ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸ਼ਹਿਰੀ ਵਿਦਿਆਰਥੀ ਪੜ੍ਹਾਈ ਵਿੱਚ ਮੱਲਾਂ ਮਾਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਕਰਨ ਦੀਆਂ ਪੂਰੀਆਂ ਆਧੁਨਿਕ ਸਹੂਲਤਾਂ ਉਪਲਭਧ ਹੁੰਦੀਆਂ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ਹਿਰੀਆਂ ਵਿੱਚ ਪ੍ਰਤਿੱਭਾ ਵੀ ਜ਼ਿਆਦਾ ਹੁੰਦੀ ਹੈ। ਇਹ ਬਿਲਕੁਲ ਸਚਾਈ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਪ੍ਰੰਤੂ ਇਸ ਵਿੱਚ ਕੋਈ ਸਚਾਈ ਨਹੀਂ ਕਿ ਪਿੰਡਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨਹੀਂ ਹੁੰਦੀ। ਪ੍ਰਤਿਭਾ ਪਿੰਡਾਂ ਦੇ ਵਿਦਿਆਰਥੀਆਂ ਵਿੱਚ ਸ਼ਹਿਰਾਂ ਦੇ ਵਿਦਿਆਰਥੀਆਂ ਦੇ ਬਰਾਬਰ ਹੁੰਦੀ ਹੈ ਪ੍ਰੰਤੂ ਪੜ੍ਹਾਈ ਦੇ ਚੰਗੇ ਮੌਕੇ ਨਾ ਮਿਲਣ ਕਰਕੇ ਕਈ ਵਾਰ ਪਿੰਡਾਂ ਦੇ ਬੱਚੇ ਪਛੜ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪੋ ਆਪਣੇ ਪਰਿਵਾਰਾਂ ਨਾਲ ਘਰੇਲੂ ਕੰਮ ਵੀ ਕਰਵਾਉਂਣੇ ਪੈਂਦੇ ਹਨ। ਪਿੰਡਾਂ ਦੇ ਕਈ ਵਿਦਿਆਰਥੀਆਂ ਨੇ ਸ਼ਹਿਰਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ ਸਫਲਤਾ ਪ੍ਰਾਪਤ ਕੀਤੀ ਹੈ। ਏਥੇ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨੂੰ ਮਿਲਾਉਣ ਜਾ ਰਿਹਾ ਹਾਂ, ਜਿਸ ਦੀ ਕਾਬਲੀਅਤ ਦੀ ਧਾਂਕ ਸੰਸਰ ਵਿੱਚ ਖੇਤੀਬਾੜੀ ਖੇਤਰ ਦੇ ਮਾਹਿਰ ਵਿਗਿਆਨਂੀ/ਅਧਿਆਪਕ ਅਤੇ ਕਾਲਮ ਨਵੀਸ ਦੇ ਤੌਰ ‘ਤੇ ਪਈ ਹੋਈ ਹੈ। ਉਨ੍ਹਾਂ ਨੂੰ ਖੇਤੀਬਾੜੀ ਅਧਿਆਪਕ/ਵਿਗਿਆਨੀ ਦੇ ਤੌਰ ‘ਤੇ ਸੰਸਾਰ ਵਿੱਚ ਯੂਨੈਸਕੋ ਵਰਗੀਆਂ ਸੰਸਥਾਵਾਂ ਦੇ ਸਮਾਗਮਾ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਰਿਹਾ ਹੈ। ਉਹ ਲਗਪਗ ਇਕ ਦਰਜਨ ਸੰਸਾਰ ਦੇ ਦੇਸ਼ਾਂ ਵਿੱਚ ਆਪਣੀ ਕਾਬਲੀਅਤ ਦਾ ਸਿੱਕਾ ਜਮ੍ਹਾ ਚੁੱਕੇ ਹਨ। ਉਹ ਮਹਾਨ ਮਾਹਿਰ ਖੇਤੀਬਾੜੀ/ਵਿਗਿਆਨਂੀ/ਅਧਿਆਪਕ ਡਾ.