ਮਾਨਸਾ, 2 ਅਗਸਤ-ਕਹਾਣੀਕਾਰ ਦਰਸ਼ਨ ਜੋਗਾ ਦੇ ਕਹਾਣੀ ਸੰਗ੍ਰਹਿ ‘ਨਮਸਕਾਰ’ ਦਾ ਤੀਜਾ ਐਡੀਸ਼ਨ ਲੇਖਕ ਪਾਠਕ ਮੰਚ ਮਾਨਸਾ ਵੱਲੋਂ ਕਹਾਣੀਕਾਰ ਜਸਬੀਰ ਢੰਡ ਦੀ ਪ੍ਰਧਾਨਗੀ ’ਚ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਗ੍ਰਹਿ ਦੀਆਂ ਕਹਾਣੀਆਂ ਮਾਨਵੀ ਰਿਸ਼ਤਿਆਂ ਵਿਚਲੀਆਂ ਤੰਦਾਂ, ਸਾਡੇ ਪੇਂਡੂ ਤੇ ਸ਼ਹਿਰੀ ਜੀਵਨ ਦੇ ਯਥਾਰਥ ਦਾ ਖਾਕਾ ਬਿਆਨਦੀਆਂ ਹਨ, ਜੋ ਪਾਠਕ ਨੂੰ ਕੁਝ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਦਰਸ਼ਨ ਜੋਗਾ ਹੋਰੀਂ ਆਪਣੀਆਂ ਕਹਾਣੀਆਂ ਰਾਹੀਂ ਸਾਡੇ ਰਿਸ਼ਤਿਆਂ ’ਚ ਆ ਰਹੇ ਦਿਨੋਂ ਦਿਨ ਨਿਘਾਰ, ਮਨੁੱਖ ਅੰਦਰ ਵਿਚਰ ਰਹੀਆਂ ਲਾਲਸਾਵਾਂ ਨੂੰ ਉਜਾਗਰ ਕਰ ਜ਼ਿੰਦਗੀ ਪ੍ਰਤੀ ਹਾਂ ਪੱਖੀ ਰਵੱਈਆ ਇਖਤਿਆਰ ਕਰਨ ਦੀ ਬਾਤ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੁਸਤਕ ਦੇ ਤੀਜੇ ਐਡੀਸ਼ਨ ਦੇ ਛਪਣ ਨਾਲ ਇਸ ਨੂੰ ਹੁਣ ਨਵਾਂ ਪਾਠਕ ਵਰਗ ਵੀ ਮਿਲੇਗਾ। ਕਹਾਣੀਕਾਰ ਅਨੇਮਨ ਸਿੰਘ ਦਾ ਕਹਿਣਾ ਸੀ ਕਿ ਪੁਸਤਕ ਵਿਚਲੀਆਂ ਕਹਾਣੀਆਂ ਰਵਾਇਤੀ ਕਹਾਣੀ ਤੋਂ ਹੱਟ ਕੇ ਇਕ ਨਵੀਂ ਲੀਹ ਪਾੜਦੀਆਂ ਹਨ। ਜਿਸ ਕਾਰਨ ਇਹ ਪਾਠਕ ਵਰਗ ’ਚ ਮਕਬੂਲ ਹੋ ਚੁੱਕੀਆਂ ਹਨ। ਗਲਪਕਾਰ ਅਮਨ ਮਾਨਸਾ ਨੇ ਕਿਹਾ ਕਿ ਜੋਗਾ ਹੋਰਾਂ ਦੀਆਂ ਕਹਾਣੀਆਂ ’ਚੋਂ ਮਲਵਈ ਭਾਸ਼ਾ ਦੇ ਕੀਮਤੀ ਸ਼ਬਦ ਪੜ੍ਹਨ ਨੂੰ ਮਿਲਦੇ ਹਨ, ਜੋ ਸਾਡੇ ਜੀਵਨ ’ਚੋਂ ਦਿਨੋਂ ਦਿਨ ਮਨਫੀ ਹੁੰਦੇ ਜਾ ਰਹੇ ਹਨ। ਅੰਤ ’ਚ ਦਰਸ਼ਨ ਜੋਗਾ ਹੋਰਾਂ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।0