ਬਰੇਟਾ 15 ਜੁਲਾਈ: ਇਸ ਇਲਾਕੇ ਦੇ ਜੰਮਪਲ ਸਾਹਿਤਕਾਰ ਤੇ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੂੰ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ‘ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ-2023’ ਨਾਲ ਸਨਮਾਨਿਤ ਕੀਤੇ ਜਾਣ ਤੇ ਖੁਸ਼ੀ ਦੀ ਲਹਿਰ ਹੈ। ਸਾਹਿਤ ਤੇ ਕਲਾ ਮੰਚ ਪੰਜਾਬ ਦੇ ਸਰਪ੍ਰਸਤ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਇਹ ਵੱਕਾਰੀ ਸਨਮਾਨ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਇਹ ਜਗਦੀਸ਼ ਕੁਲਰੀਆਂ ਦੇ ਸਿਰੜ, ਮਿਹਨਤ ਤੇ ਲੇਖਨ ਵਿਚ ਜਾਨੂੰਨ ਦਾ ਫਲ ਹੈ। ਇਸ ਸਨਮਾਨ ਨਾਲ ਸਮੁੱਚੇ ਇਲਾਕੇ ਦਾ ਸਿਰ ਉੱਚਾ ਹੋਇਆ ਹੈ। ਇਲਾਕਾ ਵਿਕਾਸ ਕਮੇਟੀ ਦੇ ਦਸੌਦਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ, ਜਿਸ ਦਾ ਸਾਨੂੰ ਸਾਰਿਆਂ ਨੂੰ ਫ਼ਖ਼ਰ ਹੈ। ਸਾਹਿਤਕਾਰ ਡਾ. ਭਵਾਨੀ ਸ਼ੰਕਰ ਗਰਗ, ਸਰਦੂਲ ਸਿੰਘ ਚਹਿਲ ਅਤੇ ਅਸ਼ਵਨੀ ਖੁਡਾਲ ਨੇ ਕਿਹਾ ਕਿ ਇਸ ਪ੍ਰਾਪਤੀ ਨੇ ਇਲਾਕੇ ਦੇ ਨਾਲ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤਾ ਦਾ ਵੀ ਮਾਣ ਵਧਾਇਆ ਹੈ। ਕਲਾ ਮੰਚ ਦੇ ਮਹਿੰਦਰਪਾਲ ਬਰੇਟਾ, ਨਿਰਮਲ ਸਿੰਘ ਬਰੇਟਾ ਤੇ ਬੂਟਾ ਸਿੰਘ ਸਿਰਸੀਵਾਲਾ ਨੇ ਸ਼੍ਰੀ ਕੁਲਰੀਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿਤੀ ਹੈ। ਇਲਾਕੇ ਦੀਆਂ ਹੋਰਨਾਂ ਸੰਸਥਾਵਾਂ ਸਰਬ ਸੁੱਖ ਸੇਵਾ ਟਰੱਸ਼ਟ, ਲੋਕ ਹਿਤ ਕਲੱਬ, ਗਿਆਨ ਵਿਗਿਆਨ ਸੰਮਤੀ ਮਾਨਸਾ, ਜਿਲਾ ਐਸੋਸ਼ੀਏਸ਼ਨ ਭਾਰਤ ਸਕਾਊਟ ਐਂਡ ਗਾਈਡ ਮਾਨਸਾ, ਪੈਨਸ਼ਨਰਜ਼ ਐਸ਼ੋਸੀਏਸ਼ਨ ਬਰੇਟਾ, ਆਸਰਾ ਫਾਊਡੇਸ਼ਨ, ਮਲਟੀਪਰਪਜ਼ ਹੈਲਥ ਇੰਮਪਲਾਈਜ਼ ਐਸ਼ੋਸੀਏਸ਼ਨ ਮਾਨਸਾ, ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ, ਮਿੰਨੀ ਕਹਾਣੀ ਲੇਖਕ ਮੰਚ ਪੰਜਾਬ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਆਦਿ ਸੰਸਥਾਵਾਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਕੁਲਰੀਆਂ ਨੂੰ ਇਹ ਸਨਮਾਨ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਹੋਏ ਰਾਸ਼ਟਰੀ ਪੱਧਰ ਦੇ ਸਮਾਗਮ ਵਿਚ ਪ੍ਰਦਾਨ ਕੀਤਾ ਗਿਆ ਹੈ।
ਫੋਟੋ: ਪੰਜਾਬ ਦੇ ਜਗਦੀਸ਼ ਰਾਏ ਕੁਲਰੀਆਂ ਨੂੰ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਪ੍ਰਦਾਨ ਕਰਦੇ ਹੋਏ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ।