ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਤਹਿਸੀਲ ਦਫ਼ਤਰ ਦਾ ਲਿਆ ਜਾਇਜ਼ਾ
ਬਠਿੰਡਾ, 8 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਈਜੀ ਰਜਿਸਟਰੀ ਨਾਲ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ, ਉਥੇ ਹੀ ਉਨ੍ਹਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਥਾਨਕ ਤਹਿਸੀਲ ਦਫ਼ਤਰ ਦਾ ਦੌਰਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਤਹਿਸੀਲ ਦਫ਼ਤਰ ਵਿਖੇ ਰਜਿਸਟਰੀ ਕਰਵਾਉਣ ਆਏ ਲੋਕਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਗਏ ਸਬੰਧਤ ਕਰਮਚਾਰੀਆਂ ਵੱਲੋਂ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸੇਵਾਮੁਕਤ ਪਟਵਾਰੀ ਜਾਂ ਕਾਨੂੰਗੋ ਵੀ ਰਿਕਾਰਿਡ ਨੂੰ ਚੈਕ ਕਰੇਗਾ, ਤਾਂ ਕਿ ਸਬੰਧਤ ਵਿਅਕਤੀ ਆਸਾਨੀ ਨਾਲ ਉਥੇ ਆ ਕੇ ਆਪਣੀ ਰਜਿਸਟਰੀ ਲਿਖਵਾ ਸਕੇ। ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਤਰਤੀਬਵਾਰ ਕਾਊਂਟਰ ਵੀ ਬਣਾਏ ਗਏ ਹਨ, ਤਾਂ ਕਿ ਆਮ ਲੋਕਾਂ ਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰਜਿਸਟਰੀ ਸਬੰਧੀ ਉਸ ਤੋਂ ਬਾਅਦ 48 ਘੰਟੇ ਦੇ ਅੰਦਰ-ਅੰਦਰ ਸਬੰਧਤ ਵੱਲੋਂ ਆਨਲਾਈਨ ਦਸਤਾਵੇਜ ਜਮ੍ਹਾਂ ਕੀਤੇ ਜਾਣਗੇ। ਉਸ ਤੋਂ ਬਾਅਦ ਸਬੰਧਤ ਰਜਿਸਟਰਾਰ ਜਾਂ ਸਬ-ਰਜਿਸਟਰਾਰ ਦਸਤਾਵੇਜਾਂ ਨੂੰ ਚੈਕ ਕਰੇਗਾ। ਜੇਕਰ ਦਸਤਾਵੇਜਾਂ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਹ ਸਬੰਧਤ ਨੂੰ ਆਨਲਾਈਨ ਹੀ ਦੱਸ ਦੇਵੇਗਾ ਅਤੇ ਸਬੰਧਤ ਵੱਲੋਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਜੇਕਰ ਕੋਈ ਕਮੀ ਨਹੀਂ ਹੈ ਤਾਂ ਉਹ ਉਸ ਨੂੰ ਪ੍ਰਵਾਨ ਕਰ ਦੇਵੇਗਾ ਅਤੇ ਉਸ ਤੋਂ ਬਾਅਦ ਸਬੰਧਤ ਆਪਣਾ ਟੋਕਨ ਨੰਬਰ ਲੈ ਕੇ ਰਜਿਸਟਰੀ ਲਈ ਸਬ-ਰਜਿਸਟਰਾਰ ਦੇ ਕੋਲ ਜਾਵੇਗਾ। ਇਸ ਨਾਲ ਤਹਿਸੀਲ ਦਫ਼ਤਰ ਵਿਖੇ ਜ਼ਿਆਦਾ ਭੀੜ ਵੀ ਨਹੀਂ ਹੋਵੇਗੀ ਅਤੇ ਆਮ ਲੋਕਾਂ ਨੂੰ ਸੁਵਿਧਾ ਵੀ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈਜੀ ਰਜਿਸਟਰੀਆਂ ਦਾ ਕੰਮ ਭਾਵੇਂ ਅਜੇ ਸ਼ੁਰੂ ਕਰਨਾ ਹੈ, ਪ੍ਰੰਤੂ ਅੱਜ ਸਿਰਫ਼ ਟਰਾਇਲ ਵਜੋਂ ਚੈਕ ਕੀਤਾ ਜਾ ਰਿਹਾ ਹੈ ਕਿ ਕਿਵੇਂ ਸਿਸਟਮ ਚੱਲ ਰਿਹਾ ਹੈ ਅਤੇ ਅਗਲੇ 3-4 ਦਿਨਾਂ ਤੱਕ ਇਸ ਬਾਰੇ ਪੂਰਾ ਪਤਾ ਲੱਗ ਜਾਵੇਗਾ ਕਿ ਇਸ ਵਿੱਚ ਕੋਈ ਦਿੱਕਤ ਤਾਂ ਨਹੀਂ। ਜੇਕਰ ਕਿਸੇ ਤਰ੍ਹਾਂ ਦੇ ਹੋਰ ਸੁਧਾਰ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਵਿੱਚ ਹੋਰ ਸੁਧਾਰ ਲਿਆਕੇ ਦਰੁਸਤ ਕੀਤਾ ਜਾਵੇਗਾ।