(ਸਾਡਾ ਵਿਰਸਾ)
ਦੋਸਤੋ ਸਮਾਂ ਬੜਾ ਬਲਵਾਨ ਹੁੰਦਾ ਹੈ ਸਿਆਣਿਆਂ ਨੇ ਤੱਤ ਕੱਢ ਕੇ ਇਹ ਸ਼ਬਦ ਕਹੇ ਨੇ ਕਿ ਜੋ ਸਮਾਂ ਅੱਜ ਹੈ ਇਹ ਕੱਲ੍ਹ ਨਹੀਂ ਰਹੇਗਾ,ਜੋ ਕੱਲ੍ਹ ਸੀ ਓਸਦਾ ਅੱਜ ਕਿਤੇ ਨਾਮੋ ਨਿਸ਼ਾਨ ਨਹੀਂ।ਬਿਲਕੁਲ ਹਕੀਕੀ ਗੱਲਾਂ ਨੇ ਪੁਰਖਿਆਂ ਦੀਆਂ ਇਹ।ਹੁਣ ਤਾਂ ਹੋਰ ਈ ਗੁੱਡੀਆਂ ਤੇ ਹੋਰ ਈ ਪਟੋਲੇ ਨੇ।
ਕੋਈ ਸਮਾਂ ਸੀ ਜਦੋਂ ਹਰ ਖੇਤੀਬਾੜੀ ਕਰਨ ਵਾਲੇ ਕਿਸਾਨ ਦੇ ਘਰ ਆਪੋ ਆਪਣੇ ਖੇਤੀ ਨਾਲ ਸਬੰਧਤ ਸੰਦ ਹੋਇਆ ਕਰਦੇ ਸਨ ਜਿਵੇਂ ਕਿ ਹਲ,ਸੁਹਾਗਾ,ਤੰਗਲੀ,ਸਲੰਘ,ਜੱਫਾ,ਉਲਟਾ ਵਾਂ ਹਲ,ਕਰਾਹਿਆ ਗੱਡਾ ਅਤੇ ਹੋਰ ਵੀ ਅਨੇਕਾਂ ਖੇਤੀਬਾੜੀ ਨਾ ਸਬੰਧਤ ਔਜਾਰ ਜਿਨਾਂ ਵਿੱਚ ਇਹ ਸੁੱਬੜ,ਬੇੜ ਤੇ ਰੱਸੇ ਵੱਟਣ ਵਾਲੀ ਇਹ ਕੁੰਡੀ ਵੀ ਜ਼ਰੂਰੀ ਹਰ ਖੇਤੀਬਾੜੀ ਕਰਨ ਵਾਲੇ ਕਿਸਾਨ ਦੇ ਘਰ ਹੁੰਦੀ ਸੀ,ਜੇਕਰ ਕਿਸੇ ਕੋਲ ਸਮਾਨ ਨਾ ਵੀ ਹੋਣਾ ਤਾਂ ਤਮ੍ਹਾਤੜ ਤੋਂ ਮੰਗ ਕੇ ਸਾਰ ਲੈਂਦਾ ਸੀ। ਸਮੇਂ ਚੰਗੇ ਸਨ ਸਾਰੇ ਇੱਕ ਦੂਜੇ ਨੂੰ ਚੀਜ਼ਾਂ ਲੈ ਦੇ ਵੀ ਕਰ ਲੈਂਦੇ ਸਨ ਤੇ ਵਿੜ੍ਹੀ ਸਿੜ੍ਹੀ ਕਰਨ ਦਾ ਰਿਵਾਜ ਵੀ ਹੁੰਦਾ ਸੀ। ਅਜੋਕੀ ਨੌਜਵਾਨੀ ਨੂੰ ਤਾਂ ਵਿੜ੍ਹੀ ਸਿੜ੍ਹੀ ਦਾ ਹੀ ਨਹੀਂ ਪਤਾ ਕਿ ਇਹ ਕਿਸ ਨੂੰ ਕਿਹਾ ਜਾਂਦਾ ਸੀ,ਵਿੜ੍ਹੀ ਸਿੜ੍ਹੀ ਦਾ ਮਤਲਬ ਇੱਕ ਦੂਜੇ ਪਰਿਵਾਰ ਦੀ ਖੇਤੀਬਾੜੀ ਦੇ ਕੰਮਾਂ ਵਿੱਚ ਇੱਕ ਦੂਜੇ ਪਰਿਵਾਰ ਦੀ ਮਦਦ ਕਰਨਾ ਜਾਂ ਸਮਾਨ ਇੱਕ ਦੂਜੇ ਨੂੰ ਦੇ ਕੇ ਪਿਆਰ ਨਾਲ ਅਦਾਨ ਪ੍ਰਦਾਨ ਕਰਨਾ ਪਰ ਜਿਤਾਉਣਾ ਕਦੇ ਵੀ ਨਾ,ਇਹ ਵੀ ਦਿਲ ਵਾਲਾ ਹੀ ਕਰਿਆ ਕਰਦੇ ਸਨ ਅਤੇ ਓਨਾਂ ਸਮਿਆਂ ਵਿੱਚ ਦਿਲ ਦਰਿਆ ਵਾਲੇ ਤੇ ਅਣਖੀ ਇਨਸਾਨ ਹੋਇਆ ਕਰਦੇ ਸਨ।