ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕੀਤਾ ਜਾਵੇਗਾ ਮਾਮਲਾ ਦਰਜ : ਜਾਂਚ ਅਧਿਕਾਰੀ
07 ਮਈ (ਰਿੰਪਲ ਗੋਲਣ) ਭਿੱਖੀਵਿੰਡ: ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਨੇੜੇ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਐਕਸੀਡੈਂਟ ਵਿੱਚ ਮਾਰੇ ਗਏ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਮਹਾਬੀਰ ਸਿੰਘ (38) ਪੁੱਤਰ ਬਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ (22) ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਜੋਕੇ ਵਜੋਂ ਹੋਈ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸ ਸ਼ਿੰਦਾ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਮਹਾਂਬੀਰ ਸਿੰਘ ਤੇ ਗੁਰਵਿੰਦਰ ਸਿੰਘ ਰਾਜੋਕੇ ਮੰਡੀ ਵਿੱਚੋਂ ਕਿਸੇ ਗੱਡੀ ਦਾ ਕੰਡਾ ਕਰਵਾਉਣ ਲਈ ਆਏ ਸਨ। ਜਦੋਂ ਉਹ ਪਿੰਡ ਨੂੰ ਵਾਪਸ ਜਾ ਰਹੇ ਸਨ ਤਾਂ ਚੂੰਘ ਮੋੜ ਦੇ ਗੱਡੀਆਂ ਵਾਲੇ ਕੰਡੇ ਨਜ਼ਦੀਕ ਭਿੱਖੀਵਿੰਡ ਵਾਲੀ ਸਾਈਡ ਤੋਂ ਤੇਜ਼ ਰਫਤਾਰ ਨਾਲ ਆਈ ਸਵਿਫਟ ਕਾਰ ਨੰਬਰ ਪੀਬੀ46ਏਜੀ 5048 ਨੇ ਟੱਕਰ ਮਾਰ ਦਿੱਤੀ ਤੇ ਬੇਕਾਬੂ ਹੋਈ ਕਾਰ ਮੋਟਰਸਾਈਕਲ ਨੂੰ ਘੜੀਸਦੀ ਹੋਈ ਸੜਕ ਨਜ਼ਦੀਕ ਖੇਤਾਂ ਵਿੱਚ ਲੈ ਗਈ। ਉਨ੍ਹਾਂ ਦੱਸਿਆ ਕਿ ਐਕਸੀਡੈਂਟ ਏਨਾਂ ਭਿਆਨਕ ਸੀ ਕਿ ਦੋਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਇਸ ਮੌਕੇ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਜਿਲ੍ਹੇ ਦੇ ਐੱਸਐੱਸਪੀ ਤੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪਾਸੋਂ ਕਾਰ ਚਾਲਕ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਇਸ ਮਾਮਲੇ ਸੰਬੰਧੀ ਮੌਕੇ ‘ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਤੇ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰਨ ਉਪਰੰਤ ਮਾਮਲਾ ਦਰਜ ਕੀਤਾ ਜਾਵੇਗਾ। ਏਐੱਸਆਈ ਨੇ ਕਿਹਾ ਕਿ ਫ਼ਰਾਰ ਹੋਏ ਕਾਰ ਚਾਲਕ ਨੂੰ ਜਲਦੀ ਕਾਬੂ ਕੀਤਾ ਜਾਵੇਗਾ।