ਅੱਜ ਅਸੀਂ ਜਿਉਂ ਟ੍ਰੇਨਿੰਗ ਗਰਾਉਂਡ ਤੋਂ ਵਾਪਸ ਆਏ, ਸਾਨੂੰ ਸਿੱਧਾ ਪੀ.ਟੀ. ਗਰਾਉਂਡ ਵਿੱਚ ਜਾਣ ਦਾ ਹੁਕਮ ਮਿਲ ਗਿਆ ਸੀ। ਦੁਪਹਿਰ ਦਾ ਇੱਕ ਵੱਜ ਚੁੱਕਾ ਸੀ। ਭੁੱਖ ਵੀ ਬਹੁਤ ਲੱਗੀ ਸੀ। ਢਿੱਡ ਵਿੱਚ ਚੂਹੇ ਨੱਚੀ ਜਾ ਰਹੇ ਸਨ। ਸਵੇਰ ਦੀਆਂ ਤਿੰਨ ਪੂਰੀਆਂ ਖਾਧੀਆਂ ਸਨ। ਅੱਜ ਟਰੇਨਿੰਗ ਗਰਾਉਂਡ ਵਿੱਚ ਰਗੜਾ ਬਹੁਤ ਮਿਲਿਆ। ਸਰੀਰ ਬਿੱਲਕੁਲ ਟੁੱਟਿਆ ਪਿਆ ਸੀ। ਸੋਚਿਆ ਸੀ ਜਲਦੀ ਨਾਲ਼ ਰੋਟੀ ਖਾ ਕੇ ਦੋ ਪਲ ਆਰਾਮ ਕਰ ਲਵਾਂਗੇ ਪਰ ਕਿੱਥੇ। ਅੱਜ ਇਹ ਫਾਲਨ ਕਿਉਂ ਹੋ ਰਿਹਾ ਏ, ਸਮਝ ਤੋਂ ਬਾਹਰ ਸੀ। ਹੌਲ਼ੀ-ਹੌਲ਼ੀ ਸਭ ਜਵਾਨ ਇੱਕਠੇ ਹੋਣ ਲੱਗ ਪਏ। ਬੀ.ਐੱਚ.ਐੱਮ. ਦੇ ਸਾਹਮਣੇ ਤਿੰਨ-ਤਿੰਨ ਵਿੱਚ ਖੜ੍ਹੇ ਹੋ ਕੇ ਇੱਕ ਯੂ ਅਕਾਰ ਬਣਾ ਲਿਆ। ਪਰ ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ। ਜਵਾਨ ਆਪਸ ਵਿੱਚ ਘੁਸਰ-ਮੁਸਰ ਕਰਦੇ ਬੀ.ਐੱਚ.ਐੱਮ ਰੋਅਬ ਮਾਰ ਕੇ ਚੁੱਪ ਕਰਵਾ ਦਿੰਦਾ। ਪਰ ਦੱਸ ਕੁੱਝ ਵੀ ਨਹੀਂ ਸੀ ਰਿਹਾ। ਕੁੱਝ ਸਮੇਂ ਬਾਅਦ ਉੱਥੇ ਐੱਸ.ਐੱਮ.ਸਾਹਬ ਆ ਗਿਆ। ਬੀ.ਐੱਚ.ਐੱਮ. ਜ਼ੋਰ ਦੀ ਬੋਲ ਕੇ ਸਭ ਨੂੰ ਸਾਵਧਾਨ ਕਰਦਾ ਸਲੂਟ ਮਾਰ ਕੇ ਜਵਾਨਾਂ ਦੀ ਗਿਣਤੀ ਦੀ ਰਿਪੋਰਟ ਦਿੰਦਾ ਹੈ। ਐੱਸ.ਐੱਮ.ਸਾਹਬ ਜ਼ੋਰ ਨਾਲ਼ ਕਹਿੰਦਾ ਹੈ।
“ਤੁਹਾਨੂੰ ਪਤਾ ਹੈ, ਇੱਥੇ ਕਿਉਂ ਇੱਕਠੇ ਹੋਏ ਓਂ?”
“ਨਹੀਂ ਸਰ…” ਸਭ ਇੱਕ ਆਵਾਜ਼ ਵਿੱਚ ਜ਼ੋਰ ਨਾਲ ਬੋਲਦੇ ਹਨ। “ਤੁਹਾਡੇ ਇੱਕ ਸਾਥੀ ਰੰਗਰੂਟ ਫਿਰੋਜ਼ ਖਾਂ ਨੇ…।” ਅਜੇ ਐੱਸ.ਐਮ. ਸਾਹਬ ਨੇ ਐਨਾ ਬੋਲਿਆ ਸੀ। ਪਿੱਛੋਂ ਕਿਸੇ ਨੇ ਕਹਿ ਦਿੱਤਾ।
“ਸਰ! ਸੁਣਾਈ ਨਹੀਂ ਦਿੰਦਾ।” ਸਭ ਨੂੰ ਹੋਰ ਨਜ਼ਦੀਕ ਕਰ ਲਿਆ। “ਹੁਣ ਮੇਰੀ ਅਵਾਜ਼, ਸਭ ਨੂੰ ਸੁਣਾਈ ਦੇ ਰਹੀ ਏ।” ਤਿੰਨੇ ਪਾਸੇ ਹੱਥ ਕੱਢ ਕੇ ਇਸ਼ਾਰੇ ਨਾਲ ਪੁੱਛਿਆ ਸਭ ਜ਼ੋਰ ਨਾਲ਼ ਬੋਲੇ।
“ਯੈੱਸ ਸਰ।”
“ਚਲੋ ਠੀਕ ਹੈ, ਮੈਂ ਕਹਿ ਰਿਹਾ ਸੀ, ਜਿਹੜਾ ਤੁਹਾਡਾ ਸਾਥੀ ਫਿਰੋਜ਼ ਖਾਂ ਹੈ। ਉਸ ਨੇ ਪਿਛਲੇ ਮਹੀਨੇ ਇੱਕ ਅਫ਼ਸਰ ਦੀ ਮੇਮ ਸਾਹਬ ਨਾਲ਼ ਗ਼ਲਤ ਹਰਕਤ ਕਰ ਦਿੱਤੀ ਸੀ। ਅੱਜ ਉਸ ਦਾ ਕੋਰਟ-ਮਾਰਸ਼ਲ ਹੋਣਾ ਹੈ। ਉਸ ਨੇ ਆਪਣੀ ਟ੍ਰੇਨਿੰਗ ਬਟਾਲੀਅਨ ਦੀ ਪੂਰੇ ਸੈਂਟਰ ਵਿੱਚ ਬਦਨਾਮੀ ਕਰਵਾ ਦਿੱਤੀ ਹੈ।” ਉਹ ਲਗਾਤਾਰ ਬੋਲ ਰਿਹਾ ਸੀ।
ਮੇਰਾ ਧਿਆਨ ਉਨ੍ਹਾਂ ਦਿਨਾਂ ’ਚ ਚਲਾ ਗਿਆ ਜਦ ਮੈਂ ਬੇਸਿਕ ਟ੍ਰੇਨਿੰਗ ਕਰਦਾ ਸੀ। ਇਸੇ ਤਰ੍ਹਾਂ ਸਾਨੂੰ ਤਕਰੀਬਨ ਦਸ ਕੁ ਵਜੇ ਇੱਕਠਾ ਕੀਤਾ ਗਿਆ ਸੀ। ਉਸ ਦਿਨ ਸਾਡੇ ਟ੍ਰੇਨਿੰਗ ਉਸਤਾਦ ਜੰਗੀਰ ਸਿੰਘ ਦਾ ਕੋਰਟ-ਮਾਰਸ਼ਲ ਕੀਤਾ ਸੀ। ਉਸ ਉਪਰ ਦੋਸ਼ ਸੀ ਕਿ ਉਸ ਨੇ ਇੱਕ ਟ੍ਰੇਨਿੰਗ ਕਰਦੇ ਜਵਾਨ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਉਹ ਜਵਾਨ ਉੜੀਸਾ ਦਾ ਰਹਿਣ ਵਾਲਾ ਮੋਨਿੰਦਰ ਸਾਹੂ ਸੀ। ਉਸਤਾਦ ਜੰਗੀਰ ਸਿੰਘ ਨੇ ਉਸ ਨੂੰ ਆਪਣੇ ਸਹਾਇਕ ਦੇ ਤੌਰ ’ਤੇ ਰੱਖਿਆ ਹੋਇਆ ਸੀ। ਉਸ ਨੂੰ ਬੈਰਕ ਦੇ ਨਾਲ਼ ਲੱਗਦੇ ਆਪਣੇ ਰੂਮ ਵਿੱਚ ਝਾੜੂ, ਪਾਣੀ ਭਰਨ, ਰੋਟੀ ਲਿਆਉਣ ਤੇ ਹੋਰ ਸਾਫ਼-ਸਫ਼ਾਈ ਲਈ ਰੱਖਿਆ ਹੋਇਆ ਸੀ। ਸਾਹੂ ਦਾ ਸਰੀਰ ਵੀ ਕੁੜੀਆਂ ਵਰਗਾ ਸੀ, ਉਸ ਨੂੰ ਜੇ ਕੁੜੀਆਂ ਦੇ ਕੱਪੜੇ ਪਵਾ ਦਿੱਤੇ ਜਾਣ ਕੋਈ ਉਸ ਦੀ ਪਹਿਚਾਣ ਨਹੀਂ ਸੀ ਕਰ ਸਕਦਾ। ਕਈ ਵਾਰ ਅਸੀਂ ਉਸ ਨੂੰ ਮਜ਼ਾਕ ਵਿੱਚ ਕਹਿ ਦਿੰਦੇ, “ਤੈਨੂੰ ਤਾਂ ਕੁੜੀ ਹੋਣਾ ਚਾਹੀਦਾ ਸੀ, ਆਹਾ ਵਾਧੂ ਸਮਾਨ ਤਾਂ ਪਤਾ ਨਹੀਂ ਕਿੱਥੋਂ ਲੱਗ ਗਿਆ।” ਉਹ ਸਾਡੇ ਨਾਲ਼ ਬੁਰੀ ਤਰ੍ਹਾਂ ਚਿੜ ਜਾਂਦਾ ਤੇ ਉਸਤਾਦ ਕੋਲ਼ ਸਾਡੀ ਸ਼ਿਕਾਇਤ ਕਰ ਦਿੰਦਾ ਸੀ। ਉਸਤਾਦ ਫਿਰ ਸਾਡੇ ਉੱਤੇ ਦਿਲ ਖੋਲ੍ਹ ਕੇ ਕੁਟਾਪਾ ਚਾੜ੍ਹਦਾ। ਸਾਹੂ ਟ੍ਰੇਨਿੰਗ ਤੇ ਘੱਟ ਵੱਧ ਜਾਂਦਾ। ਅਸੀਂ ਹੱਡ ਰਗੜਾਉਂਦੇ ਰਹਿੰਦੇ। ਕੁੱਝ ਜਵਾਨਾਂ ਨੂੰ ਭਿਣਕ ਲੱਗੀ ਕਿ ਉਸਤਾਦ ਸਾਹੂ ਨਾਲ਼ ਗ਼ਲਤ ਹਰਕਤਾਂ ਕਰਦਾ ਹੈ। ਅਸੀਂ ਉਸ ਨੂੰ ਪੁੱਛਦੇ ਉਹ ਕੁੱਝ ਨਾ ਦੱਸਦਾ। ਸਾਡੇ ਵਿੱਚੋਂ ਇੱਕ ਜਵਾਨ ਦਾ ਚਾਚਾ ਸੈਂਟਰ ਐੱਸ.ਐੱਮ. ਦੀ ਡਿਉਟੀ ਕਰਦਾ ਸੀ। ਉਸ ਨੇ ਸਾਰੀ ਗੱਲ ਜਾ ਕੇ ਆਪਣੇ ਚਾਚੇ ਨੂੰ ਦੱਸ ਦਿੱਤੀ। ਐੱਸ.ਐੱਮ. ਨੇ ਉਸਤਾਦ ਨੂੰ ਰੰਗੇ ਹੱਥੀਂ ਫੜਨ ਲਈ ਆਪਣੇ ਬੰਦੇ ਛੱਡ ਦਿੱਤੇ। ਆਖ਼ੀਰ ਇੱਕ ਦਿਨ ਦੁਪਹਿਰ ਦੇ ਬਾਰ੍ਹਾਂ ਵਜੇ ਦੇ ਲਗਭਗ ਉਸ ਨੂੰ ਸਾਹੂ ਨਾਲ ਕੁ-ਕਰਮ ਕਰਦੇ ਨੂੰ ਫੜ ਲਿਆ ਗਿਆ।
ਮਾਮਲਾ ਬਹੁਤ ਗੰਭੀਰ ਬਣ ਗਿਆ। ਉਸਤਾਦ ਨੂੰ ਫੜ ਕੇ ਸੈਂਟਰ ਦੀ ਪਿ੍ਰਜ਼ਨ-ਸੈੱਲ (ਜੇਲ੍ਹ) ਵਿੱਚ ਬੰਦ ਕਰ ਦਿੱਤਾ ਗਿਆ। ਸਾਹੂ ਤੋਂ ਪੁੱਛ ਪੜਤਾਲ ਕੀਤੀ ਗਈ,ਪਤਾ ਲੱਗਾ ਉਸਤਾਦ ਉਸ ਨੂੰ ਟੈਸਟਾਂ ’ਚੋਂ ਫੇਲ੍ਹ ਕਰਨ ਲਈ ਡਰਾਉਂਦਾ-ਧਮਕਾਉਂਦਾ ਸੀ। ਕਿਸੇ ਨੂੰ ਦੱਸਿਆ ਤਾਂ ਨੌਕਰੀ ਤੋਂ ਕੱਢ ਕੇ ਘਰ ਭੇਜਣ ਤੱਕ ਕਹਿ ਦਿੰਦਾ। ਇਸ ਲਈ ਸਾਹੂ ਨੇ ਕਿਸੇ ਨੂੰ ਕੁੱਝ ਨਹੀਂ ਸੀ ਦੱਸਿਆ। ਇਨਕੁਆਰੀ ਹੋਈ ਐੱਸ.ਜੀ.ਸੀ.ਐੱਮ.(ਸਮਰੀ ਜਰਨਲ ਕੋਰਟ ਮਾਰਸਲ) ਬੈਠ ਗਿਆ। ਫੈਸਲਾ ਅੱਜ ਸੁਣਾਉਣਾ ਸੀ।
ਐੱਸ.ਐੱਮ. ਨੇ ਦੱਸਿਆ “ਇਸ ਉਸਤਾਦ ਜੰਗੀਰ ਸਿੰਘ ਨੇ ਇੱਕ ਟਰੇਨਿੰਗ ਕਰਦੇ ਜਵਾਨ ਦਾ ਡਰਾ-ਧਮਕਾ ਕੇ ਸਰੀਰਕ ਸ਼ੋਸ਼ਣ ਕੀਤਾ ਹੈ। ਉਹਨੂੰ, ਉਸ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ।” ਐੱਸ.ਐੱਮ. ਸਾਹਬ ਲਗਾਤਾਰ ਆਪਣਾ ਭਾਸ਼ਣ ਦੇ ਰਿਹਾ ਸੀ। ਕੁੱਝ ਕੁ ਦੇਰ ਬਾਅਦ ਸੀ.ਓ. ਸਾਹਬ ਜੰਗੀਰ ਸਿੰਘ ਨੂੰ ਲੈ ਕੇ ਆ ਗਏ। ਉਸ ਦਾ ਸਿਰ ਗੰਜਾ ਕੀਤਾ ਹੋਇਆ ਸੀ। ਹੱਥਾਂ ਦੇ ਵਿੱਚ ਹੱਥਕੜੀ ਲਾਈ ਹੋਈ ਸੀ। ਨਾਲ਼ ਦੋ ਸਿਵਲ ਪੁਲਿਸ ਦੇ ਸਿਪਾਹੀ ਵੀ ਸਨ। ਐਡਜੂਟੈਂਟ(ਦੰਡਪਾਲ) ਉਸ ਦੀ ਸਜ਼ਾ ਦੀਆਂ ਧਾਰਵਾਂ ਪੜ੍ਹ ਕੇ ਸੁਣਾ ਰਿਹਾ ਸੀ…।
“ਨਾਇਕ ਜੰਗੀਰ ਸਿੰਘ ਨੂੰ ਆਰਮੀ ਆਡਰ ਦੇ ਤਹਿਤ ਨੌਕਰੀ ਤੋਂ ਡਿਸਮਿਸ ਕੀਤਾ ਜਾਂਦਾ ਹੈ, ਸੱਤ ਸਾਲ ਸਿਵਲ ਜੇਲ੍ਹ ਦੀ ਸਜ਼ਾ ਦਿੱਤੀ ਜਾਂਦੀ ਹੈ।” ਜੰਗੀਰ ਸਿੰਘ ਨੀਵੀਂ ਪਾਈਂ ਖੜ੍ਹਾ ਸੀ। ਹੱਥ ਵਿੱਚ ਇੱਕ ਡੰਡਾ ਫੜੀਂ ਕਰਨਲ ਆਰ.ਐੱਸ. ਰੰਧਾਵਾ ਸਾਡੀ ਟ੍ਰੇਨਿੰਗ ਬਟਾਲੀਅਨ ਦਾ ਸੀ.ਓ. ਆਇਆ। ਆਉਣ ਸਾਰ ਹੀ ਗਰਜ਼ਨਾ ਸ਼ੂਰੁ ਕਰ ਦਿੱਤਾ।