ਸਮੇਂ ਦੇ ਵੇਗ ਨਾਲ ਆਪਾਂ ਸਾਰੇ ਹੀ ਬਦਲ ਰਹੇ ਹਾਂ ਤੇ ਇਹ ਬਦਲਾਅ ਕੁਦਰਤ ਦਾ ਨਿਯਮ ਹੈ, ਹੋਣਾ ਵੀ ਚਾਹੀਦਾ ਹੈ,ਪਰ ਆਪਣੇ ਵਿਰਸੇ ਨੂੰ ਭੁੱਲ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ, ਜ਼ਰੂਰ ਸਾਡੇ ਪੁਰਖਿਆਂ ਦੀਆਂ ਗੱਲਾਂ ਕਦੇ ਕਦਾਈਂ ਯਾਦ ਕਰ ਲੈਣੀਆਂ ਚਾਹੀਦੀਆਂ ਹਨ।
ਖੈਰ ਮੁੱਦੇ ਦੀ ਗੱਲ ਤੇ ਆਈਏ।ਇਹ ਜੋ ਤੁਸੀਂ (ਕੁੰਡੀ)ਇਸ ਲੇਖ ਵਿੱਚ ਵੇਖ ਰਹੇ ਹੋਂ ਇਹ ਹਰ ਇੱਕ ਖੇਤੀਬਾੜੀ ਕਰਨ ਵਾਲੇ ਕਿਸਾਨ ਦੇ ਘਰ ਦੀ ਸ਼ਾਨ ਹੋਇਆ ਕਰਦੀ ਸੀ।ਇਸ ਕੁੰਡੀ ਨਾਲ ਸਮੇ ਸਮੇ ਤੇ ਸੁੱਬੜ ਜਾਂ ਕਹਿ ਲਈਏ ਬੇੜ ਵੱਟੇ ਜਾਂਦੇ ਸਨ,ਜੋ ਭਰੀਆਂ ਬੰਨ੍ਹਣ ਦੇ ਕੰਮ ਆਉਂਦੇ ਸਨ। ਭਰੀਆਂ ਕਣਕ ਦੀਆਂ, ਜੌਆਂ ਦੀਆਂ, ਸਰੋਂ ਦੀਆਂ ਜਾਂ ਫਿਰ ਪੱਠਿਆਂ ਭਾਵ ਚਰ੍ਹੀ ਗਾਚੇ ਆਦਿ ਦੀਆਂ ਬੰਨਣੀਆਂ ਪੈਂਦੀਆਂ ਸਨ ਜਾਂ ਸਣ ਦੇ ਗਰਨ੍ਹਿਆਂ ਦੀਆਂ ਵੀ ਬੰਨ੍ਹ ਲਈ ਦੀਆਂ ਸਨ।ਝੋਨੇ ਦੀ ਪਰਾਲੀ ਨੂੰ ਗਿੱਲੀ ਕਰਕੇ,ਕਣਕ ਦੇ ਹਰੇ ਨਾੜ ਦੀਆਂ ਜਾਂ ਸਰ ਕਾਹੀਂ ਦੇ ਸੁੱਬੜ ਜਾਂ ਬੇੜ ਵੱਟਣ ਲਈ ਇਸ ਕੁੰਡੀ ਦੀ ਵਰਤੋਂ ਕਰੀਦੀ ਸੀ।ਇਸ ਨਾਲ ਸੁੱਬੜ ਜਾਂ ਬੇੜ ਨੂੰ ਵੱਟ ਸੌਖਾ ਅਤੇ ਛੇਤੀ ਦਿੱਤਾ ਜਾਂਦਾ ਸੀ। ਕਦੇ ਕਦੇ ਸਾਡੇ ਪੁਰਖੇ ਇਸੇ ਕੁੰਡੀ ਨਾਲ ਸੱਥਾਂ ਵਿੱਚ ਬੈਠਕੇ ਰੱਸੇ ਦੌਣਾਂ ਲਾਸਾਂ ਆਦਿ ਨੂੰ ਵੀ ਵੱਟਦੇ ਸਨ,(ਇਥੇ ਲਾਸਾਂ ਦਾ ਮਤਲਬ ਦੱਸਣਾ ਅਤਿਅੰਤ ਜ਼ਰੂਰੀ ਹੈ,ਲਾਸ ਬਹੁਤ ਮੋਟੇ ਰੱਸੇ ਨੂੰ ਕਿਹਾ ਜਾਂਦਾ ਹੈ,ਜਿਸ ਨਾਲ ਗੱਡਾ ਜਾਂ ਟਰਾਲੀ ਕਣਕ ਦੇ ਲਾਂਗੇ ਦੀ ਭਰਕੇ ਓਹਨੂੰ ਚੰਗੀ ਤਰ੍ਹਾਂ ਨੂੜਕੇ ਬੰਨ੍ਹਿਆ ਜਾਂਦਾ ਸੀ,ਮਤ ਕੋਈ ਲਾਸ ਦਾ ਮਤਲਬ ਹੋਰ ਸਮਝਿਆ ਜਾਵੇ ਜੀ)ਕਿਉਂਕਿ ਉਨ੍ਹਾਂ ਪੁਰਾਤਨ ਸਮਿਆਂ ਵਿੱਚ ਸਣ ਖੇਤਾਂ ਵਿੱਚ ਬੀਜ ਕੇ ਛੱਪੜਾਂ ਚ ਦੱਬ ਕੇ ਗਰਨੇ ਬਣਾ ਕੇ ਧੁੱਪ ਵਿੱਚ ਸੁਕਾ ਕੇ ਓਨਾਂ ਤੋਂ ਸਣ ਉਤਾਰ ਕੇ ਓਸੇ ਦੇ ਰੱਸੇ ਦੌਣਾਂ ਤਲਿਹਾਰੇ ਲਾਸਾਂ ਆਦਿ ਵੱਟੀਦੇ ਸਨ ਜੋ ਅਜੋਕੇ ਬਜ਼ਾਰਾਂ ਚੋਂ ਮਿਲਣ ਵਾਲੇ ਰੱਸੇ ਲਾਸਾਂ ਨਾਲੋਂ ਕਈ ਗੁਣਾਂ ਚੰਗੇ ਤੇ ਮਜ਼ਬੂਤ ਹੋਇਆ ਕਰਦੇ ਸਨ।ਇਹ ਸਾਰੇ ਉਪਰੋਕਤ ਕੰਮਾਂ ਲਈ ਇਸ ਕੁੰਡੀ ਦੀ ਹਰ ਖੇਤੀਬਾੜੀ ਕਰਨ ਵਾਲੇ ਪਰਿਵਾਰ ਨੂੰ ਲੋੜ ਹੁੰਦੀ ਸੀ।ਪਰ ਅਜੋਕੇ ਅਗਾਂਹਵਧੂ ਤੇ ਸਾਇੰਸੀ ਯੁੱਗ ਨੇ ਸਾਨੂੰ ਇਹ ਸੱਭ ਭੁਲਾ ਦਿੱਤਾ ਹੈ, ਨਾਂ ਤਾਂ ਕੋਈ ਸਣ ਬੀਜਦਾ ਹੈ ਨਾ ਛੱਪੜ ਈ ਰਹਿਗੇ ਨੇ ਤੇ ਨਾਂ ਹੀ ਕੋਈ ਹੱਥੀਂ ਕੰਮ ਕਰਨਾ ਚਾਹੁੰਦਾ ਹੈ। ਬਜ਼ਾਰਾਂ ਵਿੱਚ ਸੱਭ ਕੁੱਝ ਉਪਲਬਧ ਹੈ। ਆਪਾਂ ਪੈਸੇ ਵਾਲੇ ਅਤੇ ਆਰਾਮ ਪ੍ਰਸਤ ਲੋਕ ਹੋ ਗਏ ਹਾਂ। ਜਵਾਨੀ ਨਸ਼ਿਆਂ ਚ ਗਲਤਾਨ ਹੋ ਰਹੀ ਹੈ ਰਹਿੰਦੀ ਖੂੰਹਦੀ ਬਾਹਰ ਦੇ ਰੁਝਾਨ ਚ ਉਲਝ ਚੁੱਕੀ ਹੈ।ਇਸ ਲਈ ਇਹ ਉਪਰੋਕਤ ਸੱਭ ਗੱਲਾਂ ਤੋਂ ਆਪਾਂ ਸਾਰੇ ਹੀ ਅਣਜਾਣ ਹਾਂ।