11 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ। ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੀ ਅਗਵਾਈ ਹੇਠ ਪਾਰਟੀ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਚੋਣ ਜਿੱਤਣ ਵਾਲੇ ਇਹ ਸੱਤ ਡਾਇਰੈਕਟਰਾਂ ਵਿੱਚੋਂ ਪੰਜ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਤ ਹਨ। ਜ਼ਿਕਰ ਯੋਗ ਹੈ ਕਿ ਬੁੱਧਵਾਰ ਨੂੰ ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਚੋਣ ਰੱਖੀ ਗਈ ਸੀ, ਜਿਸ ਲਈ ਆਮ ਆਦਮੀ ਪਾਰਟੀ ਦੇ ਸੱਤ ਡਾਇਰੈਕਟਰਾਂ ਨੇ ਆਪਣੇ ਕਾਗਜ ਦਾਖਲ ਕੀਤੇ ਸਨ ਜਦੋਂ ਕਿ ਰਵਾਇਤੀ ਪਾਰਟੀਆਂ ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਡਾਇਰੈਕਟਰ ਦੀ ਚੋਣ ਲਈ ਕਾਗਜ ਦਾਖਲ ਨਹੀਂ ਕੀਤੇ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਸੱਤੇ ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿਚ ਜੋਨ ਨੰਬਰ ਇਕ ਬਾਂਡੀ ਤੋਂ ਮਹਿੰਦਰ ਸਿੰਘ, ਜੋਨ ਨੰਬਰ ਦੋ ਜੰਗੀਰਾਣਾ ਤੋਂ ਸੁਰਿੰਦਰ ਕੌਰ, ਜੋਨ ਨੰਬਰ ਚਾਰ ਚੁੱਘੇ ਕਲਾਂ ਤੋਂ ਭੁਪਿੰਦਰ ਸਿੰਘ, ਜੋਨ ਨੰਬਰ ਪੰਜ ਦਿਉਣ ਤੋਂ ਸੁਖਮੰਦਰ ਸਿੰਘ, ਜੋਨ ਨੰਬਰ ਸੱਤ ਕੋਟਸ਼ਮੀਰ ਤੋਂ ਪਰਮਜੀਤ ਸਿੰਘ ਕੋਟਫੱਤਾ, ਜੋਨ ਨੰਬਰ ਅੱਠ ਮਹਿਮਾ ਤੋਂ ਬਲਦੇਵ ਸਿੰਘ ਅਤੇ ਜੋਨ ਨੰਬਰ ਨੌਂ ਜੰਡਾਂਵਾਲਾ ਤੋਂ ਭੋਲਾ ਸਿੰਘ ਡਾਇਰੈਕਟਰ ਵਜੋਂ ਚੁਣੇ ਗਏ। ਬਿਨਾਂ ਮੁਕਾਬਲਾ ਚੋਣ ਜਿੱਤਣ ਵਾਲੇ ਇਨ੍ਹਾਂ ਡਾਇਰੈਕਟਰਾਂ ਦਾ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਬਿਨਾਂ ਮੁਕਾਬਲਾ ਸੱਤ ਡਾਇਰੈਕਟਰ ਜਿੱਤਣ ਦੀ ਖੁਸ਼ੀ ਵਿਚ ਆਮ ਆਦਮੀ ਪਾਰਟੀ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਜਤਿੰਦਰ ਭੱਲਾ ਨੇ ਆਖਿਆ ਕਿ ਖੇਤੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਲਈ ਰਵਾਇਤੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭੇ ਜਿਸ ਕਾਰਨ ਉਨ੍ਹਾਂ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਅੰਦਰ ਸਿਰਫ ਆਮ ਆਦਮੀ ਪਾਰਟੀ ਦਾ ਪਰਚਮ ਹੀ ਲਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਆਉਣ ਵਾਲੀਆਂ ਜਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹਿਣਗੇ। ਭੱਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਜਿਸ ਕਾਰਨ ਹੀ ਹਰ ਚੋਣ ਵਿਚ ਲੋਕਾਂ ਵੱਲੋਂ ਆਪ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਕਾਸ ਬੈਂਕ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹਿਣਾ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਜੇਤੂ ਰਹੇ ਸਮੂਹ ਡਾਇਰੈਕਟਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਨੇ ਵੀ ਮੌਕੇ ’ਤੇ ਪੁੱਜ ਕੇ ਬਿਨਾਂ ਮੁਕਾਬਲਾ ਜੇਤੂ ਰਹੇ ਡਾਇਰੈਕਟਰਾਂ ਦਾ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਡਾਇਰੈਕਟਰ ਖੇਤੀ ਵਿਕਾਸ ਬੈਂਕ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਨਗੇ।