ਮਾਨਸਾ, 30 ਮਈ: (ਨਾਨਕ ਸਿੰਘ ਖੁਰਮੀ)ਕੇਂਦਰ ਸਰਕਾਰ ਵੱਲੋਂ ਖਰੀਫ ਸੀਜ਼ਨ 2025-26 ਲਈ 14 ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਕੀਤੇ ਗਏ ਵਾਧੇ ਨੂੰ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਸਾਨ ਹਿਤੈਸ਼ੀ ਕਦਮ ਕਰਾਰ ਦਿੱਤਾ ਹੈ। ਮਾਨਸਾ ਵਿਖੇ ਵੱਖ-ਵੱਖ ਥਾਵਾਂ ‘ਤੇ ਪਾਰਟੀ ਆਗੂਆਂ ਨਾਲ ਰਾਬਤਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਅਤੇ ਕਿਸਾਨੀ ਨੂੰ ਮਹੱਤਵ ਦਿੱਤਾ ਹੈ ਅਤੇ ਉਨ੍ਹਾਂ ਦੇ ਹਿੱਤ ਵਿੱਚ ਮਹੱਤਵਪੂਰਨ ਫੈਸਲੇ ਲਏ ਹਨ।

ਨਕੱਈ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਝੋਨੇ ਸਮੇਤ 14 ਫਸਲਾਂ ਦੀ MSP ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਨ੍ਹਾਂ ਫਸਲਾਂ ਵਿੱਚ ਝੋਨਾ, ਜੋਂ, ਬਾਜਰਾ, ਰਾਗੀ, ਮੱਕਾ, ਚੌਲਾ, ਮੂੰਗ, ਉੜਦ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ, ਰਾਮਤਿਲ ਅਤੇ ਕਪਾਹ ਸ਼ਾਮਲ ਹਨ। ਉਨ੍ਹਾਂ ਖਾਸ ਤੌਰ ‘ਤੇ ਨਾਈਗਰਸੀਡ ਲਈ ਸਭ ਤੋਂ ਵੱਧ ₹820 ਪ੍ਰਤੀ ਕੁਇੰਟਲ ਦਾ ਵਾਧਾ, ਰਾਗੀ ਲਈ ₹596, ਕਪਾਹ ਲਈ ₹589 ਅਤੇ ਤਿਲ ਲਈ ₹579 ਦੇ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮੱਕੇ ਦੀ MSP ਵਿੱਚ ₹175 ਪ੍ਰਤੀ ਕੁਇੰਟਲ, ਬਾਜਰੇ ਵਿੱਚ ₹150, ਜਵਾਰ ਵਿੱਚ ₹328, ਝੋਨੇ ਵਿੱਚ ₹69, ਅਰਹਰ ਵਿੱਚ ₹450, ਮੂੰਗ ਵਿੱਚ ₹86 ਅਤੇ ਉੜਦ ਵਿੱਚ ₹400 ਦਾ ਵਾਧਾ ਕੀਤਾ ਗਿਆ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਨੂੰ ਬਿਨਾਂ ਵਜ੍ਹਾ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਕਿਸਾਨੀ ਹਿੱਤ ਵਿੱਚ ਜਿੰਨੇ ਫੈਸਲੇ ਮੋਦੀ ਸਰਕਾਰ ਨੇ ਲਏ ਹਨ, ਓਨੇ ਫੈਸਲੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਲਏ। ਨਕੱਈ ਨੇ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਦੀ 2018-19 ਦੇ ਬਜਟ ਘੋਸ਼ਣਾ ਦੇ ਅਨੁਸਾਰ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ MSP ਘੱਟੋ-ਘੱਟ ਆਲ ਇੰਡੀਆ ਔਸਤ ਉਤਪਾਦਨ ਲਾਗਤ ਦਾ 1.5 ਗੁਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਲਾਗਤ ‘ਤੇ ਘੱਟੋ-ਘੱਟ 50%ਦਾ ਮੁਨਾਫਾ ਮਿਲੇਗਾ। ਖਾਸ ਕਰਕੇ, ਬਾਜਰੇ ਲਈ 63% ਮੁਨਾਫੇ, ਮੱਕੇ ਅਤੇ ਅਰਹਰ ਲਈ 59% ਅਤੇ ਉੜਦ ਲਈ 53% ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਵਰਗੀਆਂ ਯੋਜਨਾਵਾਂ ਰਾਹੀਂ ਪੈਸੇ ਪਾਉਣ ਅਤੇ ਫਸਲਾਂ ‘ਤੇ ਵਾਜਬ ਭਾਅ ਦੇਣ ਦੇ ਨਾਲ-ਨਾਲ ਹੁਣ MSP ਵਿੱਚ ਇਹ ਵਾਧਾ ਕਰਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਹਿਤੈਸ਼ੀ ਹੈ। ਉਨ੍ਹਾਂ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲਿਆਂ ਨੂੰ ਵਿਚਾਰਨ ਅਤੇ ਸਮਝਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਿਨਾਂ ਵਜ੍ਹਾ ਵਿਰੋਧ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਭੰਡਣਾ ਕਦੇ ਵੀ ਜਾਇਜ਼ ਨਹੀਂ ਹੋ ਸਕਦਾ, ਇਸ ਮੌਕੇ ਮਨਦੀਪ ਸਿੰਘ ਮਾਨ, ਗੁਰਮੇਲ ਸਿੰਘ ਠੇਕੇਦਾਰ ਮਾਨਸਾ, ਵਿਨੋਦ ਕੁਮਾਰ ਭੰਮਾ, ਹਰਬੰਸ ਸਿੰਘ ਸਰਪੰਚ ਭਾਈ ਦੇਸਾ, ਦਿਲਬਾਗ ਸਿੰਘ ਫਫੜੇ ਭਾਈ ਕੇ, ਰਾਜਾ ਸਿੰਘ ਸਰਪੰਚ ਬੁਰਜ ਹਰੀ, ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਬਲਵਿੰਦਰ ਸਿੰਘ ਸਰਪੰਚ ਖਿਆਲਾ, ਸਨਦੀਪ ਸਿੰਘ ਰੱਲਾ, ਹਰਮਨ ਸਿੰਘ ਜੋਗਾ, ਅਤੇ ਹੋਰ ਆਗੂ ਹਾਜ਼ਰ ਸਨ।