23 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਆਰ ਜੀ ਕਰ ਮੈਡੀਕਲ ਕਾਲਜ ਦੀ ਵਿਦਿਆਰਥਣ ਦੇ ਬਲਾਤਕਾਰੀ ਹੱਤਿਆਰੇ ਨੂੰ ਸਖ਼ਤ ਸਜ਼ਾ ਦਿਉ÷ਆਇਸਾ ਪੰਜਾਬ।
ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਆਰ ਜੀ ਕਰ ਮੈਡੀਕਲ ਕਾਲਜ ਕਲਕੱਤਾ ਵਿਖੇ ਵਿਦਿਆਰਥਣ ਮੋਮਿਤਾ ਦੇਵਨਾਥ ਨਾਲ ਬਲਾਤਕਾਰ ਕਰਕੇ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣ ਲਈ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਆਗੂ ਗਗਨਦੀਪ ਕੌਰ ਨੇ ਕਿਹਾ ਕਿ ਕਿ ਅੱਜ ਦੇਸ਼ ਅੰਦਰ ਬੱਚੀ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਦੀ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ ਅਤੇ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ,ਅਪਰਾਧੀਆਂ ਨੂੰ ਅਤੇ ਹੱਤਿਆਰਿਆਂ ਨੂੰ ਸਰਕਾਰੀ ਸੁਰੱਖਿਆ ਮਿਲੀ ਹੈ। ਕਲਕੱਤਾ ਦੇ ਆਰਜੀ ਕਰ ਹਸਪਤਾਲ ਦੀ ਤਾਜ਼ਾ ਘਟਨਾ,ਉੱਤਰ ਪ੍ਰਦੇਸ਼,ਉੱਤਰਾਖੰਡ ਅਤੇ ਝਾਰਖੰਡ ਦੀਆਂ ਘਟਨਾਵਾਂ ਤੋਂ ਸਾਫ ਝਲਕਦਾ ਹੈ ਕਿ ਦੇਸ਼ ਅਤੇ ਸਮਾਜ ਅੰਦਰ ਸਰਕਾਰ ਅਤੇ ਸਮਾਜਿਕ ਤਾਣਾ ਬਾਣਾ ਔਰਤਾਂ ਦੀ ਸੁਰੱਖਿਆ ਪ੍ਰਤੀ ਸੁਹਿਰਦ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਕਲਕੱਤਾ ਦੇ ਆਰਜ਼ੀ ਕਰ ਹਸਪਤਾਲ ਵਿੱਚ ਮੈਡੀਕਲ ਦੀ ਟ੍ਰੇਨਿੰਗ ਲੈ ਰਹੀੀ ਵਿਦਿਆਰਥਣ ਮੋਮਿਤਾ ਦੇਵਨਾਥ ਨਾਲ ਹਸਪਤਾਲ ਦੇ ਵਿੱਚ ਹੀ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਜਾਣਾ ਦੇਸ਼ ਦੇ ਤਮਾਮ ਹਸਪਤਾਲਾਂ ਅਤੇ ਹੋਰ ਜਨਤਕ ਅਦਾਰਿਆਂ ਅੰਦਰ ਕੇਂਦਰ ਸਰਕਾਰ ਦੇ ਨਾਲ-ਨਾਲ ਤਮਾਮ ਰਾਜਾਂ ਦੀਆਂ ਸਰਕਾਰਾਂ ਉੱਪਰ ਵੀ ਔਰਤਾਂ ਦੀ ਸੁਰੱਖਿਆ ਪ੍ਰਤੀ ਗੈਰ ਜ਼ਿੰਮੇਵਾਰ ਰੱਵਈਆ ਕਾਰਨ ਸਵਾਲ ਖੜ੍ਹੇ ਕਰਦਾ ਹੈ ਅਤੇ ਔਰਤਾਂ ਅੰਦਰ ਸੁਰੱਖਿਆ ਪ੍ਰਤੀ ਡਰ ਦਾ ਮਾਹੌਲ ਪੈਦਾ ਕਰਦਾ ਹੈ। ਮੌਜੂਦਾ ਬੀਜੇਪੀ ਦੀ ਸਰਕਾਰ ਦੇ ਰਾਜ ਵਿੱਚ ਜਿੱਥੇ ਦੇਸ਼ ਅੰਦਰ ਬਲਾਤਕਾਰ,ਚੋਰੀ,ਰਿਸ਼ਵਤ ਖੋਰੀ ਅਤੇ ਫਿਰਕੂ ਮਾਹੌਲ ਆਪਣੀ ਰੰਗਤ ਦਿਖਾ ਰਿਹਾ ਹੈ,ਉੱਥੇ ਨਾਲ ਹੀ ਬੀਜੇਪੀ ਸਿੱਖਿਆ ਦੇ ਅਦਾਰਿਆਂ, ਹਸਪਤਾਲਾਂ ਅਤੇ ਹੋਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਦੇਸ਼ ਦੇ ਵਿਦਿਆਰਥੀ ਨੌਜਵਾਨਾਂ ਅਤੇ ਆਮ ਨਾਗਰਿਕਾਂ ਦਾ ਭਵਿੱਖ ਬਰਬਾਦੀ ਵੱਲ ਧੱਕ ਰਹੀ ਹੈ। ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ,ਮੋਮਿਤਾ ਦੇਵਨਾਥ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ,ਵਿੱਦਿਅਕ ਅਦਾਰਿਆਂ ਸਮੇਤ ਸਭ ਜਨਤਕ ਅਦਾਰਿਆਂ ਅੰਦਰ ਔਰਤਾਂ ਦੀ ਸੁਰੱਖਿਆ ਲਈ GSCASH(Gender senstization committee against sexual harrasment) ਦੇ ਸੰਗਠਨ ਸਥਾਪਿਤ ਕੀਤੇ ਜਾਣ, ਵਿਦਿਆਰਥੀਆਂ ਦੀਆਂ ਫੀਸਾਂ ਫੰਡਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਕਰਦਿਆਂ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ ਅਤੇ ਸਿੱਖਿਆ ਦਾ ਨਿੱਜੀਕਰਨ ਬੰਦ ਕੀਤਾ ਜਾਵੇ।
ਇਸ ਮੌਕੇ ਆਇਸਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੇ ਆਗੂ ਸੱਤਨਾਮ ਸਿੰਘ ਗੰਢੂ ਖੁਰਦ ਤੋਂ ਇਲਾਵਾ ਮਹਿਕਦੀਪ ਕੌਰ,ਕਮਲਜੀਤ ਕੌਰ,ਗੁਰਦੀਪ ਕੌਰ,ਪਰਮਜੀਤ ਕੌਰ ਅਤੇ ਰਣਦੀਪ ਕੌਰ ਆਦਿ ਵਿਦਿਆਰਥਣਾਂ ਹਾਜ਼ਰ ਸਨ।