ਇਹ ਪਾਤਰ ਸੁਰਜੀਤ ਹੈ!
—————————
(ਲਗਭਗ 10 ਕੁ ਸਾਲ ਪਹਿਲਾਂ ਪਾਤਰ ਸਾਹਿਬ ਨੂੰ ਸਮਰਪਿਤ ਕਵਿਤਾ ਲਿਖੀ ਸੀ)
ਜਦ ਜਨਮ ਲਿਆ
ਹਵਾ ਚ ਲਿਖੇ ਹਰਫ਼
ਤਦ ਵੀ ਸਨ
ਬਚਪਨ ਚ
ਤੁਰਨ ਤੋਂ ਪਹਿਲਾਂ
ਪਿਆ ਪਿਆ
ਘਰ ਚ ਪਏ ਰੰਗਾਂ ਨੂੰ ਵੇਖਦਾ
ਰੰਗਾਂ ਦਾ ਆਕਾਰ ਵੇਖਦਾ
ਰੰਗਾਂ ਨੂੰ ਛੂਹ ਕੇ ਵੇਖਦਾ
ਨੀਲਾ ਰੰਗ
ਅਸਮਾਨੀ ਰੰਗ
ਹਰਾ ਗੁਲਾਬੀ ਜਾਮਨੀ
ਚੌਰਸ ਰੰਗ
ਰੰਗੋ-ਰੰਗ
ਸਕੂਲ ਗਿਆ
‘ਊੜਾ’ ਉਠਾਇਆ ਤਾਂ ਸਮਝ ਆਏ
ਘਰ ਚ ਪਏ ਰੰਗਾਂ ਦੇ ਆਕਾਰ
ਪੁਸਤਕਾਂ
ਪੁਸਤਕਾਂ ਦਰ ਪੁਸਤਕਾਂ
ਸੱਚ ਰਹੱਸ ਨਾਲ ਭਰੀਆਂ
ਧਰਤੀ ਤੇ ਉਤਰੀਆਂ
ਰੰਗ ਬਿਰੰਗੀਆਂ ਜਿਲਦਾਂ ਚ ਸਜੀਆਂ
ਕਥਾਵਾਂ
ਕਵਿਤਾਵਾਂ
‘ਸੂਰਜ ਮੰਦਰ ਦੀਆਂ ਪੌੜੀਆਂ’
ਚਿੱਟੇ ਕਾਗਜ਼ ਕਾਲੇ ਹਰਫ਼
ਕਾਲੇ ਹਰਫ਼ਾਂ ‘ਚੋਂ ਉੱਠਦੀ ਲੋਅ
ਜਦ ਮਹਾਂਵਿਦਿਆਲੇ ਗਿਆ
ਤਾਂ ‘ਲਫਜ਼ਾਂ ਦੀ ਦਰਗਾਹ’ ਪਹੁੰਚਿਆ
‘ਹਵਾ ਵਿਚ ਲਿਖੇ ਹਰਫ਼ਾਂ’ ਦੀ ਮੁਹਾਰਨੀ
ਰੋਮ ਰੋਮ ਚ ਰਚੀ ਹੋਈ ਸੀ
ਸਾਲ ਤੇ ਸਦੀ ਉਹ
ਜਿਸ ਚ
ਕੰਨੀਆਂ ਤੇ ਦੋ ਏਕੇ
ਤੇ ਵਿਚਕਾਰ ਦੋ ਨਾਏਂ
ਕਾਲਜ ਦੀ ਕੰਟੀਨ
ਕਿਨਾਰਾ ਨਹਿਰ ਦਾ
ਪੜਾਕੂਆਂ ਦੀ ਬਹਿਸ
ਵੱਡਾ ਕੌਣ?
ਪਾਸ਼? ਪਾਤਰ? ਜਗਤਾਰ? ਦਿਲ?
ਤਿੱਖੇ ਬੋਲ
ਸ਼ਬਦਾਂ ਚੋਂ ਧੂੰਆਂ ਉੱਠਦਾ
ਉਠਦੀ ਲਾਟ ਦੀ ਸਿਖਰ ‘ਤੇ
ਸ਼ਾਇਰੀ ਦਾ ਸਿਰਨਾਵਾ
ਇਕਮਿਕ ਹੋ ਜਾਂਦਾ
ਪੜ੍ਹਦੇ ਹੋਰ ਪੜ੍ਹਦੇ
ਪੜ੍ਹਦਿਆਂ ਮਹਿਸੂਸਿਆ
‘ਬਿਰਖਾਂ ਦੀ ਅਰਜ’
ਮੇਰੀ ਆਪਣੀ ਅਰਜੋਈ ਹੈ
‘ਹਨੇਰੇ ਚ ਸੁਲਗਦੀ ਵਰਨਮਾਲਾ’ ਦੇ ਅੱਖਰ
ਸੂਹੇ ਹੋ ਰਹੇ ਨੇ
‘ਪਤਝੜ ਦੀ ਪਾਜੇਬ’ ਸੁਰ ਚ ਹੈ
ਤੇ ਬਿਰਖਾਂ ਨੂੰ ਹਰੇ ਹਰੇ ਪੱਤੇ
ਨਿਕਲ ਪਏ ਹਨ
ਮਨ ‘ਚੰਨ ਸੂਰਜ ਦੀ ਵਹਿੰਗੀ’ ਚ
ਸ਼ਬਦਾਂ ਦੀ ਖੋਜੇ ਪੈ ਗਿਆ ਹੈ
ਇਹ ਸਫ਼ਰ ਨਿਰੰਤਰ ਹੈ
ਨਿਰੰਤਰਤਾ ਦਾ ਪਾਤਰ
ਮਨ ਅੰਦਰ ਸੁਰਜੀਤ ਹੋ ਗਿਆ !
ਮਨ ਅੰਦਰ ਸੁਰਜੀਤ ਹੋ ਗਿਆ !!
——————–
-ਸਤਪਾਲ ਭੀਖੀ