ਮਾਨਸਾ/ਬੁਢਲਾਡਾ, 13 ਅਗਸਤ:
ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਆਦਰਸ਼ ਮਾਡਲ ਹਾਈ ਸਕੂਲ ਬੁਢਲਾਡਾ ਵਿਖੇ ਸੰਜੀਵਨੀ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਸਕੂਲ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਸ ਦੌਰਾਨ ਨ਼ਸ਼ਿਆਂ ਖਿਲਾਫ ਜਾਗਰੂਕਤਾ ਲਈ ਵਿਦਿਆਰਥੀਆਂ ਦਾ ਕੁਇੱਜ ਪ੍ਰੋਗਰਾਮ ਕਰਵਾਇਆ ਗਿਆ ਅਤੇ ਸਹੀ ਜੁਆਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਦਿਆਰਥੀਆਂ ਲਈ ਵਿਸ਼ੇਸ਼ ਸੁਨੇਹਾ ਜਾਰੀ ਕਰਦਿਆਂ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਨਸ਼ੇ ਮਨੁੱਖ ਦੇ ਬਲ ਬੁੱਧ ਨੂੰ ਨਾਸ਼ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਸਰੀਰਿਕ ਤੇ ਆਤਮਿਕ ਰੋਗਾਂ ਦੇ ਜਨਮ ਦਾਤੇ ਵੀ ਹਨ, ਇਸ ਲਈ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਸਿਹਤਮੰਦ ਜੀਵਨ ਅਪਨਾਉਣ।
ਚੇਅਰਪਰਸਨ ਸੰਜੀਵਨੀ ਬਲਦੇਵ ਕੱਕੜ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਸਰੀਰ ਦਾ ਨਾਸ਼ ਕਰਦੇ ਹਨ, ਇੰਨ੍ਹਾਂ ਤੋ ਬਚਣਾ ਚਾਹੀਦਾ ਹੈ। ਗਿੱਧੇ ਭੰਗੜੇ ਤੇ ਖੇਡ ਮੇਲਿਆਂ ਵਾਲੇ ਪੰਜਾਬ ਦੀ ਪੁਰਾਣੀ ਪਹਿਚਾਣ ਵਾਪਸ ਲਿਆਉਣ ਲਈ ਸੂਬੇ ਵਿਚ ਨਸ਼ਿਆਂ ਦਾ ਮੁਕੰਮਲ ਖਾਤਮਾਂ ਕੀਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨਾ ਕੇਵਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਇਹ ਸਾਡੀ ਇੱਜ਼ਤ ਤੇ ਸਵੈ ਮਾਣ ਦੇ ਵੀ ਵੱਡੇ ਦੁਸ਼ਮਣ ਹਨ।
ਮਾਸਟਰ ਕੁਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਕ ਵੱਡੀ ਤੇ ਫੈਸਲਾਕੁਨ ਜੰਗ ਲੜੇ ਜਾਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ ਨਾਲ ਹੀ ਨਸ਼ੇ ਨਾ ਕਰਨ ਦਾ ਪ੍ਰਣ ਦਿਵਾਇਆ। ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਨਾਲ ਹੋਣ ਵਾਲੀਆ ਸਮਾਜਿਕ ਕੁਰੀਤੀਆ ਬਾਰੇ ਜਾਣੂ ਕਰਵਾਇਆ ।