ਪਿੰਡ ਸਮਾਓਂ ਵਿਖੇ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ
ਕਰਨ ਸਿੰਘ
ਭੀਖੀ, 18 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਨੇ ਭੀਖੀ, ਸਮਾਓਂ, ਅਤਲਾ ਖੁਰਦ, ਮੱਤੀ, ਗੁਰਥੜੀ, ਖੀਵਾ ਕਲਾਂ, ਮੋਹਰ ਸਿੰਘ ਵਾਲਾ ਅਤੇ ਜੱਸੜ ਸਿੰਘ ਵਾਲਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਲੋਕਾਂ ਦੀ ਸੇਵਾ ਕਰਦਿਆਂ ਬੀਤਿਆ ਹੈ, ਆਪਣੇ ਹੱਕ ਵਿੱਚ ਵੋਟਾਂ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹ ਮਜ਼ਬੂਤ ਪਿਛੋਕੜ ਵਾਲੀ ਪਾਰਟੀ ਦੇ ਉਮੀਦਵਾਰ ਜੋ ਦੇਸ਼ ਦਾ ਵਿਕਾਸ਼ ਕਰ ਰਹੀ ਹੈ, ਆਮ ਆਦਮੀ ਪਾਰਟੀ ਪੰਜਾਬ ਦਾ ਪੈਸਾ ਅਰਵਿੰਦ ਕੇਜਰੀਵਾਲ ਦੇ ਹੁਕਮ ’ਤੇ ਦੂਜੇ ਰਾਜਾਂ ਵਿੱਚ ਵਰਤ ਰਹੀ ਹੈ, ਦੂਜੇ ਰਾਜਾਂ ਵਿੱਚ ਅਖਬਾਰਾਂ ਨੂੰ ਇਸ਼ਤਿਆਰ ਦਿੱਤੇ ਜਾ ਰਹੇ ਹਨ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਘੱਟ ਤੇ ਦੂਜੇ ਰਾਜਾਂ ਵਿੱਚ ਜਿਆਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਹੀ ਭਾਰਤ ਦਾ ਵਿਕਾਸ ਕਰ ਸਕਦੇ ਹਨ, ਹਰਿਆਣਾ, ਯੂਪੀ ਅਤੇ ਗੁਜਰਾਤ ਵਿੱਚ ਪੰਜਾਬ ਨਾਲੋਂ ਵੱਧ ਸਹੂਲਤਾਂ ਲੋਕਾਂ ਲਈ ਸਰਕਾਰਾਂ ਮੁਹੱਈਆ ਕਰਵਾ ਰਹੀਆਂ ਹਨ, ਉਕਤ ਰਾਜਾਂ ਵਾਂਗ ਹੀ ਪੰਜਾਬ ਦਾ ਵਿਕਾਸ ਹੋਵੇਗਾ। ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਬਾਰੇ ਬੋਲਦਿਆਂ ਸ੍ਰੀਮਤੀ ਪਰਮਪਾਲ ਕੌਰ ਨੇ ਕਿਹਾ ਕਿ ਬੀਬਾ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਤੇ ਪੰਜਾਬ ਵਿੱਚ ਸਰਕਾਰ ਹੋਣ ਦੇ ਬਾਵਜੂਦ ਵੀ ਮਾਨਸਾ ਜਿਲ੍ਹੇ ਵਿੱਚ ਕੋਈ ਪ੍ਰੋਸੈਸਿੰਗ ਯੂਨਿਟ ਨਹੀਂ ਲਗਵਾ ਸਕੀ।
ਸਾਬਕਾ ਸਰਪੰਚ ਗੁਰਤੇਜ ਸਿੰਘ ਸਮਾਓਂ ਨੇ ਬੋਲਦਿਆਂ ਕਿਹਾ ਕਿ ਬਹੁਤੇ ਉਮੀਦਵਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੇ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ, ਉਹਨਾਂ ਦੇ ਪੀਏ ਹੀ ਸਭ ਕੁਝ ਕਰਦੇ ਹਨ ਆਪ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਜਿਸ ਨਾਲ ਵਰਕਰਾਂ ਦਾ ਮਨੋਬਲ ਡਿੱਗ ਜਾਂਦਾ ਹੈ, ਬੀਬਾ ਪਰਮਪਾਲ ਕੌਰ ਇੱਕ ਮਜ਼ਬੂਤ ਉਮੀਦਵਾਰ ਹਨ ਜਿਹਨਾਂ ਨੂੰ ਤੁਸੀਂ ਆਪਣਾ ਕੀਮਤੀ ਵੋਟ ਪਾ ਕੇ ਕੇਂਦਰ ਦੀ ਸਰਕਾਰ ਬਣਾਉਣ ਵਿੱਚ ਆਪਣਾ ਹਿੱਸਾ ਪਾਓ।
ਉਧਰ ਪਿੰਡ ਸਮਾਓਂ ’ਚ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਭੋਲਾ ਸਿੰਘ ਸਮਾਓਂ ਵੱਲੋਂ ਆਪਣੇ ਸਾਥੀਆਂ ਸਮੇਤ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਘਿਰਾਓ ਕਰਨ ਲਈ ਝੰਡੇ ਲੈ ਕੇ ਪਹੁੰਚੇ ਤਾਂ ਪੰਜਾਬ ਪੁਲੀਸ ਵੱਲੋਂ ਘੇਰ ਲਿਆ ਗਿਆ, ਕਿਸਾਨਾਂ ਵੱਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਅਤੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਸਬੰਧੀ ਸਵਾਲ ਕਰਨੇ ਚਾਹੇ ਤਾਂ ਪੁਲੀਸ ਉੱਚ ਅਧਿਕਾਰੀਆਂ ਰੋਕ ਲਿਆ।
ਇਸ ਮੌਕੇ ਰੋਬਿਨ ਜਿੰਦਲ ਭੀਖੀ, ਰਜਿੰਦਰ ਰਾਜੀ, ਸਿਮਰਜੀਤ ਸਿੰਘ ਧਲੇਵਾਂ, ਗੁਰਤੇਜ ਸਿੰਘ ਸਮਾਓਂ, ਅਜੇ ਰਿਸ਼ੀ, ਪਰਮਜੀਤ ਸਿੰਘ ਫਰਵਾਹੀ, ਸਰਪੰਚ ਕੁਲਦੀਪ ਸਿੰਘ ਬੱਪੀਆਣਾ, ਨਛੱਤਰ ਸਿੰਘ ਹਲਵਾਈ ਆਦਿ ਹਾਜ਼ਰ ਸਨ।
ਪਿੰਡ ਖੀਵਾ ਕਲਾਂ ਦੇ ਕਈ ਪਰਿਵਾਰ ਭਾਜਪਾ ਵਿੱਚ ਸਾਮਿਲ