈਂ ਵੀ ਦੋ ਲਫੇੜੇ ਜੜ ਦਿੱਤੇ। ਕਾਣਾ ਤੇ ਮਾਂ ਵੀ ਉਹਨੂੰ ਚਿੰਬੜ ਗਏ।
‘‘ਮੈਨੂੰ ਮਾਫ਼ ਕਰ ਦਿਓ….ਗਲ਼ਤੀ ਹੋਗੀ….ਮੈਂ ਤਾਂ ਭੂਰੀ ਦਾ ਘਰ ਸਮਝ ਕੇ ਆ ਗਿਆ। ਉਹ ਤਰਲੇ-ਮਿੰਨਤਾਂ ਕਰਨ ਲੱਗਾ ਸੀ।
‘‘ਦੱਸ, ਕਿੰਨੇ ਪੈਸੇ ਨੇ ਤੇਰੀ ਜੇਬ ਟ’?….ਨਹੀਂ ਤਾਂ ਠਾਣੇ ਲੈ ਕੇ ਜਾਊਂ?’’ ਕਾਣਾ ਆਕੜ ’ਚ ਗੁੱਸੇ ਨਾਲ਼ ਬੋਲਿਆ ਸੀ।
ਉਹਨੇ ਪੈਂਟ ਦੀ ਜੇਬ ’ਚ ਹੱਥ ਪਾ ਅਜੇ ਆਪਣਾ ਬਟੂਆ ਹੀ ਕੱਢਿਆ ਸੀ ਕਿ ਕਾਣੇ ਨੇ ਝੱਟ ਖੋਹ ਲਿਆ-‘‘ਗਿਣ ਅਸੀਂ ਆਪੇ ਲਵਾਂਗੇ….ਚੱਲ ਦਫ਼ਾ ਹੋ ਜਾ ਏਥੋਂ…..ਅੱਗੇ ਤੋਂ ਸਾਡੀ ਗਲੀ ’ਚ ਵੇਖ ਲਿਆ ਤਾਂ ਸੀਰਮੇ ਪੀਜੂੰ।’’ ਬਾਹਰਲਾ ਕੁੰਡਾ ਖੋਲ੍ਹਦਿਆਂ ਕਾਣਾ ਬੋਲਿਆ ਸੀ।
ਉਸ ਮੁੰਡੇ ਨੇ ਤਾਂ ਦਬਾਦਬ ਭੱਜਣ ਦੀ ਕਰੀ। ਬਾਅਦ ’ਚ ਕਾਣਾ ਅਤੇ ਮਾਂ ਹੱਸਣ ਲੱਗ ਪਏ। ਮੈਨੂੰ ਉਹ ਇਸ ਤਰ੍ਹਾਂ ਹੱਸਦੇ ਬੜ੍ਹੇ ਬੁਰੇ ਲੱਗੇ। ਇਹ ਕੀ ਗੱਲ ਹੋਈ? ਵਿਚਾਰੇ ਤੋਂ ਪੈਸੇ ਹੀ ਖੋ ਲਏ? ਮੇਰੇ ਤੋਂ ਇਹ ਜ਼ਰਿਆ ਨਾ ਗਿਆ। ਰਾਤ ਨੂੰ ਕਾਣਾ ਠੇਕੇ ਤੋਂ ਬੋਤਲ ਫੜ੍ਹ ਲਿਆਇਆ। ਗੁੱਟ ਹੋ ਕੇ ਬੋਲਿਆ-‘‘ਇਹੋ-ਜਿਹੇ ਮੁਰਗੇ ਤਾਂ ਰੋਜ਼ ਫਸਾਇਆ ਕਰ ਰੱਬਾ।’’
ਮੈਨੂੰ ਬੜਾ ਭੈੜਾ ਲੱਗਿਆ। ਮੈਨੂੰ ਲੱਗਦੈ ਮਾਂ ਨੂੰ ਕਾਣੇ ਨੇ ਝੂਠ ਬੋਲਿਆ ਹੋਇਆ ਸੀ ਕਿ ਮੇਰੀ ਪਿੰਡ ਜਮੀਨ ਐ। ਤਾਂਹੀਓਂ ਤਾਂ ਇਹਦੀਆਂ ਗੱਲ ’ਚ ਆ ਗਈ ਮਾਂ। ਪਰ ਹੁਣ ਲੱਗਦੈ ਜ਼ਮੀਨ-ਜਮੂਨ ਕੋਈ ਨੀਂ ਹੈਗੀ ਇਹਦੇ ਕੋਲ। ਮਾਂ ਜਦੋਂ ਵੀ ਇਹਦੇ ਨਾਲ਼ ਜ਼ਮੀਨ ਬਾਰੇ ਗੱਲ ਕਰੂ ਤਾਂ ਸਾਲਾ ਲਾਰੇ ਜਿਹੇ ਲਾਉਣ ਲੱਗ ਪੈਂਦੈ। ਸਾਡੀ ਗਾਂ ਵੀ ਵੇਚ ਤੀ ਇਹਨੇ ਸੱਟੇ ’ਚ। ਇੱਕ ਦਿਨ ਮੈਂ ਜਦੋਂ ਇਹਨਾਂ ਕੋਲ ਪਿਆ ਸਾਂ ਤਾਂ ਇਹਨਾਂ ਦੀਆਂ ਗੱਲਾਂ ਸੁਣੀਆਂ ਸਨ ਮੈਂ। ਮਾਂ ਇਹਨੂੰ ਕਹਿ ਰਹੀ ਸੀ-
‘‘ਮੈਂ ਨੀਂ ਉਨ੍ਹਾਂ ਚਿਰ ਲੈਂਦੀ ਤੇਰਾ ਬੱਚਾ…..ਪਹਿਲਾਂ ਜ਼ਮੀਨ ਇਨ੍ਹਾਂ ਦੇ ਨਾਂ ਕਰ…..ਤੇਰਾ ਕੀ ਪਤਾ ਕੱਲ ਨੂੰ ਇਹਨਾਂ ਨੂੰ ਘਰੋਂ ਕੱਢ ਦੇਵੇਂ।’’
ਮੈਨੂੰ ਮਾਂ ਦੀਆਂ ਗੱਲਾਂ ਦੀ ਕੋਈ ਸਮਝ ਨਾ ਪਈ।
‘‘ਉਏ ਲੋਧੀ! ਆ ਜਾ ਤੋਤੀ ਬੁਲਾਉਂਦੈ ਤੈਨੂੰ…ਕਹਿੰਦਾ ਟੋਫੀਆਂ ਦੇਊਂਗਾ।’’ ਬੱਗੇ ਨੇ ਮੇਰੀਆਂ ਸੋਚਾਂ ਨੂੰ ਤੋੜ ਕੇ ਰੱਖ ਦਿੱਤੈ। ਮੈਂ ਆਸੇ ਪਾਸੇ ਵੇਖਦਾਂ। ਸੂਰਜ ਛਿਪਣ ਵਾਲੈ।
‘‘ਆ ਜਾ ਦੋਵੇਂ ਚੱਲੀਏ?’’ ਉਹ ਫਿਰ ਬੋਲਿਐ।
‘‘ਨਹੀਂ ਤੂੰ ਹੀ ਜਾ…..ਟੀ ਟੀ ਨੂੰ ਵੀ ਲੈ ਜਾ।’’ ਮੈਨੂੰ ਉਹ ਮਸ਼ਕਰੀ ’ਚ ਕਹਿੰਦਾ ਲੱਗਿਆ ਸੀ। ਉਹ ਹੀਂ-ਹੀਂ ਕਰਦਾ ਦੌੜ ਗਿਐ।
ਤੋਤੀ ਨੇ ਸਾਡੀ ਗਲੀ ’ਚ ਹੀ ਕੁਝ ਚਿਰ ਪਹਿਲਾਂ ਪਰਚੂਨ ਦੀ ਦੁਕਾਨ ਖੋਲ੍ਹੀ ਐ। ਬਾਲੈ ਗੰਦੈ। ਜਵਾਕਾਂ ਨੂੰ ਖਾਣ ਵਾਲ਼ੀਆਂ ਚੀਜ਼ਾਂ ਦਾ ਲਾਲਚ ਦੇ ਕੇ ਆਪਣੀ ਦੁਕਾਨ ਦੇ ਪਿੱਛਲੇ ਪਾਸੇ ਬੈਠਾ ਲੈਂਦੈ। ਪੁੱਠੇ ਕੰਮ ਕਰਾਉਣ ਲਈ। ਮੈਨੂੰ ਵੀ ਇੱਕ ਵਾਰ ਰਸਗੁੱਲਿਆਂ ਦਾ ਲਾਲਚ ਉਹਨੇ ਦੇਣਾ ਚਾਹਿਆ ਸੀ, ਪਰ ਮੈਂ ਨੀਂ ਫਸਿਆ ਉਹਦੇ ਜਾਲ ’ਚ। ਆਹ ਬੱਗੇ ਹੁਰੀਂ ਬੀੜੀਆਂ ਦੇ ਲਾਲਚ ’ਚ ਹੀ ਚਲੇ ਜਾਂਦੇ ਨੇ ਉਹਦੇ ਕੋਲ। ਤੇ ਮਿੰਚੂ ਦਾ ਵੱਡਾ ਭਾਈ ਟੀਟੀ ਤਾਂ ਰਹਿੰਦੈ ਈ ਉੱਥੇ ਐ। ਪਿੱਛੋਂ ਦੀ ਚੱਲਦੈ, ਉਹ। ਬੱਸਾਂ ਵਾਲ਼ਿਆਂ ਕਈ ਵਾਰ ਕੱੁਟਿਐ, ਉਹਨੂੰ। ਲੋਕੀਂ ਤਾਂ ਕਹਿੰਦੇ ਨੇ ਉਹਦੇ ਪਿਓ ਨੇ ਹੀ ਕਰਿਐ ਉਸਨੂੰ ਇਸ ਤਰ੍ਹਾਂ। ਉਹ ਵੀ ਤਾਂ ਸਾਲਾ ਹਰਾਮੀ ਐ। ਤੇ ਤੋਤੀ ’ਚ ਵੀ ਉਹੋ ਜਿਹੇ ਹੀ ਲੱਛਣ ਨੇ। ਪਹਿਲਾਂ ਜਿਹੜੀ ਗਲੀ ’ਚ ਦੁਕਾਨ ਸੀ, ਉਹਦੀ, ਉੱਥੇ ਲੋਕਾਂ ਨੇ ਉਹਨੂੰ ਕਿਸੇ ਮੁੰਡੇ ਨਾਲ ਫੜ੍ਹ ਲਿਆ। ਬੜੀ ਲਾਹ-ਪਾਹ ਕੀਤੀ। ਇਹਦੇ ਮਾਪਿਆਂ ਹੱਥ ਜੋੜ ਕੇ ਛਡਾਇਆ ਇਹਨੂੰ। ਤੇ ਉਥੋਂ ਦੁਕਾਨ ਬਦਲਵਾ ਸਾਡੀ ਗਲੀ ਕਰਾ ਦਿੱਤੀ।
ਗੋਲੂ ਇਹਨੂੰ ਛੇੜ ਕੇ ਲੰਘਦੈ-‘‘ਉਏ ਤੋਤੀ, ਹੁਣ ਇੱਧਰ ਆ ਗਿਆ?’’ ਤਾਂ ਅੱਗੋਂ ਤੋਤੀ ਵੀ ਸਾਲਾ ਪੁੱਠਾ ਹੀ ਜਵਾਬ ਦਿੰਦੈ-‘‘ਉਏ, ਇੱਥੇ ਵਧੀਐ ਨਵੀਂ ਗਲੀ ਐ…..ਇਹਦਾ ਕਿਹੜਾ ਕੋਈ ਨੰਬਰ ਐ…..ਜਿਹੜਾ ਪਤਾ ਲੱਗ ਜੁ ਕਿਸੇ ਨੂੰ!….ਆਜਾ ਦੁਕਾਨ ਦੇ ਪਿੱਛੇ ਖਵਾਵਾਂ ਪਾਪੜ-ਵੜੀਆਂ?’’ ਪਰ ਗੋਲੂ ਨੀਂ ਖੜ੍ਹਿਆ ਇਹਦੇ ਕੋਲ ਕਦੇ।
ਇੱਥੇ ਆ ਕੇ ਤੋਤੀ ਨੇ ਕਿਹੜਾ ਠੀਕ ਹੋ ਜਾਣੈ। ਕੀੜਾ ਤਾਂ ਇਹਦੇ ਅੰਦਰ ਐ। ਉਹ ਐਂ ਨੀਂ ਮਰਦਾ, ਉਹਨੂੰ ਤਾਂ ਮਾਰ ਈ ਮੁਕਾਉਣਾ ਪੈਂਦਾ ਜਿਵੇਂ ਮੈਂ ਮਾਰ-ਮੁਕਾਉਣ ਦੀ ਧਾਰੀ ਬੈਠਾਂ। ਚਾਕੂ ਦੇ ਉੱਗ ਜਾਣ ਦੀ ਹੀ ਦੇਰ ਐ।
ਸੀਬੋ ਮੈਨੂੰ ਸੌਣ ਨੀਂ ਦਿੰਦੀ। ਮੇਰੇ ਸੁਪਨਿਆਂ ’ਚ ਰੋਜ਼ ਆਉਂਦੀ ਐ-‘‘ਵੇ ਲੋਧੀ….ਤੂੰ ਤਾਂ ਰਾਜਾ ਏਂ….ਮੇਰਾ ਬਦਲਾ ਲਏਂਗਾ ਕਿ ਨਾ?’’ ਮੇਰੀ ਅੱਖ ਖੁੱਲ੍ਹ ਜਾਂਦੀ ਐ। ਫੇਰ ਨੀਂਦ ਨੀਂ ਆਉਂਦੀ। ਜਾਗੋ-ਮੀਟੀ ’ਚ ਈ ਲੰਘਦੀ ਐ ਰਾਤ।
ਸੀਬੋ ਮੈਨੂੰ ਬਹੁਤ ਪਿਆਰ ਕਰਦੀ ਸੀ, ਮਾਂ ਤੋਂ ਵੀ ਜ਼ਿਆਦਾ। ਉਹਦੇ ਹੁੰਦਿਆਂ ਮੇਰੀ ਵੀ ਕੋਈ ਧਿਰ ਸੀ ਇਸ ਘਰ ’ਚ। ਮੈਨੂੰ ਰੱਖੜੀ ਦੇ ਦਿਨ ਦੀ ਪਹਿਲੋਂ ਹੀ ਉਡੀਕ ਸ਼ੁਰੂ ਹੋ ਜਾਂਦੀ। ਰੱਖੜੀ ਤੋਂ ਪਹਿਲਾਂ ਹੀ ਮੈਂ ਪੈਸੇ ਜੋੜ-ਜੋੜ ਸੀਬੋ ਨੂੰ ਦੇ ਦਿੰਦਾ। ਮੈਰਿਜ਼ ਪੈਲਸਾਂ ’ਚ ਆਪਣੇ ਆੜੀਆਂ ਨਾਲ਼ ਮੈਂ ਪੈਸੇ ਚੁਗਣ ਚਲਾ ਜਾਂਦਾ ਸਾਂ। ਉਹ ਪੈਸੇ ਸੀਬੋ ਕੋਲ ਹੀ ਹੰੁਦੇ।
‘‘ਵੀਰੇ ਜੇ ਆਪਣਾ ਬਾਪੂ ਘਰ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ।’’ ਸੀਬੋ ਅਕਸਰ ਫ਼ਿਕਰ ’ਚ ਕਹਿੰਦੀ ਸੀ। ਕਾਣਾ ਉਹਨੂੰ ਪਹਿਲੇ ਦਿਨ ਤੋਂ ਹੀ ਹੋਰੂ-ਹੋਰੂ ਝਾਕਦਾ। ਮਾਂ ਵੀ ਸੀਬੋ ਦੀ ਸੁਣਦੀ ਨਹੀਂ ਸੀ। ਉਦੋਂ ਗੁਸਲਖਾਨੇ ’ਚ ਨਹਾ ਰਹੀ ਸੀ-ਸੀਬੋ ਚਾਦਰ ਬੰਨ੍ਹ ਕੇ। ਕਾਣੇ ਸਾਲੇ ਨੂੰ ਕਿੰਨੀ ਵਾਰ ਕਿਹਾ ਸੀ ਕਿ ਗੁਸਲਖਾਨੇ ਦਾ ਦਰਵਾਜ਼ਾ ਲਵਾ ਦੇ, ਪਰ ਇਹਨੇ ਨਹੀਂ ਲਵਾਇਆ। ਇਹ ਚਾਦਰ ਉਤੋਂ ਹੀ ਸੀਬੋ ਨੂੰ ਨਹਾਉਂਦੇ ਦੇਖਦਾ ਰਿਹਾ। ਜਦੋਂ ਉਹਨੂੰ ਸ਼ੱਕ ਹੋਇਆ ਤਾਂ ਇਹ ਪੁੱਠਾ ਉਹਨੂੰ ਹੀ ਕੁੱਦ ਕੇ ਪਿਆ-‘‘ਛੇਤੀ ਕਰ ਨਾਉਂਦੀ ਐਂ ਕਿ ਵੱਟਣਾ ਮਲਦੀ ਐਂ….ਮੈਂ ਵੀ ਨਹਾਉਣੈ।’’
ਮਾਂ ਨੂੰ ਸੀਬੋ ਨੇ ਦੱਸਿਆ ਤਾਂ ਉਲਟਾ ਉਹ ਉਸ ਨੂੰ ਹੀ ਗਲ ਪੈ ਗਈ-‘‘ਨਹੀਂ ਤੈਨੂੰ ਊਂਈ ਲੱਗਦੈ…..ਅਜਿਹਾ ਨਹੀਂ, ਤੇਰਾ ਬਾਪੂ ਐ।….ਉਹਨੇ ਤਾਂ ਆਪ ਛੇਤੀ ਜਾਣਾ ਸੀ।’’
ਇਸ ਤੋਂ ਬਾਅਦ ਸੀਬੋ ਨੇ ਕੁਝ ਨਹੀਂ ਦੱਸਿਆ ਮਾਂ ਨੂੰ। ਆਪਣੇ ਅੰਦਰ ਹੀ ਲੈ ਗਈ, ਸਭ ਕੁਝ।
ਹੁਣ ਸੀਬੋ ਹੀ ਨਹੀਂ ਰਹੀ। ਇਹ ਚਾਕੂ ਵੀ ਮੈਂ ਸੀਬੋ ਕਰਕੇ ਹੀ ਬੀਜ ਰਿਹਾਂ। ਪਰ ਇਹ ਹੈ ਕਿ ਅਜੇ ਤੱਕ ਉੱਗਿਆ ਹੀ ਨੀਂ। ਕਿੰਨੀ ਵਾਰ ਮੈਂ ਸੰਦੂਖ ’ਚ ਲੁਕਾ ਕੇ ਰੱਖੀ ਗਾਨੀ ਵਿਚਲੇ ਭਗਤ ਸਿੰਘ ਨੂੰ ਪੁੱਛ ਚੁੱਕਾਂ-‘‘ਮੇਰਾ ਚਾਕੂ ਕਿਉਂ ਨੀਂ ਉੱਗਦਾ…?….ਤੇਰੀਆਂ ਦਮੂਖਾਂ ਕਿਵੇਂ ਉੱਗ ਗਈਆਂ ਸਨ? ਤੂੰ ਵੀ ਤਾਂ ਆਪਣੇ ਵੈਰੀਆਂ ਨੂੰ ਮਾਰਨ ਲਈ ਇਹਨਾਂ ਨੂੰ ਬੀਜਿਆ ਸੀ….ਤੇ ਮੈਂ ਵੀ ਤਾਂ ਇੱਦਾਂ ਈ ਕਰਨਾ ਚਾਹੁੰਦਾਂ?’’
