23 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਘੁੱਦੇ ਯੂਨੀਵਰਸਿਟੀ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਪਿਛਲੀ ਦਿਨੀਂ ਕਲਕੱਤਾ ਵਿਖੇ ਟਰੇਨੀ ਡਾਕਟਰ ਨਾਲ ਬਲਤਾਕਾਰ ਮਗਰੋਂ ਕਤਲ ਦੀ ਘਟਨਾ ਵਿਰੁੱਧ ਕਾਲਜ ਵਿੱਚ ਇਕੱਤਰਤਾ ਕਰਕੇ ਕਾਲਜ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ਼ ਜ਼ਬਰ-ਜ਼ਨਾਹ ਤੋਂ ਬਾਅਦ ਕਾਤਲ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਇਹ ਘਟਨਾ ਦੇਸ਼ ਵਿਚ ਇਹੋ ਜਿਹੀ ਪਹਿਲੀ ਘਟਨਾ ਨਹੀਂ ਇਸ ਘਟਨਾ ਤੋਂ ਬਾਅਦ ਉਤਰਾਖੰਡ, ਰਾਜਸਥਾਨ ਤੇ ਮਹਾਰਾਸ਼ਟਰਾਂ ਵਿਚ ਵੀ ਕੁੜੀਆਂ ਨਾਲ ਜ਼ਬਰ ਜ਼ਿਨਾਹ ਦੀਆਂ ਘਟਨਾਵਾਂ ਸਹਾਮਣੇ ਆਈਆਂ ਹਨ। ਇਸ ਮੁਲਕ ਵਿਆਪੀ ਵਿਰੋਧ ਤੋਂ ਬਾਅਦ ਵੀ ਸਰਕਾਰ ਦੁਆਰਾ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਕਲਕੱਤਾ ਦੀ ਘਟਨਾ ਤੇ ਵੀ ਸਰਕਾਰਾਂ ਸਿਰਫ ਰਾਜਨੀਤੀ ਕਰਨ ਲੱਗੀਆਂ ਹੋਈਆਂ ਹਨ ਤੇ ਬਲਤਾਕਾਰ ਦੇ ਦੋਸ਼ੀਆਂ ਨੂੰ ਰਾਜਿਆਂ ਵਾਂਗੂੰ ਪਾਲ ਕੇ ਰੱਖਿਆ ਹੋਇਆ ਹੈ। ਪਿਛਲੇ ਦਿਨੀਂ ਜਾਰੀ ਰਿਪੋਰਟ ਦੱਸਦੀ ਹੈ ਕਿ ਸੰਸਦ ਮੈਂਬਰਾਂ ਵਿਚੋਂ 151 ਉਤੇ ਔਰਤਾਂ ਨਾਲ ਸਬੰਧਤ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਭਾਰਤੀ ਸਮਾਜ ਜਗੀਰੂ ਕਦਰਾਂ ਕੀਮਤਾਂ, ਮਰਦ ਪ੍ਰਧਾਨ ਦਾਬੇ ਵਾਲਾ ਸਮਾਜ ਹੈ ਜਿਥੇ ਔਰਤਾਂ ਨਾਲ ਬਲਤਾਕਾਰ ਦੀਆਂ ਸੈਂਕੜੇ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੇ ਬਹੁਤ ਸਾਰੀਆਂ ਤੇ ਪਰਦਾ ਪਾ ਦਿੱਤਾ ਹੈ। ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਟਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਨਾਲ ਹੀ ਔਰਤਾਂ ਦੀਆਂ ਕੰਮ ਕਾਜ ਵਾਲ਼ੀਆਂ ਥਾਵਾਂ ਤੇ ਸਰੁੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਵਿਦਿਆਰਥੀ ਆਗੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਰੁਜ਼ਗਾਰ ਬਚਾਉਣ ਲਈ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੇ ਧਰਨੇ ਤੇ ਹੋਣ ਕਾਰਨ ਵਿਦਿਆਰਥੀਆਂ ਦੀਆਂ ਵੱਡੀ ਪੱਧਰ ਤੇ ਕਲਾਸਾਂ ਨਹੀਂ ਲੱਗ ਰਹੀਆਂ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਸਿੱਖਿਆ ਵਿੱਚ ਕ੍ਰਾਂਤੀ ਆ ਗਈ ਪਰ ਦੂਜੇ ਪਾਸੇ ਪਿਛਲੇ ਇੱਕ ਮਹੀਨੇ ਤੋਂ ਧਰਨੇ ਤੇ ਬੈਠੇ ਅਧਿਆਪਕਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜੋਕਿ ਪਹਿਲਾਂ ਹੀ ਘੱਟ ਤਨਖਾਹਾਂ ਤੇ ਕੱਚੇ ਰੱਖੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ. ਵੱਲੋਂ ਮੁੜ ਇੰਟਰਵਿਊ ਲੈਣ ਦੇ ਫੁਰਮਾਨ ਕੱਢਕੇ ਅਧਿਆਪਕਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ।ਜਿਸ ਕਰਕੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਵਿਚ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਗੈਸਟ ਫੈਕਲਟੀ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਚ ਰੈਲੀ ਕਰਕੇ ਕਾਲਜ ਇੰਚਾਰਜ ਨੂੰ ਮੰਗ ਪੱਤਰ ਦਿੱਤਾ ਗਿਆ ਗੈਸਟ ਫੈਕਲਟੀ ਅਧਿਆਪਕਾਂ ਦੇ ਮਸਲੇ ਨੂੰ ਫੌਰੀ ਹੱਲ ਕਰਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਵਿਦਿਆਰਥੀ ਆਗੂ ਅਕਾਸ਼ਦੀਪ , ਨਵਜੋਤ ,ਹਰਮਨ , ਮਲਕੀਤ ,ਗੋਰਾ ਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲਕੜੀਆਂ ਵੀ ਸ਼ਾਮਲ ਸਨ।