ਖੇਡ ਅਜੇ ਮੁੱਕੀ ਨਹੀਂ …
ਕੌਣ ਜਾਣਦਾ ਸੀ ਵਿਨੇਸ਼
ਤੈਨੂੰ ਕੁਸ਼ਤੀ ਦੇ ਨਾਲ
ਗ੍ਰਾਮਾਂ ਦੀ ਖੇਡ ਵੀ ਖੇਡਣੀ ਪੈਣੀ ਹੈ
ਕੁਸ਼ਤੀ ਤਾਂ ਤੂੰ ਜਿੱਤੇਂ ਜਾਂ ਹਰੇ
ਕੋਈ ਫਰਕ ਨਹੀਂ ਸੀ ਪੈਣਾ
ਕਿਉਂਕਿ ਸਾਹਮਣੇ
ਕੁਸ਼ਤੀ ਦਾ ਹੀ ਖਿਡਾਰੀ ਹੁੰਦਾ ਹੈ
ਤੇਰੇ ਵਰਗਾ
ਕੋਈ ਮੇਰੇ ਵਰਗਾ
ਪਰ ਜਿੰਨ੍ਹਾਂ ਦੀ ਸ਼ਕਲ ਫਨੀਅਰ ਵਰਗੀ ਹੈ
ਜਿਨ੍ਹਾਂ ਦੀਆਂ ਖੇਡਾਂ
ਜਿੱਤਣ ਹਾਰਨ ਦੀਆਂ ਨਹੀਂ
ਮਰਨ ਮਾਰਨ ਦੀਆਂ ਨੇ
ਹਉਮੈਂ ਨੂੰ ਵਿਸਥਾਰਨ ਦੀਆਂ ਨੇ
ਜਿਨ੍ਹਾਂ ਦੇ ਹੱਥ
ਤੁਹਾਡੇ ਸਿਰਾਂ ਤੇ ਫਿਰਨ ਨਾਲੋਂ
ਪਿੰਡਿਆਂ ਤੇ ਫਿਰਨ ਲਈ ਕਾਹਲੇ ਹਨ
ਜਿਨ੍ਹਾਂ ਦੇ ਸਿਰਾਂ ਵਿਚ
ਖੁਸਬੂ ਦੀ ਥਾਂ
ਸਿਲਾਜੀਤ ਭਰੀ ਹੈ
ਜਿਨ੍ਹਾਂ ਦੀਆਂ ਖਾਹਿਸ਼ਾਂ ਦੀਆਂ
ਨੀਹਾਂ ਵਿਚ ਰੋਜ਼ ਤੁਹਾਡੇ ਸੁਪਨੇ ਚਿਣੇ ਜਾਂਦੇ ਨੇ
ਜਿਨ੍ਹਾਂ ਦੀ ਪਿੱਠ
ਸੱਤਾ ਦੀ ਮਖ਼ਮਲੀ ਕੁਰਸੀ ਨਾਲ ਲਗਦੀ ਹੈ
ਤੇ ਮਖ਼ਮਲੀ ਕੁਰਸੀ
ਹਰ ਉਸ ਸ਼ੈਅ ਨੂੰ ਦਰੜਨ ਲਈ ਕਾਹਲੀ ਹੈ
ਜੋ ਸੱਤਾ ਤੋਂ ਕੁਝ ਵੀ
ਵਖਰਾ ਸੋਚਦੇ ਨੇ
ਵੱਖਰਾ ਲੋਚਦੇ ਨੇ
ਵਿਨੇਸ਼
ਯਾਦ ਰੱਖੀਂ
ਤੂੰ ਸਿਰਫ਼ ਰੈਸਲਿੰਗ ਰਿੰਗ ਉੱਤੇ
ਕਿਸੇ ਭਲਵਾਨ ਦੀ ਕੰਡ ਨਹੀਂ ਲਾਈ
ਸੱਤਾ ਦੀ ਕੰਡ ਲਾਈ ਹੈ
ਜਦ ਸੱਤਾ ਦੀ ਕੰਡ ਲਗਦੀ ਹੈ
ਸੱਤਾ ਨਾਗ ਬਣ ਜਾਂਦੀ ਹੈ
ਤੇ ਸ਼ਿਕਾਰ ਨੂੰ ਡੰਗਣ ਲਈ ਕਾਹਲੀ ਪੈਂਦੀ ਹੈ
ਸੱਤਾ ਦੇ ਇਸ ਡੰਗ ਨੇ
ਇਕ ਵਾਰ ਮੁੜ ਤੈਨੂੰ ਡੱਸਿਆ ਹੈ
ਪਰ ਮੈਨੂੰ ਯਕੀਨ ਹੈ ਕਿ
ਤੈਨੂੰ ਸੱਪਾਂ ਨਾਲ ਨਜਿੱਠਣਾਂ ਆਉਂਦਾ ਹੈ
ਪਰ ਹੁਣ ਤੂੰ
ਸੱਪਾਂ ਨੂੰ ਕੀਲਣ ਲਈ
ਜੋਗੀ ਨਹੀਂ ਬਣਨਾ
ਸਗੋਂ ਡਾਂਗ ਬਣਨਾ ਹੈ
ਤੇ ਤਦ ਤਕ ਵਾਰ ਕਰਨੇ ਹਨ
ਜਦ ਤਕ ਸਪ ਦਾ ਸਿਰ ਨਹੀਂ ਫਿਸਦਾ
ਉਠ ਧੀਏ
ਗ੍ਰਾਮਾਂ ਦੀ ਖੇਡ ਤੇਰੇ ਮੂਹਰੇ ਕੀ ਚੀਜ਼ ਹੈ
ਤੂੰ ਕੁਆਂਟਲਾਂ ਦੇ ਕੁਆਂਟਲ
ਹੰਕਾਰ ਨੂੰ ਚੂਰ ਕਰਨਾ ਹੈ
ਜ਼ਮਾਨਾ ਤੇਰੀ ਖੇਡ ਦੇਖਣ ਨੂੰ ਉਤਾਵਲਾ ਹੈ
ਖੇਡ ਮੁੱਕੀ ਨਹੀਂ
ਖੇਡ ਤਾਂ ਅਜੇ ਸ਼ੁਰੂ ਹੋਈ ਹੈ…
ਕੁਲਦੀਪ ਸਿੰਘ ਦੀਪ (ਡਾ.)
9876820600