ਕੱਤਕ ਦੇ ਨਾਲ ਨਾਲ ਨਵੰਬਰ ਦਾ ਸਿਆਲੀ ਮਹੀਨਾ ਚੱਲ ਰਿਹਾ ਸੀ । ਸਕੂਲ- ਮਾਸਟਰ ਨੂੰ ਗ਼ਰੀਬ ਸਕੂਲ-ਮਾਸਟਰਾਂ ਦੇ ਹੱਕ ਵਿਚ ਲਿਖਣ ਕਰਕੇ ਕੱਢ ਦਿੱਤਾ ਗਿਆ। ਸੀ । ਦੂਸਰੇ ਸਕੂਲ-ਮਾਸਟਰਾਂ ਨੇ ਉਸ ਦੇ ਕੱਢੇ ਜਾਣ ‘ਤੇ ਕੋਈ ਵਿਰੋਧਤਾ ਨਹੀਂ ਸੀ ਕੀਤੀ, ਕਿਉਂਕਿ ਉਨ੍ਹਾਂ ਨੂੰ ਸਮਝਾਇਆ ਗਿਆ ਸੀ ਕਿ ਉਨ੍ਹਾਂ ਦੀ ਭੈੜੀ ਮਾਇਕ ਅਵਸਥਾ ਦਾ ਬਿਆਨ ਕਰ ਕੇ ਉਹ ਉਨ੍ਹਾਂ ਦੀ ਬੇ-ਇੱਜ਼ਤੀ ਕਰਦਾ ਹੈ। “ਪਹਿਲੋਂ ਪੜ੍ਹਾਉਣ ਵਾਲੇ ਦਾ ਕੰਮ ਕੀ ਏ ਕਿ ਉਹ ਕਹਾਣੀਆਂ, ਕਵਿਤਾਵਾਂ ਲਿਖੇ ?” ਉਨ੍ਹਾਂ ਤੋਂ ਪੜ੍ਹ ਕੇ ਵਕੀਲ ਬਣੇ ਸਕੂਲ ਦੇ ਮੈਨੇਜਰ ਨੇ ਉਨ੍ਹਾਂ ਨੂੰ ਕਿਹਾ ਸੀ ਅਤੇ ਸਾਰਿਆਂ ਨੇ ਉਸ ਦੀ ਹਾਜ਼ਰੀ ਵਿਚ ਪ੍ਰੋੜ੍ਹਤਾ ਲਈ ਇਉਂ ਸਿਰ ਹਿਲਾਏ ਸਨ, ਜਿਵੇਂ ਉਨ੍ਹਾਂ ਦੇ ਸਿਰ ਹਿਲਾਉਣ ਦਾ ਅਰਥ ਹੋਵੇ — ‘ਕੋਈ ਨਹੀਂ ਜੀ।’
ਉਸ ਦੇ ਖ਼ਿਲਾਫ਼ ਏਨਾ ਸੂਖਮ ਪ੍ਰਾਪੇਗੰਡਾ ਕੀਤਾ ਗਿਆ ਸੀ ਕਿ ਉਸ ਦਾ ਕਿਸੇ ਹੋਰ ਸਕੂਲ ਵਿਚ ਉਸਤਾਦ ਲੱਗਣਾ ਔਖਾ ਹੋ ਗਿਆ ਸੀ । ਬਦਚਲਨ, ਜਾਲ੍ਹਸਾਜ਼, ਗ਼ਬਨੀ ਰੱਬ ਦਾ ਨਾਂ ਲੈ ਕੇ ਜੋ ਮਰਜ਼ੀ ਕਰੇ, ਪਰ ਮਾਫ਼ੀ ਮੰਗ ਲਵੇ ਤਾਂ ਉਸ ਨੂੰ ਮਾਫ਼ੀ ਮਿਲ ਜਾਂਦੀ ਸੀ । ਜੇ ਉਸ ਨੂੰ ਕੱਢ ਵੀ ਦੇਣਾ ਪਵੇ ਤਾਂ ਉਹ ਫੇਰ ਕਿਸੇ ਹੋਰ ਕੰਮ ਲੱਗ ਸਕਦਾ ਸੀ। ਪਰ ਇਹ ਸਕੂਲ-ਮਾਸਟਰ ਸਕੂਲਾਂ ਦੇ ਬੱਚਿਆਂ ਲਈ ਬਹੁਤ ਹੀ ਖ਼ਤਰਨਾਕ ਬਣਾ ਦਿੱਤਾ ਗਿਆ ਸੀ।
ਆਖ਼ਰ ਵਿਚਾਰਾ ਮਾਸਟਰ, ਜਿਸ ਨੇ ਹੱਥੀਂ ਕੋਈ ਉਪਜਾਊ ਕੰਮ ਕਰਨਾ ਨਹੀਂ ਸੀ ਸਿੱਖਿਆ, ਕੀ ਕਰਦਾ ? ਉਸ ਦੀ ਤਨਖ਼ਾਹ ਤਾਂ ਤਨਖ਼ਾਹ ਮਿਲਣ ਤੋਂ ਪਹਿਲੋਂ ਖ਼ਤਮ ਹੋ ਚੁੱਕੀ ਹੁੰਦੀ ਸੀ। ਉਸ ਨੇ ਟੀਊਸ਼ਨਾਂ ਕਰਨ ਦੀ ਸੋਚੀ।
ਉਸ ਨੂੰ ਰਹੀਆਂ-ਖਹੀਆਂ ਟੀਊਸ਼ਨਾਂ ਹੀ ਮਿਲਦੀਆਂ ਸਨ । ਤਰ ਮਾਲ ਤਾਂ ਸਕੂਲਾਂ ਦੇ ਮਾਸਟਰ ਕਦੇ ਬਾਹਰ ਨਹੀਂ ਨਿਕਲਣ ਦਿੰਦੇ। ਆਮ ਤੌਰ ‘ਤੇ ਉਸ ਨੂੰ ਗ਼ਰੀਬ ਮਜ਼ਦੂਰਾਂ ਜਾਂ ਘੱਟ ਤਨਖ਼ਾਹ ਲੈਣ ਵਾਲੇ ਬਾਬੂਆਂ ਦੇ ਲੜਕਿਆਂ-ਲੜਕੀਆਂ ਦੀਆਂ ਟੀਊਸ਼ਨਾਂ ਹੀ ਮਿਲਦੀਆਂ ਤੇ ਉਹ ਵੀ ਸਾਲ ਦੇ ਅਖ਼ੀਰਲੇ ਤਿੰਨ ਚਾਰ ਮਹੀਨੇ। ਦਸ ਦਸ ਰੁਪਏ ਦੀ ਟੀਊਸ਼ਨ ਬਦਲੇ ਉਸ ਨੂੰ ਕਈ ਮੀਲਾਂ ਦਾ ਪਾੜ ਪੈਦਲ ਮੇਲ ਕੇ ਪਹੁੰਚਣਾ ਪੈਂਦਾ। ਜਿੰਨਾ ਵਕਤ ਉਸ ਦਾ ਟੀਊਸ਼ਨਾਂ ਪੜ੍ਹਾਉਣ ‘ਤੇ ਲੱਗਦਾ, ਉਸ ਤੋਂ ਵੱਧ ਤੁਰਨ ਵਿਚ ਲੱਗ ਜਾਂਦਾ। ਆਖ਼ਰ ਮਰ ਪਿੱਟ ਕੇ ਨੌਂ ਜੀਆਂ ਦੇ ਟੱਬਰ ਲਈ ਉਹ ਸੌ ਰੁਪਿਆ ਮਹੀਨਾ ਇਕੱਠਾ ਕਰ ਹੀ ਲੈਂਦਾ। ਕਦੇ ਕਦੇ ਕਿਸੇ ਮਜ਼ਦੂਰ ਜਾਂ ਬਾਬੂ ਦੀ ਮਾਇਕ ਔਕੜ ਦੇਖ ਕੇ ਉਸ ਨੂੰ ਰਹਿਮ ਆ ਜਾਂਦਾ। ਆਪਣੇ ਵਰਗੀ ਔਕੜ ਜਾਣ ਕੇ ਉਹ ਕਈ ਵਾਰੀ ਜਾਣ ਬੁਝ ਕੇ ‘ਅਗਲੇ ਮਹੀਨੇ ਬਾਕੀ ਲੈ ਲਵਾਂਗਾ’ ਕਹਿ ਕੇ ਛੋਟ ਕਰ ਦਿੰਦਾ। ਇਹ ਉਸ ਨੂੰ ਪਤਾ ਹੁੰਦਾ ਸੀ ਕਿ ਅਗਲੇ ਮਹੀਨੇ ਵੀ ਇਨ੍ਹਾਂ ਗ਼ਰੀਬਾਂ ਤੋਂ ਕੋਈ ਬੱਚਤ ਨਹੀਂ ਹੋ ਸਕਣੀ। ਪਰ ਇਹ ਦੱਸ ਕੇ ਕਿ ਗ਼ਰੀਬ ਮਾਸਟਰ ਉਨ੍ਹਾਂ ਨੂੰ ਛੋਟ ਕਰਦਾ ਹੈ, ਉਹ ਮਜ਼ਦੂਰਾਂ ਤੇ ਬਾਬੂਆਂ ਦੇ ਸ੍ਵੈ-ਮਾਣ ਨੂੰ ਸੱਟ ਨਹੀਂ ਮਾਰਨਾ ਚਾਹੁੰਦਾ ਸੀ। ਇਸ ਤਰ੍ਹਾਂ ਕਈ ਵਾਰੀ ਉਸ ਦੀ ਕਮਾਈ ਘੱਟ ਵੀ ਜਾਂਦੀ।
ਬੱਚਿਆਂ ਲਈ ਸਵੈਟਰ ਜਾਂ ਕੋਟ ਉਸ ਆਪਣੇ ਸਕੂਲ-ਮਾਸਟਰ ਹੋਣ ਦੇ ਜ਼ਮਾਨੇ ਵਿਚ ਵਾਰੀ ਵਾਰੀ ਸਿਰ ਬੱਚਿਆਂ-ਬੱਚੀਆਂ ਨੂੰ ਬਣਾ ਦਿੱਤੇ ਸਨ। ਵੱਡੇ ਕਾਕੇ ਬਲਵੰਤ ਦਾ ਕੋਟ, ਤਿੰਨ ਸਾਲ ਹੋਏ ਬਣਾਇਆ ਗਿਆ ਸੀ। ਉਹ ਪੁਰਾਣਾ ਹੋ ਕੇ ਕਈਆਂ ਥਾਵਾਂ ਤੋਂ ਘੱਸ ਗਿਆ ਸੀ ਤੇ ਨਾਲੇ ਛੋਟਾ ਹੋ ਗਿਆ ਸੀ । ਜਮਾਤ ਦੇ ਮੁੰਡੇ ਉਸ ਨੂੰ ਮਖ਼ੌਲ ਕਰਦੇ ਸਨ, ਪਰ ਉਹ ਆਪਣੇ ਘਰ ਦੀ ਹਾਲਤ ਜਾਣਦਾ ਸੀ ਤੇ ਕਦੇ ਨਵੇਂ ਕੋਟ ਲਈ ਬਹੁਤਾ ਜ਼ੋਰ ਨਹੀਂ ਸੀ ਦਿੰਦਾ । ਨਿੱਕੀ ਸਿੰਦਰ ਦਾ ਸਵੈਟਰ, ਦੋ ਸਾਲ ਹੋਏ, ਬਣਿਆ ਸੀ ਤੇ ਹੁਣ ਤੰਗ ਹੋ ਕੇ ਕਈ ਥਾਵਾਂ ਤੋਂ ਉਧੜ ਗਿਆ ਸੀ। ਉਹ ਬੱਚੀ ਸੀ ਤੇ ਮਾਂ-ਪਿਉ ਦੀ ਤਕਲੀਫ਼ ਨੂੰ ਸਮਝ ਨਹੀਂ ਸਕਦੀ ਸੀ। ਉਸ ਨੂੰ ਅਮੀਰਾਂ ਦੀਆਂ ਕੁੜੀਆਂ ਆਪਣੇ ਨਾਲ, ਉਸ ਦੇ ਉਧੜੇ ਸਵੈਟਰ ਨੂੰ ਦੇਖ ਕੇ ਨਹੀਂ ਸਨ ਬਹਿਣ ਦਿੰਦੀਆਂ। ਉਸ ਲਈ ਸਵੈਟਰ ਬਣਾਉਣਾ ਬੜਾ ਜ਼ਰੂਰੀ ਸੀ। ਸੋ ਉਸ ਕਿਸੇ ਕੋਲੋਂ ਵੀਹ ਰੁਪਏ ਉਧਾਰੇ ਲੈ ਕੇ ਕਿਸੇ ਤਰ੍ਹਾਂ ਬੱਚਿਆਂ ਦੇ ਕੱਪੜਿਆਂ ਦਾ ਇੰਤਜ਼ਾਮ, ਕੁਝ ਇਕ ਮੁਰੰਮਤ ਆਦਿ ਕਰਵਾ ਕੇ ਤੇ ਕੁਝ ਘਟੀਆ ਉੱਨ ਜਾਂ ਕੱਪੜਾ ਖ਼ਰੀਦ ਕੇ ਕਰ ਦਿੱਤਾ ਸੀ । ਮਾਸਟਰਿਆਣੀ ਕੋਲ ਤਾਂ ਸਿਰ ‘ਤੇ ਲੈਣ ਨੂੰ ਲੀੜਾ ਵੀ ਨਹੀਂ ਸੀ। ਇਕ ਪਾਟਿਆ ਪਰੋਲਾ ਜਿਹਾ ਲੈ ਕੇ ਉਹ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ। ਜੇ ਬਾਹਰ ਨਿਕਲਣਾ ਪਵੇ ਤਾਂ ਚਾਰ ਵਜੇ ਤੋਂ ਮਗਰੋਂ ਨਿਕਲਦੀ ਸੀ। ਵੱਡੀ ਕੁੜੀ ਓਦੋਂ ਸਕੂਲੋਂ ਪੜ੍ਹ ਕੇ ਆ ਜਾਂਦੀ ਸੀ, ਜਿਸ ਦੀ ਫ਼ੀਸ ਇਸ ਕਰਕੇ ਪੂਰੀ ਲੱਗਣ ਲੱਗ ਪਈ ਸੀ ਕਿ ਉਸ ਦਾ ਪਿਓ ਹੁਣ ਸਕੂਲ-ਮਾਸਟਰ ਤੋਂ ਟੀਊਸ਼ਨ-ਮਾਸਟਰ ਹੋ ਗਿਆ ਸੀ । ਉਸ ਦੀ ਚੁੰਨੀ ਸਿਰ ‘ਤੇ ਲੈ ਕੇ ਮਾਸਟਰਿਆਣੀ ਰਹੀ-ਖਹੀ ਸਸਤੀ ਸਬਜ਼ੀ ਦੀ ਭਾਲ ਵਿਚ ਨਿਕਲਦੀ ਸੀ। ਡਾਲਡਾ ਘਿਓ ਦਾ ਡੱਬਾ ਵੀ ਉਹ ਪੂਰਾ ਨਹੀਂ ਸਨ ਖ਼ਰੀਦ ਸਕਦੇ। ਸੋ ਸਬਜ਼ੀ ਦੇ ਨਾਲ ਹੀ ਉਹ ਰੋਜ਼ ਇਕ ਕੌਲੀ ਵਿਚ ਛਟਾਂਕ ਡਾਲਡੇ ਘਿਓ ਦੇ ਨਾਂ ‘ਤੇ ਪੈਰਾਫ਼ਿਨ ਵੈਕਸ ਨਾਲ ਰਲਿਆ ਮੁੰਗਫਲੀ ਦਾ ਤੇਲ ਲੈ ਆਉਂਦੀ ਸੀ। ਇਸ ਵਿਚ ਡਾਕਟਰਾਂ ਦੇ ਨਾਂ ਹੇਠਾਂ ਲਿਖੇ ਇਸ਼ਤਿਹਾਰਾਂ ਦੇ ਸਰਟੀਫ਼ਿਕੇਟਾਂ ਅਨੁਸਾਰ ਵਿਟਾਮਿਨ ਜਾਂ ਜੀਵਨ-ਸ਼ਕਤੀ ਵੀ ਬਹੁਤ ਹੁੰਦੀ ਸੀ। ਮਾਸਟਰ ਸਾਹਿਬ ਦਾ ਸਿਰ ਗੰਜਾ ਹੋ ਰਿਹਾ ਸੀ ਤੇ ਅੱਖਾਂ ਦੀ ਜੋਤ ਘੱਟ ਗਈ ਸੀ। ਬਹੁਤੇ ਬੱਚੇ ਖਹੂੰ ਖਹੂੰ ਲਾ ਰੱਖਦੇ ਸਨ ਤੇ ਵਿਚਕਾਰਲੇ ਜਗਦੀਪ ਲਈ ਤਾਂ ਰਾਤ ਸੌਣਾ ਮੁਹਾਲ ਹੋ ਜਾਂਦਾ ਸੀ।
ਐਤਕੀਂ ਜਦੋਂ ਮਾਸਟਰਿਆਣੀ ਦਾ ਰੀਫ਼ੀਊਜੀ ਪਿਤਾ ਧੀ ਨੂੰ ਮਿਲਣ ਆਇਆ ਤਾਂ ਧੀ ਦੀ ਭੈੜੀ ਦਸ਼ਾ ਦੇਖ ਕੇ, ਉਸ ਨੇ ਆਪਣੇ ਬੁਰੇ ਹਾਲ ਦਾ ਖ਼ਿਆਲ ਨਾ ਕਰਦਿਆਂ ਉਸ ਨੂੰ ਵੀਹ ਰੁਪਏ ਉਸ ਦੇ ਕੱਪੜਿਆਂ ਲਈ ਦੇ ਹੀ ਦਿੱਤੇ । ਮਾਸਟਰਿਆਣੀ ਆਪਣੇ ਪਤੀ ਦੇ ਪਾਟੇ ਕੋਟ ਨੂੰ ਦੇਖ ਕੇ ਬੜਾ ਖਿਝਿਆ ਕਰਦੀ ਸੀ । ਇਸ ਸਾਲ ਜਦ ਕਿ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ, ਉਸ ਦੇ ਨਵੇਂ ਗਰਮ ਕੋਟ ਸਵਾਉਣ ਦੀ ਵਾਰੀ ਵੀ ਆਉਣੀ ਸੀ। ਜਦ ਵੀਹ ਰੁਪਏ ਮਾਸਟਰਿਆਣੀ ਦੇ ਹੱਥ ਆਏ ਤਾਂ ਉਸ ਆਪਣੇ ਪਤੀ ਨੂੰ ਕਿਹਾ, “ਤੁਸੀਂ ਵੀਹ ਰੁਪਏ ਲੈ ਲਓ ਤੇ ਆਪਣਾ ਕੋਟ ਸਵਾ ਲਓ।”
ਮਾਸਟਰ ਨੇ ਕਿਹਾ, “ਭਲੀਏ ਲੋਕੇ, ਤੇਰੇ ਸਿਰ ‘ਤੇ ਲੀੜਾ ਨਹੀਂ। ਦਵਾਲੇ ਦੇ ਕੱਪੜੇ ਵੀ ਪਾਟੇ ਹੋਏ ਨੇ, ਉੱਤੋਂ ਸਿਆਲ ਮਾਂਹ ਆਇਆ। ਨਾਲੇ ਇਹ ਰੁਪਏ ਤੇਰੇ ਪਿਤਾ ਨੇ ਦਿੱਤੇ ਨੇ, ਤੂੰ ਆਪਣਾ ਬੰਦੋਬਸਤ ਕਰ ਲੈ।”
“ਲਓ, ਮੈਨੂੰ ਬੜਾ ਲੋਕਾਂ ਦੇ ਮੂੰਹ ਮੱਥੇ ਲੱਗਣਾ ਪੈਂਦੈ। ਮੇਰਾ ਕੀ ਏ ? ਮੇਰੇ ਬੱਚਿਆਂ ਦੇ ਕੱਪੜੇ ਤਾਂ ਤੁਸੀਂ ਬਣਾ ਹੀ ਦਿੱਤੇ ਹਨ,” ਮਾਸਟਰਿਆਣੀ ਨੇ ਉੱਤਰ ਵਿਚ ਆਖਿਆ।