ਸਰਬਜੀਤ ਸਿੰਘ ਛੀਨਾ ਹਨ, ਜਿਨ੍ਹਾਂ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦੀ ਧਾਰੀਵਾਲ ਤਹਿਸੀਲ ਦੇ ਪਿੰਡ ਲਹਿਲ ਕਲਾਂ ਦਾ ਹੈ। ਉਹ ਇੱਕ ਨਹੀਂ ਸਗੋਂ ਤਿੰਨ ਵਿਸ਼ਿਆਂ ਅਰਥ ਸ਼ਾਸ਼ਤਰ, ਸਮਾਜ ਵਿਗਿਆਨ ਅਤੇ ਖੇਤੀਬਾੜੀ ਦੇ ਮਾਹਿਰ ਹਨ। ਉਹ ਅਜੇ ਵੀ ਇਸ ਵਡੇਰੀ ਉਮਰ ਵਿੱਚ ਕਾਰਜਸ਼ੀਲ ਹਨ। ਇਨ੍ਹਾਂ ਤਿੰਨਾ ਵਿਸ਼ਿਆਂ ‘ਤੇ ਉਨ੍ਹਾਂ ਦੇ ਅਰਥ ਭਰਪੂਰ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਹ ਆਪਣੀ ਉਮਰ ਤੋਂ ਵੀ ਵੱਧ 81 ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕੇ ਹਨ। ਉਨ੍ਹਾਂ ਦੀਆਂ ਬਹੁਤੀਆਂ ਪੁਸਤਕਾਂ ਅੰਗਰੇਜ਼ੀ ਵਿੱਚ ਹਨ ਪ੍ਰੰਤੂ ਕਈ ਪੁਸਤਕਾਂ ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਇੱਕ ਅੰਗਰੇਜ਼ੀ ਦੀ ਪੁਸਤਕ “Sikh Martyrs of eighteenth century” ਪਾਠਕਾਂ ਖਾਸ ਤੌਰ ‘ਤੇ ਸਿੱਖ ਜਗਤ ਵਿੱਚ ਬਹੁਤ ਹੀ ਹਰਮਨ ਪਿਆਰੀ ਹੋਈ ਹੈ। ਇਹ ਪੁਸਤਕ ਉਨ੍ਹਾਂ ਨੇ ਹਰਬੰਸ ਕੌਰ ਸੰਧੂ ਦੀ ‘ਅਠਾਰਵੀਂ ਸਦੀ ਦੇ ਸ਼ਹੀਦ’ ਪੁਸਤਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਪ੍ਰਵਾਸ ਵਿੱਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਪੰਜਾਬੀ ਭਾਸ਼ਾ ਦੀ ਬਹੁਤੀ ਮਾਹਿਰ ਨਹੀਂ ਹੈ, ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਪੁਸਤਕ ਲਾਭਦਾਇਕ ਸਾਬਤ ਹੋਵੇਗੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਇਹ ਪੁਸਤਕ ਪ੍ਰਵਾਸ ਵਿਚਲੀਆਂ ਲਾਇਬਰੇਰੀਆਂ ਅਤੇ ਖਾਸ ਕਰਕੇ ਗੁਰੂ ਘਰਾਂ ਦੀਆਂ ਲਾਇਬਰੇਰੀਆਂ ਵਿੱਚ ਭੇਜਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਇਸ ਦਾ ਲਾਭ ਉਠਾ ਸਕੇ।
ਡਾ.ਸਰਬਜੀਤ ਸਿੰਘ ਛੀਨਾ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਸਰਵੋਤਮ ਵਿਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਡੀਨ ਫੈਕਲਿਟੀ ਆਫ਼ ਐਗਰੀਕਲਚਰ ਅਤੇ ਮੁੱਖੀ ਇਕਨਾਮਿਕਸ ਤੇ ਸੋਸ਼ਿਆਲੋਜੀ ਵਿਭਾਗ 2004 ਵਿੱਚ ਸੇਵਾ ਮੁਕਤ ਹੋਏ ਹਨ। ਉਹ ਬਹੁ-ਪੱਖੀ ਅਤੇ ਬਹੁੁ-ਦਿਸ਼ਾਵੀ ਸ਼ਖਸੀਅਤ ਦੇ ਮਾਲਕ ਹਨ। ਡਾ.