“ਇਸ ਕਮੀਨੇ ਨੇ, ਜੋ ਹਰਕਤ ਕੀਤੀ ਹੈ। ਉਸ ਨੇ ਆਪਣੀ ਟ੍ਰੇਨਿੰਗ ਬਟਾਲੀਅਨ ਦਾ ਨਾਂ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਇਸ ਦੀ ਸਜ਼ਾ ਮੁਆਫ਼ ਕਰਨ ਯੋਗ ਨਹੀਂ ਸੀ। ਇੱਕ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਅੱਜ ਤੋਂ ਬਾਅਦ ਕਿਸੇ ਵੀ ਟ੍ਰੇਨਿੰਗ ਉਸਤਾਦ ਨੇ ਕਿਸੇ ਵੀ ਬੱਚੇ ਨਾਲ਼ ਅਜਿਹੀ ਹਰਕਤ ਕੀਤੀ…, ਟਰੇਨਿੰਗ ਦੌਰਾਨ ਹੱਥ ਲਾਇਆ ਜਾਂ ਡੰਡੇ ਨਾਲ਼ ਕੁੱਟਿਆ-ਮਾਰਿਆ ਮੈਥੋਂ ਬੁਰਾ ਕੋਈ ਨਹੀਂ ਹੋਣਾ। ਕਿਸੇ ਵੀ ਉਸਤਾਦ ਕੋਲ਼ ਕੋਈ ਸਹਾਇਕ ਨਹੀਂ ਹੋਵੇਗਾ। ਜੇ ਮੈਂ ਦੇਖ ਲਿਆ ਕੋਈ ਬੱਚਾ ਤੁਹਾਡੇ ਕਮਰੇ ਵਿੱਚ ਵੜਦਾ। ਮੈਂ ਉਸ ਦਾ ਵੀ ਕੋਰਟ-ਮਾਰਸ਼ਲ ਕਰ ਦਿਊਂ।” ਸੀ.ਓ. ਸਾਹਬ ਨੇ ਇਹ ਸ਼ਬਦ ਬੜੇ ਗੁੱਸੇ ਵਿੱਚ ਕਹੇ ਸਨ। ਅਸੀਂ ਸਾਰੇ ਇੱਕ ਗੱਲੋਂ ਤਾਂ ਅੰਦਰ ਹੀ ਅੰਦਰ ਖੁਸ਼ ਹੋ ਰਹੇ ਸੀ। ਜੋ ਸੀ.ਓ. ਸਾਹਬ ਨੇ ਸਾਡੀ ਕੁੱਟਮਾਰ ਤੋਂ ਉਸਤਾਦਾਂ ਨੂੰ ਮਨ੍ਹਾਂ ਕਰ ਦਿੱਤਾ ਸੀ। ਉਸਤਾਦ ਸਾਨੂੰ ਬਹੁਤ ਕੁੱਟਦੇ-ਮਾਰਦੇ ਸਨ। ਜਿਸ ਕਾਰਨ ਬਹੁਤੇ ਟਰੇਨਿੰਗ ਕਰਨ ਵਾਲੇ ਜਵਾਨ ਕਿਸੇ ਨਾ ਕਿਸੇ ਅਫ਼ਸਰ ਦੇ ਸਹਾਇਕ ਚਲੇ ਜਾਂਦੇ ਸੀ।
ਸੀ.ਓ. ਸਾਹਬ ਨੇ ਕੋਰਟ-ਮਾਰਸ਼ਲ ਦੀ ਕਾਰਵਾਈ ਕਰਦੇ ਨੇ ਜੰਗੀਰ ਸਿੰਘ ਨੂੰ ਅੱਗੇ ਆਉਣ ਦਾ ਹੁਕਮ ਦਿੱਤਾ। ਜੰਗੀਰ ਸਿੰਘ ਆਪਣੀਆਂ ਨਜ਼ਰਾਂ ਉੱਪਰ ਨਹੀਂ ਸੀ ਚੁੱਕ ਰਿਹਾ। ਸਭ ਤੋਂ ਪਹਿਲਾਂ ਸੀ.ਓ. ਸਾਹਬ ਨੇ ਉਸ ਦੀ ਬੈਲਟ ਉਤਾਰੀ ਫਿਰ ਵਰਦੀ ਦੇ ਸੋਲਡਰ ਨੂੰ ਕੈਂਚੀ ਨਾਲ ਕੱਟਿਆ ਗਿਆ। ਉਸ ਦੀ ਸੱਜੀ ਬਾਂਹ ’ਤੇ ਲੱਗੀਆਂ ਫੀਤੀਆਂ ਸੀ.ਓ. ਸਾਹਬ ਨੇ ਜ਼ੋਰਦਾਰ ਝਟਕੇ ਨਾਲ਼ ਪੱਟ ਦਿੱਤੀਆ ਤੇ ਜਿਵੇਂ ਕਹਿ ਰਿਹਾ ਹੋਵੇ, “ਤੂੰ ਇਸ ਤਰੱਕੀ ਦੇ ਲਾਇਕ ਨਹੀਂ।” ਜੇਬ ਤੇ ਲੱਗੇ ਮੈਡਲਾਂ ਨੂੰ ਉਤਾਰ ਲਿਆ ਗਿਆ। ਜੰਗੀਰ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ਼ ਭਰੀਆਂ ਪਈਆਂ ਸਨ। ਸਿਰ ਬੇਸ਼ਰਮੀ ਨਾਲ਼ ਹੇਠਾਂ ਝੁਕ ਗਿਆ ਸੀ। ਆਖ਼ੀਰ ਵਿੱਚ ਉਸ ਨੂੰ ਸਿਵਲ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਹੱਥਕੜੀ ਲਗਾਕੇ ਲੈ ਗਏ ਸੀ। ਉਸ ਸਮੇਂ ਮੈਂ ਪਹਿਲੀ ਵਾਰ ਕੋਰਟ-ਮਾਰਸ਼ਲ ਦੇਖਿਆ ਸੀ। ਉਸ ਗੱਲ ਨੂੰ ਤਕਰੀਬਨ ਅੱਠ ਮਹੀਨੇ ਹੋ ਗਏ ਸੀ। ਹੁਣ ਅਸੀਂ ਟੈਕਨੀਕਲ ਟ੍ਰੇਨਿੰਗ ਕਰ ਰਹੇ ਸਾਂ….।
ਮੈਨੂੰ ਸਭ ਗੱਲ ਦੀ ਸਮਝ ਆ ਗਈ। ਪਿਛਲੇ ਮਹੀਨੇ ਫਿਰੋਜ਼ ਖਾਂ ਦੀ, ਇਸ ਘਟਨਾ ਦੀ ਕਾਫੀ ਚਰਚਾ ਹੋਈ ਸੀ। ਉਹ ਸਾਡੇ ਨਾਲ਼ ਟ੍ਰੇਨਿੰਗ ਕਰਦੀ ਪਲਟਨ ਦਾ ਜਵਾਨ ਸੀ। ਸਾਰੀ ਬਟਾਲੀਅਨ ’ਚ ਗੱਲ ਉੱਡੀ ਸੀ ਕਿ ਫਿਰੋਜ਼ ਖਾਂ ਕਿਸੇ ਅਫ਼ਸਰ ਦੀ ਮੇਮ ਸਾਹਬ ਨਾਲ਼ ਫੜ੍ਹਿਆ ਗਿਆ।
