ਘਰ ਵਿੱਚ ਸ਼ੋਕ ਦਾ ਮਾਹੌਲ ਹੈ, ਹਰ ਕੋਈ ਚੁੱਪ-ਚਾਪ ਕੀਤਾ ਇਕੱਲਾ-ਇਕੱਲਾ ਬੈਠਾ ਹੈ, ਕੱਲ ਰਾਤ ਤੱਕ ਤਾਂ ਸਭ ਠੀਕ-ਠਾਕ ਸੀ। ਫਿਰ ਸਵੇਰ ਹੁੰਦਿਆਂ ਕੀ ਹੋ ਗਿਆ। “ਅਜੇ ਕੱਲ ਸਰਦ ਰਾਤ ਦੇ ਹਨੇਰੇ ਵਿੱਚ ਕੋਈ ਪਰਛਾਵਾਂ ਮੇਰੀਆਂ ਅੱਖਾਂ ਅੱਗੇ ਚਹਿਲਕਦਮੀ ਕਰਦਿਆਂ ਪਿੱਛੇ ਨੂੰ ਮੁੜ ਗਿਆ,ਮੈਂ ਕਾਹਲੀ ਵਿੱਚ ਕੰਬਲ ਵਿੱਚੋਂ ਮੂੰਹ ਕੱਢਿਆ ਤਾਂ ਇਹ ਚਹਿਲਕਦਮੀ ਹੁਣ ਸ਼ਾਂਤ ਹੋ ਗਈ ਸੀ, ਸ਼ਾਇਦ ਉਹ ਮੈਨੂੰ ਮਿਲਣ ਆਇਆ ਸੀ”, ਮੈਂ ਕਿਓਂ ਇਹ ਮਹਿਸੂਸ ਕਰ ਰਹੀਂ ਹਾਂ? ਮੈਨੂੰ ਕਿਓਂ ਵਾਰ-ਵਾਰ ਇਓਂ ਲੱਗਦਾ ਹੈ ਕਿ ਉਹ ਮੈਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਰੇ ਨਾਲ ਜਮਾਤ ਵਿੱਚ ਪੜ੍ਹਦਾ ਮਨਜੋਤ ਰਾਮਦਾਸੀਆਂ ਦਾ ਮੁੰਡਾ ਸੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਮਨਜੋਤ ਛੋਟੇ ਹੁੰਦਿਆਂ ਹੀ ਆਪਣੀ ਮਾਂ ਨੂੰ ਖੋ ਚੁੱਕਿਆ ਸੀ। ਪਿਤਾ ਸ਼ਰਾਬ ਦਾ ਆਦੀ, ਮਾਂ ਨਾਲ ਰੋਜ਼ ਲੜਦਾ-ਝਗੜਦਾ ਅਤੇ ਕੁੱਟਮਾਰ ਕਰਦਾ ।ਇੱਕ ਦਿਨ ਇਸੇ ਲੜਾਈ ਨੇ ਮਾਂ ਨੂੰ ਮਨਜੋਤ ਤੋਂ ਹਮੇਸ਼ਾਂ-ਹਮੇਸ਼ਾਂ ਲਈ ਖੋ ਲਿਆ।
ਛੋਟੇ ਹੁੰਦਿਆਂ ਮੇਰੀ ਮਾਂ ਅਤੇ ਚਾਚੀ ਤੋਂ ਅਕਸਰ ਮੈਂ ਇਹ ਗੱਲਾਂ ਸੁਣਦੀ ਸਾਂ। ਬਸ ਉਦੋਂ ਤੋਂ ਹੀ ਮੇਰੇ ਮਨ ਵਿੱਚ ਮਨਜੋਤ ਲਈ ਇੱਕ ਅਲਗ ਥਾਂ ਬਣ ਗਈ ਸੀ। ਉਹ ਮੇਰੇ ਲਈ ਇੱਕ ਤਰਸ ਦਾ ਪਾਤਰ ਹੁੰਦਿਆਂ ਪਤਾ ਹੀ ਨਾ ਲੱਗਾ ਕਦੋਂ ਦਿਲ ਵਿੱਚ ਵੱਸ ਗਿਆ। ਪੜ੍ਹਨ ਵਿੱਚ ਤਾਂ ਮਨਜੋਤ ਹੁਸ਼ਿਆਰ ਹੀ ਸੀ ਸਗੋਂ ਉਸ ਦੀ ਦਿਖ ਵੀ ਸੋਹਣੀ-ਸੁਨੱਖੀ ਸੀ। ਮਨਜੋਤ ਹਮੇਸ਼ਾਂ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ। ਮੈਂ ਇਹ ਸੋਚ-ਸੋਚ ਬੜੀ ਹੈਰਾਨ ਹੁੰਦੀ ਸੀ ਕਿ ਇੱਕ ਕਮਰੇ ਵਾਲਾ ਘਰ ਜਿਹੜਾ ਕੱਚਾ ਸੀ ਅਤੇ ਬਰਸਾਤ ਦੇ ਦਿਨਾਂ ਵਿੱਚ ਚੋਂਦਾ ਵੀ ਸੀ, ਬਿਨਾਂ ਦਰਵਾਜ਼ੇ ਤੋਂ ਪੋਹ-ਮਾਘ ਦੀ ਠੰਢ ਅਤੇ ਬਿਨਾਂ ਪੱਖੇ ਤੋਂ ਜੇਠ-ਹਾੜ ਦੀ ਗਰਮੀ ਵਿੱਚ ਮਤਰੇਈ ਮਾਂ ਦੀ ਰੋਜ਼ ਦੀ ਕੁੱਟ, ਖਾਣ ਨੂੰ ਰੋਟੀ ਨਾ ਦੇਣ, ਘਰ ਦਾ ਸਾਰਾ ਕੰਮ ਕਰਾਉਣ ਦੇ ਬਾਵਜੂਦ ਮਨਜੋਤ ਪੜ੍ਹਨ ਵਿੱਚ ਐਨਾ ਹੁਸ਼ਿਆਰ ਕਿਵੇਂ ਸੀ। ਕਈ ਵਾਰ ਮੈਨੂੰ ਮਨਜੋਤ ਤੋਂ ਈਰਖਾ ਵੀ ਹੁੰਦੀ ਕਿਉਂਕਿ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਲਗਾਤਾਰ ਕਈ ਸਾਲਾਂ ਤੋਂ ਮੈਂ ਜਮਾਤ ਵਿੱਚ ਦੂਜੇ ਨੰਬਰ ਤੇ ਹੀ ਆ ਰਹੀ ਸੀ। ਕਈ ਵਾਰ ਜਮਾਤ ਵਿੱਚ ਮਨਜੋਤ ਨੂੰ ਵੇਖ ਕੇ ਮੇਰਾ ਰੋਣਾ ਵੀ ਨਿਕਲ ਆਉਂਦਾ। ਕੜਾਕੇ ਦੀ ਠੰਡ ਵਿੱਚ ਵੀ ਸਿਰਫ਼ ਪੈਂਟ-ਕਮੀਜ਼ ਅਤੇ ਚੱਪਲਾਂ ਵਿੱਚ ਉਸਨੂੰ ਵੇਖ ਕੇ ਮੈਨੂੰ ਕਾਂਭਾ ਛਿੜ ਜਾਂਦਾ। ਕਈ ਵਾਰ ਉਸ ਦੇ ਮੂੰਹ ਅਤੇ ਹੱਥਾਂ ਤੇ ਜਖਮ ਹੋਏ ਹੁੰਦੇ, ਕਈ ਵਾਰ ਮਤਰੇਈ ਮਾਂ ਵੱਲੋਂ ਭੁੱਖਾ ਹੀ ਉਸਨੂੰ ਘਰੋਂ ਤੋਰ ਦੇਣਾ ਪਰ ਮਨਜੋਤ ਇਹਨਾਂ ਗੱਲਾਂ ਦਾ ਜ਼ਿਕਰ ਕਿਸੇ ਨਾਲ ਵੀ ਨਹੀਂ ਸੀ ਕਰਦਾ ਸਗੋਂ ਸਭ ਨੂੰ ਹੱਸ ਕੇ ਹੀ ਮਿਲਦਾ।
ਜਿਵੇਂ ਉਸਨੂੰ ਉਸ ਦੀ ਮਤਰੇਈ ਮਾਂ ਨਾਲ ਕੋਈ ਪ੍ਰੇਸ਼ਾਨੀ ਹੀ ਨਹੀਂ ਸੀ ਪਰ ਸਾਰਾ ਪਿੰਡ ਜਾਣਦਾ ਸੀ ਕਿ ਰਾਣੀ ਮਨਜੋਤ ਨਾਲ ਕਿਹੋ ਜਿਹਾ ਵਰਤਾਅ ਕਰਦੀ ਸੀ। ਉਂਝ ਤਾਂ ਮਨਜੋਤ ਦਾ ਪਿਓ ਸ਼ਿੰਦਾ ਸਾਡੇ ਸਿਰੀ ਰਲਿਆ ਹੋਇਆ ਸੀ ਪਰ ਉਹ ਨਸ਼ੇ ਦਾ ਆਦੀ ਸੀ ਇਸ ਲਈ ਪਿਤਾ ਜੀ ਉਸਨੂੰ ਘਰ ਵਿੱਚ ਘੱਟ ਹੀ ਵਾੜਦੇ ਅਤੇ ਖੇਤਾਂ ਵਿੱਚ ਹੀ ਕੰਮ ਲਾਈ ਰੱਖਦੇ। ਗੋਹੇ-ਕੂੜੇ ਦਾ ਕੰਮ ਕਦੇ ਰਾਣੀ ਅਤੇ ਕਦੇ ਮਨਜੋਤ ਆ ਕੇ ਕਰ ਜਾਂਦਾ। ਉਦੋਂ ਕਈ ਵਾਰ ਤਾਂ ਮਨਜੋਤ ਮੈਨੂੰ ਸਰੋਂ ਦੇ ਉਸ ਫੁੱਲ ਵਰਗਾ ਲੱਗਦਾ ਜਿਸ ਨੂੰ ਦਿਲ ਕਰਦਾ ਕਿ ਟਾਹਣੀ ਸਣੇ ਹਿੱਕ ਨਾਲ ਲਾ ਲਵਾ, ਪਰ ਫਿਰ ਮਨਜੋਤ ਮੈਨੂੰ ਕੰਢਿਆਂ ਵਿੱਚ ਖਿੜੇ ਉਸ ਗੁਲਾਬ ਵਰਗਾ ਲੱਗਣ ਲੱਗ ਪੈਂਦਾ,ਜਿਸ ਨੂੰ ਤੋੜ ਕੇ ਆਪਣੇ ਕੋਲ ਸਾਂਭ ਕੇ ਰੱਖਣ ਨੂੰ ਦਿਲ ਤਾਂ ਕਰਦਾ ਪਰ ਹਰ ਵਾਰੀ ਕੰਢਿਆਂ ਵੱਲ ਵੇਖ ਕੇ ਰੂਹ ਕੰਬ ਉੱਠਦੀ। ਮਨਜੋਤ ਬਾਰੇ ਸੋਚਣਾ ਮੈਨੂੰ ਪਹੁ ਫੁਟਾਲੇ ਤੋਂ ਪਹਿਲਾਂ ਦੀ ਲਾਲੀ ਵਰਗਾ ਲਗਦਾ-ਲਗਦਾ ਅਚਾਨਕ ਢਲਦੇ ਸੂਰਜ ਤੋਂ ਬਾਅਦ ਹੋਏ ਘੁੱਪ ਹਨੇਰੇ ਵਰਗਾ ਲੱਗਣ ਲੱਗ ਜਾਂਦਾ।