ਪਰ ਸੌ ਪਿੱਛੇ ਇੱਕ ਦੋ ਪਰਿਵਾਰਾਂ ਚ ਹਾਲੇ ਵੀ ਇਹ ਵਿਰਸੇ ਨਾਲ ਸਬੰਧਤ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਬੈਠੇ ਹਨ ਜਿਥੇ ਇਹ ਚੀਜ਼ਾਂ ਵੇਖਣ ਲਈ ਮਿਲ ਜਾਂਦੀਆਂ ਹਨ। ਜਾਂ ਕੁੱਝ ਕੁ ਵਿਰਸੇ ਨਾਲ ਮੋਹ ਕਰਨ ਵਾਲੇ ਕੁੱਝ ਕੁ ਦੋਸਤ ਮਿੱਤਰ ਹਨ ਜਿਨ੍ਹਾਂ ਕੋਲ ਇਹ ਪੁਰਾਤਨ ਵਿਰਸੇ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਓਹਨਾਂ ਵਿੱਚੋਂ ਹੀ ਇੱਕ ਵੀਰ ਤਸਵਿੰਦਰ ਸਿੰਘ ਬੜੈਚ ਖਿਆਲਾ ਪਿੰਡ ਨੇੜੇ ਸਮਰਾਲਾ ਵਿਖੇ ਇਹ ਵਿਰਾਸਤ ਸੰਭਾਲੀ ਬੈਠਾ ਹੈ ਉਸ ਦਾ ਫੋਨ ਨੰਬਰ 98763-22677
75279-31887 ਤੇ ਸੰਪਰਕ ਕਰਕੇ ਉਸ ਦੇ ਮਿਊਜ਼ੀਅਮ ਨੂੰ ਵੇਖਿਆ ਜਾ ਸਕਦਾ ਹੈ।ਹਰ ਕਿਸਮ ਦੀਆਂ ਪੁਰਾਤਨ ਯਾਦਾਂ ਓਹ ਜੀਅ ਜਾਨ ਨਾਲ ਸੰਭਾਲੀ ਬੈਠਾ ਹੈ।ਸੋ ਦੋਸਤੋ ਇਹ ਆਪੋ ਆਪਣਾ ਸ਼ੌਕ ਹੁੰਦਾ ਹੈ, ਕੋਈ ਤਾਂ ਕਿਸੇ ਬਜ਼ੁਰਗ ਨੂੰ ਵਾਰ ਵਾਰ ਮਜਬੂਰ ਕਰ ਕੇ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਹਾਸਲ ਕਰਦੇ ਹਨ ਅਤੇ ਕਈ ਬੱਚਿਆਂ ਨੂੰ ਦੱਸੀਏ ਓਹ ਤਾਂ ਵੀ ਸੁਣ ਕੇ ਰਾਜ਼ੀ ਨਹੀਂ, ਕਿਉਂਕਿ ਇੰਟਰਨੈੱਟ ਦੇ ਦੌਰ ਵਿੱਚ ਕਿਸੇ ਕੋਲ ਵੀ ਸਮਾਂ ਨਹੀਂ ਕਿ ਆਪਣੇ ਪੁਰਖਿਆਂ ਤੋਂ ਕੋਈ ਜਾਣਕਾਰੀ ਲੈ ਲਈਏ , ਮੋਬਾਇਲਾਂ ਵਿੱਚ ਅਜੋਕੀ ਨੌਜਵਾਨੀ ਪੂਰੀ ਤਰ੍ਹਾਂ ਉਲਝ ਚੁੱਕੀ ਹੈ। ਜੇਕਰ ਕੁੱਝ ਸਮਝਾਉਣ ਦੀ ਕੋਸ਼ਿਸ਼ ਕਰਦੇ ਵੀ ਹਾਂ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ਨੈਟ ਤੇ ਸੱਭ ਕੁੱਝ ਪਿਆ ਹੈ ਜਦੋਂ ਜਰੂਰਤ ਹੋਈ ਵੇਖ ਲਵਾਂਗੇ।ਇਹ ਸੱਭ ਗੱਲਾਂ ਸਮੇਂ ਦੇ ਬਦਲਾਅ ਕਾਰਨ ਹੀ ਹਨ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556