ਫਿਰੋਜ਼ ਖਾਂ ਨੂੰ ਮੇਜਰ ਯੂ.ਪੀ. ਸਿੰਘ ਦਾ ਸੇਵਾਦਾਰ ਲਾਇਆ ਗਿਆ। ਮੇਜਰ ਸਾਹਬ ਸਾਡੀ ਟਰੇਨਿੰਗ ਬਟਾਲੀਅਨ ਵਿੱਚ ਡਿਊਟੀ ਕਰਦੇ ਸਨ। ਫਿਰੋਜ਼ ਖਾਂ ਸਵੇਰੇ ਤੇ ਟ੍ਰੇਨਿੰਗ ਸਮੇਂ ਤੋਂ ਬਾਅਦ ਮੇਜਰ ਸਾਹਬ ਦੇ ਕੁਆਟਰ ਚਲਿਆਂ ਜਾਂਦਾ ਸੀ। ਉਸ ਦੇ ਘਰ ਦੇ ਸਾਰੇ ਕੰਮ ਉਸ ਨੂੰ ਕਰਨੇ ਪੈਂਦੇ ਸਨ, ਮੇਮ ਸਾਹਬ ਉਸ ਨੂੰ ਕੰਟੀਨ ਵਿੱਚੋਂ ਸਮਾਨ ਖਰੀਦਣ ਲਈ ਲੈ ਜਾਂਦੀ ਤੇ ਉਹ ਉਸ ਦੇ ਪਿੱਛੇ-ਪਿੱਛੇ ਸਮਾਨ ਵਾਲੀ ਟੋਕਰੀ ਲਈ ਫਿਰਦਾ ਰਹਿੰਦਾ। ਦੋ ਕੁ ਸਾਲ ਦੇ ਬੱਚੇ ਨੂੰ ਖਿਡਾਉਂਦਾ ਰਹਿੰਦਾ। ਸਾਹਬ ਦੇ ਬੂਟ ਪਾਲਿਸ ਕਰਦਾ। ਜਿਸ ਦਿਨ ਜ਼ਿਆਦਾ ਕੰਮ ਹੁੰਦਾ ਉਸ ਦਿਨ ਉਸ ਨੂੰ ਟ੍ਰੇਨਿੰਗ ਤੇ ਵੀ ਨਾ ਜਾਣ ਦਿੰਦੀ। ਕਈ ਵਾਰ ਤਾਂ ਫਿਰੋਜ਼ ਆਪ ਵੀ ਕੱਟ ਮਾਰ ਜਾਂਦਾ ਸੀ। ਸਾਹਬ ਨੂੰ ਜਾਂ ਮੇਮ ਸਾਹਬ ਨੂੰ ਕਿਸ ਨੇ ਜਾ ਕੇ ਪੁੱਛਣਾ ਸੀ…?
ਸੋਚਾਂ ਦੀ ਲੜੀ ਟੁੱਟਦੀ ਹੈ। ਜਦ ਐਡਜੂਟੈਂਟ ਕੈਪਟਨ ਸ਼ੁਸ਼ੀਲ ਕੁਮਾਰ ਛਿੰਦੇ ਫਿਰੋਜ਼ ਖਾਂ ਨੂੰ ਲੈ ਕੇ ਆ ਰਿਹਾ ਹੁੰਦਾ ਏ। ਸਾਰੇ ਜਵਾਨ ਉਸ ਵੱਲ ਝਾਕਣ ਲੱਗਦੇ ਨੇ। ਸਿਰ ਗੰਜਾ ਕੀਤਾ ਹੋਇਆ ਸੀ, ਰੰਗਰੂਟਾਂ ਵਾਲੀ ਵਰਦੀ ਪਾਈ ਹੋਈ ਸੀ। ਐੱਸ.ਐੱਮ.ਅਜੇ ਬੋਲ ਰਿਹਾ ਸੀ। ਮੈਂ ਫਿਰੋਜ਼ ਖਾਂ ਦੇ ਸਰੀਰ ਵੱਲ ਤੱਕਦਾ ਹਾਂ ਤੇ ਫਿਰ ਸੋਚਾਂ ਵਿੱਚ ਗੁਆਚ ਜਾਂਦਾ ਹਾਂ…।
ਫਿਰੋਜ਼ ਦੀ ਉਮਰ ਉੱਨੀ ਕੁ ਸਾਲ ਦੀ ਹੋਣੀ। ਸੋਹਣਾ ਸੁਨੱਖਾ,ਸਰੀਰ ਗੁੰਦਿਆ ਹੋਇਆ, ਉੱਚਾ-ਲੰਮਾ। ਸਾਹਬ ਦੇ ਕੁਆਟਰ ਵਿੱਚ ਜਾਂਦਿਆ ਉਸ ਨੂੰ ਦੋ ਮਹੀਨੇ ਤੋਂ ਉੱਪਰ ਹੋ ਗਏ ਸਨ। ਮੇਮ ਸਾਹਬ ਉਸ ਨਾਲ਼ ਘਰ ਬਾਰੇ ਤੇ ਇਧਰ-ਉਧਰ ਦੀਆਂ ਕਾਫੀ ਗੱਲਾਂ ਕਰਦੀ ਰਹਿੰਦੀ। ਉਸ ਦਿਨ ਵੀ ਇੰਝ ਹੀ ਗੱਲਾਂ ਕਰ ਰਹੀ ਸੀ। ਮੇਜਰ ਸਾਹਬ ਦਫ਼ਤਰ ਗਿਆ ਹੋਇਆ ਸੀ। ਬੱਚਾ ਸੁੱਤਾ ਪਿਆ ਸੀ। ਦੁਪਹਿਰ ਦੇ ਗਿਆਰਾਂ ਵੱਜ ਚੁੱਕੇ ਸਨ। ਦੋਵੇਂ ਬਰਾਂਡੇ ਵਿੱਚ ਪਈਆਂ ਕੁਰਸੀਆਂ ’ਤੇ ਬੈਠੇ ਸਨ। ਮੇਮ ਸਾਹਬ ਨੇ ਗੱਲਾਂ-ਗੱਲਾਂ ਵਿੱਚ ਫਿਰੋਜ਼ ਨੂੰ ਪੁੱਛਿਆ। “ਤੇਰਾ ਵਿਆਹ ਹੋ ਗਿਆ।”“ਨਹੀਂ ਮੇਮ ਸਾਹਬ! ਅਜੇ ਕਿੱਥੇ ਵਿਆਹ ਹੋ ਗਿਆ?” ਫਿਰੋਜ਼ ਨੇ ਮੋੜਵਾਂ ਜਵਾਬ ਦਿੱਤਾ।
“ਫਿਰ ਤੇਰੀ ਕੋਈ ਲਵਰ ਹੋਣੀ।” ਅੱਗੇ ਗੱਲ ਤੋਰਦੀ ਮੇਮ ਸਾਹਬ ਬੋਲੀ।
“ਨਹੀਂ ਮੇਮ ਸਾਹਬ।”ਉਹ ਮੁਸਕਰਾ ਕੇ ਬੋਲਿਆ।
“ਤੇਰੇ ਚਿਹਰੇ ਤੋਂ ਤਾਂ ਲੱਗਦਾ ਏ, ਜ਼ਰੂਰ ਕੋਈ ਲੜਕੀ ਪਟਾ ਕੇ ਰੱਖੀ ਹੈ।” ਮੇਮ ਸਾਹਬ ਨੇ ਉਸ ਦੀ ਗੱਲ੍ਹ ’ਤੇ ਹੱਥ ਲਾ ਕੇ ਕਿਹਾ। ਮੇਮ ਸਾਹਬ ਦੇ ਹੱਥ ਲਾਉਣ ਨਾਲ਼ ਉਸ ਦੇ ਸਰੀਰ ਵਿੱਚੋਂ ਠੰਢ ਦੀ ਇੱਕ ਲਹਿਰ ਦੌੜ ਗਈ। “ਹਾਂ ਮੇਮ ਸਾਹਬ, ਇਕ ਲੜਕੀ ਹੈ, ਜੋ ਮੇਰੇ ਨਾਲ਼ ਬੀ.ਏ. ਵਿੱਚ ਪੜ੍ਹਦੀ ਸੀ।” ਫਿਰੋਜ਼ ਖਾਂ ਨੇ ਨਾ ਚਾਹੁੰਦਿਆਂ ਅਸਲ ਗੱਲ ਦੱਸ ਦਿੱਤੀ।
“ਤੈਨੂੰ ਉਸ ਦੀ ਯਾਦ ਨੀ ਆਉਂਦੀ ਹੋਣੀ।”
“ਯਾਦ ਤਾਂ ਆਉਂਦੀ ਹੈ ਪਰ…’’ ਪਰ ਬੋਲਦੇ ਨੇ ਬਾਕੀ ਸ਼ਬਦ ਮੂੰਹ ਅੰਦਰ ਬੰਦ ਕਰ ਲਏ।“ਪਰ ਕੀ ਫਿਰੋਜ਼?’’