ਸਰਬਜੀਤ ਸਿੰਘ ਛੀਨਾ ਪਹਿਲੇ ਕਾਲਜ ਅਧਿਆਪਕ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਟ ਤੇ ਸਿੰਡੀਕੇਟ ਦੇ ਮੈਂਬਰ ਬਣਾਇਆ ਗਿਆ। ਆਮ ਤੌਰ ‘ਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੂੰ ਹੀ ਸਿੰਡੀਕੇਟ ਦੇ ਮੈਂਬਰ ਬਣਾਇਆ ਜਾਂਦਾ ਹੈ। ਉਹ ਚੀਫ਼ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਵੀ ਹਨ। ਉਹ ਅਜਿਹੇ ਪਹਿਲੇ ਖੇਤੀਬਾੜੀ ਵਿਦਿਅਕ ਮਾਹਿਰ ਹਨ, ਜਿਨ੍ਹਾਂ ਨੂੰ ਲਗਪਗ ਦੇਸ਼ ਅਤੇ ਵਿਦੇਸ਼ ਦੀਆਂ ਵਿਦਿਅਕ ਸੰਸਥਾਵਾਂ ਨੇ ਮਹੱਤਵਪੂਰਨ ਅਹੁਦੇ ਦੇ ਕੇ ਮਾਨ ਸਨਮਾਨ ਦਿੱਤਾ ਹੋਇਆ ਹੈ। ਯੂਨੈਸਕੋ ਦੀਆਂ ਅੱਧੀ ਦਰਜਨ ਸੰਸਥਾਵਾਂ ਦੇ ਸੈਮੀਨਾਰਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਕਲਚਰਲ ਹੈਰੀਟੇਜ ਐਂਡ ਪੀਸ ਐਜੂਕੇਸ਼ਨ ਵਰਣਨਯੋਗ ਹੈ। ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ 2018 ਵਿੱਚ ਉਨ੍ਹਾਂ ਨੂੰ ਗਰੀਸ ਦੇ ਸ਼ਹਿਰ ਏਥਨਜ਼ ਵਿੱਚ ‘ਕਨਫ਼ੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼’ ਦੀ ਕਾਨਫ਼ਰੰਸ ਵਿੱਚ ਬੁਲਾਇਆ ਗਿਆ ਸੀ। 2017 ਵਿੱਚ ਉਹ ਭਾਰਤ ਵਿੱਚ ‘ਕਨਫ਼ੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼’ ਦੇ ਪ੍ਰਧਾਨ ਚੁਣੇ ਗਏ ਸਨ। 2015 ਵਿੱਚ ਉਹ ਰੋਮਾਨੀਆ ਵਿੱਚ ‘ਸਸਟੇਨੇਬਲ ਡਿਵੈਲਪਮੈਂਟ’ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਏ ਸਨ। ਇਨਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਨਿਊ ਦਿੱਲੀ ਵੱਲੋਂ ਉਨ੍ਹਾਂ ਨੂੰ 2008 ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਰਿਸਰਚ ਸਟੱਡੀ ਕਰਨ ਲਈ ਨਿਯੁਕਤ ਕੀਤਾ ਗਿਆ। 2023 ਵਿੱਚ ਉਹ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਹਿਊਮੈਨਟੀਜ਼ ਅਤੇ ਸੋਸ਼ਲ ਸਾਇੰਸਜ਼ ਦੀ ਫੈਕਲਟੀ ਦੇ ਬਤੌਰ ਪ੍ਰੋਫ਼ੈਸਰ ਐਮਰੇਟਿਸ ਸਨ। 