20 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਹਲਕਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡ ਡੱਲ ‘ਚ ਪੁਲਸ ‘ਤੇ ਬੀ.ਐਸ.ਐਫ ਵੱਲੋਂ ਚਲਾਏ ਸਾਂਝੇ ਸਰਚ ਅਭਿਆਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਤਿੰਨ ਵਿਅਕਤੀਆਂ ‘ਚੋਂ ਇੱਕ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੋ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਇਕੱਤਰ ਹੋਈ ਜਾਣਕਾਰੀ ਅਨੁਸਾਰ ਇਹ ਸਰਚ ਅਭਿਆਨ ਥਾਣਾ ਖਾਲੜਾ ਦੀ ਪੁਲਸ ‘ਤੇ ਬੀ.ਐਸ.ਐਫ ਵੱਲੋਂ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਚਲਾਇਆ ਗਿਆ। ਥਾਣਾ ਖਾਲੜਾ ਦੀ ਪੁਲਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਮੁਤਾਬਕ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਨੂੰ ਡੱਲ ਪਿੰਡ ਦੇ ਸਰੋਂ ਦੇ ਖੇਤਾਂ ਉੱਪਰ ਡਰੋਨ ਦੇ ਮੰਡਰਾਉਣ ਸੰਬੰਧੀ ਗੁਪਤ ਸੂਚਨਾ ਮਿਲੀ ਸੀ। ਜਦੋਂ ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੀ ਗਈ ਹੈਰੋਇਨ ਦੀ ਖੇਪ ਨੂੰ ਚੁੱਕਣ ਲਈ ਤਿੰਨ ਨੌਜਵਾਨ ਪਿੰਡ ਡੱਲ ਦੇ ਖੇਤਾਂ ਵਿੱਚ ਗਏ ਤਾਂ ਪੁਲਸ ਪਾਰਟੀ ਮੌਕੇ ‘ਤੇ ਪੁੱਜ ਗਈ,ਜਿਸ ਤੋਂ ਬਾਅਦ ਦੋ ਨੌਜਵਾਨ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ ਜਦਕਿ ਉਨ੍ਹਾਂ ਦਾ ਇੱਕ ਸਾਥੀ ਖੇਤਾਂ ਵਿੱਚ ਹੀ ਇੱਕ ਦਰਖਤ ਦੇ ਪਿੱਛੇ ਲੁਕ ਗਿਆ,ਜਿਸ ਨੂੰ ਪੁਲਸ ਨੇ ਕਾਬੂ ਕਰਕੇ ਜਦੋਂ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਜਗਰੂਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਦੱਸਿਆ। ਪੁਲਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਦੱਸਿਆ ਕਿ ਉਸ ਦੇ ਦੋ ਹੋਰ ਸਾਥੀਆਂ ਜਿਨ੍ਹਾਂ ਦੇ ਨਾਮ
ਜੇਪੀ ਪੁੱਤਰ ਨਾਮਲੂਮ ਵਾਸੀ ਵਾਂ ਥਾਣਾ ਸਦਰ ਤਰਨਤਰਨ,ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੌੜ ਸਿੰਘ ਹਨ, ਨੇ ਉਸ ਦੇ ਨਾਲ ਮਿਲ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਸੀ ਅਤੇ ਅੱਜ ਉਹ ਖੇਪ ਨੂੰ ਚੁੱਕਣ ਲਈ ਆਏ ਸਨ । ਜਿਸ ਤੇ ਥਾਣਾ ਖਾਲੜਾ ਪੁਲਸ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਐਫਆਈਆਰ ਨੰਬਰ 30, ਜੁਰਮ 21ਸੀ/29/61/85 ਐਨਡੀਪੀਐੱਸ ਐਕਟ ਅਤੇ ਏਅਰ ਕਰਾਫਟ ਐਕਟ 10/11/12 ਤਹਿਤ ਮਾਮਲਾ ਦਰਜ ਕਰਕੇ ਫਰਾਰ ਹੋਏ ਦੋਵੇਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦ ਕਿ ਪਾਕਿ ਡਰੋਨ ਰਹੀ ਸੁੱਟੀ ਗਈ ਹੈਰੋਇਨ ਦੀ ਭਾਲ ਲਈ ਸਰਚ ਅਭਿਆਨ ਜਾਰੀ ਹੈ।