ਕਾਫ਼ੀ ਦੇਰ ਉਹ ਕੁੱਝ ਨਾ ਬੋਲਿਆ। ਉਸ ਦੀਆਂ ਅੱਖਾਂ ਭਰ ਆਈਆਂ ਮੇਮ ਸਾਹਬ ਨੇ ਉਸ ਦਾ ਮੋਢਾ ਥਪਥਪਾਇਆ।
“ਮੈਂ! ਫ਼ੌਜ ’ਚ ਭਰਤੀ ਹੋ ਗਿਆ, ਉਸ ਦਾ ਵਿਆਹ ਕਿਸੇ ਹੋਰ ਨਾਲ਼ ਕਰ ਦਿੱਤਾ…।”
ਮਸਾਂ ਹੀ ਉਸ ਦੇ ਮੂੰਹ ਚੋਂ ਇਹ ਸ਼ਬਦ ਨਿੱਕਲੇ।
“ਕਿੰਨੀ ਕੁ ਸੋਹਣੀ ਸੀ ਉਹ।” ਗੱਲ ਅੱਗੇ ਤੋਰਦੀ ਮੇਮ ਸਾਹਬ ਨੇ ਕਿਹਾ।
“ਬਹੁਤ ਸੁੰਦਰ ਸੀ ਮੇਮ ਸਾਹਬ”
“ਮੇਰੇ ਨਾਲ਼ੋਂ ਵੱਧ ਸੋਹਣੀ ਸੀ।” ਆਪਣੇ ਖੁੱਲ੍ਹੇ ਵਾਲ਼ ਪਿੱਛੇ ਵੱਲ ਸੁੱਟਦੀ ਨੇ ਮੂੰਹ ਸਾਹਮਣੇ ਕਰਕੇ ਚਿਹਰੇ ਤੇ ਹਾਸੇ ਵਿਖੇਰ ਲਏ।
“ਨਹੀਂ ਮੇਮ ਸਾਹਬ, ਤੁਸੀਂ ਤਾਂ ਬਹੁਤ ਸੁੰਦਰ ਹੋਂ।” ਮੇਮ ਸਾਹਬ ਦੀ ਉਹ ਤਰੀਫ਼ ਕਰ ਗਿਆ। ਮੇਮ ਸਾਹਬ ਸੱਚ ਹੀ ਬਹੁਤ ਖ਼ੁਬਸੂਰਤ ਸੀ। ਆਪਣੀ ਤਰੀਫ਼ ਸੁਣ ਕੇ ਗਦਾਗਦ ਹੋ ਗਈ।
“ਤੂੰ ਉਸ ਨਾਲ਼ ਕਦੇ ਕੁੱਝ ਕੀਤਾ ਜਾਂ…।” ਅੱਗੇ ਦੀ ਗੱਲ ਉਸ ਨੇ ਵਿੱਚ ਹੀ ਰੋਕ ਦਿੱਤੀ ਤੇ ਫਿਰੋਜ਼ ਦੇ ਹੱਥ ਉੱਤੇ ਹੱਥ ਰੱਖ ਲਿਆ….!
ਉਸ ਦੇ ਲੂੰ-ਕੰਢੇ ਖੜ੍ਹੇ ਹੋ ਗਏ ਤੇ ਉਹ ਪਿਘਲਣ ਲੱਗ ਪਿਆ। ਉਸ ਨੂੰ ਮੇਮ ਸਾਹਬ ਵਿੱਚੋਂ ਆਪਣੀ ਕਾਲਜ ਵਾਲੀ ਲਵਰ ਦਿਸਣ ਲੱਗ ਪਈ। ਅੱਗ ਦੋਵੇਂ ਪਾਸੇ ਬਰਾਬਰ ਲੱਗ ਗਈ ਸੀ। ਫਿਰ ਪਤਾ ਨਹੀਂ ਲੱਗਾ ਕਦੋਂ ਦੋ ਜਿਸਮ ਇੱਕ ਬਿਸਤਰ ’ਤੇ ਇੱਕਠੇ ਹੋ ਗਏ। ਆਪਣੀ ਉਤੇਜਨਾ ਨੂੰ ਸ਼ਾਂਤ ਕਰਨ ਲੱਗ ਪਏ।
ਕਾਫ਼ੀ ਸਮਾਂ ਦੋਵਾਂ ਦਾ ਇਹ ਸਿਲਸਿਲਾ ਚਲਦਾ ਰਿਹਾ। ਮੇਮ ਸਾਹਬ ਉਸ ਨੂੰ ਕਈ ਵਾਰ ਜ਼ਬਰਦਸਤੀ ਟ੍ਰੇਨਿੰਗ ਤੋਂ ਰੋਕ ਲੈਂਦੀ ਸੀ। ਉਸ ਦਿਨ ਉਹ ਖੁੱਲ੍ਹ ਕੇ ਆਨੰਦ ਮਾਣਦੇ। ਮੇਮ ਸਾਹਬ ਫਿਰੋਜ਼ ਦਾ ਕਾਫ਼ੀ ਧਿਆਨ ਰੱਖਦੀ ਉਸਨੂੰ ਖਾਣ-ਪੀਣ ਲਈ ਦਿੰਦੀ ਸੀ।
ਕਈ ਵਾਰ ਉਸਤਾਦ ਕਹਿ ਦਿੰਦੇ ਸਨ।
“ਕਿਤੇ ਮੇਮ ਸਾਹਬ ਦੇ ਚੱਕਰ ’ਚ ਤਾਂ ਨਹੀਂ ਫ਼ਸ ਗਿਆ।” ਪਰ ਇਸ ਗੱਲ ਨੂੰ ਕੋਈ ਨਹੀਂ ਸੀ ਜਾਣਦਾ।
ਅੱਜ-ਕੱਲ੍ਹ ਬਟਾਲੀਅਨ ਵਿੱਚ ਇੱਕ ਨਵੀਂ ਗੱਲ ਦੀ ਕਾਫ਼ੀ ਚਰਚਾ ਸੀ। ਮੇਜਰ ਸਾਹਬ ਨੇ ਮੈਡਮ ਲੈਫ਼ਟੀਨੈਂਟ ਮੰਜੂ ਚੌਹਾਨ ਨਾਲ਼ ਅਫ਼ਸਰ ਮੈੱਸ ਵਿੱਚ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੇ ਕੱਪੜੇ ਫਟ ਗਏ ਸਨ। ਸੀ.ਓ.ਸਾਹਬ ਕੋਲ਼ ਸ਼ਿਕਾਇਤ ਕੀਤੀ ਗਈ ਸੀ। ਮੇਜਰ ਸਾਹਬ ਕਈ ਦਿਨ ਦਫ਼ਤਰਾਂ ਦੇ ਚੱਕਰ ਕੱਢਦਾ ਰਿਹਾ। ਅੰਦਰੇ-ਅੰਦਰ ਮਾਮਲਾ ਸ਼ਾਂਤ ਹੋ ਗਿਆ ਸੀ।
ਮੇਜਰ ਸਾਹਬ ਨੂੰ ਥੋੜ੍ਹੀ-ਥੋੜ੍ਹੀ ਭਿਣਕ ਲੱਗ ਗਈ ਸੀ। ਕਈ ਵਾਰ ਉਸ ਨੇ ਮੇਮ ਸਾਹਬ ਨੂੰ ਕਿਹਾ ਵੀ ਸੀ, “ਫਿਰੋਜ਼ ਨੂੰ ਟ੍ਰੇਨਿੰਗ ਸਮਂੇ ਟ੍ਰੇਨਿੰਗ ਤੋਂ ਨਾ ਰੋਕਿਆ ਕਰ। ਸਵੇਰੇ ਤੇ ਟ੍ਰੇਨਿੰਗ ਸਮੇਂ ਤੋਂ ਬਾਅਦ ਆ ਜਾਇਆ ਕਰੂ ਇਸ ਦੀ ਟਰੇਨਿੰਗ ਖ਼ਰਾਬ ਹੋ ਰਹੀ ਹੈ।”