“ਸ਼ੁਦੈਣੇ, ਵੀਹਾਂ ਰੁਪਈਆਂ ਵਿਚ ਤਾਂ ਅੱਜ-ਕੱਲ੍ਹ ਮੇਰੇ ਜਿੱਡੇ ਆਦਮੀ ਨੂੰ ਕੋਟ ਦੇ ਪਰਛਾਵੇਂ ਹੇਠ ਨਹੀਂ ਖਲੋਣ ਦਿੰਦੇ । ਹਾਂ, ਇਕ ਗੱਲ ਹੈ, ਮੈਂ ਬਸੰਤੇ ਸ਼ਾਹ ਤੋਂ ਪੰਜਾਰ ਰੁਪਏ ਫੜੇ ਸਨ ਨਾ, ਵੀਹਾਂ ਦੀ ਕਿਸ਼ਤ ਇਸ ਮਹੀਨੇ ਨਾ ਦੇ ਸਕਣ ਕਰਕੇ ਅੱਜ ਉਹ ਭਰੇ ਬਜ਼ਾਰ ਵਿਚ ਮੈਨੂੰ ਬੇਈਮਾਨ ਆਖਦਾ ਸੀ, ਲਿਆ ਇਹ ਉਸ ਨੂੰ ਦੇ ਦੇਈਏ।”
ਮਾਸਟਰਿਆਣੀ ਬਸੰਤੇ ਸ਼ਾਹ ਨੂੰ ਮੋੜਨ ਲਈ ਆਪਣੇ ਪਿਤਾ ਦੀ ਲਹੂ-ਪਾਣੀ ਇਕ ਕਰ ਕੇ ਕਮਾਈ, ਕਮਾਈ ਦੇਣ ਲਈ ਤਿਆਰ ਨਾ ਹੋਈ। ਪਰ ਉਸ ਵੀਹ ਰੁਪਏ ਪਤੀ ਨੂੰ ਦੇ ਦਿੱਤੇ ਤੇ ਕਿਹਾ, “ਕੋਈ ਮਾੜਾ ਮੋਟਾ ਕੰਬਲ ਹੀ ਲੈ ਆਓ ਫੇਰ।”
ਮਾਸਟਰ ਨੂੰ ਆਪਣੀ ਜੀਵਨ-ਸਾਥਣ ਦਾ ਬਹੁਤ ਫ਼ਿਕਰ ਸੀ । ਉਹ ਜ਼ਿੰਦਗੀ ਦਾ ਜੰਗ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਦੀ ਆਈ ਸੀ ਤੇ ਹਰ ਮੁਹਿੰਮ ਵਿਚ ਉਸ ਦਾ ਕਦਮ ਉਸ ਤੋਂ ਅੱਗੇ ਰਿਹਾ ਸੀ। ਮਾਸਟਰਾਂ ਦੇ ਹੱਕ ਵਿਚ ਲਿਖੀ ਕਹਾਣੀ ਸੁਣ ਕੇ ਉਹ ਖ਼ੁਸ਼ ਹੋਈ ਸੀ ਤੇ ਜਦੋਂ ਉਸ ਕਹਾਣੀ ਤੇ ਉਸ ਦੇ ਨਾਲ ਦੀਆਂ ਹੋਰ ਕਹਾਣੀਆਂ ਲਿਖਣ ਬਦਲੇ ਉਸ ਦੇ ਪਤੀ ਨੂੰ ਸਕੂਲੋਂ ਕੱਢਿਆ ਗਿਆ ਸੀ ਤਾਂ ਉਹ ਨਿਰਾਸ ਨਹੀਂ ਸੀ ਹੋਈ। ਉਸ ਬਹਾਦਰੀ ਨਾਲ ਕਿਹਾ ਸੀ, “ਏ ਜੀ, ਜੇ ਚੰਗੇ ਕੰਮ ਬਦਲੇ ਦੁਖ ਆਉਂਦੇ ਹਨ ਤਾਂ ਜੰਮ ਜੰਮ ਆਉਣ, ਕੋਈ ਗੱਲ ਨਹੀਂ।”
ਤੇ ਇਸ ਤਰ੍ਹਾਂ ਉਹ ਹਰ ਔਕੜ ਸਮੇਂ, ਸਮੇਂ ਦੀ ਮੰਗ ਅਨੁਸਾਰ ਆਪਣੇ ਖ਼ਰਚ ਘਟਾਈ ਜਾਂਦੀ ਸੀ ਤੇ ਪਤੀ ਨੂੰ, ਘੱਟੋ ਘੱਟ, ਕਲਮੀ ਜੰਗ ਲੜਨ ਵਿਚ ਅਸਲੋਂ ਉਸ ਦਾ ਸਾਥ ਦਿੰਦੀ ਸੀ।
ਮਾਸਟਰ ਦੇ ਦਿਮਾਗ਼ ਵਿਚ ਫੁਰਨਾ ਫੁਰਿਆ। ਉਹ ਟੁੱਟੇ-ਖੁੱਸੇ ਬੂਟ ਅੜਾ ਕੇ ਤੁਰਨ ਹੀ ਲੱਗਾ ਸੀ ਕਿ ਉਸ ਦੇ ਇਕ ਦੋਸਤ ਨੇ ਅਵਾਜ਼ ਮਾਰੀ। ਮਾਸਟਰ ਨੂੰ ਆਉਂਦਿਆਂ ਵੇਖ ਕੇ ਗੂੜ੍ਹੇ ਯਾਰਾਨੇ ਦੇ ਲਹਿਜੇ ਵਿਚ ਬੋਲਿਆ, “ਕਿਧਰ ਤਿਆਰ ਹੋਇਆਂ, ਐਸ देले?”
