17 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਪੂਨਮ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸਿਹਤ ਵਿਭਾਗ ਦੁਆਰਾ ਚਲਾਈ ਗਈ ਫੂਡ ਸੇਫਟੀ ਵੈਨ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦਿਆਂ ਇਸ ਵੈਨ ਵਲੋਂ 100 ਦੇ ਕਰੀਬ ਸੈਂਪਲ ਲਏ ਹਨ।
ਇਹ ਵੈਨ ਪਿੰਡਾਂ ਅਤੇ ਸ਼ਹਿਰਾਂ ਅੰਦਰ ਜਾ ਕੇ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ, ਸਰੋਂ ਦਾ ਤੇਲ, ਦੇਸੀ ਘਿਓ, ਰਿਫਾਇਡ, ਕੋਲਡ ਡਰਿੱਕ, ਹਲਦੀ-ਮਿਰਚ ਮਸਾਲੇ ਆਦਿ ਚੈੱਕ ਕਰੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਪ੍ਰਤੀ ਸੈਂਪਲ 50 ਰੁਪਏ ਨਾਮਾਤਰ ਫੀਸ ਦੇ ਹਿਸਾਬ ਨਾਲ ਕਰਵਾ ਸਕਦੇ ਹਨ, ਜਿਸ ਦੀ ਰਿਪੋਰਟ ਮੌਕੇ ਤੇ ਹੀ ਖਪਤਕਾਰ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਸ ਦੌਰਾਨ ਏਡੀਸੀ ਪੂਨਮ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ-ਪੀਣ ਵਾਲੀਆਂ ਸ਼ੁੱਧ ਚੀਜ਼ਾਂ ਵਰਤਣ ਨੂੰ ਤਰਜ਼ੀਹ ਦੇਣ।
ਇਸ ਮੌਕੇ ਫੂਡ ਸੇਫਟੀ ਅਫਸਰ ਸੁਧੀਰ ਸਿੰਗਲਾ, ਦਿਵਿਆ ਗੋਸਵਾਮੀ, ਨਵਦੀਪ ਸਿੰਘ ਆਦਿ ਹਾਜ਼ਰ ਸਨ।

