ਗਾਜ਼ਾ ਵਿੱਚ ਨਸਲਕੁਸ਼ੀ ਦੇ ਵਿਰੋਧ ਵਿੱਚ ਭਾਰਤ ਨੇਤਨਯਾਹੂ ਸਰਕਾਰ ਨਾਲੋਂ ਸਾਰੇ ਕੂਟਨੀਤਕ ਤੇ ਵਪਾਰਕ ਸਬੰਧ ਖ਼ਤਮ ਕਰੇ
ਵਿਖਾਵਾਕਾਰੀਆਂ ਨੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਕਾਬਲੇ ਮਾਮੂਲੀ ਜਿਹੀ ਰਾਹਤ ਦਾ ਐਲਾਨ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸਖ਼ਤ ਆਲੋਚਨਾ
ਮਾਨਸਾ, 10 ਸਤੰਬਰ (ਨਾਨਕ ਸਿੰਘ ਖੁਰਮੀ)
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ‘ਤੇ ਇਜ਼ਰਾਇਲ ਦੇ ਵਿੱਤ ਮੰਤਰੀ ਬੇਜਾਲੇਲ ਸਮੋਟਰਿਚ ਦੇ ਭਾਰਤ ਦੌਰੇ ਦੇ ਵਿਰੋਧ ’ਚ ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ, ਖੱਬੇ ਪੱਖੀ ਸੰਗਠਨਾਂ ਅਤੇ ਮੁਸਲਿਮ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਨੇੜੇ ਇਸਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ।
ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਇਜ਼ਰਾਇਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਨੂੰ ਮੂਲੋਂ ਹੀ ਖਤਮ ਕਰਨ ਲਈ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਇਸਰਾਈਲੀ ਫੌਜ ਹੁਣ ਤੱਕ ਸੱਤਰ ਹਜ਼ਾਰ ਤੋਂ ਵੱਧ ਬੇਕਸੂਰ ਫਿਲਸਤੀਨੀ ਲੋਕਾਂ ਨੂੰ ਕਤਲ ਕਰ ਚੁੱਕੀ ਹੈ। ਅੰਨੇਵਾਹ ਬੰਬਾਰੀ ਕਰਕੇ ਗਾਜ਼ਾ ਪੱਟੀ ਵਿੱਚ ਕੁੱਲ ਘਰਾਂ, ਹਸਪਤਾਲਾਂ, ਸਕੂਲਾਂ ਅਤੇ ਹੋਰ ਪ੍ਰਬੰਧਕੀ ਇਮਾਰਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਜ਼ਖਮੀਆਂ ਤੇ ਬਿਮਾਰਾਂ ਨੂੰ ਉੱਥੇ ਕੋਈ ਇਲਾਜ ਨਹੀਂ ਮਿਲ ਰਿਹਾ। ਹਾਲੇ ਤੱਕ ਬਚੇ ਹੋਏ ਲੋਕਾਂ ਖੁਰਾਕ,ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਤੇਜ਼ੀ ਨਾਲ ਭੁੱਖਮਰੀ ਤੇ ਆਕਾਲ ਵੱਲ ਧੱਕੇ ਜਾ ਰਹੇ ਹਨ। ਇਸਰਾਈਲ ਨੇ ਬਾਹਰੋਂ ਜਾਣ ਵਾਲੀ ਮਾਨਵੀ ਸਹਾਇਤਾ — ਖੁਰਾਕੀ ਵਸਤਾਂ, ਦਵਾਈਆਂ ਅਤੇ ਪਾਣੀ ਉੱਤੇ ਵੀ ਸਖ਼ਤ ਰੋਕਾਂ ਲਾਈਆਂ ਹੋਈਆਂ ਹਨ। ਇੱਥੋਂ ਤੱਕ ਕਿ ਸ਼ਰਨਾਰਥੀ ਕੈਂਪਾਂ ਤੇ ਹਸਪਤਾਲਾਂ ਉੱਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ। ਇਹਨਾਂ ਹਮਲਿਆਂ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਗਿਣ-ਮਿਥ ਕੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਅਣਮਨੁੱਖੀ ਕਤਲੇਆਮ ਬਦਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਲੋਂ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ। ਇਜ਼ਰਾਇਲ ਦੇ ਇਹਨਾਂ ਘਿਨਾਉਣੇ ਕਾਰਨਾਮਿਆਂ ਖਿਲਾਫ਼ ਦੁਨੀਆਂ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਖੁਦ ਇਜ਼ਰਾਇਲ ਦੇ ਅੰਦਰ ਵੀ ਜੰਗ ਬੰਦ ਕਰਨ ਲਈ ਅਕਸਰ ਨੇਕ ਲੋਕ ਵਿਰੋਧ ਕਰਨ ਲਈ ਸੜਕਾਂ ’ਤੇ ਉੱਤਰਦੇ ਹਨ। ਪਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ – ਜਿਸ ਖਿਲਾਫ ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਮੁਕੱਦਮਾ ਚੱਲ ਰਿਹਾ ਹੈ, ਉਹ ਸਜ਼ਾ ਤੋਂ ਬਚਣ ਲਈ ਜਾਣ ਬੁੱਝ ਕੇ ਇਹ ਖੂਨੀ ਜੰਗ ਜਾਰੀ ਰੱਖਣ ਲਈ ਬਾਜ਼ਿੱਦ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ ’ਚ ਇਜ਼ਰਾਇਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਇਸਰਾਈਲ ਨਾਲ ਵਪਾਰ ਨੂੰ ਵਧਾਉਣ ਦੀਆਂ ਮੋਦੀ ਸਰਕਾਰ ਦੀਆਂ ਸਕੀਮਾਂ ਅਸਲ ਵਿੱਚ ਨਿਰਦੋਸ਼ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਨੂੰ ਲਗਾਤਾਰ ਜਾਰੀ ਰੱਖਣ ਮੱਦਦਗਾਰ ਹੋਣ ਤੇ ਨੇਤਨਯਾਹੂ ਦੇ ਅਪਰਾਧਿਕ ਮਨਸੂਬਿਆਂ ਦੇ ਪੱਖ ਵਿੱਚ ਖੜ੍ਹਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਅਸੀਂ ਮੰਗ ਕਰਦੇ ਹਾਂ ਕਿ ਭਾਰਤ ਗਾਜ਼ਾ ਪੱਟੀ ਵਿੱਚ ਫਿਲਸਤੀਨੀ ਲੋਕਾਂ ਦੀ ਮੁਕੰਮਲ ਨਸਲਕੁਸ਼ੀ ਵਰਗਾ ਕੁਕਰਮ ਕਰ ਰਹੀ ਬੁੱਚੜ ਨੇਤਨਯਾਹੂ ਸਰਕਾਰ ਨਾਲੋਂ ਸਾਰੇ ਕੂਟਨੀਤਕ ਤੇ ਵਪਾਰਕ ਸਬੰਧ ਖ਼ਤਮ ਕਰੇ।
ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਯੂ.ਐਨ.ਓ.ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ-ਹਾਜ਼ਰ ਰਹਿਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਜ਼ਰਾਇਲ,ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਚੋਂ ਫੌਜਾਂ ਬਾਹਰ ਕੱਢੇ ਤੇ ਤੁਰੰਤ ਇਹ ਇਕ ਪਾਸੜ ਜੰਗ ਬੰਦ ਕਰੇ, ਨੇਤਨਯਾਹੂ ਨੂੰ ਉਸ ਦੇ ਜੰਗੀ ਅਪਰਾਧਾਂ ਲਈ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਵਿਖਾਵਾਕਾਰੀਆਂ ਨੇ ਮਤਾ ਪਾਸ ਕਰਕੇ ਜਿਥੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਉਤੇ ਦੁੱਖ ਪ੍ਰਗਟ ਕੀਤਾ ਗਿਆ, ਉਥੇ ਪੰਜਾਬ ਦੇ ਅੰਦਰੋਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਯੂਪੀ, ਰਾਜਸਥਾਨ ਵਿਚੋਂ ਅਤੇ ਖਾਸ ਕਰ ਮੁਸਲਿਮ ਭਾਈਚਾਰੇ ਵਲੋਂ ਹੜ੍ਹ ਪੀੜਤਾਂ ਲਈ ਭਾਰੀ ਮਾਤਰਾ ਵਿੱਚ ਰਸਦ ਤੇ ਲੋੜੀਂਦਾ ਸਾਮਾਨ ਲਿਆਉਣ ਅਤੇ ਜਾਨ ਜ਼ੋਖਿਮ ਵਿੱਚ ਪਾ ਕੇ ਹੜ੍ਹ ਵਿੱਚ ਘਿਰੇ ਲੋਕਾਂ ਦਾ ਬਚਾਅ ਕਰਨ ਵਾਲੇ ਸਮੂਹ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਇੱਕਠ ਨੇ ਹਾਲੇ ਤੱਕ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਕੋਈ ਨਕਦ ਅੰਤਰਿਮ ਰਾਹਤ ਅਦਾ ਨਾ ਕਰਨ ਬਦਲੇ ਮਾਨ ਸਰਕਾਰ ਦੀ ਅਤੇ ਲੰਬਾ ਸਮਾਂ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਅਤੇ ਹੁਣ ਹੋਏ ਨੁਕਸਾਨ ਦੀ ਤੁਲਨਾ ਵਿਚ ਬਿਲਕੁਲ ਮਾਮੂਲੀ ਰਕਮ ਦੇਣ ਦਾ ਐਲਾਨ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਦੀ ਸਖ਼ਤ ਨਿੰਦਾ ਕੀਤੀ।
ਇਸ ਰੋਸ ਵਿਖਾਵੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬਲਵਿੰਦਰ ਸਿੰਘ ਘਰਾਂਗਣਾ, ਲਿਬਰੇਸ਼ਨ ਵਲੋਂ ਨਛੱਤਰ ਸਿੰਘ ਖੀਵਾ, ਵਿਜੇ ਭੀਖੀ, ਗੁਰਸੇਵਕ ਸਿੰਘ ਮਾਨ, ਬੀਕੇਯੂ ਡਕੌਂਦਾ (ਧਨੇਰ) ਵੱਲੋਂ ਜਸਪਾਲ ਸਿੰਘ ਭੈਣੀਬਾਘਾ, ਲਖਵੀਰ ਸਿੰਘ ਅਕਲੀਆ, ਇਨਕਲਾਬੀ ਕੇਂਦਰ ਵੱਲੋਂ ਜਗਮੇਲ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਿਕੰਦਰ ਸਿੰਘ ਘਰਾਂਗਣਾ, ਜਮਹੂਰੀ ਕਿਸਾਨ ਸਭਾ ਵੱਲੋਂ ਮੇਜਰ ਸਿੰਘ ਦੂਲੋਵਾਲ, ਸੀਪੀਆਈ ਦੇ ਆਗੂ ਕ੍ਰਿਸ਼ਨ ਚੌਹਾਨ, ਏਪਵਾ ਆਗੂ ਜਸਬੀਰ ਕੌਰ ਨੱਤ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਅਮਨਦੀਪ ਸਿੰਘ ਰਾਮਪੁਰ ਮੰਡੇਰ, ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲੀਆ, ਬੀਕੇਯੂ ਕ੍ਰਾਂਤੀਕਾਰੀ ਵੱਲੋਂ ਗੁਰਪ੍ਰਣਾਮ ਸਿੰਘ ਅਤੇ ਮੁਸਲਿਮ ਫਰੰਟ ਵੱਲੋਂ ਮੀਆਂ ਤਰਸੇਮ ਖਾਨ ਅਤੇ ਹੋਰ ਵਰਕਰ ਸ਼ਾਮਲ ਸਨ।