16 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਦੇਸ਼ ਨੂੰ ਸਾਫ਼ ਸੁਥਰਾ ਤੇ ਬੀਮਾਰੀਆਂ ਰਹਿਤ ਬਣਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ 2014 ‘ਚ ਚਲਾਏ ‘ਸਵੱਛ ਭਾਰਤ’ ਅਭਿਆਨ ਨੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾੜੀ ਉਧੋਕੇ ‘ਚ ਦਮ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ ਪਿੰਡ ਦੀ ਸੜਕ ਕਿਨਾਰੇ ਕੂੜੇ ਦੇ ਉੱਚੇ-ਉੱਚੇ ਢੇਰ ਲੱਗੇ ਹੋਏ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਰਣਜੀਤ ਸਿੰਘ ‘ਤੇ ਸਤਿੰਦਰਪਾਲ ਮਿੰਟੂ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਲਈ ਚਲਾਏ ਗਏ ‘ਸਵੱਛ ਭਾਰਤ’ ਅਭਿਆਨ ਦੀ ਪਿੰਡ ਉਧੋਕੇ ‘ਚ ਫੂਕ ਨਿਕਲ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸੜਕ ਕੰਢੇ ਗੋਹੇ ਦੇ ਢੇਰ ਦਿਨ ਪ੍ਰਤੀ ਦਿਨ ਉੱਚੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਪ੍ਰਤੀ ਬਿਲਕੁਲ ਵੀ ਜਾਗਰੂਕ ਨਹੀਂ ਹਨ। ਸੜਕ ਕਿਨਾਰੇ ਫੈਲੀ ਗੰਦਗੀ ਕਾਰਨ ਪਿੰਡ ਦੇ ਲੋਕ ਬੀਮਾਰ ਹੋ ਸਕਦੇ ਹਨ,ਪ੍ਰੰਤੂ ਪਿੰਡ ਦੀ ਪੰਚਾਇਤ ਤੇ ਸੰਬੰਧਤ ਵਿਭਾਗ ਦਾ ਪਿੰਡ ‘ਚ ਤੇਜ਼ੀ ਨਾਲ ਫੈਲ ਰਹੀ ਗੰਦਗੀ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ‘ਸਵੱਛ ਭਾਰਤ’ ਅਭਿਆਨ ਨੂੰ ਸਫ਼ਲ ਬਣਾਉਣ ਲਈ ਪੇਂਡੂ ਪੰਚਾਇਤਾਂ ਤੇ ਪੰਚਾਇਤ ਕਮੇਟੀਆਂ ਨੂੰ ਵੀ ਇਸ ਮੁਹਿੰਮ ‘ਚ ਸ਼ਾਮਲ ਕੀਤਾ ਗਿਆ ਹੈ,ਪ੍ਰੰਤੂ ਪਿੰਡ ਦੀ ਪੰਚਾਇਤ ਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਗੰਦਗੀ ਤੋਂ ਫੈਲਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਨਹੀਂ ਕਰ ਰਿਹਾ। ਇਸ ਅਭਿਆਨ ‘ਚ ਸਰਕਾਰ ਵੱਲੋਂ ਪਿੰਡ ਦੇ ਕੂੜੇ ਕਰਕਟ ਨੂੰ ਜੈਵਿਕ ਖਾਦ ਵਿੱਚ ਤਬਦੀਲ ਕਰਨ ‘ਤੇ ਊਰਜਾ ਦੇ ਵਿਭਿੰਨ ਰੂਪਾਂ ਵਿੱਚ ਬਦਲਣ ਲਈ ਉਪਰਾਲੇ ਕੀਤੇ ਗਏ ਹਨ,ਪ੍ਰੰਤੂ ਉਧੋਕੇ ‘ਚ ਭਾਰਤ ਸਰਕਾਰ ਵੱਲੋਂ ‘ਸਵੱਛ ਭਾਰਤ’ ਅਭਿਆਨ ਤਹਿਤ ਕੀਤੇ ਜਾਣ ਵਾਲੇ ਉਪਰਾਲੇ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੇ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਦੀ ਸੜਕ ਕਿਨਾਰੇ ਸੁੱਟੇ ਕੂੜੇ ਨੂੰ ਚੁਕਵਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਸਾਫ਼ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਯੋਗ ਉਪਰਾਲੇ ਕੀਤੇ ਜਾਣ। ਉੱਧਰ ਇਸ ਸੰਬੰਧੀ ਜਦੋਂ ਬੀਡੀਪੀਓ ਭਿੱਖੀਵਿੰਡ ਪ੍ਰਵੇਸ਼ ਗੋਇਲ ਨਾਲ ਫ਼ੋਨ ‘ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।