ਸਿੱਖ ਪੰਥ ਨੂੰ ਦਰਪੇਸ਼ ਧਾਰਮਿਕ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ
ਗੁਰਿੰਦਰ ਔਲਖ
ਭੀਖੀ, 16 ਅਕਤੂਬਰ
ਮਾਤਾ ਸਿੱਖਣੀ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਪੰਥ ਨੂੰ ਦਰਪੇਸ਼ ਧਾਰਮਿਕ ਮੁੱਦਿਆਂ ਬਾਰੇ ਅਹਿਮ ਵਿਚਾਰਾਂ ਕੀਤੀਆਂ।
ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਕੋਲ ਅਜੇ ਵੀ ਸਮਾਂ ਹੈ ਕਿ ਆਪਣੇ ਪੰਥ ਨੂੰ ਲੁਟੇਰੇ ਪ੍ਰਬੰਧਕਾਂ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੀ ਕੁਰਸੀ ਦੀ ਚੌਧਰ ਲਈ ਸਿੱਖ ਪੰਥ ਵਰਤਿਆ ਹੈ। ਕੇਂਦਰ ਦੀਆਂ ਸਰਕਾਰਾਂ ਨਾਲ ਮਿਲਕੇ ਕੋਝੀਆਂ ਚਾਲਾਂ ਚੱਲੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੌਲਿਕ ਗੁਰੂ ਸਾਹਿਬਾਨਾਂ ਦੇ ਸਮੇਂ ਦੀਆਂ ਬੀੜਾਂ ਤੋਂ ਇਲਾਵਾਂ ਸੈਂਕੜੇ ਬੀੜਾਂ ਦਾ ਪਤਾ ਹੀ ਨਹੀਂ ਲੱਗ ਸਕਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਨਹੀਂ ਮਿਲ ਸਕੀਆਂ, ਬਾਬੇ ਨਾਨਕ ਦੀ ਸਿੱਖੀ ਦਾ ਸਹੀ ਤਰ੍ਹਾਂ ਪ੍ਰਚਾਰ ਲੋਕਾਂ ਤੱਕ ਪੁੱਜ ਹੀ ਨਹੀਂ ਸਕਿਆ, ਜਿਸ ਕਾਰਨ ਪਿੰਡਾਂ ਅੰਦਰ ਜਾਤਾਂ ਬੱਧੀ ਗੁਰਦੁਆਰੇ ਉਸਰ ਗਏ। ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਸਿੱਖਿਆ ਅਦਾਰਿਆਂ ਵਿੱਚ ਗਰੀਬਾਂ ਦੇ ਬੱਚਿਆਂ ਨੂੰ ਦਾਖਲੇ ਦਿੱਤੇ ਹੁੰਦੇ ਤਾਂ ਉਹ ਲੋਕ ਆਪਣੇ ਧਰਮ ਨੂੰ ਛੱਡ ਕੇ ਹੋਰ ਡੇਰਿਆਂ ਨਾਲ ਨਾ ਜੁੜਦੇ। ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾਣਗੇ, ਜੋ ਨਿਰੋਲ ਸਿੱਖੀ ਪ੍ਰਚਾਰ ਵਾਲੇ ਹੀ ਹੋਣਗੇ, ਰਾਜਨੀਤੀ ਤੋਂ ਦੂਰ ਪੰਥਕ ਧਿਰਾਂ ਨਾਲ ਮਿਲਕੇ ਚੋਣਾਂ ਲੜੀਆਂ ਜਾਣਗੀਆਂ।
ਇਸ ਮੌਕੇ ਪਰਮਜੀਤ ਸਿੰਘ ਭੀਖੀ, ਹਰਬੰਤ ਸਿੰਘ, ਇੰਦਰਜੀਤ, ਜੀਵਨ ਸਿੰਘ, ਰਣਜੀਤ ਸਿੰਘ, ਰਾਜ ਸਿੰਘ ਆਦਿ ਬੀਬੀਆਂ ਵੱਡੀ ਗਿਣਤੀ ਵਿੱਚ ਹਾਜਰ ਸਨ।