“ਨਹੀਂ, ਚੱਲ ਕੋਠੇ ਬੈਠਦੇ ਹਾਂ,” ਮਾਸਟਰ ਨੇ ਪਿੱਛੇ ਹਟਦਿਆਂ ਆਖਿਆ। “ਨਹੀਂ ਬਈ, ਮੈਂ ਬਾਹਰ ਨਿਕਲਣ ਦੇ ਹੱਕ ਵਿਚ ਆਂ।” ਤੇ ਉਸ ਦਾ ਹੱਥ ਫੜਦਿਆਂ ਉਸ ਮੁੜ ਆਖਿਆ, “ਆ, ਚੱਲੀਏ।”
“ਪਰ ਜਿਧਰ ਮੈਂ ਕਹੂੰ ਉਧਰ ਜਾਣਾ ਪਊ,” ਮਾਸਟਰ ਨੇ ਜ਼ੋਰ ਦਿੰਦਿਆਂ ਪੱਕਾ ਕਰਨ ਦੇ ਖ਼ਿਆਲ ਨਾਲ ਕਿਹਾ।
“ਤੇਰੇ ਨਾਲ ਤਾਂ ਮੈਂ ਨਰਕਾਂ ਦੇ ਬੂਹੇ ਤੀਕਰ ਚਲਾ ਜਾਵਾਂ, ਬੱਚੂ !” “ਹੱਛਾ ਨਰਕਾਂ ਦੇ ਬੂਹੇ ਤਕ, ਮੈਨੂੰ ਛੱਡਣ ?” ਮਾਸਟਰ ਨੇ ਸੁੱਕੇ ਮੂੰਹ ‘ਤੇ ਮੁਸਕਰਾਹਟ ਲਿਆਉਂਦਿਆਂ ਕਿਹਾ।
“ਓਏ! ਤੂੰ ਮਾਸਟਰ ਤੇ ਬਣ ਗਿਓਂ ਪਰ ਉਹੋ ਪੁਰਾਣਾ ਮੂਰਖ ਹੀ ਰਿਹੋਂ! ਜਿਹੜਾ ਨਰਕਾਂ ਦੇ ਬੂਹੇ ਤਕ ਤੇਰੇ ਨਾਲ ਪੈਂਡੇ ਕੱਛਦਾ ਜਾਊ, ਉਹ ਅੰਦਰ ਨਾ ਵੜ ਸਕੂ?” “ਹੱਛਾ! ਹੱਛਾ!” ਮਾਸਟਰ ਨੇ ਹੱਸਦਿਆਂ ਕਿਹਾ ਤੇ ਦੋਵੇਂ ਬਾਹਰ ਵੱਲ ਤੁਰ ਪਏ।
ਮਾਸਟਰ ਉਸ ਦੀ ਅਗਵਾਈ ਕਰਦਾ ਰਿਹਾ ਤੇ ਰਾਜਨੀਤਕ ਮਸਲਿਆਂ ‘ਤੇ ਵਿਚਾਰ ਕਰਦੇ ਕਰਾਂਦੇ ਉਹ ਉਸ ਬਜ਼ਾਰ ਵਿਚ ਪਹੁੰਚ ਗਏ ਜਿਥੇ ਪਸ਼ਮ ਦੀ ਥਾਂ ਪੁਰਾਣੇ ਕੱਪੜੇ ਵਿਕਦੇ ਸਨ, ਪਰ ਨਾਂ ਹਾਲੀ ਤਕ ‘ਪਸ਼ਮ ਵਾਲਾ ਬਜ਼ਾਰ’ ਹੀ ਰਿਹਾ ਸੀ।
ਮਾਸਟਰ ਦਾ ਯਾਰ, ਕਿਸੇ ਧਾਰਮਿਕ-ਰਾਜਨੀਤਕ ਸਭਾ ਦਾ ਸਕੱਤਰ ਸੀ ਤੇ ਸੰਨ 47 ਤੋਂ ਮਗਰੋਂ ਤਿੰਨ ਸਾਲ ਸਰਦੀਆਂ ਵਿਚ ਇਕ ਨੀਲੇ ਪੁੱਲਓਵਰ ਨਾਲ ਗੁਜ਼ਾਰਾ ਕਰਦਾ ਰਿਹਾ ਸੀ ਤੇ ਇਸ ਮਹੀਨੇ ਹੀ ਮਸੀਂ ਆਪਣਾ ਸੂਟ ਸੁਆ ਸਕਿਆ ਸੀ। ਘਸਮੈਲੇ ਜਿਹੇ ਘਟੀਆ ਗਰਮ ਕੱਪੜੇ ਦੇ ਸੂਟ ਉੱਤੇ ਉਸ ਦੇ ਇਕ ਸੌ ਵੀਹ ਰੁਪਏ ਲੱਗ ਗਏ ਸਨ। ਇਸ ਖ਼ਰਚ ਨਾਲ ਉਸ ਦੇ ਘਰ ਦਾ ਕਈ ਆਉਣ ਵਾਲਿਆਂ ਮਹੀਨਿਆਂ ਲਈ ਹਿਸਾਬ ਵਿਗੜ ਗਿਆ ਸੀ ਤੇ ਉਸ ਨੂੰ ਉਧਾਰ ਚੁੱਕਣਾ ਪਿਆ ਸੀ । ਹੁਣ ਉਹ ਕੁਝ ਸ੍ਵੈ-ਮਾਣ ਨਾਲ ਤੁਰਨ ਲੱਗਾ ਸੀ, ਪਰ ਕਰਜ਼ੇ ਦਾ ਖ਼ਿਆਲ ਕਈ ਵਾਰੀ ਉਸ ਨੂੰ ਡੋਬੂ ਪਾ ਜਾਂਦਾ ਸੀ। ਅੱਜ ਜਦ ਪਸ਼ਮ ਵਾਲੇ ਬਜ਼ਾਰ ਵਿਚ ਤੁਰੇ ਜਾਂਦਿਆਂ ਮਾਸਟਰ ਨੇ ਅਚਾਨਕ ਉਸ ਨੂੰ ਧੂ ਕੇ ਇਕ ਪੁਰਾਣੇ ਗਰਮ ਕੱਪੜੇ ਵੇਚਣ ਵਾਲੇ ਕਵਾੜੀਏ ਦੀ ਹੱਟੀ ਵਿਚ ਖਿੱਚ ਲਿਆ ਤਾਂ ਉਹ ਭੁਚੱਕਾ ਰਹਿ ਗਿਆ।
“ਆਓ ਜੀ, ਬਾਊ ਜੀ!” ਦੁਕਾਨਦਾਰ ਨੇ ਗਾਹਕ ਵੜਦਿਆਂ ਦੇਖ ਕੇ ਕਿਹਾ।
“ਇਕ ਕੋਟ ਚਾਹੀਦਾ ਹੈ ਮੇਰੇ ਮੇਚ ਦਾ,” ਮਾਸਟਰ ਨੇ ਆਖਿਆ।
ਧਾਰਮਿਕ ਸੰਸਥਾ ਦੇ ਸਕੱਤਰ ਨੂੰ ਮਾਨੋ ਹੋਸ਼ ਆ ਗਈ। ਪਿਛਲੇ ਪਾਸੇ ਇਕ ਕੋਠੜੀ ਦਾ ਬੂਹਾ ਖੁੱਲ੍ਹਾ ਦੇਖ ਕੇ ਉਸ ਕਿਹਾ, “ਯਾਰ, ਕੀ ਅਸੀਂ ਉਸ ਕੋਠੜੀ ਵਿਚ ਜਾ ਕੇ ਨਹੀਂ ਮਾਲ ਦੇਖ ਸਕਦੇ ?”
ਦੁਕਾਨਦਾਰ ਨੇ ਅਦਬ ਨਾਲ ਕਿਹਾ, “ਇਹ ਆਪ ਜੈਸੇ ਜੰਟਲਮੈਨ ਗਾਹਕਾਂ ਲਈ ਈ ਹੈ।”
ਸ਼ਬਦ ‘ਜੰਟਲਮੈਨ’ ਮਾਨੋ ਇਕ ਤੀਰ ਵਾਂਗ ਦੋਹਾਂ ਦੇ ਦਿਲ ਵਿੰਨ੍ਹ ਗਿਆ, ਪਰ ਉਹ ਸ਼ਰਮਿੰਦਗੀ ਦੇ ਤਾਣ ਅੰਦਰ ਹੋ ਹੀ ਗਏ।
“ਯਾਰ, ਤੂੰ ਇਹ ਕੀ ਕੀਤਾ ਅੱਜ ?” ਮਾਸਟਰ ਦੇ ਯਾਰ ਨੇ ਕਿਹਾ।
“ਤੇਰੀ ਭਰਜਾਈ ਲਈ ਦੁਪੱਟਾ ਤੇ ਸਲਵਾਰ ਵੀ ਲੈਣੀ ਹੈ ਤੇ ਰੁਪਈਏ ਕੁਲ ਵੀਹ ਨੇ,” ਹੌਲੀ ਜਿਹੀ ਮਾਸਟਰ ਨੇ ਬਚਪਨ ਦੇ ਮਿੱਤਰ ਨੂੰ ਕਿਹਾ।
ਧਾਰਮਿਕ ਸੰਸਥਾ ਦਾ ਸਕੱਤਰ, ਜੋ ਮਾਸਟਰ ਦਾ ਮਿੱਤਰ ਹੁੰਦਾ ਹੋਇਆ ਵੀ ਉਸ ਦੇ ਵਿਚਾਰਾਂ ਦਾ ਵਿਰੋਧੀ ਸੀ ਅਤੇ ਜਨਤਾ ਦੇ ਬਦਹਾਲੀ ਨਾਲ ਸਰਮਾਏ ਤੇ ਸਰਮਾਏਦਾਰਾਂ ਦਾ ਕੋਈ ਵਾਸਤਾ ਨਹੀਂ ਸੀ ਸਮਝਦਾ ਤੇ ਮਾਸਟਰਾਂ, ਕਿਰਤੀਆਂ, ਕਾਮਿਆਂ ਆਦਿ ਦੇ ਹੱਕ ਵਿਚ ਉਸ ਦੀ ਕਲਮੀ ਮਿਹਨਤ ਨੂੰ ਮਖ਼ੌਲ ਵਿਚ ਉਡਾਇਆ ਕਰਦਾ ਸੀ, ਅੱਜ ਦੁਕਾਨ ਦੇ ਅੰਦਰ ਅਜੀਬ ਹਾਲਤ ਵਿਚ ਖੜਾ ਸੀ । ਉਹ ਕੁਝ ਚਿਰ ਲਈ ਕੰਬਦਾ ਪ੍ਰਤੀਤ ਹੋਇਆ, ਜਿਵੇਂ ਉਸ ਨੂੰ ਆਪਣੇ ਗਰਮ ਸੂਟ ਵਿਚ ਪੋਹ ਮਾਘ ਦੀ ਠੰਡ ਲੱਗ ਰਹੀ ਹੋਵੇ। ਖ਼ਬਰੇ ਉਸ ਦੀ ਕਲਪਨਾ ਸਾਹਮਣੇ ਕੋਈ ਵਿਚਾਰ ਸਾਕਾਰ ਹੋ ਉੱਠੇ ਸਨ ਤੇ ਉਹ ਉਨ੍ਹਾਂ ਦੀ ਝੰਜੋੜ ਨਹੀਂ ਸਹਾਰ ਸਕਿਆ ਸੀ। ਉਸ ਦੀ ਹਾਲਤ ਦੇਖ ਕੇ ਮਾਸਟਰ ਨੇ ਛੇਤੀ ਛੇਤੀ ਸੌਦਾ ਕੀਤਾ। ਮਾਲ ਵੀ ਮਾੜਾ ਪੱਲੇ ਪਿਆ ਤੇ ਰੁਪਏ ਵੀ ਦਸ ਲੱਗ ਗਏ। ਮਾਸਟਰ ਨੇ ਕੋਟ ਬਾਂਹ ‘ਤੇ ਪਾ ਲਿਆ। ਸਕੱਤਰ ਨੇ ਫਿਰ ਹੋਸ਼ ਵਿਚ ਆ ਕੇ ਦੁਕਾਨਦਾਰ ਨੂੰ ਕਿਹਾ, “ਸਰਦਾਰ ਜੀ, ਇਸ ਨੂੰ ਕਿਸੇ ਕਾਗ਼ਜ਼ ਵਿਚ ਬੰਨ੍ਹ ਦਿੰਦੇ ਤਾਂ ਚੰਗਾ ਸੀ।”
ਮਾਸਟਰ ਨੇ ਕਿਹਾ, “ਮਿੱਤਰਾ, ਕਿੰਨਾ ਚਿਰ ਇਸ ਨੂੰ ਲੁਕਾਵਾਂਗੇ। ਇਹ ਇਕ ਅਸਲੀਅਤ ਹੈ, ਜਿਸ ਦਾ ਮੁਕਾਬਲਾ ਕਰਨਾ ਹੀ ਪਵੇਗਾ। ਇਸ ਦੇ ਕਾਰਨਾਂ ‘ਤੇ ਵਿਚਾਰ ਕਰੇ ਬਿਨਾਂ ਛੁਟਕਾਰਾ ਨਹੀਂ। ਹਾਲਾਤ ਨਾਲ ਆਖ਼ਰ ਲੜਨਾ ਹੀ ਪੈਣਾ ਹੈ।”
ਏਨੇ ਨੂੰ ਦੁਕਾਨਦਾਰ ਨੇ ਕਾਗ਼ਜ਼ ਕੱਢ ਕੇ ਕੋਟ ਵਲ੍ਹੇਟਣਾ ਸ਼ੁਰੂ ਕਰ ਦਿੱਤਾ ਸੀ। ਦੁਕਾਨਦਾਰ ਨੇ ਭੁਲੇਖੇ ਨਾਲ ਕੋਟ ਸਕੱਤਰ ਦੇ ਹੱਥ ਵਿਚ ਦਿੱਤਾ, ਪਰ ਉਸ ਨੇ ਫੜਿਆ ਨਾ ਤੇ ਉਹ ਡਿੱਗ ਪਿਆ। ਮਾਸਟਰ ਨੇ ਝੁਕ ਕੇ ਉਸ ਪੁਲੰਦੇ ਨੂੰ ਚੁੱਕ ਲਿਆ ਅਤੇ ਉਹ ਝੱਟ-ਪੱਟ ਬਾਹਰ ਨਿਕਲੇ। ਸਕੱਤਰ ਇਧਰ ਉਧਰ ਦੇਖ ਰਿਹਾ ਸੀ ਕਿ ਕੋਈ ਉਨ੍ਹਾਂ ਦਾ ਵਾਕਫ਼ ਉਨ੍ਹਾਂ ਨੂੰ ਦੇਖ ਤਾਂ ਨਹੀਂ ਰਿਹਾ।
ਬੜਾ ਚਿਰ ਉਹ ਚੁੱਪ ਕਰੀ ਤੁਰੀ ਆਉਂਦਾ ਰਿਹਾ। ਆਖ਼ਰ ਉਸ ਮਾਨੋ ਪਾਟ ਕੇ ਆਖਿਆ, “ਅਮਰੀਕਨ ਕਿਤੇ ਇਹ ਉਤਾਰ ਵਿਕਦੇ ਰੱਖਣ ਲਈ ਹੀ ਤਾਂ ਕੋਰੀਆ ਵਿਚ ਨਹੀਂ ਲੜ ਰਹੇ ? ਜੋ ਹੋਰਨਾਂ ਦੇਸਾਂ ਦੇ ਲਿਖਾਰੀਆਂ ਤਕ ਨੂੰ ਉਤਾਰ ਪੁਆ ਕੇ ਉਨ੍ਹਾਂ ਦੇ ਮੁਲਕ ਦੀ ਰਹਿੰਦੀ-ਖੂੰਹਦੀ ਮਾਇਆ ਵੀ ਖਿੱਚਣ ਦੀ ਠਾਣਦੇ ਹਨ, ਉਨ੍ਹਾਂ ਨਾਲ ਲੜਨਾ ਧਰਮ ਹੈ।”
ਮਾਸਟਰ ਚੁੱਪ-ਚਾਪ ਕਿੰਨਾ ਚਿਰ ਉਸ ਦੇ ਮੂੰਹ ਵੱਲ ਦੇਖੀ ਗਿਆ।