ਫ਼ਿਰੋਜ਼ਪੁਰ, 4 ਅਗਸਤ
ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ( ਰਜਿ:) ਵੱਲੋਂ ਸਾਦੇ ਪਰ ਭਾਵਪੂਰਤ ਸਮਾਗਮ ਵਿੱਚ ਇੰਜ. ਸ਼ਿੰਗਾਰ ਸਿੰਘ ਤਲਵੰਡੀ ਦਾ ਪਲੇਠਾ ਸਫ਼ਰਨਾਮਾ ” ਮੇਰੀ ਦੱਖਣ ਯਾਤਰਾ ” ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਪੰਜਾਬੀ ਸ਼ਾਇਰ ਅਤੇ ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਵਜੋਂ ਚਰਚਿਤ ਗ਼ਜ਼ਲਗੋ ਪ੍ਰੋ.ਗੁਰਤੇਜ ਕੋਹਾਰਵਾਲਾ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਕਿਤਾਬ ਦੇ ਲੇਖਕ ਇੰਜ.ਸ਼ਿੰਗਾਰ ਸਿੰਘ ਤਲਵੰਡੀ ਵੀ ਸ਼ਾਮਲ ਸਨ। ਮੰਚ ਸੰਚਾਲਕ ਦੀ ਭੂਮਿਕਾ ਉੱਘੇ ਕਵੀ ਅਤੇ ਅਨੁਵਾਦਕ ਸੁਖਜਿੰਦਰ ਨੇ ਅਦਾ ਕੀਤੀ। ਹਰਮੀਤ ਵਿਦਿਆਰਥੀ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਲਾਪੀਠ ਦੀ ਸਰਗਰਮੀਆਂ ਦੀ ਜਾਣਕਾਰੀ ਦਿੱਤੀ।
ਪਹਿਲੇ ਪੜਾਅ ਵਿੱਚ ਇੰਜ.ਸ਼ਿੰਗਾਰ ਸਿੰਘ ਤਲਵੰਡੀ ਦੀ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਜਿਸ ਵਿੱਚ ਪ੍ਰਧਾਨਗੀ ਮੰਡਲ ਦੇ ਨਾਲ ਲਾਲ ਸਿੰਘ ਸੁਲਹਾਣੀ ,ਓਮ ਪ੍ਰਕਾਸ਼ ਸਰੋਏ, ਗੁਰਦਿਆਲ ਸਿੰਘ ਵਿਰਕ, ਪ੍ਰੋ.ਕੁਲਦੀਪ, ਰਾਜੀਵ ਖ਼ਿਆਲ, ਡਾ.ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ.ਰਾਮੇਸ਼ਵਰ ਸਿੰਘ ਕਟਾਰਾ, ਸੁਖਦੇਵ ਸਿੰਘ ਭੱਟੀ ਵੀ ਸ਼ਾਮਲ ਹੋਏ। ਸਮੁੱਚੇ ਹਾਊਸ ਵਿੱਚ ਹਾਜ਼ਰ ਲੇਖਕਾਂ/ਪਾਠਕਾਂ ਨੇ ਇਸ ਪਹਿਲੇ ਉਪਰਾਲੇ ਲਈ ਲੇਖਕ ਨੂੰ ਮੁਬਾਰਕਬਾਦ ਦਿੱਤੀ।ਕਿਤਾਬ ਬਾਰੇ ਵਿਚਾਰ ਚਰਚਾ ਸ਼ੁਰੂ ਕਰਦਿਆਂ ਓਮ ਪ੍ਰਕਾਸ਼ ਸਰੋਏ ਨੇ ਇਸ ਕਿਤਾਬ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ.ਜਗਦੀਪ ਸਿੰਘ ਸੰਧੂ ਨੇ ਸਫ਼ਰਨਾਮੇ ਵਿੱਚ ਕੀਤੀ ਕੇਰਲਾ,ਤਾਮਿਲਨਾਡੂ ਅਤੇ ਪੰਜਾਬ ਦੇ ਆਰਥਿਕ ਰਾਜਨੀਤਕ ਹਾਲਤ ਦੀ ਤੁਲਨਾ ਨੂੰ ਕਿਤਾਬ ਦਾ ਮਹੱਤਵਪੂਰਨ ਹਿੱਸਾ ਦੱਸਿਆ। ਪ੍ਰੋ.ਕੁਲਦੀਪ ਨੇ ਕਿਤਾਬ ਦੀ ਕਾਵਿਕ ਭਾਸ਼ਾ ਦੀ ਸ਼ਲਾਘਾ ਕੀਤੀ।
ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਰਚਨਾ ਦੀ ਕਲਾਤਮਿਕਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਜਦੋਂ ਇੰਟਰਨੈੱਟ ਉੱਤੇ ਹਰ ਕਿਸਮ ਦੀ ਜਾਣਕਾਰੀ ਮੁਹੱਈਆ ਹੈ ਤਾਂ ਜਾਣਕਾਰੀ ਦੇ ਨਾਲ ਨਾਲ ਕਲਾਤਮਿਕਤਾ ਇੱਕੋ ਇੱਕ ਤੱਤ ਹੈ ਜੋ ਪਾਠਕਾਂ ਨੂੰ ਰਚਨਾ ਨਾਲ ਜੋੜ ਸਕਦਾ ਹੈ।
ਇੰਜ.ਸ਼ਿੰਗਾਰ ਸਿੰਘ ਤਲਵੰਡੀ ਨੇ ਗੋਸ਼ਟੀ ਉਠਾਏ ਗਏ ਨੁਕਤਿਆਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅਗਲੀਆਂ ਲਿਖਤਾਂ ਵਿੱਚ ਉਹ ਇਹਨਾਂ ਨੁਕਤਿਆਂ ਅਤੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਾਂਗਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ.ਜਸਪਾਲ ਘਈ ਨੇ ਸਾਰੀ ਵਿਚਾਰ ਚਰਚਾ ਨੂੰ ਸਮੇਟਦਿਆਂ ਕਿਹਾ ਕਿ ” ਮੇਰੀ ਦੱਖਣ ਯਾਤਰਾ” ਸਫ਼ਰਨਾਮਾ ਬਹੁਤ ਸਾਰੇ ਸੁਆਲ ਖੜ੍ਹੇ ਕਰਦਾ ਹੈ। ਕੇਰਲਾ ਅਤੇ ਤਾਮਿਲਨਾਡੂ ਦੀਆਂ ਸਰਹੱਦਾਂ ਮਿਲਦੀਆਂ ਹੋਣ ਦੇ ਬਾਵਜੂਦ ਉਹਨਾਂ ਦੇ ਰਾਜਨੀਤਕ ਅਤੇ ਸਮਾਜਿਕ ਹਾਲਾਤ ਵਿਚਲੇ ਫ਼ਰਕ ਦਾ ਸਮਝ ਨਹੀਂ ਆਉਂਦਾ।
ਢਾਈ ਘੰਟੇ ਚੱਲੇ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰੀਸ਼ ਮੌਂਗਾ, ਪ੍ਰੋ.ਸੁਖਵਿੰਦਰ ਜੋਸ਼, ਪ੍ਰੋ.ਗੁਰਵਿੰਦਰ, ਕਮਲ ਸ਼ਰਮਾ, ਇੰਜ.ਹਰਮੇਲ ਸਿੰਘ ਖੋਸਾ, ਅਸ਼ੋਕ ਕਪਤਾਨ, ਕਰਮਜੀਤ ਸਿੰਘ, ਮਨੋਹਰ ਲਾਲ, ਜਬਰ ਮਾਹਲਾ , ਇੰਜ. ਮੁਲਖ ਰਾਜ, ਅਮਰਸੀਰ ਸਿੰਘ, ਤਰਲੋਚਨ ਚੋਪੜਾ,ਸੁਖਦੇਵ ਸਿੰਘ, ਪ੍ਰਥਮ ਆਦਿ ਲੇਖਕਾਂ ਬੁੱਧੀਜੀਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਲਾਲ ਸਿੰਘ ਸੁਲਹਾਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