ਪਰ ਫੋਟੋ ਵਿਚਲਾ ਭਗਤ ਸਿੰਘ ਤਾਂ ਚੁੱੁਪ ਈ ਰਹਿੰਦੈ। ਦਾਦੀ ਦੀ ਫੋਟੋ ਵਾਂਗ। ਉਹ ਵੀ ਫੋਟੋ ’ਚੋਂ ਹੀ ਵੇਖਦੀ ਰਹਿੰਦੀ ਐ। ਪਰ ਬੋਲਦੀ ਕੁਝ ਵੀ ਨੀਂ। ਭਗਤ ਸਿੰਘ ਦੇ ਦਮੂਖਾਂ ਬੀਜਣ ਵਾਲ਼ੀ ਕਹਾਣੀ ਵੀ ਤਾਂ ਦਾਦੀ ਨੇ ਹੀ ਸੁਣਾਈ ਸੀ। ਤੇ ਸੀਬੋ ਦੀ ਫੋਟੋ? ਉਸ ਕਾਣੇ ਨੇ ਟੰਗਣ ਈ ਨੀਂ ਦਿੱਤੀ। ਅਖੇ ‘‘ਕਰੰਟ ਨਾਲ ਮਰੀ ਐ…ਅਣਿਆਈ ਮੌਤ।….ਘਰ ’ਚ ਰੂਹ ਭਟਕਣ ਲੱਗ ਪਊ।’’ ਸੀਬੋ ਦੀ ਜੜ੍ਹੀ-ਜੜ੍ਹਾਈ ਫੋਟੋ ਨੂੰ ਕੋਈ ਕੰਧ ਨਾ ਮਿਲ਼ੀ, ਸੰਦੂਖ ’ਚ ਹੀ ਰਹਿ ਗਈ ਬੰਦ ਹੋ ਕੇ।
ਉਸ ਰਾਤ ਮੈਂ ਸੁੱਤਾ ਨਹੀਂ ਸਾਂ। ਕਾਣਾ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ। ਮਾਂ ਮੇਰੀ ਮਾਸੀ ਨੂੰ ਮਿਲਣ ਗਈ ਹੋਈ ਸੀ। ਸੀਬੋ ਦਾ ਮੰਜਾ ਮੇਰੇ ਨਾਲ ਹੀ ਡਹਿਆ ਸੀ। ਮੈਂ ਤਾਂ ਸੋਚਿਆ ਉਹ ਦੂਜੇ ਕਮਰੇ ’ਚ ਸੌਂ ਗਿਆ ਹੋਵੇਗਾ। ਪਰ ਅੱਧੀ ਰਾਤ ਨੂੰ ਉਹ ਨਸ਼ੇ ਦੇ ਲੋਰ ’ਚ ਹੀ ਕਮਰੇ ’ਚੋਂ ਉੱਠ, ਸੀਬੋ ਦੇ ਮੰਜੇ ’ਚ ਆ ਵੜਿਆ। ਮੇਰੇ ਸੀਨੇ ’ਚੋਂ ਅੰਗਿਆਰ ਜਿਹੇ ਨਿਕਲ਼ੇ। ਮੈਂ ਮੰਜੇ ਤੋਂ ਉੱਠਣ ਲੱਗਾ ਤਾਂ ਉਹਨੇ ਇੱਕ ਘਸੁੰਨ ਮੇਰੇ ਸਿਰ ’ਤੇ ਮਾਰ ਦਿੱਤਾ…..ਮੈਂ ਤਾਂ ਉੱਥੇ ਹੀ ਸੁੰਨ ਹੋ ਗਿਆ ਸਾਂ। ਫੇਰ ਸੀਬੋ ਦੀ ਕੋਈ ਚੀਕ ਨੀਂ ਨਿਕਲ਼ੀ। ਫੇਰ ਕੀ ਹੋਇਆ, ਮੈਨੂੰ ਕੋਈ ਪਤਾ ਨਾ ਲੱਗਾ।
ਸੁਵਖਤੇ ਜਦੋਂ ਮੈਨੂੰ ਸੁਰਤ ਆਈ ਸੀਬੋ ਦੀ ਲਾਸ਼ ਨਾਲ਼ ਦੇ ਕਮਰੇ ’ਚ ਪਈ ਸੀ ਤੇ ਨਾਲ਼ ਟੈਲੀਵਿਜ਼ਨ ਦੀਆਂ ਨੰਗੀਆਂ ਤਾਰਾਂ।
‘‘ਟੈਲੀਵਿਜ਼ਨ ਚਲਾਉਣ ਲੱਗੀ ਸੀ…..ਤਾਂ ਇਹ ਭਾਣਾ ਵਾਪਰ ਗਿਆ।’’ ਕਾਣਾ ਭਿੱਜੀਆਂ ਅੱਖਾਂ ਨਾਲ਼ ਲੋਕਾਂ ਨੂੰ ਦੱਸ ਰਿਹਾ ਸੀ। ਮਾਂ ਵੀ ਕੋਲ ਸੀ ਪਤਾ ਨਹੀਂ ਕਦੋਂ ਮਾਸੀ ਕੋਲੋਂ ਆ ਗਈ ਸੀ।
ਮੈਂ ਤਾਂ ਸੀਬੋ ਦੀ ਲਾਸ਼ ਵੇਖ ਹੀ ਥਰਥਰਾ ਗਿਆ। ਦੰਦਲ ਪੈ ਗਈ। ਦਿਨ ਚੜ੍ਹਨ ਤੋਂ ਪਹਿਲਾਂ ਈ ਉਹਦਾ ਸਸਕਾਰ ਕਰ ਦਿੱਤਾ ਸੀ। ਪਲਾਂ ’ਚ ਹੀ ਘਰ ’ਚੋਂ ਸਭ ਕੁਝ ਸਮੇਟਿਆ ਗਿਆ ਤੇ ਦਰੀ ਵਿਛ ਗਈ। ਗਲੀ ਦੇ ਲੋਕ ਸੋਗ ਲਈ ਆਉਂਦੇ ਤੇ ਬਹਿ ਕੇ ਚਲੇ ਜਾਂਦੇ। ਭਾਈ ਜੀ ਤੋਂ ਪਾਠ ਵੀ ਕਾਣੇ ਨੇ ਉਧਾਰ ਰਖਵਾਇਆ। ਇਨ੍ਹਾਂ ਦਿਨਾਂ ’ਚ ਮੈਂ ਸੁੰਨ ਜਿਹਾ ਹੋ ਜਾਂਦਾ। ਸੀਬੋ ਮੇਰੀਆਂ ਅੱਖਾਂ ਮੂਹਰੇ ਹੱਸਦੀ ਆ ਜਾਂਦੀ।
