ਗੁਰੂਗ੍ਰਾਮ, 9 ਅਗਸਤ-ਭਾਜਪਾ ਦੇ ਵਫ਼ਦ ਨੇ ਨੂਹ ਪੁੱਜ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ, ‘ਆਪ’ ਦੇ ਵਫ਼ਦ ਨੂੰ ਨੂਹ ਪੁੱਜਣ ਤੋਂ ਪਹਿਲਾਂ ਰਾਹ ਵਿੱਚ ਹੀ ਰੋਕ ਦਿੱਤਾ ਗਿਆ। ਭਾਜਪਾ ਦੇ ਵਫ਼ਦ ਦੀ ਅਗਵਾਈ ਪਾਰਟੀ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕੀਤੀ, ਜਦਕਿ ਵਫ਼ਦ ਵਿੱਚ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਮੋਹਨ ਲਾਲ ਬਦੌਲੀ, ਸੋਹਨਾ ਤੋਂ ਵਿਧਾਇਕ ਸੰਜੈ ਸਿੰਘ ਤੇ ਸਮੇਂ ਸਿੰਘ ਭੱਟੀ ਸ਼ਾਮਲ ਸਨ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਸੱਤ ਮੈਂਬਰੀ ਵਫ਼ਦ ਨੂੰ ਰੇਵਾਸਨ ਪਿੰਡ ’ਚ ਦਾਖ਼ਲ ਹੁੰਦਿਆਂ ਹੀ ਪੁਲੀਸ ਵੱਲੋਂ ਰੋਕ ਦਿੱਤਾ ਗਿਆ। ਇਹ ਵਫ਼ਦ ਹਰਿਆਣਾ ਦੀ ‘ਆਪ’ ਇਕਾਈ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਐੱਮਪੀ ਡਾ. ਸੁਸ਼ੀਲ ਗੁਪਤਾ ਦੀ ਅਗਵਾਈ ਹੇਠ ਪੁੱਜਾ ਸੀ, ਜਿਸ ਵਿੱਚ ਅਨੁਰਾਧਾ ਸ਼ਰਮਾ, ਮਨੀਸ਼ ਯਾਦਵ, ਮੁਕੇਸ਼ ਡਾਗਰ, ਧਰਮੇਂਦਰ ਖਟਾਨਾ, ਧੀਰਜ ਯਾਦਵ ਤੇ ਮੀਨੂ ਸਿੰਘ ਸ਼ਾਮਲ ਸਨ। ਇਸ ਦੌਰਾਨ ਡਾ. ਗੁਪਤਾ ਨੇ ਕਿਹਾ,‘ਭਾਜਪਾ ਆਗੂਆਂ ਨੂੰ ਜਾਣ ਦੀ ਆਗਿਆ ਦਿੱਤੀ ਗਈ, ਜਦਕਿ ਸਾਨੂੰ ਰੋਕ ਦਿੱਤਾ ਗਿਆ। ਅਸੀਂ ਦੰਗਾ ਪੀੜਤਾਂ ਨੂੰ ਮਿਲਣਾ ਚਾਹੁੰਦੇ ਸਾਂ। ਭਾਜਪਾ ਨੂੰ ਕਿਹੜੀ ਗੱਲ ਦਾ ਡਰ ਹੈ?’ ਦੂਜੇ ਪਾਸੇ, ਭਾਜਪਾ ਵਫ਼ਦ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਸਨ, ਜਦਕਿ ਕਾਂਗਰਸ, ‘ਆਪ’ ਤੇ ਸੀਪੀਆਈ ਦੇ ਆਗੂ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਨੂਹ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ। –ਪੀਟੀਆਈ