18 ਅਕਤੂਬਰ, ਚੰਡੀਗੜ੍ਹ, ਮਾਲਵਾ ਬਿਊਰੋ: ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਸਮੇਤ ਹੋਰ ਮੰਗਾਂ ਖਾਤਰ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਅਗਵਾਈ ‘ਚ ਮੁੱਖ ਮੰਤਰੀ ਦੀ ਕੋਠੀ ਮੋਹਰੇ ਪੱਕਾ ਮੋਰਚਾ ਸ਼ੁਰੂ ਕਰਨ ਲਈ ਕਿਸਾਨ ਭਵਨ ਜਾ ਰਹੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਖਦੇੜਨ ਲਈ ਪੁਲਿਸ ਵੱਲੋਂ ਰੋਕਾਂ ਲਗਾ ਕੇ ਗੈਰਕਾਨੂੰਨੀ ਗਿਰਫ਼ਤਾਰ ਕੀਤਾ ਗਿਆ। ਜਿਸ ਦੌਰਾਨ ਕਿਸਾਨ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ। ਗ੍ਰਿਫਤਾਰ ਆਗੂਆਂ ਵਿੱਚ ਕਿਸਾਨ ਆਗੂਆਂ ਦੇ ਨਾਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਵੀ ਸ਼ਾਮਿਲ ਹਨ। ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਡਾ ਰਕੇਸ਼ ਮਹਿਤਾ, ਚੇਅਰਮੈਨ ਡਾ ਐਚ ਐਸ ਰਾਣੂ, ਸਰਪ੍ਰਸਤ ਡਾ ਸੁਰਜੀਤ ਸਿੰਘ ਅਤੇ ਲੀਗਲ ਐਡਵਾਈਜ਼ਰ ਡਾ ਜਸਵਿੰਦਰ ਸਿੰਘ ਭੋਗਲ ਨੇ ਸਮੂਹ ਸੂਬਾ ਕਮੇਟੀ ਵੱਲੋਂ ਸਾਂਝੇ ਬਿਆਨ ਰਾਹੀਂ ਸਰਕਾਰ ਦੇ ਇਸ ਹਮਲੇ ਦੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਦੀ ਆਵਾਜ਼ ਨੂੰ ਕੁਚਲਣ ਵਾਲਾ ਪੰਜਾਬ ਸਰਕਾਰ ਦਾ ਇਹ ਰਵਈਆ ਦੱਸਦਾ ਹੈ ਕਿ ਹਰੇ ਪੈੱਨ ਨਾਲ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਡੀਂਗਾਂ ਮਾਰਨ ਵਾਲੇ ਮਾਨ ਸਾਹਿਬ ਦੀ ਸਰਕਾਰ ਦਾ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਫਰਕ ਨਹੀਂ। ਇਹ ਵੀ ਕਾਰਪੋਰੇਟ ਘਰਾਣਿਆਂ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੀ ਸੇਵਾ ਖਾਤਰ ਧਾਰਨ ਕੀਤੀਆਂ ਅਖੌਤੀ ਆਰਥਿਕ ਸੁਧਾਰਾਂ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਹੀ ਅੱਗੇ ਵਧ ਰਹੀ ਹੈ । ਉਹਨਾਂ ਨੇ ਗਿਰਫਤਾਰ ਆਗੂਆਂ ਨੂੰ ਤੁਰੰਤ ਰਿਹਾ ਕਰਨ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਜੋਰਦਾਰ ਮੰਗ ਕੀਤੀ।