“ਮੈਂ ਇਸ ਨੂੰ ਹਰ ਰੋਜ਼ ਥੋੜ੍ਹਾ ਰੋਕ ਕੇ ਰੱਖਦੀ ਹਾਂ। ਜਿਸ ਦਿਨ ਜ਼ਿਆਦਾ ਕੰਮ ਹੋ ਜਾਂਦਾ ਏ। ਤਦ ਰੋਕਦੀ ਹਾਂ।” ਉਸ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਮੇਜਰ ਸਾਹਬ ਦੇ ਅੰਦਰ ਨੇ ਇਹ ਗੱਲ ਨੂੰ ਸਵੀਕਾਰ ਨਹੀਂ ਸੀ ਕੀਤਾ। ਉਸ ਦਾ ਸ਼ੱਕ ਵਧਦਾ ਹੀ ਜਾ ਰਿਹਾ ਸੀ। ਦਾਰੂ ਵੀ ਕੁੱਝ ਜ਼ਿਆਦਾ ਪੀਣ ਲੱਗ ਪਿਆ। ਅੰਦਰ ਹੀ ਅੰਦਰ ਖੁਰਦਾ ਜਾ ਰਿਹਾ ਸੀ। ਕਈ ਵਾਰ ਉਹ ਦਿਨ ਵਿੱਚ ਵੀ ਕੁਆਟਰ ਦਾ ਚੱਕਰ ਮਾਰ ਜਾਂਦਾ ਸੀ। ਪਰ ਅਸਫ਼ਲ ਹੀ ਮੁੜਦਾ ਸੀ। ਇੱਕ ਦਿਨ ਫਿਰੋਜ਼ ਕੁਆਟਰ ’ਚ ਤਾਂ ਮਿਲ ਗਿਆ ਸੀ, ਪਰ ਉਹ ਗਾਰਡਨ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਪਿਆ ਸੀ। ਮੇਜਰ ਸਾਹਬ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਉਤੇਜਨਾਂ ਨੂੰ ਸ਼ਾਂਤ ਕਰ ਲਿਆ ਸੀ।
“ਅੱਜ ਟ੍ਰੇਨਿੰਗ ਤੇ ਕਿਉਂ ਨਹੀਂ ਗਿਆ।” ਐਨਾ ਹੀ ਪੁੱਛਿਆ ਸੀ। ਇਸ ਦਾ ਜਵਾਬ ਮੇਮ ਸਾਹਬ ਨੇ ਦੇ ਦਿੱਤਾ ਸੀ।
“ਕੱਲ੍ਹ ਇੱਥੇ ਸੱਪ ਨਿੱਕਲ ਆਇਆ ਸੀ, ਬੱਚੀ ਖੇਡਦੀ ਰਹਿੰਦੀ ਐ। ਨਾ ਜਾਣੀਏ ਕੋਈ ਗੱਲ ਹੋ ਜਾਵੇ, ਇਹ ਸਭ ਸਾਫ਼ ਕਰਵਾਉਣ ਲਈ ਰੱਖ ਲਿਆ ਸੀ। ਦੇਖੋ ਕਿੰਨ੍ਹਾਂ ਸਾਫ਼ ਲੱਗ ਰਿਹਾ ਹੈ।” ਫਿਰੋਜ਼ ਨੇ ਗਾਰਡਨ ਵਿੱਚ ਕਾਫ਼ੀ ਕੰਮ ਕਰ ਰੱਖਿਆ ਸੀ। ਮੇਜਰ ਸਾਹਬ ਨੂੰ ਖਾਲ਼ੀ ਹੱਥ ਮੁੜਨਾ ਪਿਆ ਸੀ। ਮਨ ਹੀ ਮਨ ਉਹ ਸਕੀਮਾਂ ਬਣਾਉਂਦਾ ਰਹਿੰਦਾ ਕਿਸ ਤਰ੍ਹਾਂ ਆਪਣੇ ਸ਼ੱਕ ਨੂੁ ਹਕੀਕਤ ਵਿੱਚ ਬਦਲਿਆ ਜਾਵੇ।
ਇੱਕ ਦਿਨ ਮੇਜਰ ਸਾਹਬ ਨੇ ਮੇਮ ਸਾਹਬ ਨੂੰ ਕਿਹਾ, “ਮੈਂ ਸਵੇਰੇ ਸੱਤ ਵਜੇ ਕੁੱਝ ਦਿਨਾਂ ਲਈ ਟੀ.ਡੀ.(ਟੈਂਪ੍ਰੇਰੀ ਡਿਊਟੀ) ’ਤੇ ਜਾਣਾ ਹੈ। ਮੇਰਾ ਸਮਾਨ ਤਿਆਰ ਕਰ ਕੇ ਰੱਖ ਦੇਣਾ।” ਮੇਮ ਸਾਹਬ ਤੇ ਫਿਰੋਜ਼ ਖਾਂ ਨੇ ਮੇਜਰ ਸਾਹਬ ਦਾ ਸਮਾਨ ਤਿਆਰ ਕਰ ਦਿੱਤਾ, ਤੇ ਮੇਮ ਸਾਹਬ ਨੇ ਫਿਰੋਜ਼ ਨੂੰ ਟ੍ਰੇਨਿੰਗ ’ਤੇ ਜਾਣ ਤੋਂ ਰੋਕ ਲਿਆ। ਸਵੇਰੇ ਸੱਤ ਵਜੇ ਮੇਜਰ ਸਾਹਬ ਦੀ ਆਪਣੀ ਸਿਵਲ ਕਾਰ ਵਿੱਚ ਸਮਾਨ ਫਿਰੋਜ਼ ਨੇ ਰਖਵਾ ਦਿੱਤਾ। ਮੇਮ ਸਾਹਬ ਨੂੰ ਗਲ਼ੇ ਮਿਲਿਆ ਤੇ ਫਿਰੋਜ਼ ਦੇ ਹੱਥਾਂ ਵਿੱਚ ਚੁੱਕੀ ਬੱਚੀ ਨੂੰ ਉਸ ਨੇ ਪਿਆਰ ਦਿੱਤਾ। ਕਾਰ ਸਟਾਰਟ ਕਰਕੇ ਵਿਦਾ ਲੈ ਕੇ ਤੁਰ ਪਿਆ। ਮੇਮ ਸਾਹਬ ਤੇ ਫਿਰੋਜ਼ ਇੱਕ ਦੂਜੇ ਵੱਲ ਦੇਖ ਕੇ ਹੱਸ ਰਹੇ ਸਨ। ਅੱਜ ਪੂਰੀ ਖੁੱਲ੍ਹ ਮਿਲਣੀ ਸੀ। ਉਨ੍ਹਾਂ ਦੋਵਾਂ ਦੇ ਮਿਲਾਪ ਹੋਏ ਨੂੰ ਕਈ ਦਿਨ ਲੰਘ ਚੁੱਕੇ ਸਨ। ਮੇਮ ਸਾਹਬ ਨੇ ਫਿਰੋਜ਼ ਨੂੰ ਬਰੇਕ ਫਾਸਟ ਕਰਨ ਲਈ ਨਾ ਜਾਣ ਦਿੱਤਾ। ਮੇਜਰ ਸਾਹਬ ਨੂੰ ਗਿਆਂ ਦੋ ਘੰਟੇ ਤੋਂ ਉਪਰ ਸਮਾਂ ਹੋ ਗਿਆ ਸੀ।
ਮੇਮ ਸਾਹਬ ਆਪਣੀ ਜਿਸਮਾਨੀ ਅੱਗ ਨੂੰ ਸ਼ਾਂਤ ਕਰਨ ਲਈ ਫਿਰੋਜ਼ ਨੂੰ ਕਮਰੇ ਵਿੱਚ ਲੈ ਕੇ ਚਲੀ ਗਈ। ਦੋਵੇਂ ਇਸ ਤਰ੍ਹਾਂ ਮਿਲ ਰਹੇ ਸੀ ਜਿਵੇਂ ਔੜਾਂ ਮਾਰੀ ਧਰਤੀ ਤੇ ਕੋਈ ਬੱਦਲ਼ ਵਰ੍ਹਦਾ ਹੈ।
