ਜੋਗਾ, 19 ਫਰਵਰੀ ( ਕਰਨ ਭੀਖੀ) ਕਿਡਜ਼ੀ ਅਤੇ ਮਾਈ ਭਾਗੋ ਇੰਟਰਨੈਸ਼ਨਲ ਸਕੂਲ, ਰੱਲਾ ਵਿਖੇ ਪ੍ਰਿੰਸੀਪਲ ਸਵਿਤਾ ਕਾਠ ਦੀ ਅਗਵਾਈ ਵਿਚ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਆਈ. ਏ. ਐੱਸ. ਸ੍ਰ. ਕੁਲਵੰਤ ਸਿੰਘ ਜੀ ਨੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੌਰਾਨ ਐਸ.ਡੀ.ਐਮ. ਮਾਨਸਾ ਸ੍ਰੀ ਕੇ.ਆਰ. ਕਾਂਸਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਾਪਤੀਆਂ ਦੁਆਰਾ ਸੰਸਥਾਵਾਂ ਤਰੱਕੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਿਚ ਸਮੇਂ-ਸਮੇਂ ਤੇ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਾਇਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾਤਮਿਕ ਵੰਨਗੀਆਂ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮੋਬਾਈਲ ਦੀ ਵਰਤੋਂ, ਪਾਣੀ ਬਚਾਓ, ਬੇਟੀ ਬਚਾਓ, ਵਾਤਾਵਰਣ ਦੀ ਸੰਭਾਲ ਸਬੰਧੀ ਕੋਰੀਓਗ੍ਰਾਫੀਆਂ ਤੋਂ ਇਲਾਵਾ ਗਿੱਧਾ, ਭੰਗੜਾ ਅਤੇ ਲੁੱਡੀ ਵਰਗੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਮੁੱਖ ਮਹਿਮਾਨ ਆਈ. ਏ. ਐਸ. ਸ੍ਰ. ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਜੀ ਨੇ ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਬੇਸ਼ੱਕ ਬੱਚੇ ਦਾ ਪਹਿਲਾ ਅਧਿਆਪਕ ਉਸਦੇ ਮਾਪੇ ਹੁੰਦੇ ਹਨ ਅਤੇ ਦੂਜੀ ਸਭ ਤੋਂ ਵੱਡੀ ਭੂਮਿਕਾ ਅਧਿਆਪਕ ਦੀ ਹੁੰਦੀ ਹੈ ਜਿੰਨਾਂ ਤੋਂ ਸਿੱਖ ਕੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਤਰਾਸਣਾ ਹੁੰਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਕਿ ਬੱਚਿਆ ਉੱਪਰ ਪੜਾਈ ਲਿਖਾਈ ਤੇ ਕੰਪੀਟੀਸ਼ਨ ਦਾ ਬੋਝ ਪਾ ਕੇ ਉਹਨਾਂ ਦੀ ਮਾਨਸਿਕਤਾ ਤੇ ਦਬਾਅ ਬਣਾਇਆ ਜਾਵੇ ਸਗੋਂ ਬੱਚੇ ਦੀਆਂ ਮਾਨਸਿਕ ਤੇ ਭਾਵਨਾਤਮਕ ਲੋੜਾਂ ਨੂੰ ਸਮਝਦੇ ਹੋਏ ਮਾਪਿਆਂ ਦੁਆਰਾ ਬੱਚਿਆਂ ਦੀਆਂ ਪ੍ਰਤਿਭਾਵਾਂ ਦੀ ਪਛਾਣ ਕਰਕੇ ਉਨ੍ਹਾ ਨੂੰ ਢੁੱਕਵਾਂ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਲਈ ਇੱਕ ਚੰਗਾ ਸਿੱਖਣ ਵਾਤਾਵਰਣ ਅਤੇ ਸਫਲਤਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਵਿਦਿਅਕ, ਖੇਡਾਂ ਅਤੇ ਹਾਜ਼ਰੀ ਆਦਿ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਵਿਤਾ ਕਾਠ ਨੇ ਧੰਨਵਾਦੀ ਸ਼ਬਦਾਂ ਰਾਹੀੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਵਿੱਚ ਵਿਦਿਆਰਥੀਆਂ ਦੀਆਂ ਰੁਚੀਆਂ ਅਨੁਸਾਰ ਬਿਹਤਰੀਨ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਤੇ ਬੱਚਿਆਂ ਦੀ ਸਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਸਥਾ ਆਪਣੀ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਕਾਬਿਲ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹੈ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ,ਆਫਿਸ ਐਡਮਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਅਤੇ ਮੈਡਮ ਕੁਲਜੀਤ ਕੌਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਅਤੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹਾਂ ਰਾਹੀੰ ਸਨਮਾਨ ਕੀਤਾ। ਮੰਚ ਦੀ ਭੂਮਿਕਾ ਅਸਿ.ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਵਿਸ਼ੇਸ਼ ਮੌਕੇ ਕਾਲਜ ਕੋਆਰਡੀਨੇਟਰ ਸੁਭਾਸ਼ ਚੰਦਰ, ਡਾ.ਪਰਮਿੰਦਰ ਕੁਮਾਰੀ, ਸਕੂਲ ਕੋਆਰਡੀਨੇਟਰ ਸੁਪ੍ਰੀਆ ਗੋਇਲ, ਮੈਡਮ ਅਮਨਜੋਤ ਕੌਰ, ਸੰਦੀਪ ਕੌਰ ਅਤੇ ਰਾਜਪ੍ਰੀਤ ਕੌਰ ਹਾਜ਼ਰ ਸਨ।