ਬਲਜੀਤ ਸਿੰਘ
ਸਰਦੂਲਗੜ੍ਹ, 1 ਅਕਤੂਬਰ
ਚੀਨ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਾਂ ‘ਚ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਸਤਨਾਮ ਸਿੰਘ ਪੱਬਾ ਨੇ ਰੋਇੰਗ ਵਿਚ ਬਰਾਊਨ ਮੈਡਲ ਜਿੱਤਕੇ ਦੇਸ਼, ਜ਼ਿਲਾ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਸਤਨਾਮ ਸਿੰਘ ਵੱਲੋਂ ਇਸ ਖੇਡ ਵਿਚ ਵੱਡੇ-ਵੱਡੇ ਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਫਸਵੇਂ ਮੁਕਾਬਲਿਆਂ ਚ ਭਾਰਤ ਨੂੰ ਬਰਾਊਨ ਮੈਡਲ ਜਿੱਤ ਕੇ ਦੇਸ਼ ਦਾ ਗੌਰਵ ਵਧਾਇਆ ਹੈ। ਮੈਡਲ ਜਿੱਤਣ ਤੋਂ ਬਾਅਦ ਅੱਜ ਪਿੰਡ ਫੱਤਾ ਮਾਲੋਕਾ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਲੋਂ ਖਿਡਾਰੀ ਸਤਨਾਮ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਨੌਜਵਾਨ ਸਤਨਾਮ ਸਿੰਘ ਪੱਬਾ ਨੇ ਰੋਇੰਗ ਗੇਮ ਵਿਚ ਬਰਾਊਨ ਮੈਡਲ ਜਿੱਤ ਕੇ ਏਸ਼ੀਅਨ ਗੇਮਾਂ ਵਿਚ ਜੋ ਪ੍ਰਾਪਤੀ ਕੀਤੀ ਹੈ ਉਹ ਦੇਸ਼ ਅਤੇ ਸਾਡੇ ਲਈ ਇਕ ਮਿਸਾਲ ਹੈ। ਇਸ ਨੂੰ ਪੰਜਾਬ ਸਰਕਾਰ ਪਾਸੋਂ ਵੀ ਸਨਮਾਨਿਤ ਕਰਨ ਦੀ ਤਜਵੀਜ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਸਮਾਜਿਕ ਬੁਰਾਈਆਂ ਅਤੇ ਨਸ਼ੇ ਦੇ ਖਿਲਾਫ਼ ਲਾਮਬੰਦ ਹੋ ਕੇ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਅਤੇ ਹਵਜਰ ਵਿਅਕਤੀਆਂ ਨੇ ਪੱਬਾ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਵਧਾਈ ਦੇ ਕੇ ਉਸ ਦਾ ਜੇਤੂ ਸਵਾਗਤੀ ਮਾਰਚ ਕੱਢਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸਤਨਾਮ ਸਿੰਘ ਪੱਬਾ ਨੇ ਕਿਹਾ ਕਿ ਇਸ ਪ੍ਰਾਪਤੀ ਨੇ ਉਸ ਨੂੰ ਹੋਰ ਵੀ ਵੱਡੀਆ ਪ੍ਰਾਪਤੀਆਂ ਕਰਨ ਵੱਲ ਪ੍ਰੇਰਿਤ ਕੀਤਾ ਹੈ। ਬੇਸ਼ੱਕ ਉਹ ਗੋਲਡ ਮੈਡਲ ਨਹੀਂ ਪ੍ਰਾਪਤ ਕਰ ਸਕਿਆ ਪਰ ਅੱਗੇ ਜਾ ਕੇ ਹੋਰ ਮਿਹਨਤ ਕਰਕੇ ਹੋਰ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰੇਗਾ।
ਕੈਪਸ਼ਨ: ਖਿਡਾਰੀ ਸਤਨਾਮ ਸਿੰਘ ਪੱਬਾ ਨੁੰ ਸਨਮਾਨਿਤ ਕਰਦੇ ਹੋਏ ਵਿਧਾਇਕ ਬਣਾਂਵਾਲੀ।
ਏਸ਼ੀਅਨ ਗੇਮਾਂ ਵਿਚ ਬਰਾਊਨ ਮੈਡਲ ਜਿੱਤਣ ਵਾਲਾ ਖਿਡਾਰੀ ਵਿਧਾਇਕ ਵੱਲੋਂ ਸਨਮਾਨਿਤ
Leave a comment