ਮੇਜਰ ਸਾਹਬ ਨੇ ਆਕੇ ਪਿਛਲੇ ਦਰਵਾਜ਼ੇ ਰਾਹੀ ਕੁਆਟਰ ਅੰਦਰ ਐਂਟਰੀ ਕੀਤੀ। ਉਹ ਕਾਰ ਆਪਣੀ ਪਿੱਛੇ ਖੜ੍ਹੀ ਕਰ ਆਇਆ ਸੀ, ਤਾਂ ਜੋ ਉਸ ਦੇ ਆਉਣ ਦਾ ਪਤਾ ਨਾ ਚੱਲ ਸਕੇ। ਉਸ ਤੋਂ ਪਹਿਲਾਂ ਉਹ ਟ੍ਰੇਨਿੰਗ ਬਟਾਲੀਅਨ ’ਚ ਫਿਰੋਜ਼ ਖਾਂ ਦੀ ਪਲਟਨ ਵਿੱਚ ਜਾ ਕੇ ਆਇਆ ਸੀ। ਉੱਥੋਂ ਪਤਾ ਲੱਗਿਆ ਕਿ ਉਹ ਤਾਂ ਅੱਜ ਸਵੇਰ ਦਾ ਹੀ ਨਹੀਂ ਆਇਆ ਸੀ। ਮੇਮ ਸਾਹਬ ਨੂੰ ਪਿਛਲੇ ਦਰਵਾਜ਼ੇ ਤੇ ਕਿਸੇ ਦੀ ਪੈੜਚਾਲ ਦੀ ਆਵਾਜ਼ ਸੁਣਾਈ ਦਿੱਤੀ। ਉਹ ਆਪਣੇ ਅੰਦਰ ਦੀ ਅੱਗ ਨੂੰ ਸ਼ਾਂਤ ਕਰਕੇ ਬੈੱਡ ’ਤੇ ਪਏ ਸਨ। ਦਰਵਾਜ਼ੇ ਤੇ ਜਾ ਕੇ ਬਿੜਕ ਲਈ ਮੇਜਰ ਸਾਹਬ ਦੂਜੇ ਕਮਰੇ ਵਿੱਚ ਜਾ ਰਿਹਾ ਸੀ। ਉਹ ਅੰਦਰ ਤੱਕ ਕੰਬ ਗਈ ਉਸ ਨੇ ਫਟਾਫਟ ਆਪਣੇ ਕੱਪੜੇ ਠੀਕ ਕਰਦੀ ਨੇ ਹੌਲ਼ੀ ਕੁ ਦੇਣੇ ਕਿਹਾ।
“ਫਿਰੋਜ਼” ਸਾਹਬ ਆ ਗਿਆ।” ਉਹ ਇੱਕ ਦਮ ਡਰ ਗਿਆ ਤੇ ਖੜ੍ਹਾ ਹੋ ਗਿਆ। ਮੇਮ ਸਾਹਬ ਨੇ ਕਮਰੇ ਤੋਂ ਬਾਹਰ ਨਿਕਲਦੀ ਨੇ ਰੌਲ਼ਾ ਪਾ ਦਿੱਤਾ। “ਬਚਾਓ..ਬਚਾਓ…….।” ਮੇਜਰ ਸਾਹਬ ਕਮਰੇ ਵੱਲ ਨੂੰ ਦੌੜਿਆ। ਮੇਮ ਸਾਹਬ ਤੇ ਮੇਜਰ ਸਾਹਬ ਦੀ ਬਰਾਂਡੇ ਵਿੱਚ ਟੱਕਰ ਹੋ ਗਈ। ਜਿਵੇਂ ਇੱਕ ਦੂਜੇ ਦੇ ਹੋਣ ਤੋਂ ਅਨਜਾਣ ਹੋਣ। ਮੇਮ ਸਾਹਬ ਰੌਲ਼ਾ ਪਾਉਂਦੀ ਨਿੱਕਲੀ ਵੀ ਇਸੇ ਤਰ੍ਹਾਂ ਸੀ। ਫਿਰੋਜ਼ ਖਾਂ ਇੱਕ ਦਮ ਸੁੰਨ ਬਣਿਆ ਖੜ੍ਹਾ ਸੀ। ਉਸ ਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਿਹਾ। ਮੇਜਰ ਸਾਹਬ ਨੇ ਮੇਮ ਸਾਹਬ ਨੂੰ ਆਪਣੇ ਹੱਥਾਂ ਵਿੱਚ ਬੋਚ ਲਿਆ ਸੀ।
“ਇਸ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਏ, ਮੈਂ ਮਸਾਂ ਇਸ ਤੋਂ ਛੁਡਵਾ ਕੇ ਭੱਜੀ ਹਾਂ। ਉਸ ਦੇ ਵਾਲ਼ ਖਿਲਰੇ ਪਏ ਸਨ। ਜਿਵੇ ਸੱਚ-ਮੁੱਚ ਹੀ ਕਿਸੇ ਦਾ ਵਿਰੋਧ ਕਰਕੇ ਆਈ ਹੋਵੇ। ਮੇਜਰ ਸਾਹਬ ਨੇ ਫਿਰੋਜ ਖਾਂ ਨੂੰ ਗਲ਼ਾਵੇਂ ਤੋਂ ਫੜ ਕੇ ਜ਼ੋਰ ਨਾਲ਼ ਕੰਧ ਨਾਲ਼ ਮਾਰਿਆ ਲੱਤਾਂ ਬਾਹਾਂ ਨਾਲ਼ ਕੁਟਾਪਾ ਚਾੜ੍ਹਿਆ। ਕੋਲ਼ ਦੇ ਕੁਆਟਰਾਂ ਦੇ ਗੁਆਂਢੀ ਵੀ ਇੱਕਠੇ ਹੋ ਗਏ। ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ। ਮੇਮ ਸਾਹਬ ਰੋਣ ਦਾ ਡਰਾਮਾਂ ਕਰ ਰਹੀ ਸੀ। ਮੋਟੇ-ਮੋਟੇ ਹੰਝੂ ਅੱਖਾਂ ਵਿੱਚੋਂ ਡਿੱਗ ਰਹੇ ਸਨ। ਫਿਰੋਜ਼ ਦੇ ਦੰਦਾਂ ਵਿੱਚੋਂ ਲਹੂ ਨਿੱਕਲ ਰਿਹਾ ਸੀ। ਮੇਮ ਸਾਹਬ ਮੇਜਰ ਸਾਹਬ ਦੇ ਸਾਹਮਣੇ ਸੱਚੀ ਹੋ ਗਈ ਸੀ। ਮੇਜਰ ਸਾਹਬ ਜਾਣਦਾ ਸੀ ਗੱਲ ਤਾਂ ਹੋਰ ਹੈ। ਪਰ ਉਹ ਕੁਝ ਨਹੀਂ ਕਰ ਸਕਦਾ ਸੀ। ਜਿਸ ਆਸ ਨਾਲ਼ ਆਇਆ ਸੀ। ਥੋੜ੍ਹਾ ਸਫ਼ਲ ਜ਼ਰੂਰ ਹੋ ਗਿਆ ਸੀ। ਉਸ ਦੀ ਆਪਣੀ ਬਦਨਾਮੀ ਜਿਵੇਂ ਬਚ ਗਈ ਹੋਵੇ। ਫਿਰੋਜ਼ ਨੂੰ ਕੁਆਟਰ ਗਾਰਡ ਵਿੱਚ ਬੰਦ ਕਰ ਦਿੱਤਾ ਗਿਆ। ਫਿਰੋਜ਼ ਨੇ ਸਾਰੀ ਘਟਨਾ ਵੀ ਦੱਸੀ, ਪਰ ਉਸਦੀ ਪਰ ਉਸਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ। ਕੁੱਝ ਦਿਨ ਕੋਰਟ ਇਨਕੁਵਾਰੀ ਚੱਲੀ ਉਸ ਵਿੱਚ ਵੀ ਦੋਸ਼ੀ ਫਿਰੋਜ਼ ਖਾਂ ਨੂੰ ਠਹਿਰਾਇਆ ਗਿਆ। ਫਿਰੋਜ਼ ਨੇ ਨਜ਼ਾਇਜ ਸਬੰਧਾਂ ਵਾਲੀ ਗੱਲ ਦੱਬੀ ਰੱਖੀ…।
