ਇਨਕਲਾਬੀ ਕਵੀ ਹਾਂ
ਤੁਸੀ ਸਮਝੋ ਨਾ ਸਮਝੋ
ਮੇਰੀ ਕਵਿਤਾ ਵਿੱਚ
ਲਾਲ ਰੰਗ ਦਾ ਜ਼ਿਕਰ ਆਉਂਦੈ
ਮੈਂ ਕ੍ਰਾਂਤੀ ਦਾ ਉਪਾਸ਼ਕ ਹਾਂ
ਪਰ ਮੈਂ ਭੁੱਲ ਜਾਂਦਾ ਹਾਂ
ਕਿ ਬਗਾਵਤ ਦੇ ਬੀਜ
ਕਿਸ ਧਰਤ ਤੇ ਪੁੰਗਰਦੇ ਨੇ
ਵਿੱਥ ਬਣਾ ਕੇ ਤੁਰਦਾ ਹਾਂ
ਭੱਖ ਰਹੇ ਜ਼ਜਬਿਆਂ ਦੇ ਪੈਂਡਿਆਂ ਤੋਂ
ਪਰ ਮੈਂਨੂੰ ਲਾਲ ਰੰਗ ਸੋਹਣਾ ਲੱਗਦੈ
ਸਾਗਰ ਦੀਆਂ ਲਹਿਰਾਂ ਨਾਲ
ਕਲੋਲ ਕਰਦੀ
ਮੇਰੀ ਕਵਿਤਾ ਮਦਹੋਸ਼ ਹੋ ਜਾਂਦੀ ਹੈ
ਪਰ ਜੰਗਲ ਵਿੱਚ ਲੱਗੀ ਅੱਗ ਤੋਂ
ਬਸਤਰ ਬਚਾ ਕੇ ਰੱਖਦੀ ਹੈ
ਮੇਰੀ ਕਵਿਤਾ ਮਾਸੂਮੀਅਤ ਭਾਲਦੀ
ਮਨਫੀ਼ ਕਰ ਦਿੰਦੀ ਹੈ
ਭੈਅਭੀਤ ਗਾਜ਼ਾ ਵਿੱਚਲੇ ਮਾਸੂਮ ਹੰਝੂ
ਜਿਸ ਨੂੰ ਪੂੰਝਣ ਵਾਲੇ ਮਾਪੇ
ਸਦਾ ਦੀ ਨੀਂਦ ਸੌਂ ਗਏ
ਮੇਰੇ ਤੋਂ ਲਿਖੀ ਨਾਂ ਗਈ
ਉਹ ਕਵਿਤਾ
ਜੋਂ ਪਹਿਲਗਾਮ ਵਿੱਚ
ਸੁਪਨੇ ਮਾਰਨ ਵਾਲੇ
ਕਾਤਲਾਂ ਦਾ ਨਾਮ ਲਿਖ ਦੇਵੇ
ਉਂਝ ਮੇਰੀ ਕਵਿਤਾ ਦੁੱਖੀ ਤਾਂ ਹੋਈ
ਮੈਂ ਲੋਕਾਂ ਦਾ ਕਵੀ ਤਾਂ ਹਾਂ
ਜੰਗ ਦੇ ਫੁੰਕਾਰੇ ਸੁਣ
ਮੇਰੇ ਘਰ ਦੀ ਹੱਦ ਦੇ
ਦੋਵੋਂ ਪਾਸੋਂ ਨਿਕਲੀ ਚੀਕ
ਸੁਣਨ ਤੋਂ ਮਨਫੀਂ ਹੋਏ ਮੇਰੇ ਸ਼ਬਦ।
ਪਰ ਖ਼ਤਰਾ ਠੱਲਣ ਤੋਂ ਬਾਅਦ
ਅਮਨ ਦੀ ਗੱਲ ਕਰਨ ਲੱਗੇ
ਮੈਂਨੂੰ ਹੱਕਾਂ ਦੀ ਹਿਫਾਜਤ ਕਰਨ ਦਾ
ਵਲ਼ ਨਹੀਂ ਆਇਆ
ਏਥੇ ਆਨੇ ਬਹਾਨੇ ਹੱਕ ਦੀ ਕਵਿਤਾ
ਮੁਸ਼ਾਇਰੇ ਵਿੱਚ ਨਿਕਲ ਆਉਂਦੀ ਹੈ।
ਚੱਲੋਂ ਕੁਝ ਤਾਂ ਹੋਇਆ
ਸਰੋਤੇ ਮਹਿਫ਼ਲ ਵਿੱਚ ਤਾੜੀਆਂ ਮਾਰਦੇ
ਮੈਂਨੂੰ ਇਨਕਲਾਬੀ ਕਵੀ ਕਹਿੰਦੇ
ਕਵਿਤਾ ਮੇਰੇ ਤੇ ਹੱਸਦੀ।
ਅਰਵਿੰਦਰ ਕਾਕੜਾ
—-
ਸਾਹਿਤ ਵਿਚਾਰ ਮੰਚ
SAHIT VICHAR MANCH