2019 ਵਿੱਚ ਸਾਹਿਤ ਕੇਂਦਰ ਗੁਰਦਾਸਪੁਰ ਨੇ ਉਨ੍ਹਾਂ ਦੀ ਸੇਵਾਵਾਂ ਦੀ ਕਦਰ ਕਰਦੇ ਹੋਏ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕੀਤਾ ਸੀ। 2016 ਵਿੱਚ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਖੇਤੀ ਤੇ ਅਧਾਰਤ ਫਸਲਾਂ ਦੀ ਪ੍ਰਾਸੈਸਿੰਗ ਨੂੰ ਸਥਾਪਤ ਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਸਟੱਡੀ ਕਰਨ ਕਰਕੇ ਇੰਡੀਅਨ ਕਾਊਂਸਲ ਆਫ਼ ਸੋਸ਼ਲ ਸਾਇੰਸਜ਼ ਰਿਸਰਚ ਨਿਊ ਦਿੱਲੀ ਨੇ ‘ਸੀਨੀਅਰ ਫ਼ੈਲੋਸ਼ਿਪ’ ਅਤੇ 2013 ਵਿੱਚ ‘ਪ੍ਰਾਜੈਕਟ ਡਾਇਰੈਕਟਰ ਆਫ ਦਾ ਪ੍ਰੋਜੈਕਟ ਆਫ਼ ਡੇਅਰੀ ਕੋਆਪ੍ਰੇਟਿਵਜ਼ ਇਨ ਪੰਜਾਬ’ ਬਣਾ ਕੇ ਸਨਮਾਨਤ ਕੀਤਾ। ਵਿਦਿਅਕ ਮਾਹਿਰ ਹੋਣ ਕਰਕੇ ਉਨ੍ਹਾਂ ਨੇ ਦਿਹਾਤੀ ਬੱਚਿਆਂ ਦੀ ਬਿਹਤਰੀ ਲਈ ਇੱਕ ਹਾਈ ਸਕੂਲ ਅਤੇ ਇੱਕ ਆਈ.ਟੀ.ਆਈ. ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ ਜਿਹੜੀਆਂ ‘ਯੂਨੀਵਰਸਲ ਗਰੁਪ ਆਫ਼ ਇਨਸਟੀਚਿਊਟਸ’ ਅਧੀਨ ਕੰਮ ਕਰ ਰਹੀਆਂ ਹਨ। ਡਾ.ਸਰਬਜੀਤ ਸਿੰਘ ਛੀਨਾ ਇਸ ਸੰਸਥਾ ਦੇ ਚੇਅਰਮੈਨ ਹਨ। ਵਰਤਮਾਨ ਸਮੇਂ ਜਦੋਂ ਭਾਰਤ ਵਿੱਚ ਖੇਤੀਬਾੜੀ ਦਾ ਕਿੱਤਾ ਘਾਟੇ ਵਿੱਚ ਜਾ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਕਿਸਾਨਾ ਦੀ ਬਾਂਹ ਨਹੀਂ ਫੜੀ ਜਾ ਰਹੀ, ਸਗੋਂ ਕਿਸਾਨੀ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਅਜਿਹੇ ਨਾਜ਼ਕ ਸਮੇਂ ਡਾ.ਸਰਬਜੀਤ ਸਿੰਘ ਛੀਨਾ ਵਰਗੇ ਖੇਤੀਬਾੜੀ ਮਾਹਿਰ ਦੀਆਂ ਸੇਵਾਵਾਂ ਦਾ ਲਾਭ ਫਸਲੀ ਵਿਭਿੰਨਤਾ ਲਈ ਸੁਝਾਅ ਲੈ ਕੇ ਅਗਵਾਈ ਲੈਣ ਦੀ ਲੋੜ ਹੈ। ਆਪਣੇ ਤੌਰ ‘ਤੇ ਉਹ ਖੇਤੀਬਾੜੀ ਅਤੇ ਹੋਰ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਲੇਖ ਲਿਖਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਂਦੇ ਰਹਿੰਦੇ ਹਨ। ਪੰਜਾਬ ਸਰਕਾਰ ਨੂੰ ਅਜਿਹੇ ਖੇਤੀਬਾੜੀ ਵਿਗਿਆਨੀਆਂ ਦੀ ਕਾਬਲੀਅਤ ਦਾ ਲਾਭ ਉਠਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਰਕਾਰੀ ਸਹਿਯੋਗ ਤੋਂ ਬਿਨਾ ਕਿਸਾਨੀ ਪ੍ਰਫੁਲਤ ਨਹੀਂ ਹੋ ਸਕਦੀ।
