-ਗਰੁੱਪ ਦਾ ਮਨੋਬਲ ਉਚਾ ਰੱਖਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਈਕਲ ਕਲੱਬ ਨਾਲ ਜੋੜਨ ਲਈ ਯਤਨ ਜਾਰੀ ਰਹਿਣਗੇ- ਪ੍ਰਧਾਨ ਕਾਕਾ
ਮਾਨਸਾ, 21 ਜੁਲਾਈ (ਨਾਨਕ ਸਿੰਘ ਖੁਰਮੀ)
ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਵੱਲੋਂ ਬੀਤੇ ਕੱਲ 30 ਕਿਲੋਮੀਟਰ ਨਾਨ ਸਟਾਪ ਸਾਈਕਲ ਰਾਈਡ ਕਰਵਾਈ ਗਈ। ਜਿਸ ਵਿੱਚ 35 ਦੇ ਕਰੀਬ ਸਾਈਕਲਿਸਟਾਂ ਨੇ ਭਾਗ ਲਿਆ। ਇਹ ਰਾਈਡ ਫਿੱਟਨੈੱਸ ਵਰਲਡ ਜਿੰਮ ਮਾਨਸਾ ਤੋਂ ਚੱਲ ਕੇ ਭਾਈ ਦੇਸਾ ਟੋਲ ਪਲਾਜਾ ਤੋ ਵਾਪਸ ਫਿੱਟਨੈੱਸ ਵਰਲਡ ਜਿੰਮ ਤੱਕ ਸੀ। ਇਸ ਰਾਈਡ ਨੂੰ ਸੁਭਾ ਸਾਢੇ ਪੰਜ ਵਜੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਾਰੇ ਹੀ ਰਾਈਡਰਜ ਨੇ ਇਹ ਸਾਈਕਲ ਰਾਈਡ ਤਹਿ ਸਮੇਂ ਵਿੱਚ ਪੂਰੀ ਕੀਤੀ। ਜਿਸਨੂੰ ਫਿੱਟਨੈੱਸ ਵਰਲਡ ਜਿੰਮ ਦੀ ਟੀਮ ਸਮੇਤ ਅਮਨ ਔਲਖ, ਨਰਿੰਦਰ ਗੁਪਤਾ ਅਤੇ ਅੰਕੁਸ਼ ਕੁਮਾਰ ਦੁਆਰਾ ਸੰਚਾਲਿਤ ਕੀਤਾ ਗਿਆ।
ਇਸ ਮੌਕੇ ਈਕੋ ਵੀਲਰਜ ਕਲੱਬ ਦੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ ਵੱਲੋਂ ਦੱਸਿਆ ਗਿਆ ਕਿ ਅਜੋਕੇ ਸਮੇੰ ਵਿੱਚ ਮਨੁੱਖ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟਨੈੱਸ ਨਾ ਰੱਖਣ ਕਰਕੇ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਿਹਾ ਹੈ। ਇਸ ਲਈ ਨਿਰੋਗ ਜੀਵਨ ਜਿਊਣ ਲਈ ਸਾਈਕਲ ਕਲੱਬ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ 15 ਅਗਸਤ ਵਾਲੇ ਦਿਨ ਇਸੇ ਲੜੀ ਤਹਿਤ 50 ਕਿਲੋਮੀਟਰ ਨਾਨ ਸਟਾਪ ਸਾਈਕਲ ਰਾਈਡ ਕਾਰਵਾਈ ਜਾ ਰਹੀ ਹੈ, ਜਿਸ ਵਿੱਚ ਕੋਈ ਵੀ ਸਾਈਕਲਿਸਟ ਭਾਗ ਲੈ ਸਕਦਾ ਹੈ। ਜਿਸਦਾ ਮਕਸਦ ਕਲੱਬ ਦੇ ਮੈਂਬਰਾਨ ਦਾ ਮਨੋਬਲ ਉਚਾ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਸਾਈਕਲ ਨਾਲ ਜੋੜ ਕੇ ਤੰਦਰੁਸਤ ਰੱਖਣਾ ਹੈ।