ਐੱਸ.ਐੱਮ. ਨੇ ਜ਼ੋਰ ਨਾਲ਼ “ਸਾਵਧਾਨ” ਕਿਹਾ, ਮੈਂ ਉਸ ਦੀ ਆਵਾਜ਼ ਸੁਣਕੇ ਯਾਦਾਂ ਦੀ ਪਟਾਰੀ ’ਚੋਂ ਨਿੱਕਲ ਕੇ ਗਰਾਉਂਡ ’ਚ ਆ ਗਿਆ। ਮੇਰਾ ਧਿਆਨ ਸਾਹਮਣੇ ਸੀ.ਓ. ਸਾਹਬ ਅਤੇ ਐਡਜੂਟੈਂਟ ਤੇ ਪਿਆ। ਫਿਰੋਜ਼ ਨੂੰ ਉੱਥੇ ਲਿਆ ਸਭ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਸੀ। ਐੱਸ.ਐੱਮ. ਨੇ ਐੱਡਜੂਟੈਂਟ ਨੂੰ ਰੰਗਰੂਟਾਂ ਦੀ ਗਿਣਤੀ ਦੀ ਰਿਪੋਰਟ ਦੇ ਦਿੱਤੀ ਤੇ ਅਗਲੀ ਕਾਰਵਾਈ ਰਿਪੋਰਟ ਪੜ੍ਹ ਕੇ ਸੁਣਾਉਣ ਲੱਗ ਪਿਆ।
“ਰੰਗਰੂਟ ਫਿਰੋਜ਼ ਖਾਂ ਨੇ ਆਰਮੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਇੱਕ ਫ਼ੌਜੀ ਅਫ਼ਸਰ ਦੀ ਮੇਮ ਸਾਹਬ ਨਾਲ਼ ਬੱਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਆਰਮੀ ਆਰਡਰ… ਦੇ ਤਹਿਤ ਅਨੁਸ਼ਾਸਨ ਤੋੜਿਆ ਹੈ। ਇਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ।” ਸਭ ਉਸ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਨਾਲ਼ ਸੁਣ ਰਹੇ ਸਨ। ਫਿਰੋਜ਼ ਖਾਂ ਖੜ੍ਹਾ ਬੂਟ ਦੀ ਨੁੱਕਰ ਨਾਲ਼ ਮਿੱਟੀ ਖੁਰਚ ਰਿਹਾ ਸੀ। ਉਸ ਤੋਂ ਬਾਅਦ ਸੀ.ਓ. ਸਾਹਬ ਆ ਕੇ ਆਪਣੀ ਗੱਲ ਕਹਿਣ ਲੱਗ ਪਏ।
“ਫਿਰੋਜ਼ ਖਾਂ ਨੇ ਬਹੁਤ ਘਟੀਆਂ ਹਰਕਤ ਕੀਤੀ ਹੈ। ਜਿਸ ਦੀ ਸਜ਼ਾ ਇਸ ਨੂੁੰ ਮਿਲ ਰਹੀ ਹੈ। ਇਸ ਨੇ ਆਪਣੀ ਬਟਾਲੀਅਨ ਦੀ ਬਦਨਾਮੀ ਕਰਵਾ ਦਿੱਤੀ ਹੈ। ਇਸ ਦੀ ਹਿੰਮਤ ਤਾਂ ਦੇਖੋ ਇੱਕ ਅਫ਼ਸਰ ਦੇ ਘਰ ਅਜਿਹੀ ਘਟੀਆ ਹਰਕਤ….।” ਬੋਲਦਾ-ਬੋਲਦਾ ਕੁੱਝ ਸੈਕਿੰਡਾਂ ਲਈ ਚੁੱਪ ਕਰ ਜਾਂਦਾ ਹੈ। ਫਿਰ ਬੋਲਣ ਲਗਦਾ ਹੈ।
“ਅਜਿਹੇ ਗੰਦੇ ਗ਼ਟਰ ਦੇ ਕੀੜੇ ਨੂੰ ਕੋਈ ਹੱਕ ਨਹੀਂ ਸੈਨਾ ਵਿੱਚ ਰਹਿਣ ਦਾ। ਕੱਢਿਆ ਚੰਗਾ ਹੈ ਤਾਂ ਜੋ ਆਪਣੀ ਗੰਦਗ਼ੀ ਹੋਰ ਨਾ ਫੈਲਾ ਸਕੇ। ਅੱਜ ਤੋਂ ਬਾਅਦ ਕੋਈ ਵੀ ਸੇਵਾਦਾਰ (ਸਹਾਇਕ) ਅਫ਼ਸਰ ਦੇ ਕੁਆਟਰ ਦੇ ਅੰਦਰ ਨਹੀਂ ਜਾਵੇਗਾ। ਸਭ ਕੰਮ ਬਾਹਰ ਬਰਾਂਡੇ ਵਿੱਚ ਹੀ ਕਰਿਆ ਕਰਨਗੇ।” ਐਨਾਂ ਬੋਲਦੇ ਨੇ ਅਗਲੀ ਕਾਰਵਾਈ ਦੇ ਹੁਕਮ ਦੇ ਦਿੱਤੇ।
ਫਿਰੋਜ਼ ਖਾਂ ਨੂੰ ਜਿੱਥੇ ਸੀ.ਓ. ਸਾਹਬ ਖੜ੍ਹਾ ਸੀ ਉੱਥੇ ਲਿਆਂਦਾ ਗਿਆ। ਸੀ.ਓ. ਸਾਹਬ ਨੇ ਪਹਿਲਾਂ ਉਸ ਦੀ ਬੈਲਟ ਉਤਾਰੀ, ਫਿਰ ਸਿਰ ਤੇ ਲਈ ਟੋਪੀ, ਫਿਰ ਵਰਦੀ ਉਤਾਰੀ ਗਈ। ਫਿਰੋਜ਼ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜ੍ਹੀ ਲੱਗ ਗਈ ਸੀ। ਸਭ ਰੰਗਰੂਟਾਂ ਦੇ ਚਿਹਰੇ ’ਤੇ ਇੱਕ ਡਰ ਨਜ਼ਰ ਆ ਰਿਹਾ ਸੀ…। ਫਿਰੋਜ਼ ਨੂੰ ਸਿਵਲ ਕੱਪੜੇ ਪਵਾਏ ਗਏ। ਅਸੀਂ ਆਪਣੀਆਂ ਬੈਰਕਾਂ ਵੱਲ ਨੂੰ ਆ ਗਏ। ਫਿਰੋਜ਼ ਨੂੰ ਦੋ ਜਵਾਨ ਰੇਲਵੇ ਸਟਸ਼ੇਨ ਛੱਡਣ ਲਈ ਚਲੇ ਗਏ। ਮੈਂ ਕਾਫ਼ੀ ਦਿਨਾਂ ਤੱਕ ਸਹੀ-ਗ਼ਲਤ ਦੀ ਪਰਖ ਕਰਨ ਦੀ ਉਲਝਣ ’ਚ ਉਲਝਦਾ ਰਿਹਾ। ਕਿਸ ਦਾ ਕੋਰਟ-ਮਾਰਸ਼ਲ ਹੋਣਾ ਚਾਹੀਦਾ ਸੀ. ……?
–0–