–ਔਰਤ ਸਮਾਜ ਦੇ ਹਰੇਕ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਹੈ ਪਰ ਫਿਰ ਵੀ ਉਸ ਨੂੰ ਉਹ ਸਨਮਾਨ ਖੁੱਲਾਪਨ ਆਜ਼ਾਦੀ ਉਨ੍ਹੀ ਨਹੀਂ ਮਿਲਦੀ | ਦੁਨੀਆ ਦੀਆਂ ਤਿਰਛੀਆਂ ਨਜ਼ਰਾਂ ਉਸ ਦਾ ਪਿੱਛਾ ਕਰਦੀਆਂ ਰਹਿੰਦੀਆਂ ਹਨ ਅਤੇ ਮੌਕਾ ਮਿਲਣ ਤੇ ਵਾਰ ਵੀ ਕਰਦੀਆਂ ਹਨ | ਮਰਦ ਹੀ ਨਹੀਂ ਬਲਕਿ ਔਰਤਾਂ ਵੀ ਦੂਜੀਆਂ ਔਰਤਾਂ ਲਈ ਮਿਸਾਲ ਨਹੀਂ ਬਣਦੀਆਂ | ਘਰੇਲੂ ਹਿੰਸਾ ਵਿੱਚ ਜ਼ਿਆਦਾਤਰ ਔਰਤਾਂ ਦੀ ਭੂਮਿਕਾ ਹੁੰਦੀ ਹੈ | ਸਦੀਆਂ ਤੋਂ ਪਸੀਜ ਰਹੀ ਉਹ ਅੱਜ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ਼ ਨਹੀਂ ਜੀ ਸਕਦੀ | ਬਚਪਨ ਵਿੱਚ ਆਪਣੇ ਪਿਤਾ ਤੇ ਵਿਆਹ ਤੋਂ ਬਾਅਦ ਪਤੀ ਫਿਰ ਬੁਢਾਪੇ ਵਿੱਚ ਆਪਣੇ ਬੱਚਿਆਂ, ਕਹਿਣ ਦਾ ਭਾਵ ਇਹ ਕਿ ਉਸ ਦੀ ਸੁਤੰਤਰ ਹੋਂਦ ਨਹੀਂ ਹੁੰਦੀ | ਇਹ ਦੂਜੀ ਗੱਲ ਹੈ ਕਿ ਆਧੁਨਿਕ ਯੁੱਗ ਵਿੱਚ ਕੁਝ ਕੁ ਮਹਿਲਾਵਾਂ ਇਹ ਨਿਯਮ ਤੋੜ ਚੁੱਕੀਆਂ ਹਨ | ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ | ਮੱਧਕਾਲੀਨ ਇਤਿਹਾਸ ਇਸ ਦਾ ਗਵਾਹ ਹੈ ਕਿ ਰਾਜੇ ਮਹਾਰਾਜੇ ਸਾਮੰਤ ਔਰਤਾਂ ਨੂੰ ਲੁੱਟ ਦਾ ਸਮਾਨ ਹੀ ਸਮਝਦੇ ਸਨ | ਲੜਾਈ ਜਿੱਤਣ ਤੋਂ ਬਾਅਦ ਦੂਜੇ ਰਾਜਿਆਂ ਦੀਆਂ ਔਰਤਾਂ ਨੂੰ ਆਪਣੇ ਹਰਮ ਵਿੱਚ ਸ਼ਾਮਿਲ ਕਰਨਾ ਰਾਜਿਆਂ ਲਈ ਫਕਰ ਦੀ ਗੱਲ ਹੁੰਦੀ ਸੀ | ਰੋਜਾਨਾ ਜੀਵਨ ਦੀਆਂ ਖਬਰਾਂ ਵਿੱਚ ਅਸੀਂ ਵੇਖਦੇ ਹਾਂ ਕਿ ਔਰਤ ਘਰ ਅਤੇ ਬਾਹਰ ਕੰਮ ਕਰਦੀਆਂ ਹਨ| ਆਪਣੀ ਜ਼ਿੰਦਗੀ ਦੇ ਨਾਲ਼ ਨਾਲ਼ ਉਹਨਾਂ ਨੂੰ ਆਪਣੀ ਆਬਰੂ ਦੀ ਫਿਕਰ ਰਹਿੰਦੀ ਹੈ| ਫੁੱਲਾਂ ਵਰਗੀਆਂ ਕੋਮਲ ਭਾਵਨਾ ਲੈ ਕੇ ਕੰਡਿਆਂ ਨਾਲ ਜ਼ਿੰਦਗੀ ਗੁਜ਼ਾਰਦੀ ਉਸ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ | ਜਿੰਮੇਦਾਰੀ ਅਤੇ ਆਤਮ ਸਮਰਪਣ ਦੇ ਬਾਵਜੂਦ ਉਹਨਾਂ ਨੂੰ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ | ਦੁੱਧ ਪੀਂਦੀ ਬੱਚਿਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨਾਲ਼ ਅਸਮਾਜਿਕ ਘਟਨਾਵਾਂ ਘਟਦੀਆਂ ਹਨ | ਔਰਤਾਂ ਦੀ ਵੱਧ ਰਹੀ ਅਸੁਰੱਖਿਆ ਸਮਾਜ ਲਈ ਕਲੰਕ ਹੈ | ਕੋਈ ਮੰਦਭਾਗੀ ਘਟਨਾ ਘੱਟਦੀ ਹੈ ਤਾਂ ਵੀ ਅਸੀਂ ਫਿਰ ਸਵਾਲੀਆ ਨਿਸ਼ਾਨ ਔਰਤਾਂ ਦੇ ਕੱਪੜਿਆਂ ਤੇ ਤੌਰ ਤਰੀਕੇ ਤੇ ਜਾਂ ਖੁੱਲੇ ਸੁਭਾਅ ਤੇ ਲਾ ਦਿੰਦੇ ਹਾਂ | ਦਸੰਬਰ 2012 ਦਿੱਲੀ “ਨਿਰਭਿਆ” ਕਾਂਡ ਦੇ ਬਾਅਦ ਸਾਰਾ ਦੇਸ਼ ਉਸ ਨੂੰ ਨਿਆ ਦਵਾਉਣ ਲਈ ਖੜਾ ਹੋਇਆ | ਚਾਹੇ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਵੀ ਬਣਾਏ| ਪਰ ਮਣੀਪੁਰ ਦੀ ਘਟਨਾ, ਰਾਜਸਥਾਨ ਦੀ ਘਟਨਾ ਬੰਗਾਲ ਅਤੇ ਹਰਿਆਣੇ ਵਿੱਚ ਜੋ ਔਰਤਾਂ ਨਾਲ ਘੱਟੀਆਂ ਇਹਨਾਂ ਘਟਨਾਵਾਂ ਨੇ ਫਿਰ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ | ਮਹਿਲਾਂ ਪਹਿਲਵਾਨਾਂ ਨਾਲ ਦੁਰਵਿਹਾਰ, ਕੰਮ ਦਵਾਉਣ ਦੇ ਬਹਾਨੇ ਅਨੇਕਾਂ ਔਰਤਾਂ ਨਾਲ ਮਾੜਾ ਵਤੀਰਾ ਆਦਿ ਅਨੇਕਾਂ ਘਟਨਾਵਾਂ ਘਟਦੀਆਂ ਹਨ ਕਈ ਤਾਂ ਉਹ ਵੀ ਨੇ ਜਿਨਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ | ਮਹਿਲਾ ਸਸ਼ਕਤੀਕਰਨ ਵੱਲ ਇੱਕ ਕਦਮ ਉਠਾਇਆ ਗਿਆ | ਮਹਿਲਾ ਸਸ਼ਕਤੀਕਰਨ ਦੀ ਨੀਤੀ ਦਾ ਉਦੇਸ਼ ਔਰਤਾਂ ਦੀ ਉਨਤੀ ਵਿਕਾਸ ਸ਼ਕਤੀ ਨੂੰ ਮੂਲ ਰੂਪ ਦੇਣਾ ਹੈ | ਔਰਤਾਂ ਨੂੰ ਅਜਿਹਾ ਮਾਹੌਲ ਦੇਣਾ ਜਿਹਦੇ ਵਿੱਚ ਉਹ ਆਪਣੀਆਂ ਸਮਰੱਥਾ ਅਤੇ ਰੁਚੀਆਂ ਨੂੰ ਸਮਝੇ | ਸਮਾਜਿਕ ਧਾਰਮਿਕ ਰਾਜਨੀਤਿਕ ਅਤੇ ਆਰਥਿਕ ਜੀਵਨ ਦੇ ਵਿੱਚ ਸਮਾਨ ਹਿੱਸੇਦਾਰੀ ਤੇ ਨਿਰਣੇ ਲੈਣ ਦਾ ਮੌਕੇ ਮਿਲਣ | ਇਸੇ ਵੱਲ ਕਦਮ ਚੁੱਕਦਿਆਂ ਇੱਕ ਬਿੱਲ ਪਾਸ ਕੀਤਾ,ਜਿਸ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਕਿ ਔਰਤਾਂ ਨੂੰ 33% ਸੀਟਾਂ ਦਾ ਪ੍ਰਾਵਧਾਨ ਕੀਤਾ ਗਿਆ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੋ ਔਰਤਾਂ ਚੋਣਾਂ ਜਿੱਤ ਵੀ ਜਾਂਦੀਆਂ ਹਨ ਜਿਆਦਾਤਰ ਤਾਂ ਰਬੜ ਸਟੈਂਪ ਬਣ ਕੇ ਰਹਿ ਜਾਂਦੀਆਂ ਹਨ |ਸਾਰਾ ਕੰਮ ਉਹਨਾਂ ਦਾ ਪ੍ਰਧਾਨ ਪਤੀ ਹੀ ਚਲਾਉਂਦਾ ਹੈ | ਮਹਿਲਾ ਦਿਵਸ ਵਜੋਂ ਮਨਾਇਆ ਗਿਆ ਦਿਵਸ ਦੀ ਗੱਲ ਕਰੀਏ ਤਾਂ ਇਸ ਦਿਨ ਵੀ ਵੱਖ-ਵੱਖ ਸਮਾਰੋਹਾਂ ਵਿੱਚ ਕੁਝ ਕੁ ਮਹਿਲਾਵਾਂ ਨੂੰ ਯਾਦ ਕੀਤਾ ਜਾਂਦਾ ਹੈ| ਇਸ ਮੌਕੇ ਸਮਾਜ ਦੇ ਕੁਝ ਕੁ ਨਾਮ ਵਰ ਔਰਤਾਂ ਨੂੰ ਸਨਮਾਨਿਤ ਕਰਦਿਆਂ ਇਸ ਦੀ ਪੂਰਤੀ ਕਰ ਲਈ ਜਾਂਦੀ ਹੈ ਸਮਾਜ ਵਿੱਚ ਪ੍ਰਤਿਸ਼ਟਾ ਪ੍ਰਾਪਤ ਕੁਝ ਔਰਤਾਂ ਜਾਂ ਕੁਝ ਉਹ ਜੋ ਵੱਡਿਆਂ ਨਾਲ ਜਾਣ ਪਛਾਣ ਰੱਖਣ ਵਾਲੀਆਂ ਔਰਤਾਂ ਨੂੰ ਸਨਮਾਨ ਮਿਲਦਾ ਹੈ। ਪਰ ਉਹ ਜੋ ਘਰਾਂ ਵਿੱਚ ਕੰਮ ਕਰਦੀਆਂ,ਭੱਠਿਆਂ ਤੇ ਕੰਮ ਕਰਦੀਆਂ, ਕਾਰਖਾਨਿਆਂ ਵਿੱਚ ਕੰਮ ਕਰਦੀਆਂ ਜਾਂ ਅਨਪੜ ਰਹਿ ਗਈਆਂ ਉਹਨਾਂ ਔਰਤਾਂ ਦਾ ਮਹਿਲਾ ਦਿਵਸ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੁੰਦਾ ਹੈ | ਪੜੀਆਂ ਲਿਖੀਆਂ ਔਰਤਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਹਾਲਤ ਵੀ ਸਹੀ ਮਾਇਨਿਆਂ ਵਿੱਚ ਸੁਤੰਤਰ ਨਹੀਂ ਮੰਨੀ ਜਾਂਦੀ | ਉਨਾਂ ਦੇ ਕੱਪੜੇ ਪਾਉਣ ਤੋਂ ਲੈ ਕੇ ਥੋੜੀ ਦੇਰ ਨਾਲ ਆਉਣ ਤੇ ਜਵਾਬਦੇਹੀ ਮੰਗੀ ਜਾਂਦੀ ਹੈ| ਜਿੰਨਾ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਹੀ ਨਹੀਂ ਦਿੱਤਾ ਜਾਂਦਾ ਸੀ ਅੱਜ ਸੱਤ ਸਮੁੰਦਰੋਂ ਪਾਰ ਭੇਜਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ ਜਿਨਾਂ ਤੋਂ ਅਸੀਂ ਸਾਰੇ ਜਾਣੂ ਹਾਂ | ਇੰਝ ਵੀ ਲੱਗਦਾ ਹੈ ਕਿ ਜੋ ਔਰਤਾਂ ਪੜ੍ਹੀਆਂ ਲਿਖੀਆਂ ਹਨ ਉਹ ਵੀ ਗੁਲਾਮੀ ਦੀ ਇਹਨਾਂ ਸਦੀਆਂ ਪੁਰਾਣੀ ਮਾਨਸਿਕਤਾ ਤੋਂ ਮੁਕਤ ਹੀ ਨਹੀਂ ਹੋਈ, ਤੇ ਨਾ ਹੀ ਉਹ ਖੁਦ ਸੁਤੰਤਰ ਅਤੇ ਮਜਬੂਤ ਹੋਂਦ ਤੇ ਮਾਨਸਿਕ ਰੂਪ ਲਈ ਤਿਆਰ ਹਨ | ਔਰਤਾਂ ਨੂੰ ਸਤਿਕਾਰ ਦੇਣ ਲਈ ਗੁਰੂਆਂ, ਪੀਰਾਂ,ਪੈਗੰਬਰਾਂ ਤੇ ਸਮਾਜ ਸੁਧਾਰਕਾਂ ਨੇ ਅਨੇਕਾਂ ਕਦਮ ਚੁੱਕੇ ਸਨ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ” ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ “| ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕ ਪੜ ਕੇ ਵੀ ਅਮਲ ਨਹੀਂ ਕਰਦੇ | ਸਾਨੂੰ ਸਾਡੀ ਸੋਚ ਬਦਲਣ ਦੀ ਲੋੜ ਹੈ ਮੁੰਡਿਆਂ ਅਤੇ ਕੁੜੀਆਂ ਵਿੱਚ ਭੇਦਭਾਵ ਵਾਲੀ ਮਾਨਸਿਕਤਾ ਛੱਡਣ ਦੀ ਲੋੜ ਹੈ। ਕੁੜੀਆਂ ਨੂੰ ਵੀ ਵਧੀਆ ਸਿੱਖਿਆ ਮਿਲਣੀ ਚਾਹੀਦੀ ਹੈ| ਉਹਨਾਂ ਨੂੰ ਆਪਣੇ ਛੋਟੇ ਵੱਡੇ ਨਿਰਨੇ ਲੈਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ| ਉਹਨਾਂ ਦੀਆਂ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਨਾਲ ਸਿਹਤ,ਸਿੱਖਿਆ ਅਤੇ ਸਮਾਜ ਦੇ ਸਾਰਿਆਂ ਪੱਖ ਬਾਰੇ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ | ਘਰਾਂ ਅਤੇ ਸਕੂਲਾਂ ਵਿੱਚ ਉਹਨਾਂ ਨਾਲ ਵਧੀਆ ਵਿਹਾਰ ਕੀਤਾ ਜਾਵੇ ਅਤੇ ਸੁਰੱਖਿਤ ਵਾਤਾਵਰਨ ਦਿੱਤਾ ਜਾਣਾ ਚਾਹੀਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਆਤਮ ਰੱਖਿਆ ਦੀ ਟ੍ਰੇਨਿੰਗ ਜਿਵੇਂ ਮਾਰਸ਼ਲ ਆਰਟ,ਐਨ.ਸੀ.ਸੀ., ਖੇਡਾਂ ਆਦਿ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਜਾਵੇ | ਔਰਤਾਂ ਨੂੰ ਖੁਦ ਆਪਣੀ ਰੱਖਿਆ ਆਪ ਕਰਨ ਦੀ ਲੋੜ ਹੈ | ਕਿਉਂਕਿ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਔਰਤਾਂ ਨੇ ਲੜਾਈ ਦੇ ਮੋਰਚੇ ਸੰਭਾਲੇ ਹੈ ਤਾਂ ਆਪਣੇ ਦੇਸ਼ ਨੂੰ ਬਚਾਇਆ ਹੈ |ਕੇਂਦਰ, ਰਾਜ ਅਤੇ ਸਥਾਨਕ ਸਰਕਾਰਾਂ ਇਹਨਾਂ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹਿਣ | ਅੱਜ ਟੀ.ਵੀ. ਚੈਨਲਾਂ ਉੱਤੇ ਦੇਸ਼ ਦੇ ਹਰ ਛੋਟੇ ਵੱਡੇ ਮੁੱਦਿਆਂ ਤੇ ਬਹਿਸ ਛੜੀ ਰਹਿੰਦੀ ਹੈ ਤੇ ਇਹ ਬਹਿਸ ਘੰਟਿਆਂ ਤੱਕ ਚਲਦੀ ਹੈ ਕਿਉਂ ਨਾ ਇਸ ਵਿਸ਼ੇ ਤੇ ਵੀ ਬਹਿਸ ਛਿੜੀ ਜਾਵੇ ਕਿ ਔਰਤਾਂ ਨਾਲ ਇਹੋ ਜਿਹਾ ਵਿਹਾਰ ਕਿਉਂ? ਉਹੀ ਅਪਰਾਧ ਅਤੇ ਹਿੰਸਾ ਦਾ ਸ਼ਿਕਾਰ ਕਿਉਂ ਹੁੰਦੀਆਂ ਨੇ? ਇਸ ਦੇ ਕੀ ਕਾਰਨ ਹਨ? ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਇਆ ਜਾਵੇ?
ਸੰਦੀਪ ਕੁਮਾਰ
ਹਿੰਦੀ ਅਧਿਆਪਕ
9464310900
ਅੱਜ ਵੀ ਔਰਤਾਂ ਨਾਲ ਇਹੋ ਜਿਹਾ ਵਿਹਾਰ ਕਿਉਂ?
Leave a comment