ਇਲਾਕਾ ਨਿਵਾਸੀਆਂ ਨੂੰ ਮੁਬਾਰਕਾ, ਸਰਕਾਰੀ ਹਾਈ ਸਕੂਲ ਮਲਕੋਂ ਨੂੰ ਪੰਜਾਬ ਰਾਜ ਵਾਤਾਵਰਣ ਐਵਾਰਡ 2025
ਮੇਰੇ ਹਲਕੇ ਦੇ ਸਕੂਲ ਨੂੰ ਵਾਤਾਵਰਨ ਅਵਾਰਡ ਮਿਲਣਾ ਮਾਣ ਵਾਲੀ ਗੱਲ-ਪ੍ਰਿੰਸੀਪਲ ਬੁੱਧ ਰਾਮ
ਬੋਹਾ , 06 ਜੂਨ (ਨਿਰੰਜਨ ਬੋਹਾ )
ਖੇਤਰ ਦੇ ਪਿੰਡ ਪਿੰਡ ਮਲਕੋਂ ਦੇ ਸਰਕਾਰੀ ਹਾਈ ਸਕੂਲ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ ਹਰਜੋਤ ਸਿੰਘ ਬੈਂਸ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਐਵਾਰਡ 2025 ਨਾਲ ਨਿਵਾਜਿਆ ਗਿਆ। ਇਸ ਐਵਾਰਡ ਵਿੱਚ ਇਕ ਲੱਖ ਰੁਪਏ ਨਗਦ, ਚਾਂਦੀ ਦੀ ਪਲੇਟ ਅਤੇ ਸਰਟੀਫਿਕੇਟ ਸਨਮਾਨ ਸ਼ਾਮਿਲ ਹੈ । ਸਕੂਲ ਨੂੰ ਇਹ ਅਵਾਰਡ ਸਕੂਲ ਵਿੱਚ 45 ਤਰ੍ਹਾਂ ਦੇ ਵਿਰਾਸਤੀ ਦਰੱਖਤਾਂ ਦਾ ਮਿੰਨੀ ਜੰਗਲ ਲਗਾਉਣ , ਕੈਂਪਸ ਦੀ ਹਰਿਆਲੀ ਅਤੇ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਤੇ ਮਨਾਹੀ ਕਰਕੇ ਮਿਲਿਆ ਹੈ। ਸਕੂਲ ਨੂੰ ਇਹ ਸਨਮਾਨ ਵਿਗਿਆਨ ,ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਵਾਤਾਵਰਨ ਦਿਵਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ 23 ਜਿਲਿਆਂ ਵਿੱਚੋਂ ਇਹ ਸਨਮਾਨ ਮਾਨਸਾ ਦੇ ਮਲਕੋਂ ਸਕੂਲ ਦੇ ਹਿੱਸੇ ਆਇਆ ਹੈ। ਇਹ ਸਨਮਾਨ ਮਿਲਣ ਤੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੇਰੇ ਹਲਕੇ ਦੇ ਪਿੰਡ ਮਲਕੋਂ ਦੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ, ਪਿੰਡ ਦੀ ਪੰਚਾਇਤ, ਸਕੂਲ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮੈਂ ਵਧਾਈ ਦਿੰਦਾ ਹਾਂ ਜਿਨਾਂ ਨੇ ਵਾਤਾਵਰਨ ਦੇ ਖੇਤਰ ਵਿੱਚ ਵਿਲੱਖਣ ਕੰਮ ਕਰਕੇ ਹਲਕੇ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਸਮੇਲ ਸਿੰਘ ਗਿੱਲ ਅਤੇ ਉਹਦੀ ਪੂਰੀ ਟੀਮ ਨੇ ਵਾਤਾਵਰਨ ਬਚਾਉਣ ਵਿੱਚ ਹੀ ਯੋਗਦਾਨ ਨਹੀਂ ਪਾਇਆ ਸਗੋਂ ਸਾਰੇ ਸਮਾਜ ਅੱਗੇ ਇੱਕ ਉਦਾਹਰਨ ਪੇਸ਼ ਕੀਤੀ ਹੈ। ਇਹ ਉਦਾਹਰਨ ਸਾਰੇ ਸਮਾਜ ਲਈ ਚੇਤਨਾ ਦਾ ਕੰਮ ਕਰੇਗੀ। ਦ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਸਕੂਲ ਗਰੀਨ ਨੈਸ਼ਨਲ ਸਕੂਲ ਐਵਾਰਡ ਅਤੇ ਉੱਤਮ ਸਕੂਲ ਐਵਾਰਡ ਜਿਸ ਦੀ ਨਗਦ ਰਾਸ਼ੀ ਸਾਢੇ ਸੱਤ ਲੱਖ ਰੁਪਏ ਸੀ ਵੀ ਜਿੱਤ ਚੁੱਕਿਆ ਹੈ।
ਇਹ ਸਨਮਾਨ ਮਿਲਣ ਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਧੂਰੀ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਭੁਪਿੰਦਰ ਕੌਰ, ਉਹ ਜ਼ਿਲਾ ਸਿੱਖਿਆ ਅਫਸਰ ਪਰਮਜੀਤ ਸਿੰਘ ਭੋਗਲ , ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਪ੍ਰਿੰਸੀਪਲ ਅਰੁਣ ਕੁਮਾਰ , ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਦਰਸ਼ਨ ਬਰੇਟਾ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ, ਜਗਜੀਤ ਸਿੰਘ , ਮਨਜੀਤ ਕੌਰ ਸਰਪੰਚ ਮਲਕੋਂ, ਪਿਆਰਾ ਸਿੰਘ ਗੁਰਨੇ ਕਲਾਂ, ਡੀ ਆਰ ਸੀ ਨਵਨੀਤ ਕੱਕੜ ਪਰਮਿੰਦਰ ਸਿੰਘ ਦਾਤੇਵਾਸ, ਚੇਅਰਮੈਨ ਬੋਹੜ ਸਿੰਘ ਅਤੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ ।
ਫੋਟੋ- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਰਾਜ ਸਭਾ ਮੈਬਰ ਬਲਬੀਰ ਸਿੰਘ ਸੀਚੇਵਾਲ ਤੋਂ ਅਵਾਰਡ ਪ੍ਰਾਪਤ ਕਰਦੇ ਹੋਏ ਸਕੂਲ ਮੁੱਖੀ ਜਸਮੇਲ ਸਿੰਘ ਤੇ ਵਿਦਿਆਰਥੀ