‘‘ਇਹ ਕਾਣਾ ਝੂਠ ਬੋਲਦਾ ਸੀ ਮਾਂ….ਸੀਬੋ ਤਾਂ ਮੇਰੇ ਨਾਲ਼ ਦੇ ਮੰਜੇ ’ਤੇ ਸੌਂ ਗਈ ਸੀ…..ਫਿਰ ਟੈਲੀਵਿਜ਼ਨ ਕਿਵੇਂ ਵੇਖਣ ਚਲੀ ਗਈ?’’ ਮੈਂ ਮਾਂ ਨੂੰ ਬਥੇਰਾ ਕਿਹਾ ਪਰ ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ-‘‘ਚੁੱਪ ਕਰ ਜਾ ਐਂ ਨੀਂ ਬੋਲੀਦਾ…..।’’
ਮੈਨੂੰ ਬੜਾ ਦੁੱਖ ਹੋਇਆ ਸੀ ਇਸ ਗੱਲ ਦਾ ਪਰ ਉੱਦੇ ਫੱਤੋ ਮਾਸੀ ਨਾਲ਼ ਮਾਂ ਦੀਆਂ ਗੱਲਾਂ ਸੁਣ ਮੇਰੀ ਜੀਭ ਕੱਠੀ ਹੋ ਗਈ-‘‘ਨੀਂ ਭੈਣੇ….ਧੀਆਂ ਦਾ ਕੋਈ ਵਾਲ਼ੀ ਨੀਂ ਹੁੰਦਾ…..ਚੰਗਾ ਈ ਹੋਇਐ ਤੁਰਗੀ ਸੀਬੋ….ਨਹੀਂ ਮੈਂ ਕਿੱਥੇ-ਕਿੱਥੇ ਰਖਵਾਲੀ ਕਰਦੀ ਉਹਦੀ।’’
‘‘ਮਾਂ ਨੇ ਸਬਰ ਕਰ ਲਿਆ……ਤਾਂ ਕੀ ਹੋਇਆ…ਮੈਂ ਨੀ ਸਬਰ ਕਰਦਾ ਸੀਬੋ।’’ ਮੇਰੇ ਮੂੰਹੋਂ ਪਤਾ ਨਹੀਂ ਕਿਉਂ ਬੋਲਿਆ ਗਿਆ।
‘‘ਵੇ ਕੀ ’ਕੱਲਾ ਈ, ਬੋਲੀ ਜਾਨੈ……ਆਜਾ ਰੋਟੀ ਖਾ ਲੈ ਠੰਡੀ ਹੋਈ ਜਾਂਦੀ ਐ।’’ ਮਾਂ ਦੀ ਅਵਾਜ਼ ਸੁਣਦੀ ਐ।
‘‘ਕੋਈ ਨਾ ਖਾ ਲੈਨਾਂ ਰੋਟੀ……ਪਿਸ਼ਾਬ ਕਰ ਆਵਾਂ।’’ ਆਖ ਮੈਂ ਘਰ ’ਚੋਂ ਬਾਹਰ ਆ ਗਿਆਂ ਬੂਟਿਆਂ ਕੋਲੇ। ਟੋਇਆ ਤਾਜ਼ਾ ਮਿੱਟੀ ਨਾਲ ਭਰਿਆ ਪਿਐ।…..ਕੋਈ ਕਰੰੂਬਲ ਨੀਂ ਫੁੱਟੀ ਅਜੇ…..ਲੱਗਦੈ ਚਾਕੂ ਈ ਨਕਲੀ ਐ। ਉਦਾਸੀ ਜਿਹੀ ’ਚ ਘਰ ਵੱਲ ਪਰਤ ਆਉਂਦਾ।
ਗਲੀ ਨੰਬਰ ਕੋਈ ਨਹੀਂ/ਕਹਾਣੀ/ ਅਨੇਮਨ ਸਿੰਘ
Leave a comment