ਸਰਬਜੀਤ ਸਿੰਘ ਛੀਨਾ ਦਾ ਜਨਮ 20 ਮਾਰਚ 1944 ਨੂੰ ਚੱਕ ਨੰਬਰ 96, ਜ਼ਿਲ੍ਹਾ ਸਰਗੋਧਾ ਸਾਂਝੇ ਪੰਜਾਬ (ਅੱਜ ਕਲ੍ਹ ਪਾਕਿਸਤਾਨ) ਵਿੱਚ ਮਾਤਾ ਰਣਜੀਤ ਕੌਰ ਛੀਨਾ ਤੇ ਪਿਤਾ ਰਛਪਾਲ ਸਿੰਘ ਛੀਨਾ ਦੇ ਘਰ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੀ ਧਾਰੀਵਾਲ ਤਹਿਸੀਲ ਦੇ ਪਿੰਡ ਲਹਿਲ ਕਲਾਂ ਵਿੱਚ ਆ ਕੇ ਵਸ ਗਿਆ। ਉਨ੍ਹਾਂ ਨੇ ਮੁੱਢਲੀ ਦਸਵੀਂ ਤੱਕ ਦੀ ਪੜ੍ਹਾਈ ਮਿਸ਼ਨ ਹਾਈ ਸਕੂਲ ਧਾਰੀਵਾਲ, ਬੀ.ਏ.ਸਰਕਾਰੀ ਕਾਲਜ ਗੁਰਦਾਸਪੁਰ ਅਤੇ ਐਮ.ਏ.ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਪੜ੍ਹਨ ਜਾਣ ਲਈ ਉਹ ਆਪਣੇ ਪਿੰਡ ਤੋਂ ਪੈਦਲ ਤੁਰ ਕੇ ਜਾਂਦੇ ਸਨ। ਅਧਿਆਪਕਾਂ ਦੀ ਮਾਰ ਵੀ ਬਰਦਾਸ਼ਤ ਕਰਨੀ ਪਈ। ਉਹ ਸਕੂਲ ਜਾਣ ਤੋਂ ਡਰਦੇ ਰਹਿੰਦੇ ਸਨ। ਉਨ੍ਹਾਂ ਦਾ ਜੀਵਨ ਵੀ ਜਦੋਜਹਿਦ ਵਾਲਾ ਹੈ ਕਿਉਂਕਿ ਪਰਿਵਾਰ ਨੂੰ ਸਾਂਝੇ ਪੰਜਾਬ ਤੋਂ ਵਰਤਮਾਨ ਭਾਰਤ (ਪੰਜਾਬ) ਵਿੱਚ ਆ ਕੇ ਸੈਟਲ ਹੋਣ ਲਈ ਸਖ਼ਤ ਮਿਹਨਤ ਕਰਨੀ ਪਈ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਦਾ ਕੰਮ ਵੀ ਕਰਨਾ ਪੈਂਦਾ ਸੀ। ਉਹ ਖੁਦ ਹਲ ਵੀ ਵਾਹੁੰਦੇ ਅਤੇ ਗੋਡੀ ਕਰਦੇ ਰਹੇ। ਉਨ੍ਹਾਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ। ਪ੍ਰੋ.ਸਰਬਜੀਤ ਸਿੰਘ ਛੀਨਾ ਦੀਆਂ ਪ੍ਰਾਪਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਇਨਸਾਨ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਵਾਈਟ ਕਾਲਰ ਨੌਕਰੀਆਂ ਦੇ ਪਿੱਛੇ ਭੱਜੀ ਫਿਰਦੀ ਹੈ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਲਈ ਤਤਪਰ ਹੈ, ਉਨ੍ਹਾਂ ਨੂੰ ਡਾ.ਸਰਬਜੀਤ ਸਿੰਘ ਛੀਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਦੀ ਲੋੜ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072