ਪੜਦੇ-ਪੜਦੇ ਅਕਸਰ ਮੈਂਨੂੰ ਉਸ ਦਾ ਖਿਆਲ ਆ ਜਾਂਦਾ ਤੇ ਮੈਂ ਉਸ ਖਿਆਲ ਨੂੰ ਲੈ ਕੇ ਬਹੁਤ ਦੂਰ ਤੱਕ ਦੇ ਸੁਪਨੇ ਲੈਣ ਲੱਗਦੀ। ਮਨਜੋਤ ਪੜ੍ਹਨ ਵਿੱਚ ਹੁਸ਼ਿਆਰ ਸੀ, ਉਸ ਨੇ ਪੜ੍ਹ-ਲਿਖ ਕੇ ਚੰਗਾ ਅਫ਼ਸਰ ਬਣ ਜਾਣਾ ਸੀ, ਫਿਰ ਖੋਰੇ ਕੋਈ ਉਮੀਦ ਜਾਗ ਜਾਵੇ। ਇੱਥੇ ਪਹੁੰਚਦਿਆਂ ਅਕਸਰ ਮੇਰਾ ਖੁਆਬ ਟੁੱਟ ਜਾਂਦਾ ਅਤੇ ਮੈਂ ਹੜ-ਬੜਾ ਕੇ ਫਿਰ ਪੜ੍ਹਨ ਬੈਠ ਜਾਂਦੀ। ਦਸਵੀਂ ਜਮਾਤ ਬੋਰਡ ਦੀ ਸੀ, ਸ਼ਹਿਰ ਦੇ ਸਕੂਲ ਵਿੱਚ ਪੇਪਰਾਂ ਦਾ ਸੈਂਟਰ ਬਣਿਆ ਸੀ। ਮੈਨੂੰ ਕਦੇ ਵੀਰਾ ਕਦੇ ਪਿਤਾ ਜੀ ਪੇਪਰ ਦੇਣ ਲਈ ਲੈ ਜਾਂਦੇ। ਰਸਤੇ ਵਿੱਚ ਬਾਕੀ ਵਿਦਿਆਰਥੀ ਜਿੱਥੇ ਸਾਈਕਲਾਂ ਤੇ ਸ਼ਰਾਰਤਾਂ ਕਰਦੇ ਜਾ ਰਹੇ ਹੁੰਦੇ ਉੱਥੇ ਮਨਜੋਤ ਤੁਰ ਕੇ ਹੀ ਸਕੂਲ ਦੇ ਨਜ਼ਦੀਕ ਰੋਜ ਸਾਨੂੰ ਮਿਲਦਾ। ਜਿੱਥੇ ਨਾਲ ਦੇ ਵਿਦਿਆਰਥੀ ਉਸਨੂੰ ਟਿੱਚਰਾਂ ਕਰਦੇ ਉੱਥੇ ਮੇਰੇ ਪਿਤਾ ਜੀ ਉਸ ਵਿਚਾਰੇ ਦੀ ਲਾਚਾਰੀ ਦਾ ਜ਼ਿਕਰ ਕਰਕੇ ਚੁੱਪ ਕਰ ਜਾਂਦੇ। ਮੈਂ ਉਹਨਾਂ ਦੀ ਕਿਸੇ ਗੱਲ ਦਾ ਕੋਈ ਹੁੰਗਾਰਾ ਨਾ ਭਰਦੀ। ਪਰ ਮੈਨੂੰ ਉਦੋਂ ਬਹੁਤ ਗੁੱਸਾ ਆਉਂਦਾ ਜਦੋਂ ਵੀਰਾ ਉਸ ਨੂੰ ਉਸ ਦੀ ਜਾਤੀ ਦਾ ਨਾਂ ਲੈ ਕੇ ਗਾਲਾਂ ਕੱਢਦਾ ਉਸ ਕੋਲੋਂ ਗੱਡੀ ਤੇਜ਼ ਕੱਢ ਕੇ ਲੈ ਕੇ ਜਾਂਦਾ। ਮੈਂ ਡਰ ਜਾਂਦੀ ਖੋਰੇ ਵੀਰੇ ਨੂੰ ਕਿਸੇ ਗੱਲ ਦਾ ਕੋਈ ਸ਼ੱਕ ਤਾਂ ਨਹੀਂ ਹੈ। ਪਰ ਫਿਰ ਸੋਚਦੀ ਵੀ ਵੀਰੇ ਦੀ ਤਾਂ ਇਹ ਆਦਤ ਹੀ ਸੀ, ਘਰ ਆਏ ਹਰ ਗਰੀਬ-ਗੁਰਬੇ ਨਾਲ ਵੀ ਉਹ ਠੀਕ ਵਰਤਾਅ ਨਹੀਂ ਸੀ ਕਰਦਾ। ਪਿਤਾ ਜੀ ਦੇ ਕਈ ਵਾਰ ਸਮਝਾਉਣ ਤੇ ਵੀ ਵੀਰੇ ਨੇ ਆਪਣਾ ਸੁਭਾਅ ਨਹੀਂ ਸੀ ਬਦਲਿਆ। ਦਸਵੀਂ ਦੇ ਪੇਪਰ ਨਿਬੜੇ ਤਾਂ ਮਨਜੋਤ ਸ਼ਹਿਰ ਗੱਡੀਆਂ ਦਾ ਕੰਮ ਸਿੱਖਣ ਲਈ ਲੱਗ ਗਿਆ। ਦੋ ਮਹੀਨੇ ਬਾਅਦ ਜਦੋਂ ਨਤੀਜਾ ਆਇਆ ਤਾਂ ਨਤੀਜੇ ਨੇ ਸਭ ਨੂੰ ਹੈਰਾਨ ਅਤੇ ਪੱਬਾਂ ਭਾਰ ਕਰ ਦਿੱਤਾ ਸੀ, ਮਨਜੋਤ ਜਮਾਤ, ਸਕੂਲ ਜਾਂ ਜਿਲ੍ਹੇ ਵਿੱਚੋਂ ਹੀ ਨਹੀਂ ਸਗੋਂ ਪੂਰੇ ਰਾਜ ਵਿੱਚ ਪਹਿਲੇ ਨੰਬਰ ਤੇ ਆਇਆ ਸੀ। ਇਹ ਗੱਲ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਮਨਜੋਤ ਦੇ ਘਰ ਲੋਕਾਂ ਦਾ ਤਾਂਤਾ ਲੱਗ ਗਿਆ, ਸ਼ਿੰਦੇ ਨੇ ਅੱਜ ਖੁਸ਼ੀ ਵਿੱਚ ਐਨੀ ਸ਼ਰਾਬ ਪੀ ਲਈ ਸੀ ਕਿ ਉਸਨੂੰ ਆਪਣਾ ਕੋਈ ਹੋਸ਼ ਨਹੀਂ ਸੀ। ਪਰ ਰਾਣੀ ਦੀ ਤਾਂ ਜਿਵੇਂ ਮਾਂ ਹੀ ਮਰ ਗਈ ਹੋਵੇ, ਆਪਦੇ ਘਰ ਰੱਖਿਆ ਰਾਣੀ ਦਾ ਭਾਣਜਾ ਜਿਹੜਾ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ ਸਾਰੇ ਪੇਪਰਾਂ ਵਿੱਚੋਂ ਫੇਲ ਹੋ ਗਿਆ। ਇਹਨਾਂ ਸੱਭ ਗੱਲਾਂ ਤੋਂ ਅਣਜਾਣ ਮਨਜੋਤ ਹਨੇਰੇ ਹੋਏ ਜਦੋਂ ਕੰਮ ਤੋਂ ਘਰ ਆਇਆ ਤਾਂ ਰਾਣੀ ਅਤੇ ਉਸਦੇ ਭਾਣਜੇ ਬਿੱਟੂ ਨੇ ਮਨਜੋਤ ਨੂੰ ਕਮਰੇ ਵਿੱਚ ਲਿਜਾ ਕੇ ਉਸਦਾ ਚੰਗਾ ਕੁਟਾਪਾ ਚਾੜ੍ਹਿਆ ਅਤੇ ਨਕਲ ਮਾਰ ਕੇ ਪਾਸ ਹੋਣ ਦੇ ਇਲਜ਼ਾਮ ਉਸ ਤੇ ਲਾਉਣ ਲੱਗੇ। ਆਂਡ-ਗੁਆਂਢ ਦੇ ਸਭ ਲੋਕ ਇਹ ਸਭ ਵੇਖ ਕੇ ਬਹੁਤ ਨਿਰਾਸ ਹੋ ਰਹੇ ਸਨ ਪਰ ਉਹ ਵਿਚਾਰੇ ਲੜਾਕੂ ਰਾਣੀ ਦੇ ਡਰੋਂ ਬੋਲ ਵੀ ਕੁੱਝ ਨਹੀਂ ਸਨ ਸਕਦੇ। ਉਸ ਰਾਤ ਮਨਜੋਤ ਰੋਂਦਾ-ਰੋਂਦਾ ਭੁੱਖਾ ਹੀ ਸੋ ਗਿਆ। ਸਵੇਰ ਹੋਈ ਤਾਂ ਮਨਜੋਤ ਬਿਨਾਂ ਨਾਹਤੇ-ਧੋਤੇ, ਬਿਨਾਂ ਕੁੱਝ ਖਾਦੇ-ਪੀਤੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਘਰੋਂ ਨਿਕਲ ਗਿਆ। ਤੁਰਦੇ-ਤੁਰਦੇ ਜਦੋਂ ਮਨਜੋਤ ਸ਼ਹਿਰ ਪਹੁੰਚਿਆ ਤਾਂ ਦਿਨ ਨਿਕਲ ਚੁੱਕਾ ਸੀ। ਦੁਕਾਨ ਮੂਹਰੇ ਝਾੜੂ ਮਾਰਦੇ ਮਨਜੋਤ ਨੂੰ ਜਦੋਂ ਮਾਸਟਰ ਕਿਸ਼ੋਰੀ ਲਾਲ ਜੀ ਨੇ ਜੋਤ ਕਹਿ ਕੇ ਆਵਾਜ਼ ਮਾਰੀ ਤਾਂ ਮਨਜੋਤ ਹਰ ਵਾਰ ਦੀ ਤਰ੍ਹਾਂ ਬਹੁਤ ਖੁਸ਼ ਹੋ ਕੇ ਮਾਸਟਰ ਜੀ ਨੂੰ ਮਿਲਿਆ। ਮਨਜੋਤ ਨੇ ਮਾਸਟਰ ਜੀ ਦੇ ਪੈਰੀ ਹੱਥ ਲਾਏ ਤਾਂ ਉਸ ਦੀ ਹਾਲਤ ਵੇਖ ਕੇ ਮਾਸਟਰ ਜੀ ਦਾ ਦਿਲ ਭਰ ਆਇਆ। ਜਦੋਂ ਮਾਸਟਰ ਜੀ ਨੇ ਮਨਜੋਤ ਅਤੇ ਉਸਦੇ ਉਸਤਾਦ ਨੂੰ ਮਨਜੋਤ ਦੇ ਪੂਰੇ ਰਾਜ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਗੱਲ ਦੱਸੀ ਤਾਂ ਮਨਜੋਤ ਦਾ ਉਸਤਾਦ ਤਾਂ ਬਹੁਤ ਖੁਸ਼ ਹੋਇਆ ਪਰ ਮਨਜੋਤ ਤੇ ਇਸ ਗੱਲ ਦਾ ਬਹੁਤਾ ਫ਼ਰਕ ਨਾ ਪਿਆ, ਉਹ ਝਾੜੂ ਚੁੱਕ ਕੇ ਮੁੜ ਸਫ਼ਾਈ ਕਰਨ ਲੱਗ ਪਿਆ। ਇਹ ਵੇਖ ਕੇ ਮਾਸਟਰ ਜੀ ਅਤੇ ਉਸਤਾਦ ਉਸਦੇ ਤਾਜ਼ੇ ਜ਼ਖਮਾਂ ਅਤੇ ਪਾਟੇ ਕੱਪੜਿਆਂ ਵੱਲ ਵੇਖ ਕੇ ਸਭ ਸਮਝਦਿਆਂ ਮਾਯੂਸ ਹੋ ਗਏ। ਸਾਰੇ ਸ਼ਹਿਰ ਅਤੇ ਪਿੰਡ ਲਈ ਇਹ ਬਹੁਤ ਮਾਨ ਵਾਲੀ ਗੱਲ ਸੀ ਪਰ ਮਨਜੋਤ ਨੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ। ਕੁੱਝ ਸਮਾਂ ਲੰਘਣ ਤੋਂ ਬਾਅਦ ਸਭ ਇਹ ਗੱਲ ਭੁੱਲ ਗਏ। ਹਾਂ ਮੈਂ ਦੱਸਦਾਂ ਕਿ ਮੈਂ ਜ਼ਿਲੇ ਵਿੱਚ ਅਤੇ ਆਪਣੇ ਸਕੂਲ ਵਿੱਚ ਦੂਜੇ ਨੰਬਰ ਤੇ ਆਈ ਸਾਂ। ਜਿਸ ਦਾ ਮੇਰੇ ਪਿਤਾ ਜੀ ਨੇ ਮਜ਼ਾਕ ਅਤੇ ਮੇਰੇ ਵੀਰੇ ਨੇ ਗੁੱਸਾ ਮਨਾਇਆ ਸੀ। ਉਹਨਾਂ ਨੂੰ ਸ਼ਾਇਦ ਮੇਰੀ ਦੂਜੀ ਪੁਜੀਸਨ ਦੀ ਐਨੀ ਖੁਸ਼ੀ ਨਹੀਂ ਸੀ ਜਿੰਨ੍ਹਾਂ ਮਨਜੋਤ ਦੀ ਪਹਿਲੀ ਪੁਜੀਸਨ ਆਉਣ ਤੇ ਗੁੱਸਾ ਸੀ। ਵੀਰੇ ਨੇ ਮਨਜੋਤ ਦੀ ਜਾਤ ਦਾ ਨਾਂ ਲੈ ਕੇ ਉਸਨੂੰ ਬਹੁਤ ਗਾਲਾਂ ਕੱਢੀਆਂ, ਇਸ ਵਾਰ ਮਾਂ ਨੇ ਜਾਂ ਪਿਤਾ ਜੀ ਨੇ ਵੀ ਵੀਰੇ ਨੂੰ ਇਹ ਸਭ ਕਰਨ ਤੇ ਬਿਲਕੁਲ ਵੀ ਨਾ ਝਿੜਕਿਆ। ਦਿਨ ਆਏ ਗਏ ਹੋ ਗਏ , ਮੈਂ ਹੁਣ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣਾ ਸੀ, ਪਿੰਡ ਵਾਲਾ ਸਕੂਲ ਸਿਰਫ਼ ਦਸਵੀਂ ਜਮਾਤ ਤੱਕ ਦਾ ਸੀ, ਇਸ ਲਈ ਪਿਤਾ ਜੀ ਮੇਰਾ ਦਾਖਲਾ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਮੈਡੀਕਲ ਵਿੱਚ ਕਰਵਾ ਆਏ ਕਿਉਂਕਿ ਉਹਨਾਂ ਦਾ ਸੁਪਨਾ ਮੈਨੂੰ ਡਾਕਟਰ ਬਣਾਉਣ ਦਾ ਸੀ ਅਤੇ ਮੇਰਾ ਵੀ ਇਹੋ ਸੁਪਨਾ ਸੀ। ਪਿਤਾ ਜੀ ਨੇ ਮੈਨੂੰ ਸਕੂਲ ਛੱਡਣ ਅਤੇ ਘਰ ਆਉਣ ਲਈ ਰਿਕਸ਼ਾ ਲਵਾ ਦਿੱਤਾ ਸੀ, ਜਿਸ ਵਿੱਚ ਅਸੀਂ ਪਿੰਡ ਦੀਆਂ ਤਿੰਨ ਕੁੜੀਆਂ ਇਕੱਠੀਆਂ ਜਾਂਦੀਆਂ ਸੀ। ਮੈਂ ਬਹੁਤ ਆਸ ਨਾਲ ਅੱਜ ਤਿਆਰ ਹੋ ਕਿ ਸਕੂਲ ਜਾਣ ਲਈ ਨਿਕਲੀ ਕਿ ਅੱਜ ਮਨਜੋਤ ਨਾਲ ਰੱਜ ਕੇ ਗੱਲਾਂ ਕਰਾਂਗੀ ਕਿਉਂਕਿ ਉੱਥੇ ਸਾਨੂੰ ਜਾਨਣ ਵਾਲਾ ਕੋਈ ਨਹੀਂ ਹੋਵੇਗਾ, ਅੱਜ ਉਹ ਗੱਲਾਂ-ਗੱਲਾਂ ਵਿੱਚ ਮਨਜੋਤ ਨੂੰ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦੇਵੇਗੀ। ਮੈਨੂੰ ਸੀ ਕਿ ਮੈਂ ਦੁੱਜੇ ਨੰਬਰ ਤੇ ਆਈ ਹਾਂ ਮੈਂ ਮੈਡੀਕਲ ਲਈ ਹੈ ਫਿਰ ਮਨਜੋਤ ਤਾਂ ਪਹਿਲੇ ਨੰਬਰ ਤੇ ਆਇਆ ਹੈ ਉਸਨੇ ਵੀ ਮੈਡੀਕਲ ਹੀ ਲਈ ਹੋਵੇਗੀ। ਮੈਂ ਰਸਤੇ ਵਿੱਚ ਸੋਚਦੀ-ਸੋਚਦੀ ਓੱਥੇ ਪਹੁੰਚ ਗਈ ਜਿਸ ਹਸਪਤਾਲ ਵਿੱਚ ਮੈਂ ਤੇ ਮਨਜੋਤ ਡਾਕਟਰ ਹਾਂ ਅਤੇ ਅਸੀਂ ਇਕੱਠੇ ਹੀ ਗੱਡੀ ਵਿੱਚ ਪਿੰਡੋਂ ਹਸਪਤਾਲ ਆਉਂਦੇ ਹਾਂ, ਮੇਰੇ ਬਾਂਹੀਂ ਚੂੜਾ ਅਤੇ ਮਨਜੋਤ ਨੇ ਸੂਹੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਪਰ ਮੇਰਾ ਧਿਆਨ ਉਦੋਂ ਟੁੱਟਿਆ ਜਦੋਂ ਮੈਨੂੰ ਮਨਜੋਤ ਦਿਖਿਆ, ਉਹ ਸੜਕ ਦੇ ਨਾਲ-ਨਾਲ ਕੱਚੇ ਰਸਤੇ ਤੇ ਸ਼ਹਿਰ ਵੱਲ ਨੂੰ ਤੁਰਿਆ ਜਾ ਰਿਹਾ ਸੀ। ਉਸਨੇ ਉਹੀ ਮੈਲੇ ਜਿਹੇ ਕਪੜੇ ਪਾਏ ਹੋਏ ਸਨ। ਜਿਸ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਮਨਜੋਤ ਸਕੂਲ ਤਾਂ ਨਹੀਂ ਸੀ ਜਾ ਰਿਹਾ। ਮੇਰਾ ਦਿਲ ਰੋ ਰਿਹਾ ਸੀ, ਉਸ ਦਿਨ ਮੇਰਾ ਸਕੂਲ ਦਾ ਪਹਿਲਾ ਦਿਨ ਸੀ ਪਰ ਮੇਰਾ ਸਕੂਲ ਵਿੱਚ ਦਿਲ ਨਾ ਲੱਗਾ। ਹਰ ਕੋਈ ਅਧਿਆਪਕ ਹਰ ਕੋਈ ਵਿਦਿਆਰਥੀ ਬੜੀ ਹੈਰਾਨੀ ਨਾਲ ਮਨਜੋਤ ਦੀਆਂ ਹੀ ਗੱਲਾਂ ਕਰ ਰਿਹਾ ਸੀ। ਮੇਰਾ ਹੁਣ ਪੜ੍ਹਾਈ ਵਿੱਚ ਦਿਲ ਨਾ ਲੱਗਦਾ, ਨਾ ਕਿਸੇ ਨਾਲ ਕੋਈ ਗੱਲ ਕਰਨ ਨੂੰ ਦਿਲ ਕਰਦਾ, ਨਾ ਕੁੱਝ ਖਾਣ ਨੂੰ ਦਿਲ ਕਰਦਾ। ਮੈਂ ਬਸ ਮਨਜੋਤ ਬਾਰੇ ਹੀ ਸੋਚੀ ਜਾਂਦੀ ਕਿ ਉਸ ਵਰਗਾ ਐਨਾ ਹੁਸ਼ਿਆਰ ਮੁੰਡਾ ਅੱਗੇ ਪੜ੍ਹਾਈ ਕਿਓਂ ਨਹੀਂ ਕਰ ਰਿਹਾ, ਕੀ ਕਾਰਨ ਹੋ ਸਕਦਾ ਹੈ? ਫਿਰ ਮੈਨੂੰ ਮਾਤਾ ਜੀ ਅਤੇ ਚਾਚੀ ਜੀ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਸ਼ਰਾਬ ਪੀ-ਪੀ ਕੇ ਸ਼ਿੰਦੇ ਦੀਆਂ ਕਿਡਨੀਆਂ ਖ਼ਰਾਬ ਹੋ ਗਈਆਂ ਹਨ ਅਤੇ ਉਹ ਮਰਨ ਕੰਢੇ ਪਿਆ ਹੈ ਜਿਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਮਨਜੋਤ ਸਿਰ ਪੈ ਗਈ ਸੀ, ਉੱਤੋਂ ਰਾਣੀ ਨੇ ਵੀ ਕੰਮ ਛੱਡ ਦਿੱਤਾ ਸੀ ਅਤੇ ਘਰ ਵੀ ਚੋਰੀਓਂ ਆਪਣੇ ਨਾਂ ਕਰਵਾ ਲਿਆ ਸੀ ਅਤੇ ਸ਼ਿੰਦੇ ਨੂੰ ਛੱਡ ਕੇ ਆਪਣੇ ਭਾਣਜੇ ਨਾਲ ਕਿਤੇ ਚਲੀ ਗਈ ਸੀ। ਹੁਣ ਮਨਜੋਤ ਘਰ ਦਾ ਸਾਰਾ ਕੰਮ ਵੀ ਕਰਦਾ ਆਪਣੇ ਬਾਪੂ ਦੀ ਦੇਖਭਾਲ ਵੀ ਕਰਦਾ ਅਤੇ ਕੰਮ ਤੇ ਵੀ ਜਾਂਦਾ। ਹੋਲੀ-ਹੋਲੀ ਮਨਜੋਤ ਨੇ ਕੰਮ ਤੇ ਜਾਣਾ ਵੀ ਬੰਦ ਕਰ ਦਿੱਤਾ। ਹੁਣ ਉਹ ਮੈਨੂੰ ਕਦੇ ਹੀ ਰਾਹ ਵਿੱਚ ਵਿਖਦਾ, ਹੁਣ ਉਹ ਸੋਹਣਾ ਵੀ ਨਹੀਂ ਸੀ ਰਿਹਾ, ਰੰਗ ਪਹਿਲਾਂ ਨਾਲੋਂ ਬਹੁਤ ਕਾਲਾ ਹੋ ਗਿਆ ਸੀ ਜਿਵੇਂ ਉਸਦਾ ਖੂਨ ਹੀ ਸੁੱਕ ਗਿਆ ਹੋਵੇ। ਸ਼ਰੀਰ ਵੀ ਜਮਾਂ ਪਤਲਾ ਮਰੀਅਲ ਜਿਹਾ ਹੋ ਗਿਆ ਸੀ। ਹੁਣ ਕਦੇ-ਕਦਾਰ ਰਾਹ ਵਿੱਚ ਜਾਂਦਾ ਮਨਜੋਤ ਵੀ ਮੇਰੇ ਵੱਲ ਵੇਖ ਲੈਂਦਾ ਸੀ। ਉਹ ਮੈਨੂੰ ਤਰਸੀ ਜਿਹੀ ਨਿਗਾਹ ਨਾਲ ਵੇਖਦਾ, ਜਿਵੇਂ ਮੇਰੇ ਤੋਂ ਕੁੱਝ ਮੰਗਣਾ ਚਾਹੁੰਦਾ ਹੋਵੇ। ਮੈਂ ਡਰ ਜਾਂਦੀ ਤੇ ਡਰ ਕੇ ਮੂੰਹ ਪਰਾਂ ਨੂੰ ਕਰ ਲੈਂਦੀ, ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ, ਵੀ ਜਿਹੜੇ ਮੁੰਡੇ ਨੇ ਦੱਸ ਸਾਲ ਇਕੱਠਿਆਂ ਪੜ੍ਹਦਿਆਂ ਮੈਨੂੰ ਕਦੇ ਚੱਜ ਨਾਲ ਬੁਲਾਇਆ ਨਹੀਂ ਉਹ ਹੁਣ ਮੇਰੇ ਵੱਲ ਐਵੇਂ ਤਰਸੀ ਜਿਹੀ ਨਿਗਾਹ ਨਾਲ ਕਿਓਂ ਵੇਖਦਾ। ਸਾਰਾ ਦਿਨ ਮੇਰੇ ਮਨ ਵਿੱਚ ਇਹੋ ਖਿਆਲ ਚਲਦੇ ਰਹਿੰਦੇ। ਦਿਨ ਬੀਤ ਦੇ ਗਏ, ਸਾਲ ਬੀਤਦੇ ਗਏ ਅਤੇ ਹੁਣ ਮਨਜੋਤ ਮੈਨੂੰ ਦਿਖਣੋ ਹਟ ਗਿਆ ਅਤੇ ਮੇਰਾ ਦਾਖਲਾ ਮੈਡੀਕਲ ਕਾਲਜ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਹੋ ਗਿਆ। ਮੇਰਾ ਧਿਆਨ ਹੁਣ ਪੜ੍ਹਾਈ ਵਿੱਚ ਹੋਣ ਕਰਕੇ ਮਨਜੋਤ ਵੱਲ ਨਾ ਜਾਂਦਾ, ਕਦੇ ਕਦਾਈਂ ਜਦੋਂ ਸੋਣ ਦਾ ਵੇਲਾ ਹੁੰਦਾ ਜਾਂ ਜਦੋਂ ਸਕੂਲ ਮੁਹਰੋਂ ਲੰਘਦੀ ਮਨਜੋਤ ਯਾਦ ਆ ਜਾਂਦਾ। ਫਿਰ ਇੱਕ ਦਿਨ ਜਦੋਂ ਮੈਂ ਕਾਲਜੋਂ ਵਾਪਸ ਆਈ ਤੇ ਮਾਂ ਤੋਂ ਪਤਾ ਚੱਲਿਆ ਕਿ ਮਨਜੋਤ ਇਸ ਦੁਨੀਆਂ ਤੋਂ ਜਾ ਚੁੱਕਿਆ ਸੀ। ਮਾਂ ਨੇ ਦੱਸਿਆ ਕਿ ਆਪਣੇ ਪਿਤਾ ਦੀਆਂ ਕਿਡਨੀਆਂ ਖ਼ਰਾਬ ਹੋਣ ਤੇ ਮਨਜੋਤ ਨੇ ਆਪਣੇ ਪਿਤਾ ਨੂੰ ਆਪਣੀ ਇੱਕ ਕਿਡਨੀ ਦੇ ਦਿੱਤੀ ਸੀ। ਕਿਡਨੀ ਦੇ ਤਾਂ ਦਿੱਤੀ ਪਰ ਸ਼ਰਾਬੀ ਪਿਓ ਫਿਰ ਨਾ ਸ਼ਰਾਬ ਪੀਣੋ ਹਟਿਆ, ਇੱਧਰ ਜ਼ਖ਼ਮ ਦੀ ਸਫਾਈ ਦਾ ਧਿਆਨ ਨਾ ਰੱਖਣ ਕਰਕੇ ਮਨਜੋਤ ਦੀ ਤਬੀਅਤ ਵੀ ਜ਼ਿਆਦਾ ਖਰਾਬ ਰਹਿਣ ਲੱਗੀ ਅੰਤ ਇਨਫੈਕਸ਼ਨ ਜ਼ਿਆਦਾ ਫੈਲਣ ਕਰਕੇ ਉਸਦੀ ਦੂਜੀ ਕਿਡਨੀ ਖਰਾਬ ਹੋ ਗਈ ਤਾਂ ਵੀ ਮਨਜੋਤ ਇਸ ਗੰਭੀਰ ਪ੍ਰਸਿਥਤੀਤੇ ਨੂੰ ਅਣਗੌਲਿਆਂ ਕਰਦਾ ਰਿਹਾ ਅਤੇ ਇਲਾਜ ਵੀ ਕੋਈ ਨਾ ਲਿਆ ਜਿਸ ਦੇ ਸਿੱਟੇ ਵਜੋਂ ਉਹ ਤੜਫਦਾ-ਤੜਫਦਾ ਦੁਨੀਆਂ ਛੱਡ ਗਿਆ। ਇਸ ਗੱਲ ਨੂੰ ਮਹੀਨਾ ਹੋ ਗਿਆ ਸੀ ਅਤੇ ਮੈਨੂੰ ਅੱਜ ਪਤਾ ਲੱਗਿਆ। ਮੇਰੀਆਂ ਅੱਖਾਂ ਅੱਗੇ ਸਾਰਾ ਉਹ ਸਕੂਲ ਦਾ ਸਮਾਂ ਆ ਗਿਆ,ਉਹ ਸੋਹਣਾ ਸੁਨੱਖਾ ਮਨਜੋਤ ਆ ਗਿਆ। ਮੈਂ ਬਹੁਤ ਹੈਰਾਨ ਸੀ ਕਿ ਜੇਕਰ ਮਨਜੋਤ ਨੂੰ ਪੂਰੇ ਹੋਏ ਨੂੰ ਮਹੀਨੇ ਤੋਂ ਵੀ ਵੱਧ ਹੋ ਗਿਆ ਸੀ ਤਾਂ ਪਿਛਲੇ ਇੱਕ ਮਹੀਨੇ ਤੋਂ ਰੋਜ ਰਾਤ ਨੂੰ ਮੇਰੇ ਨਾਲ ਗੱਲਾਂ ਕਰਨ ਵਾਲਾ ਉਹ ਸ਼ਖ਼ਸ ਕੌਣ ਸੀ। ਰੋਜ਼ ਰਾਤ ਨੂੰ ਪਤਾ ਨਹੀਂ ਕਿਹੜੇ ਵਕਤ ਉਹ ਮੇਰੇ ਪੈਰਾਂ ਕੋਲ ਆ ਕੇ ਬਹਿ ਜਾਂਦਾ, ਕੁੱਝ ਕਹਿਣਾ ਚਾਹੁੰਦਾ ਪਰ ਕਹਿੰਦਾ ਨਾ। ਮੈਂ ਹੀ ਬੋਲੀ ਜਾਂਦੀ ਉਹ ਹਮੇਸ਼ਾਂ ਦੀ ਤਰ੍ਹਾਂ ਮੂੰਹ ਨੀਚੇ ਕਰਕੇ ਸੁਣਦਾ ਰਹਿੰਦਾ। ਮੇਰੀ ਅਚਾਨਕ ਚੀਖ਼ ਨਿਕਲ ਗਈ, ਜਦੋਂ ਅੱਜ ਵੀ ਉਹ ਮੇਰੇ ਕੋਲ ਆਇਆ ਤੇ ਮੈਂ ਉੱਠ ਕੇ ਉਸ ਨਾਲ ਚੱਲ ਪਈ।
ਚਰਨਜੀਤ ਸਿੰਘ ਰਾਜੌਰ
ਪਟਿਆਲਾ ਪੰਜਾਬ
8427929558